ਸਿੱਖਾਂ ਦੇ ਸਾਮ੍ਹਣੇ ਇਕੋ-ਇਕ ਰਾਹ !
ਨਾਨਕ-ਜੋਤ ਨੇ ਜਦੋਂ ਧਰਮ ਦੇ ਨਾਮ ਤੇ ਸੜਦੀ-ਬਲਦੀ ਧਰਤੀ ਵੇਖੀ ਤਾਂ ਉਸ ਨੂੰ ਬਚਾਉਣ ਲਈ ਸ਼ਬਦ ਦੇ ਲੜ ਲਾਇਆ।
ਸ਼ਬਦ ਨਾਨਕ ਦਾ ਗੁਰੂ ਸੀ, ਜਿਸ ਦੇ ਸਿਧਾਂਤ ਨੂੰ ਪੂਰਨ ਰੂਪ ਵਿਚ ਪੋਥੀ (ਪੋਥੀ ਪਰਮੇਸਰ ਕਾ ਥਾਨੁ) ਵਿਚ ਲਿਖ ਕੇ, ਸਿੱਖਾਂ ਨੂੰ ਸ਼ਬਦ ਦੇ ਲੜ ਲਾਇਆ। ਇਵੇਂ ਸ਼ਬਦ ਸਿੱਖਾਂ ਦਾ ਗੁਰੂ ਬਣਿਆ ਅਤੇ ਸਿੱਖਾਂ ਦੀ ਸੁਰਤ ਉਸ ਸ਼ਬਦ ਦੀ ਚੇਲੀ ਬਣੀ।
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ, ਕੀ ਸਿੱਖਾਂ ਨੇ ਆਪਣੀ ਸੁਰਤ ਨੂੰ ਟਿਕਾਣੇ-ਸਿਰ ਰੱਖਿਆ ਵੀ ਹੈ ? ਹਾਲਾਂਕਿ ਹਰ ਰੋਜ਼ ਅਰਦਾਸ ਕਰਦੇ ਹਨ "ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ" ਪਰ ਕੀ ਅਰਦਾਸ ਕਰਨ ਨਾਲ ਹੀ ਕੰਮ ਪੂਰੇ ਹੋ ਜਾਂਦੇ ਹਨ ?
ਕੰਮ ਤਦ ਹੀ ਪੂਰੇ ਹੁੰਦੇ ਹਨ, ਜੇ ਸਿੱਖ ਗੁਰੂ ਦੀ ਗੱਲ ਮੰਨਣ। ਗੁਰੂ ਤਾਂ ਹੋਕਾ ਦੇ ਕੇ ਕਹਿ ਰਿਹਾ ਹੈ,
ਗੁਰਿ ਕਹਿਆ ਸਾ ਕਾਰ ਕਮਾਵਹੁ ॥
ਗੁਰ ਕੀ ਕਰਣੀ ਕਾਹੇ ਧਾਵਹੁ ॥
ਜੋ ਕੁਝ ਸ਼ਬਦ ਗੁਰੂ ਆਖਦਾ ਹੈ, ਓਹੋ ਕੰਮ ਕਰੋ ਇਸ ਚੱਕਰ ਵਿਚ ਨਾ ਪਵੋ ਕਿ ਗੁਰੂ ਨੇ ਕੀ ਕੀਤਾ ਸੀ।
ਗੁਰੂ ਤਾਂ ਸੇਧ ਦਿੰਦਾ ਹੈ,
ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ ॥
ਨਾਨਕ ਜੋਰੁ ਗੋਵਿੰਦ ਕਾ ਪੂਰਨ ਗੁਣਤਾਸਿ॥2॥13॥77॥ (819)
ਹੇ ਨਾਨਕ ਆਖ, ਹੇ ਭਾਈ, ਪ੍ਰਭੂ ਦੇ ਦਰ ਦੇ ਹੀ ਸੇਵਕ ਬਣੇ ਰਹੋ, ਸੇਵਕ ਦੀ ਅਰਜ਼ੋਈ ਕਦੇ ਖਾਲੀ ਨਹੀਂ ਜਾਂਦੀ, ਪ੍ਰਭੂ ਜ਼ਰੂਰ ਸਹਾਇਤਾ ਕਰਦਾ ਹੈ। ਕੀ ਸਿੱਖ, ਪ੍ਰਭੂ ਦੇ ਦਰ ਦੇ ਸੇਵਕ ਬਣ ਕੇ ਅਰਦਾਸ ਕਰਦੇ ਹਨ ?
ਸ਼ਬਦ ਗੁਰੂ ਤਾਂ ਸੇਧ ਦਿੰਦਾ ਹੈ ਕਿ ਪਰਮਾਤਮਾ ਨੇ ਦੋ ਰਾਹ ਚਲਾਏ ਹਨ, ਇਕ ਪਰਮਾਤਮਾ ਦੇ ਰਾਹ ਤੇ ਚੱਲਣ ਦਾ ਅਤੇ ਦੂਸਰਾ ਮਾਇਆ ਦੇ ਰਾਹ ਤੇ ਚੱਲਣ ਦਾ। ਸਿੱਧੀ ਜਿਹੀ ਗੱਲ ਹੈ ਕਿ ਪਰਮਾਤਮਾ ਦੇ ਰਾਹ ਤੇ ਚੱਲਣ ਵਾਲਾ ਇਸ ਸੜਦੀ-ਬਲਦੀ ਦੁਨੀਆ
ਵਿਚ ਵੀ ਇਸ ਸੇਕ ਤੋਂ ਬਚਿਆ ਰਹਿੰਦਾ ਹੈ ਅਤੇ ਮਾਇਆ ਦੇ ਰਾਹ ਚੱਲਣ ਵਾਲਾ ਇਸ ਸੇਕ ਦਾ ਸ਼ਕਾਰ ਬਣਦਾ ਹੈ। ਕੀ ਸਿੱਖਾਂ
ਨਾਲ ਸਬੰਧਿਤ ਕੋਈ ਵੀ (ਕਿਹਾ ਜਾਂਦਾ ਗੁਰਦਵਾਰਾ) ਸਥਾਨ ਮਾਇਆ ਦੇ ਰਾਹ ਤੇ ਚੱਲਣੋਂ ਬਚਿਆ ਹੋਇਆ ਹੈ ? ਜੇ ਸਾਡੇ
ਕੇਂਦਰੀ ਸਥਾਨਾਂ ਤੇ ਹੀ ਮਾਇਆ ਧਾਰੀਆਂ ਦਾ ਕਬਜ਼ਾ ਹੋਇਆ ਪਿਆ ਹੈ ਤਾਂ ਸਿੱਖ ਇਸ ਸੇਕ ਤੋਂ ਕਿਵੇਂ ਬਚ ਸਕਦੇ ਹਨ ?
ਬਹੁਤ ਕੁਝ ਸੋਚਣ-ਵਿਚਾਰਨ ਤੇ ਇਕੋ ਹੀ ਰਾਹ ਅਜਿਹਾ ਹੈ ਜਿਸ ਤੇ ਚੱਲਣ ਨਾਲ ਸਿੱਖ (ਬਨਾਰਸ ਦੇ ਠੱਗ ਨਹੀਂ) ਇਸ ਸੇਕ ਤੋਂ ਬਚ ਸਕਦੇ ਹਨ।
ਦੁਨੀਆ ਭਰ ਵਿਚ ਸਿੱਖਾਂ ਦਾ ਉਹੀ ਅਕਸ ਸਾਮ੍ਹਣੇ ਆਉਂਦਾ ਹੈ, ਜੋ ਸਿੱਖਾਂ ਦੇ ਲੀਡਰ ਦੁਨੀਆ ਸਾਮ੍ਹਣੇ ਪੇਸ਼ ਕਰਦੇ ਹਨ, ਅਤੇ ਮਾਇਆ ਧਾਰੀ ਤਾਂ ਮਾਇਆ ਦੇ ਰਾਹ ਦੀ ਹੀ ਗੱਲ ਕਰਨਗੇ, ਜਿਵੇਂ ਮਨਜਿੰਦਰ ਸਿੰਘ ਸਿਰਸਾ ਨੇ ਪੇਸ਼ ਕੀਤਾ ਹੈ, ਜਾਂ ਪਹਿਲਾਂ ਪੇਸ਼ ਕਰ ਕੇ ਪ੍ਰਕਾਸ਼ ਸਿੰਘ ਬਾਦਲ ਸਵਰਗ ਸਧਾਰ ਗਏ ਹਨ, ਕੈਪਟਨ ਅਮਰਿੰਦਰ ਸਿੱਘ ਸਵਰਗ ਸਧਾਰਨ ਤੋਂ ਪਹਿਲਾਂ ਭਾਰਤੀ ਜੰਤਾ ਪਾਰਟੀ ਦੀ ਵਾਸ਼ਿੰਗ ਮਸ਼ਨਿ ਵਿਚ ਜਾ ਵੜਿਆ ਹੈ, ਤਾਂ ਜੋ ਸਾਫ ਸੁਥਰਾ ਹੋ ਕੇ ਸਵਰਗ ਦੇ ਦਰਵਾਜ਼ੇ ਤੇ ਜਾਵੇ।। ਗੁਰਮਤਿ ਦੇ ਦੁਲੱਭ ਰਾਹ ਬਾਰੇ ਤਾਂ ਉਨ੍ਹਾਂ ਨੂੰ ਪਤਾ ਹੀ ਨਹੀਂ। ਜਿਸ ਤੇ ਚੱਲਿਆਂ ਦੁਨੀਆ "ਬੇਗਮ-ਪੁਰਾ" ਬਣ ਸਕਦੀ ਹੈ। ਇਸ ਲਈ ਜੇ ਕੋਈ ਵਿਰਲਾ ਸ਼ਬਦ ਗੁਰੂ ਦਾ ਸਿੱਖ ਹੈ, ਉਸ ਦਾ ਫਰਜ਼ ਬਣਦਾ ਹੈ ਕਿ ਉਹ ਮੈਦਾਨ ਵਿਚ ਨਿੱਤਰੇ ਅਤੇ ਸੰਸਾਰ ਨੂੰ ਦੱਸੇ ਕਿ ਇਹ ਲੀਡਰ, ਗੁਰਦਵਾਰਿਆਂ ਦੇ ਭਾਈਆਂ, ਪ੍ਰਬੰਧਿਕਾਂ, ਜਿੰਨੇ ਵੀ ਸਿੰਘ-ਸਾਹਿਬ ਹਨ, ਸਮੇਤ ਸ਼੍ਰੋਮਣੀ ਕਮੇਟੀ ਅਤੇ ਉਸ ਤਰ੍ਹਾਂ ਦੀਆਂ ਹੋਰ ਕਮੇਟੀਆਂ ਦੇ ਸਾਰੇ ਪ੍ਰਬੰਧਿਕਾਂ ਦੇ, ਤਖਤਾਂ ਦੇ ਜਥੇਦਾਰਾਂ ਦੇ, ਸਿਆਸੀ ਲੀਡਰਾਂ ਦੇ, ਮੇਰਾ ਕਿਸੇ ਨਾਲ ਕੋਈ ਰਿਸ਼ਤਾ ਨਹੀਂ, ਮੈਂ ਸਿਰਫ ਸ਼ਬਦ ਗੁਰੂ ਦਾ ਸਿੱਖ ਹਾਂ, ਜਿਸ ਨੇ ਵੀ ਸਿੱਖਾਂ ਬਾਰੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਉਹ ਮੇਰੇ ਕਿਰਦਾਰ ਰਾਹੀਂ ਜਾਣਕਾਰੀ ਲੈ ਸਕਦਾ ਹੈ। ਅਜਿਹੇ ਸਿੱਖਾਂ ਦੀ ਪਨੀਰੀ ਤੋਂ ਜੋ ਵੀ ਫਸਲ ਪੈਦਾ ਹੋਵੇਗੀ, ਯਕੀਨਨ ਉਹ ਨਾਨਕ ਜੋਤ ਦੇ ਹੁਕਮ ਅਨੁਸਾਰ ਸ਼ਬਦ ਗੁਰੂ ਦੇ ਲੜ ਲੱਗ ਕੇ ਇਸ ਦੁਨੀਆ ਨੂੰ ਇਕ ਦਿਨ ਜ਼ਰੂਰ, "ਬੇਗਮ-ਪੁਰਾ" ਬਨਾਉਣਗੇ।
ਅਜਿਹੇ ਸਿੱਖਾਂ ਨੂੰ ਆਪਣੀ ਜ਼ਿਦੰਗੀ ਦੀ ਪਰਖ ਆਪਣੇ ਮੂਲ ਨੂੰ ਪਛਾਣਦਿਆਂ ਹੀ ਕਰਨੀ ਚਾਹੀਦੀ ਹੈ। ਰਹੀ ਗੱਲ ਇਹ ਸੰਸਾਰ ਕਿੰਨੇ ਚਿਰ ਵਿਚ ਬੇਗਮ-ਪੁਰਾ ਬਣ ਜਾਵੇਗ ? ਇਸ ਦਾ ਫਿਕਰ ਕਰਨ ਦੀ ਲੋੜ ਨਹੀਂ, ਇਹ ਰੱਬ ਦੇ ਵੱਸ ਹੈ। 239 ਸਾਲ ਤਾਂ ਨਾਨਕ-ਜੋਤ ਨੂੰ ਸਿੱਖਾਂ ਸਾਹਵੇਂ ਸ਼ਬਦ-ਗੁਰੂ ਦਾ ਸਿਧਾਂਤ ਸਮਝਾਉਣ ਵਿਚ ਹੀ ਲੱਗ ਗਏ ਸਨ। ਰੱਬ ਦੇ ਘਰ ਵਿਚ ਹਰ ਕਿਸੇ ਦਾ ਲੇਖਾ ਵੱਖਰਾ ਵੱਖਰਾ ਹੈ, ਦੂਸਰਿਆਂ ਵੱਲ ਵੇਖਣ ਦੀ ਲੋੜ ਨਹੀਂ।
ਚੰਦੀ ਅਮਰ ਜੀਤ ਸਿੰਘ