ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਗੁਰਬਾਣੀ ਦੀ ਲੜੀ ਵਾਰ ਸਰਲ ਵਿਆਖਿਆ (ਭਾਗ 5) ਤਿਨ ਕਾ ਜਨਮੁ ਸਫਲੁ ਹੈ ਜੋ ਚਲਹਿ ਸਤਿਗੁਰ ਭਾਇ
ਗੁਰਬਾਣੀ ਦੀ ਲੜੀ ਵਾਰ ਸਰਲ ਵਿਆਖਿਆ (ਭਾਗ 5) ਤਿਨ ਕਾ ਜਨਮੁ ਸਫਲੁ ਹੈ ਜੋ ਚਲਹਿ ਸਤਿਗੁਰ ਭਾਇ
Page Visitors: 2543

  ਗੁਰਬਾਣੀ ਦੀ ਲੜੀ ਵਾਰ ਸਰਲ ਵਿਆਖਿਆ   (ਭਾਗ 5)
  ਤਿਨ ਕਾ ਜਨਮੁ ਸਫਲੁ ਹੈ ਜੋ ਚਲਹਿ ਸਤਿਗੁਰ ਭਾਇ  
    ਜਿਨੀ ਇਕ ਮਨਿ ਨਾਮੁ ਧਿਆਇਆ ਗੁਰਮਤੀ ਵੀਚਾਰਿ ॥
    ਤਿਨ ਕੇ ਮੁਖ ਸਦ ਉਜਲੇ ਤਿਤੁ ਸਚੈ ਦਰਬਾਰਿ ॥
    ਓਇ ਅੰਮ੍ਰਿਤੁ ਪੀਵਹਿ ਸਦਾ ਸਦਾ ਸਚੈ ਨਾਮਿ ਪਿਆਰਿ
॥1॥
    ਭਾਈ ਰੇ ਗੁਰਮੁਖਿ ਸਦਾ ਪਤਿ ਹੋਇ ॥
    ਹਰਿ ਹਰਿ ਸਦਾ ਧਿਆਈਐ ਮਲੁ ਹਉਮੈ ਕਢੈ ਧੋਇ
॥1॥ਰਹਾਉ॥
    ਮਨਮੁਖ ਨਾਮੁ ਨ ਜਾਣਨੀ ਵਿਣੁ ਨਾਵੈ ਪਤਿ ਜਾਇ ॥
    ਸਬਦੈ ਸਾਦੁ ਨ ਆਇਓ ਲਾਗੇ ਦੂਜੈ ਭਾਇ ॥
    ਵਿਸਟਾ ਕੇ ਕੀੜੇ ਪਵਹਿ ਵਿਚਿ ਵਿਸਟਾ ਸੇ ਵਿਸਟਾ ਮਾਹਿ ਸਮਾਇ
॥2॥
    ਤਿਨ ਕਾ ਜਨਮੁ ਸਫਲੁ ਹੈ ਜੋ ਚਲਹਿ ਸਤਿਗੁਰ ਭਾਇ ॥
    ਕੁਲੁ ਉਧਾਰਹਿ ਆਪਣਾ ਧੰਨੁ ਜਣੇਦੀ ਮਾਇ ॥
    ਹਰਿ ਹਰਿ ਨਾਮੁ ਧਿਆਈਐ ਜਿਸ ਨਉ ਕਿਰਪਾ ਕਰੇ ਰਜਾਇ
॥3॥
    ਜਿਨੀ ਗੁਰਮੁਖਿ ਨਾਮੁ ਧਿਆਇਆ ਵਿਚਹੁ ਆਪੁ ਗਵਾਇ ॥
    ਓਇ ਅੰਦਰਹੁ ਬਾਹਰਹੁ ਨਿਰਮਲੇ ਸਚੇ ਸਚਿ ਸਮਾਇ ॥
    ਨਾਨਕ ਆਏ ਸੇ ਪਰਵਾਣੁ ਹਹਿ ਜਿਨ ਗੁਰਮਤੀ ਹਰਿ ਧਿਆਇ
॥4॥5॥38॥
   ॥ਰਹਾਉ॥  ਹੇ ਭਾਈ, ਗੁਰਮੁਖਿ ਹੋਇਆਂ, ਗੁਰੂ ਦੀ ਮੱਤ ਅਨੁਸਾਰ ਚੱਲਿਆਂ ਹਮੇਸ਼ਾ ਇੱਜ਼ਤ ਮਿਲਦੀ ਹੈ। ਗੁਰੂ ਦੀ ਸਿਖਿਆ ਅਨੁਸਾਰ ਪ੍ਰਭੂ ਨੂੰ ਹਮੇਸ਼ਾ ਯਾਦ ਕਰਨਾ ਚਾਹੀਦਾ ਹੈ, ਇਹ ਕਰਮ ਮਨੁੱਖ ਦੇ ਮਨ ‘ਚੋਂ ਹਉਮੈ ਦੀ ਮੈਲ ਖਤਮ ਕਰ ਦਿੰਦਾ ਹੈ।
   ॥1॥   ਜਿਨ੍ਹਾਂ ਮਨੁੱਖਾਂ ਨੇ ਗੁਰਮੁਖਿ ਹੋ ਕੇ, ਗੁਰੂ ਵਲੋਂ ਮਿਲੀ ਮੱਤ ਦੀ ਵਿਚਾਰ ਆਸਰੇ ਪ੍ਰਭੂ ਦੇ ਨਾਮ, ਉਸ ਦੇ ਹੁਕਮ ਵਿੱਚ ਮਨੋਂ ਧਿਆਨ ਜੋੜਿਆ ਹੈ, ਉਹ ਸਦਾ ਹੀ ਅਕਾਲ-ਪੁਰਖ ਦੇ ਦਰਬਾਰ ਵਿਚ ਸੁਰਖਰੂ ਹੁੰਦੇ ਹਨ। ਉਹ ਬੰਦੇ, ਕਰਤਾਰ ਦੀ ਹਮੇਸ਼ਾ ਕਾਇਮ ਰਹਣ ਵਾਲੀ ਰਜ਼ਾ ਨਾਲ ਪਿਆਰ ਕਰਦਿਆਂ, ਅਮਰ ਕਰ ਦੇਣ ਵਾਲੀ, ਪ੍ਰਭੂ ਦੀ ਨੇੜਤਾ ਦਾ ਸਦਾ ਆਨੰਦ ਮਾਣਦੇ ਹਨ।        
  ॥2॥   ਮਨਮੁਖ ਬੰਦੇ, ਆਪਣੇ ਮਨ ਦੀ ਮੱਤ ਪਿੱਛੇ ਤੁਰਨ ਵਾਲੇ ਬੰਦੇ, ਪਰਮਾਤਮਾ ਦੇ ਹੁਕਮ ਬਾਰੇ ਕੁਝ ਨਹੀਂ ਜਾਣਦੇ, ਅਤੇ ਪ੍ਰਭੂ ਦੇ ਹੁਕਮ ਵਿਚ ਚੱਲਣ ਤੋਂ ਬਗੈਰ ਉਨ੍ਹਾਂ ਦੀ ਇੱਜ਼ਤ ਨਹੀਂ ਹੁੰਦੀ। ਉਨ੍ਹਾਂ ਨੂੰ ਸ਼ਬਦ ਗੁਰੂ ਦੀ ਸਿਖਿਆ ਦੀ ਸਮਝ ਨਹੀਂ ਆਉਂਦੀ, ਅਤੇ ਉਹ ਕਰਤਾਰ ਨੂੰ ਛੱਡ ਕੇ ਦੂਜੇ, ਮਾਇਆ ਦੇ ਪਿਆਰ ਵਿਚ ਮਸਤ ਰਹਿੰਦੇ ਹਨ।
  ਅਜਿਹੇ ਬੰਦੇ, ਗੰਦ ਦੇ ਕੀੜਿਆਂ ਵਾਙ, ਵਿਕਾਰਾਂ ਦੇ ਗੰਦ ਵਿਚ ਹੀ ਪਏ ਰਹਿੰਦੇ ਹਨ।    
  ॥3॥   ਜਿਹੜੇ ਬੰਦੇ ਸ਼ਬਦ ਗੁਰੂ ਦੇ ਭਾਣੇ ਵਿਚ, ਉਸ ਦੀ ਸਿਖਿਆ ਅਨੁਸਾਰ ਚਲਦੇ ਹਨ, ਉਨ੍ਹਾਂ ਦਾ ਜਨਮ ਸਫਲ ਹੋ ਜਾਂਦਾ ਹੈ। ਉਹ ਆਪਣਾ ਸਾਰਾ ਪਰਿਵਾਰ (ਪਰਿਵਾਰ ਬਾਰੇ ਸਮਝਣ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਗੁਰੂ ਨਾਨਕ ਜੀ ਦੇ ਪਰਿਵਾਰ ਵਿਚ, ਭਾਈ ਲਹਿਣਾ ਜੀ ਅਤੇ ਗੁਰੂ ਨਾਨਕ ਜੀ ਦੀ ਸਿਖਿਆ ਅਨੁਸਾਰ ਚੱਲਣ ਵਾਲੇ ਸਿੱਖ ਸਨ, ਨਾ ਕਿ ਸਿਰੀਚੰਦ, ਲਖਮੀਦਾਸ ਅਤੇ ਉਨ੍ਹਾਂ ਦੀ ਜੁੰਡਲੀ) ਵਿਕਾਰਾਂ ਤੋਂ ਬਚਾਅ ਲੈਂਦੇ ਹਨ, ਉਨ੍ਹਾਂ ਨੂੰ ਜੰਮਣ ਵਾਲੀ ਮਾਂ ਵੀ ਸੋਭਾ ਖੱਟਦੀ ਹੈ।
  ਇਸ ਵਾਸਤੇ ਹੇ ਭਾਈ, ਹਰੀ ਦੇ ਨਾਮ ਨੂੰ ਯਾਦ ਕਰਦੇ ਰਹਿਣਾ ਚਾਹੀਦਾ ਹੈ, ਪਰ ਜਿਸ ਉਪਰ ਰੱਬ, ਆਪਣੀ ਰਜ਼ਾ ਅਨੁਸਾਰ ਕਿਰਪਾ ਕਰਦਾ ਹੈ, ਓਹੀ ਉਸ ਦੇ ਹੁਕਮ ਨੂੰ ਯਾਦ ਰੱਖਦਾ ਹੈ।
  ॥4॥   ਜਿਨ੍ਹਾਂ ਬੰਦਿਆਂ ਨੇ ਗੁਰਮੁਖਿ ਹੋ ਕੇ, ਗੁਰੂ ਦੀ ਆਗਿਆ ਵਿਚ ਚੱਲ ਕੇ, ਆਪਣੇ ਅੰਦਰੋਂ ਪਰਮਾਤਮਾ ਨਾਲੋਂ ਵੱਖਰੀ ਹੋਂਦ ਦਾ ਅਹਿਸਾਸ ਤਿਆਗ ਕੇ ਪ੍ਰਭੂ ਦਾ ਨਾਮ ਸਿਮਰਿਆ ਹੈ, ਕਰਤਾਰ ਦੀ ਰਜ਼ਾ ਵਿਚ ਚੱਲੇ ਹਨ, ਉਹ ਬੰਦੇ, ਹਮੇਸ਼ਾ ਕਾਇਮ ਰਹਿਣ ਪ੍ਰਭੂ ਵਿਚ ਅਭੇਦ ਹੋ ਕੇ ਅੰਦਰੋਂ ਬਾਹਰੋਂ ਨਿਰਮਲ ਹੋ ਜਾਂਦੇ ਹਨ।
   ਹੇ ਨਾਨਕ, ਸੰਸਾਰ ਵਿਚ ਤਾਂ ਸਾਰੇ ਹੀ ਬੰਦੇ ਆਉਂਦੇ ਹਨ, ਜੰਮਦੇ ਹਨ, ਪਰ ਪਰਵਾਨ, ਕਬੂਲ ਓਹੀ ਹਨ, ਜਿਨ੍ਹਾਂ ਨੇ ਸ਼ਬਦ ਗੁਰੂ ਦੀ ਸਿਖਿਆ ਅਨੁਸਾਰ ਕਰਤਾਰ ਦਾ ਨਾਮ ਸਿਮਰਿਆ ਹੈ, ਉਸ ਦੇ ਹੁਕਮ ਵਿਚ ਚੱਲੇ ਹਨ।
              ਅਮਰ ਜੀਤ ਸਿੰਘ ਚੰਦੀ          
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.