ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਵਿਆਕਰਨ ਅਰਥ ਵਿਆਖਿਆ ਅਤੇ ਅਨੱਰਥ !
ਵਿਆਕਰਨ ਅਰਥ ਵਿਆਖਿਆ ਅਤੇ ਅਨੱਰਥ !
Page Visitors: 2951

  ਵਿਆਕਰਨ  ਅਰਥ  ਵਿਆਖਿਆ  ਅਤੇ ਅਨੱਰਥ !
     ਗੁਰਬਾਣੀ ਦੇ ਅਰਥ ਕਰਨ ਲਈ ਬਹੁਤ ਸਾਰੀਆਂ ਗੱਲਾਂ ਦਾ ਖਿਆਲ ਰੱਖਣ ਦੀ ਲੋੜ ਹੁੰਦੀ ਹੈ, ਆਉ ਇਸ ਬਾਰੇ ਥੋੜੀ ਵਿਚਾਰ-ਸਾਂਝ ਕਰਦੇ ਹਾਂ ।
 (1) ਗੁਰਮਤਿ ਸਿਧਾਂਤ:-
            ਗੁਰਬਾਣੀ ਨੂੰ ਸਮਝਣ ਲਈ ਸਭ ਤੋਂ ਵੱਧ ਲੋੜ ਹੈ ਕਿ, ਸਮਝਣ ਦੇ ਚਾਹਵਾਨ ਨੂੰ ਗੁਰਮਤਿ ਦੇ ਫਲਸਫੇ, ਗੁਰਮਤਿ ਦੇ ਸਿਧਾਂਤ ਦੀ ਵੱਧ ਤੋਂ ਵੱਧ ਸੋਝੀ ਹੋਵੇ । ਇਹ ਸੋਝੀ ਹਾਸਲ ਕਰਨ ਲਈ, ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ 13 ਪੰਨਿਆਂ ਦੀ ਪੂਰਨ ਸੋਝੀ ਹੋਣੀ ਬਹੁਤ ਜ਼ਰੂਰੀ ਹੈ, ਇਸ ਨੂੰ ਗੁਰੂ ਜੀ ਨੇ ਸਿੱਖ ਦੇ ਨਿੱਤ-ਨੇਮ ਵਜੋਂ ਸਥਾਪਤ ਕੀਤਾ ਹੈ। ਨਿੱਤ-ਨੇਮ ਦਾ ਅਰਥ ਇਹ ਨਹੀਂ ਕਿ ਪਹਿਲੇ 13 ਪੰਨਿਆਂ ਦਾ ਰੋਜ਼-ਰੋਜ਼ ਰੱਟਾ ਲਾਉਣਾ ਹੈ। ਨਿੱਤ-ਨੇਮ ਦਾ ਅਰਥ ਹੈ, ਉਹ ਕੰਮ ਜੋ ਅਸੀਂ ਹਰ ਰੋਜ਼ ਕਰਦੇ ਹਾਂ। ਜੇ ਅਸੀਂ ਸਾਰੀ ਉਮਰ, ਹਰ ਰੋਜ਼ ਇਸ ਨੂੰ ਸਮਝੇ ਬਗੈਰ, ਇਸ ਦਾ ਤੋਤਾ-ਰਟਨ ਕਰਦੇ ਰਹਾਂਗੇ ਤਾਂ ਅਸੀਂ ਸਾਰੀ ਉਮਰ ਗੁਰਬਾਣੀ ਦੀ ਸੋਝੀ ਤੋਂ ਵਾਂਞੇ ਹੀ ਰਹਾਂਗੇ। 
   ਮੇਰਾ ਇਕ ਜਾਣਕਾਰ(ਵੈਦ ਕਰਤਾਰ ਸਿੰਘ) ਜਲੰਧਰ ਤੋਂ ਸ਼ੁਰੂ ਹੋਈ ਅਤੇ ਸਾਰੀ ਦੁਨੀਆ ਵਿਚ ਫੈਲੀ “ਸੁਖਮਨੀ ਸੁਸਾਇਟੀ” ਦੀ ਲੋਕਲ ਬ੍ਰਾਂਚ ਦਾ ਸਿਰ-ਕੱਢ ਮੋਢੀ ਮੈਂਬਰ ਸੀ, ਉਹ ਤਕਰੀਬਨ 30 ਸਾਲ ਦਾ ਇਸ ਸੋਸਾਇਟੀ ਨਾਲ ਜੁੜਿਆ ਹੋਇਆ ਸੀ, ਅਤੇ ਹਰ ਰੋਜ਼ 2-3 ਵਾਰੀ ਇਸ ਬਾਣੀ ਦਾ ਰੱਟਾ ਲਾਉਣਾ ਉਸ ਲਈ ਮਾਮੂਲੀ ਗੱਲ ਸੀ ।  ਇਕ ਦਿਨ ਮੇਰੇ ਕੋਲ ਬੈਠਾ ਸੁਭਾਵਕ ਹੀ ਪੁੱਛ ਬੈਠਾ “ ਯਾਰ ਮੈਂ 30 ਸਾਲ ਤੋਂ ਸੁਖਮਨੀ ਸਾਹਿਬ ਦਾ ਪਾਠ ਕਰਦਾ ਹੀ ਨਹੀਂ, ਉਸ ਤੇ ਅਮਲ ਵੀ ਕਰਦਾ ਹਾਂ, ਪਰ 30 ਸਾਲ ਵਿਚ ਵੀ ਮੇਰਾ ਮੰਤਵ ਪੂਰਾ ਨਹੀਂ ਹੋਇਆ, ਤੂੰ ਦੱਸ ਮੈਂ ਕੀ ਕਰਾਂ ?    ਮੈਂ ਪੂਰੀ ਗੱਲ ਪੁੱਛੀ ਤਾਂ ਉਸ ਦੱਸਿਆ ਕਿ ਸੁਖਮਨੀ ਸਾਹਿਬ ਵਿਚ ਲਿਖਿਆ ਹੈ “ਲਾਖ ਕਰੋਰੀ ਬੰਧੁਨ ਪਰੈ ॥”    (264)  ਅਤੇ ਮੈਂ ਪਿਛਲੇ 30 ਸਾਲਾਂ ‘ਚ (ਹਰ ਤਰਾਂ ਨਾਲ) ਪੈਸਾ ਵੀ ਬਹੁਤ ਕਮਾਇਆ ਹੈ, ਹੁਣ ਮੇਰੇ ਕੋਲ ਕ੍ਰੋੜਾਂ ਰੁਪਏ ਹਨ, ਪਰ ਤ੍ਰਿਸ਼ਨਾ ਵਲੋਂ ਬੰਨ੍ਹ ਨਹੀਂ ਪਿਆ, ਸਵਾਂ ਤ੍ਰਿਸ਼ਨਾ ਹੋਰ ਵਧਦੀ ਜਾਂਦੀ ਹੈ । ਕਿਉਂ ਜੋ ਉਸ ਦਾ ਉਚਾਰਨ ਸਾਫ ਨਹੀਂ ਸੁਣਿਆ ਸੀ, ਮੈਂ ਉਸ ਨੂੰ ਦੁਬਾਰਾ ਉਚਾਰਨ ਕਰਨ ਨੂੰ ਕਿਹਾ, ਉਸ ਨੇ ਫਿਰ ਸੁਣਾ ਦਿੱਤਾ “ਲਾਖ ਕਰੋਰੀ ਬੰਧਨ ਪਰੈ ॥” 
   ਮੈਨੂੰ ਉਸ ਦੀ 30 ਸਾਲ ਦੀ ਮਿਹਨਤ ਤੇ ਤਰਸ ਵੀ ਆਇਆ, ਜਿਸ ਕਾਰਨ ਮੈਨੂੰ ਉਸ ਨੂੰ ਏਨੀ ਸਾਰੀ ਗੱਲ ਸਮਝਾਉਣ ਦੀ ਲੋੜ ਪਈ ਕਿ  ‘ਵੀਰ ਜੀ ਗੁਰਬਾਣੀ ਇਹ ਨਹੀਂ ਕਹਿੰਦੀ ਕਿ “ਲਾਖ ਕਰੋਰੀ ਬੰਦਨ ਪਰੈ”  ਬਲਕਿ ਇਹ ਕਹਿੰਦੀ ਹੈ ਕਿ “ਲਾਖ ਕਰੋਰੀ ਬੰਧ ਨ ਪਰੈ” ਯਾਨੀ ਤ੍ਰਿਸ਼ਨਾ ਤੇ ਪੈਸਿਆਂ ਨਾਲ ਬੰਨ੍ਹ ਨਹੀਂ ਲਗਦਾ, ਭਾਵੇਂ ਤੁਹਾਡੇ ਕੋਲ ਲੱਖਾਂ-ਕਰੋੜਾਂ ਰੁਪਏ ਹੋਣ। ਉਹ ਵਿਚਾਰਾ ਮੱਥੇ ਤੇ ਹੱਥ ਮਾਰ ਕੇ ਬੋਲਿਆ “ਯਾਰ ਮੈਂ ਤਾਂ 30 ਸਾਲ ਤੋਂ ਕੁਰਾਹੇ ਹੀ ਪਿਆ ਹੋਇਆ ਹਾਂ”  ਮੈਂ ਸੋਚ ਰਿਹਾ ਸੀ ਜੇ ਇਹ ਸੁਖਮਨੀ ਸੁਸਾਇਟੀ ਵਾਲੇ ਪੜ੍ਹਨ ਦੇ ਨਾਲ ਵਿਚਾਰਦੇ ਵੀ ਤਾਂ, ਇਹ ਵਿਚਾਰਾ 30 ਸਾਲ ਭੁਲੇਖੇ ਵਿਚ ਹੀ ਨਾ ਫਸਿਆ ਰਹਿੰਦਾ। ਰੱਟੇ ਨਾਲ ਜੋ ਗੱਲ ਤੁਹਾਡੇ ਪੱਲੇ ਪੈ ਗਈ, ਉਹੀ ਪੱਕੀ ਹੋ ਗਈ । ਨਿਤ-ਨੇਮ ਦਾ ਮਤਲਬ ਇਹ ਨਹੀਂ ਕਿ ਤੁਸੀਂ ਉਨ੍ਹਾਂ 13 ਪੰਨਿਆਂ ਨੂੰ ਰੋਜ਼-ਰੋਜ਼ ਰੱਟਾ ਲਾਉਣਾ ਹੈ, ਬਲਕਿ ਉਨ੍ਹਾਂ 13 ਪੰਨਿਆਂ ਨੂੰ ਰੋਜ਼-ਰੋਜ਼ ਵਿਚਾਰ-ਵਿਚਾਰ ਕੇ, ਸਮਝ-ਸਮਝ ਕੇ ਪੜ੍ਹਨਾ ਹੈ, ਤਾਂ ਜੋ ਤੁਹਾਨੂੰ ਉਨ੍ਹਾਂ ਵਿਚ ਦਿੱਤੇ ਗੁਰਮਤਿ ਸਿਧਾਂਤ ਦੀ ਚੰਗੀ ਤਰ੍ਹਾਂ ਸਮਝ ਆ ਜਾਵੇ । ਫਿਰ ਅਸੀਂ ਗੁਰਬਾਣੀ ਦੇ ਕਿਸੇ ਸ਼ਬਦ ਦੇ ਵੀ ਅਰਥ/ਵਿਆਖਿਆ, ਗੁਰਮਤਿ ਸਿਧਾਂਤ ਦੇ ਉਲਟ ਨਹੀ ਕਰਾਂਗੇ ।
   (2)   ਗੁਰਬਾਣੀ ਸਰਬ-ਕਾਲੀ :-
       ਗੁਰਬਾਣੀ ਦੇ ਅਰਥ ਕਰਨ ਲੱਗਿਆਂ ਧਿਆਨ ਵਿਚ ਇਹ ਜ਼ਰੂਰ ਹੋਣਾ ਚਾਹੀਦਾ ਹੈ ਕਿ ਗੁਰਬਾਣੀ ਸਰਬ-ਕਾਲੀ ਹੈ, ਘਟਨਾਵਾਂ ਤੇ ਆਧਾਰਿਤ ਹੀ ਨਹੀਂ ਉਚਾਰੀ ਗਈ, ਜੇ ਕਿਤੇ ਕੋਈ ਗੱਲ ਅਜਿਹੀ ਨਜ਼ਰ ਆਉਂਦੀ ਹੈ, ਤਾਂ ਉਸ ਦਾ ਮਤਲਬ ਹੈ ਕਿ ਗੁਰੂ ਜੀ ਨੇ ਉਸ ਘਟਨਾ ਨੂੰ ਆਧਾਰ ਬਣਾ ਕੇ, ਕੋਈ ਸਰਬ-ਕਾਲੀ ਸਿਧਾਂਤ ਸਮਝਾਇਆ ਹੈ, ਜਿਸ ਦਾ ਹਰ ਹਾਲਤ ਵਿਚ ਖੁਲਾਸਾ ਕਰਨ ਦੀ ਲੋੜ ਹੁੰਦੀ ਹੈ।      
   (3)   ॥ਰਹਾਉ॥ :-
       ਸ਼ਬਦ ਵਿਚਲੀ ਰਹਾਉ ਦੀ ਪੰਗਤੀ ਦੀ ਸੇਧ ਨੂੰ ਧਿਆਨ ਵਿਚ ਰੱਖ ਕੇ ਹੀ ਉਸ ਸ਼ਬਦ ਦੇ ਅਰਥ ਕਰਨੇ ਚਾਹੀਦੇ ਹਨ, ਰਹਾਉ ਦੀ ਤੁਕ ਵਿਚਲੀ ਸੇਧ, ਸ਼ਬਦ ਦਾ ਕੇਂਦਰੀ ਸਿਧਾਂਤ ਹੁੰਦਾ ਹੈ।
   (4)   ਵਿਆਕਰਨ :-
       ਸ਼ਬਦ ਦੇ ਅਰਥ ਵਿਆਕਰਨ ਨੂੰ ਧਿਆਨ ਵਿਚ ਰੱਖ ਕੇ ਕਰਨੇ ਚਾਹੀਦੇ ਹਨ, ਪਰ ਇਸ ਵਿਚ ਸ਼ਬਦ ਨੂੰ ਸਮਝਣ ਦਾ ਉਪਰਾਲਾ ਹੋਣਾ ਚਾਹੀਦਾ ਹੈ, ਨਾ ਕਿ ਸ਼ਬਦ ਨੂੰ ਆਪਣੀ ਮਨਮਤਿ ਅਨੁਸਾਰ ਢਾਲਣ ਦੀ ਕੋਸ਼ਿਸ਼ ।
   (5)   ਸ਼ਬਦ ਵਿਚ ਵਰਤੇ ਗਏ ਅੱਖਰਾਂ ਦੇ ਅਰਥ :-
       ਕਿਉਂਕਿ ਇਕ-ਇਕ ਅੱਖਰ ਦੇ ਕਈ-ਕਈ ਅਰਥ ਹੁੰਦੇ ਹਨ, ਇਸ ਲਈ , ਉਨ੍ਹਾਂ ਵਿਚੋਂ ਜੋ ਅਰਥ ਪਰਕਰਨ ਅਨੁਸਾਰ ਹੋਵੇ ਉਹੀ ਵਰਤਣਾ ਚਾਹੀਦਾ ਹੈ, ਇਨ੍ਹਾਂ ਅੱਖਰਾਂ ਦੇ ਵਧੇਰੇ ਅਰਥ ਜਾਨਣ ਲਈ  “ਮਹਾਨ ਕੋਸ਼” ਦਾ ਆਸਰਾ ਲਿਆ ਜਾ ਸਕਦਾ ਹੈ ।
               ਇਹ ਸੀ ਅਰਥ ਕਰਨ ਲੱਗਿਆ, ਧਿਆਨ ਵਿਚ ਰੱਖਣ ਵਾਲੀਆਂ ਕੁਝ ਗੱਲਾਂ।
      ਵਿਆਖਿਆ ਕਰਨ ਲੱਗਿਆਂ, ਧਿਆਨ ਰੱਖਣ ਯੋਗ ਗੱਲਾਂ :-
         ਵਿਆਖਿਆ ਸ਼ੁਰੂ ਕਰਨ ਤੋਂ ਪਹਿਲਾਂ, ਸ਼ਬਦ ਦੇ ਸਹੀ ਅਰਥ ਕਰ ਲੈਣੇ ਜ਼ਰੂਰੀ ਹਨ, ਫਿਰ ਉਨ੍ਹਾਂ ਅਰਥਾਂ ਅਨੁਸਾਰ ਹੀ ਵਿਆਖਿਆ ਹੋਣੀ ਚਾਹੀਦੀ ਹੈ ।
         ਵਿਆਖਿਆ ਵਿਚ ਵਰਤੀਆਂ ਉਧਾਰਨਾਂ ਵੀ ਗੁਰੂ ਗ੍ਰੰਥ ਸਾਹਿਬ ਵਿਚੋਂ ਹੀ ਹੋਣੀਆਂ ਚਾਹੀਦੀਆਂ ਹਨ। ਜੇ ਭਾਈ ਗੁਰਦਾਸ ਜਾਂ ਭਾਈ ਨੰਦ ਲਾਲ ਜੀ ਦੀ ਰਚਨਾ ਵਿਚੋਂ ਕੋਈ ਬਹੁਤ ਢੁਕਵੀਂ ਉਧਾਰਨ ਹੋਵੇ ਤਾਂ ਉਸ ਨੂੰ ਵਰਤ ਲੈਣ ਵਿਚ ਕੋਈ ਹਰਜ ਨਹੀਂ ਹੈ, ਪਰ ਇਸ ਵਿਚ ਦੂਸਰੇ ਧਰਮਾਂ ਦੇ ਗ੍ਰੰਥਾਂ ਜਾਂ ਵਿਦਵਾਨਾਂ ਦੀਆਂ ਉਧਾਰਨਾਂ ਵਰਤਣੀਆਂ ਠੀਕ ਨਹੀਂ ਹੈ। ਵਿਆਖਿਆ ਕਿਸੇ ਹਾਲਤ ਵਿਚ ਵੀ, ਕੀਤੇ ਅਰਥਾਂ ਤੋਂ ਬਾਹਰ ਨਹੀਂ ਜਾਣੀ ਚਾਹੀਦੀ ।
      ਅਨੱਰਥ :-
         ਕਿਉਂਕਿ ਗੁਰਬਾਣੀ ਦਾ ਦੂਸਰੇ ਧਰਮਾਂ ਦੇ ਗ੍ਰੰਥਾਂ ਨਾਲੋਂ ਅਲੱਗ ਸਿਧਾਂਤ ਹੈ, ਜਿਸ ਦੀ ਸੋਝੀ ਗੁਰਬਾਣੀ ਵਿਚੋਂ ਹੀ ਮਿਲ ਸਕਦੀ ਹੈ, ਪਰ ਗੁਰਬਾਣੀ ਦੇ ਦੋਖੀਆਂ ਵਲੋਂ ਸਦੀਆਂ ਤੋ, ਗੁਰਬਾਣੀ ਦੇ ਅਰਥਾਂ ਦੇ ਅਨੱਰਥ ਕਰਨ ਲਈ, ਦੁਨੀਆ ਵਿਚ ਪ੍ਰਚਲਤ ਧਰਮਾਂ ਦੇ ਨਾਮ ਤੇ, ਕਰਮ-ਕਾਂਡ ਕਰਨ ਸਬੰਧੀ ਸੇਧ ਦੇਣ ਲਈ ਲਿਖੇ ਗਏ ਗ੍ਰੰਥਾਂ ਵਿਚੋਂ ਸਾਖੀਆਂ ਨੂੰ ਆਧਾਰ ਬਣਾ ਕੇ, ਗੁਰਬਾਣੀ ਦੇ ਅਰਥਾਂ ਦੇ ਅਨੱਰਥ ਹੁੰਦੇ ਰਹੇ ਹਨ।
      ਪ੍ਰੋ. ਸਾਹਿਬ ਸਿੰਘ ਜੀ ਵਲੋਂ ਗੁਰਬਾਣੀ ਵਿਆਕਰਨ ਦੀ ਖੋਜ ਮਗਰੋਂ ਇਸ ਕੰਮ ਨੂੰ ਕਾਫੀ ਠੱਲ੍ਹ ਪਈ ਹੈ, ਪਰ ਉਨ੍ਹਾਂ ਦੋਖੀਆਂ ਵਲੋਂ ਹੁਣ ਵਿਆਕਰਨ ਦੀ ਆੜ ਵਿਚ ਹੀ, ਆਪਣੀ ਮਨਮਤਿ ਆਸਰੇ ਗੁਰਬਾਣੀ ਦੇ ਅਰਥਾਂ ਦੇ ਅਨੱਰਥ ਕੀਤੇ ਜਾ ਰਹੇ ਹਨ।    ਇਕ ਉਧਾਰਨ ਦੇ ਕੇ ਅੱਗੇ ਵਧਦੇ ਹਾਂ,
          ਇਕ ਡੇਰੇਦਾਰ (ਬਾਬਾ ਜੀ) ਜੋ ਨਿ-ਸੰਤਾਨ ਬੀਬੀਆਂ ਨੂੰ ਨਿਆਣੇ ਵੰਡਿਆ ਕਰਦੇ ਸਨ, ਉਨ੍ਹਾਂ ਬਾਰੇ ਭੋਲੇ-ਭਾਲੇ ਲੋਕਾਂ ਵਿਚ ਮਸ਼ਹੂਰ ਸੀ ਕਿ  ‘ ਦੁਨੀਆ ਏਧਰ ਤੋਂ ਓਧਰ ਹੋ ਜਾਵੇ ਪਰ ਬਾਬਾ (ਜੀ) ਦਾ ਲਿਖਿਆ ਗਲਤ ਨਹੀਂ ਹੋ ਸਕਦਾ, ਬਾਬੇ ਦਾ ਲਿਖਿਆ ਹੋਇਆ ਅਟੱਲ ਹੁੰਦਾ ਹੈ, ਉਸ ਨੂੰ ਟਾਲਿਆ ਨਹੀਂ ਜਾ ਸਕਦਾ ’  ਇਸ ਹਿਸਾਬ ਨਾਲ ਹੀ ਬਾਬੇ ਦੀ ਮਾਨਤਾ ਅਤੇ ਚੜ੍ਹਾਵਾ ਸੀ । ਇਹ ਗੱਲ ਖੋਜੀਆਂ ਨੂੰ ਹਜ਼ਮ ਨਾ ਹੋਈ, ਉਨ੍ਹਾਂ ਖੋਜ ਕਰਨੀ ਸ਼ੁਰੂ ਕੀਤੀ, ਪਰ ਉਨ੍ਹਾਂ ਦੇ ਪੱਲੇ ਕੁਝ ਪਵੇ ਨਹੀਂ, ਕਿਉਂਕਿ ਬਾਬੇ ਦਾ ਹੁਕਮ ਸੀ ਕਿ ਇਹ ਲਿਖਤ ਕਿਸੇ ਨੂੰ ਵਿਖਾਉਣੀ ਨਹੀਂ, ਨਹੀਂ ਤਾਂ ਅਨੱਰਥ ਹੋ ਜਾਵੇਗਾ, ਜਿਸ ਦੇ ਨਿਆਣਾ ਹੋਵੇ, ਉਹ ਇਹ ਪਰਚੀ ਨਾਲ ਲੈ ਕੇ ਆਵੈ, ਮੈਂ ਸੰਗਤ ਵਿਚ ਸਭ ਦੇ ਸਾਮ੍ਹਣੇ ਪੜ੍ਹ ਕੇ ਸੁਣਾਵਾਂਗਾ। (ਏਸੇ ਬਹਾਨੇ ਪਰਚੀ ਬਾਬੇ ਕੋਲ ਵਾਪਸ ਆ ਜਾਂਦੀ ਸੀ)
     ਅਸਲ ਵਿਚ ਬਾਬਾ ਸਭ ਨੂੰ ਹੀ ਲਿਖ ਕੇ ਦਿੰਦਾ ਸੀ  “ ਮੁੰਡਾ ਨਾ ਕੁੜੀ ” ਸਮਾ ਬੀਤਦਾ ਰਿਹਾ, ਜਿਸ ਦੇ ਮੁੰਡਾ ਹੋਵੇ, ਉਹ ਬਹੁਤ ਸਾਰੀਆਂ ਸੌਗਾਤਾਂ ਬਾਬੇ ਲਈ ਲਿਆਉਣ, ਬਾਬਾ ਸੰਗਤ ਵਿਚ ਪਰਚੀ ਖੋਲ੍ਹ ਕੇ ਸੁਣਾਵੇ, ਦੇਖੋ ਜੀ ਮੈਂ ਤਾਂ ਪਹਿਲਾਂ ਹੀ ਲਿਖ ਕੇ ਦਿੱਤਾ ਸੀ  “ ਮੁੰਡਾ, ਨਾ ਕੁੜੀ ”  ਸੰਗਤ ਖੁਸ਼ ਹੋ ਜਾਵੇ ਅਤੇ ਬਾਬੇ ਦੀ ਜੈ-ਜੈਕਾਰ ਹੋਵੇ। ਜੇ ਕਿਸੇ ਦੇ ਕੁੜੀ ਹੋ ਜਾਵੇ ਤਾਂ ਉਹ ਵੀ ਵਿੱਤ ਮੂਜਬ ਨਜ਼ਰਾਨਾ ਲੈ ਕੇ ਆਵੇ ਅਤ ਬਾਬਾ ਸੰਗਤ ਵਿਚ ਪਰਚੀ ਖੋਲ੍ਹ ਕੇ ਸੁਣਾਵੇ, ਦੇਖੋ ਜੀ ਮੈ ਤਾਂ ਪਹਿਲਾਂ ਹੀ ਲਿਖ ਕੇ ਦਿੱਤਾ ਸੀ  “ ਮੁੰਡਾ ਨਾ, ਕੁੜੀ ”  ਸੰਗਤ ਖੁਸ਼ ਹੋਵੇ ਅਤੇ ਬਾਬੇ ਦੀ ਜੈ-ਜੈਕਾਰ । ਬਹੁਤ ਸਾਰਿਆਂ ਦੇ ਕੁਝ ਵੀ ਨਹੀਂ ਹੋਇਆ ਹੋਵੇਗਾ, ਪਰ ਉਹ ਆਪਣੀ ਕਿਸਮਤ ਨੂੰ ਕੋਸ ਕੇ ਚੁੱਪ ਕਰ ਗਏ। ਸ਼ਾਮਤ ਬਾਬੇ ਦੀ, ਇਕ ਬੰਦੇ ਨੇ, (ਜਿਸ ਦੇ ਕੁਝ ਵੀ ਨਹੀਂ ਹੋਇਆ ਸੀ) ਪਰਚੀ ਖੋਜੀਆਂ ਨੂੰ ਵਿਖਾਈ ਕਿ, ਦੇਖੋ ਤਾਂ ਸਹੀ ਬਾਬੇ ਨੇ ਕੀ ਲਿਖ ਕੇ ਦਿੱਤਾ ਸੀ, ਖੋਜੀਆਂ ਨੇ ਪਰਚੀ ਵੇਖੀ, ਪਰ ਉਨ੍ਹਾਂ ਦੇ ਪੱਲੇ ਕੁਝ ਵੀ ਨਾ ਪਿਆ। ਅਖੀਰ ਉਹ ਬੰਦਾ ਅਤੇ ਨਾਲ ਕੁਝ ਸਿਆਣੇ ਪਰਚੀ ਲੈ ਕੇ ਬਾਬੇ ਕੋਲ ਪੁੱਜੇ ਅਤੇ ਗਿਲ੍ਹਾ ਕੀਤਾ ਕਿ ਬਾਬਾ ਜੀ ਤੁਸੀਂ ਪਰਚੀ ਲਿਖ ਕੇ ਦਿੱਤੀ ਸੀ, ਪਰ ਕੁਝ ਵੀ ਨਹੀਂ ਹੋਇਆ । ਬਾਬੇ ਨੇ ਪਰਚੀ ਲਈ ਅਤੇ ਪੜ੍ਹ ਕੇ ਸੁਣਾਈ, ਇਨ੍ਹਾਂ ਵਿਚਾਰਿਆਂ ਦੀ ਕਿਸਮਤ ਵਿਚ ਮੁੰਡਾ-ਕੁੜੀ ਕੁਝ ਵੀ ਨਹੀਂ ਸੀ, ਮੈਂ ਇਨ੍ਹਾਂ ਨੂੰ ਦੱਸ ਕੇ ਇਨ੍ਹਾਂ ਦਾ ਦਿਲ ਨਹੀਂ ਦੁਖਾਉਣਾ ਚਾਹੁੰਦਾ ਸੀ, ਇਸ ਲਈ ਮੈਂ ਲਿਖ ਕੇ ਦਿੱਤਾ ਸੀ  “ ਮੁੰਡਾ ਨਾ ਕੁੜੀ ” ਅਰਥਾਤ ਤੁਹਾਡੇ ਕਰਮਾਂ ਵਿਚ ਬਹੁਤ ਵਿਘਨ ਹੈ, ਤੁਹਾਡੀ ਕਿਸਮਤ ਵਿਚ ਨਾ ਮੁੰਡਾ ਹੈ ਨਾ ਕੁੜੀ ।  ਇਵੇਂ ਖੋਜੀਆਂ ਨੂੰ ਪਤਾ ਲੱਗਾ ਕਿ ਬਾਬਾ ਵਿਆਕਰਨ ਦੀ ਆੜ ਵਿਚ ਕੀ ਖੇਲ ਖੇਲ੍ਹ ਰਿਹਾ ਸੀ।
   ਇਹ ਤਾਂ ਉਸ ਵੇਲੇ ਦੀ ਗੱਲ ਹੈ ਜਦ ਬਾਬੇ ਵਿਆਕਰਨ ਬਾਰੇ ਬਹੁਤਾ ਕੁਝ ਨਹੀਂ ਜਾਣਦੇ ਸੀ, ਅੱਜ ਦੇ ਬਾਬੇ ਤਾਂ   ਪ੍ਰੋ.  ਪ੍ਰਿੰ.   ਡਾਕਟਰ ਦੀਆਂ ਡਿਗਰੀਆਂ ਨਾਲ ਲੈਸ, ਅਜਿਹੇ ਬਹੁਤ ਚਮਤਕਾਰ ਕਰਨ ਦੇ ਸਮਰੱਥ ਹਨ। ਭਾਵੇਂ ਉਨ੍ਹਾਂ ਵਿਚਾਰਿਆਂ ਨੇ ਗੁਰਬਾਣੀ ਦੀ ਖੋਜ ਕਦੇ ਵੀ ਨਾ ਕੀਤੀ ਹੋਵੇ, ਖਾਲੀ ਪ੍ਰੋ. ਸਾਹਿਬ ਸਿੰਘ ਜੀ ਵਲੋਂ ਲਿਖੀ ਗੁਰਬਾਣੀ ਦੀ ਗਰਾਮਰ ਪੜ੍ਹ ਕੇ ਹੀ ਗੁਰਬਾਣੀ ਦੇ ਧੁਰੰਦਰ ਗਆਤਾ ਬਣੇ ਹੋਏ ਹਨ। ਪਰ ਪਿੱਤਲ, ਪਿੱਤਲ ਹੀ ਹੁੰਦਾ ਹੈ ਅਤੇ ਸੋਨਾ, ਸੋਨਾ ਹੀ ਹੁੰਦਾ ਹੈ।
       ਸ. ਜਸਬੀਰ ਸਿੰਘ ਵਿਰਦੀ ਜੀ ਵਰਗੇ ਕੁਝ ਗਿਣੇ-ਚੁਣੇ ਚਿੰਤਕ ਹੀ ਉਪਰ ਦਿੱਤੀਆਂ ਗੱਲਾਂ ਦਾ ਖਿਆਲ ਰਖਦੇ ਹੋਏ ਵਿਆਕਰਨ ਅਨੁਸਾਰ ਗੁਰਬਾਣੀ ਦੀਆਂ ਗੁੱਝੀਆਂ ਰਮਜ਼ਾਂ ਨੂੰ ਖੋਲ੍ਹ ਰਹੇ ਹਨ, ਪਰਮਾਤਮਾ ਉਨ੍ਹਾਂ ਨੂੰ ਹੋਰ ਤੌਫੀਕ ਦੇ ਕੇ ਉਨ੍ਹਾਂ ਤੋਂ ਹੋਰ ਸੇਵਾ ਲੈਂਦਾ ਰਹੇ ਅਤੇ ਕੁਰਾਹੇ ਪਏ ਵੀਰਾਂ/ਭੈਣਾਂ ਨੂੰ, ਮੁੜ ਸਿੱਧੇ ਰਾਹ ਤੇ ਆਉਣ ਦੀ ਤੌਫੀਕ ਬਖਸ਼ੇ, ਤਾਂ ਜੋ ਉਹ ਵੀ ਗੁਰਬਾਣੀ ਸਿਖਿਆ ਤੋਂ ਲਾਭ ਲੈ ਕੇ ਆਪਣੀ ਜ਼ਿਦਗੀ ਦਾ ਮਕਸਦ ਪੂਰਾ ਕਰ ਸਕਣ।
                                      ਅਮਰ ਜੀਤ ਸਿੰਘ ਚੰਦੀ                       

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.