ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਸਿੱਖ 2017 ਦੀਆਂ ਚੋਣਾਂ ਦਾ ਲਾਹਾ ਕਿਵੇਂ ਲੈ ਸਕਦੇ ਹਨ ? (ਭਾਗ 1)
ਸਿੱਖ 2017 ਦੀਆਂ ਚੋਣਾਂ ਦਾ ਲਾਹਾ ਕਿਵੇਂ ਲੈ ਸਕਦੇ ਹਨ ? (ਭਾਗ 1)
Page Visitors: 2596

ਸਿੱਖ 2017 ਦੀਆਂ ਚੋਣਾਂ ਦਾ ਲਾਹਾ ਕਿਵੇਂ ਲੈ ਸਕਦੇ ਹਨ ? (ਭਾਗ 1) 
         ਇਸ ਵੇਲੇ ਪੰਜਾਬ ਵਿਚ ਸਰਕਾਰ ਬਨਾਉਣ ਦੀ ਬਿਸਾਤ ਕੁਝ ਇਵੇਂ ਵਿਛੀ ਹੋਈ ਹੈ ਕਿ 70 ਸਾਲ ਤੋਂ ਸਥਾਪਤ ਸਾਰੀਆਂ ਪਾਰਟੀਆਂ ਹਿੱਲੀਆਂ ਪਈਆਂ ਹਨ। ਮੈਂ ਸਮਝਦਾ ਹਾਂ ਕਿ ਇਸ ਵਾਰ ਸਾਨੂੰ ਮੌਕਾ ਮਿਲਿਆ ਹੈ, ਜਦੋਂ ਥੋੜੀ ਜਿਹੀ ਸਿਆਣਪ ਨਾਲ ਅਸੀਂ ਆਪਣੀਆਂ ਸਮੱਸਿਆਵਾਂ ਦਾ ਸਥਾਈ ਹੱਲ ਕੱਢ ਸਕਦੇ ਹਾਂ, ਅਤੇ ਸਾਨੂੰ ਇਹ ਹੱਲ ਕੱਢਣਾ ਵੀ ਚਾਹੀਦਾ ਹੈ, ਜੇ ਅਸੀਂ ਇਸ ਵਾਰ ਵੀ ਖੁੰਝ ਗਏ ਤਾਂ ਯਕੀਨਨ ਪੰਜਾਬ, ਭਾਰਤ ਵਿਚ ਸਿੱਖੀ ਬਹੁਤ ਨਿਵਾਣ ਵਿਚ ਚਲੀ ਜਾਵੇਗੀ । ਆਉ ਜ਼ਰਾ ਵਿਚਾਰਦੇ ਹਾਂ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ?
  ਮੈਂ ਸਮਝਦਾ ਹਾਂ ਕਿ ਸਾਨੂੰ ਸਿਆਸੀ ਅਤੇ ਧਾਰਮਿਕ ਦੋਵਾਂ ਦੀ ਅਲੱਗ-ਅਲੱਗ ਵਿਉਂਤ-ਬੰਦੀ ਕਰਨ ਦੀ ਲੋੜ ਹੈ, ਜਿਵੇਂ,
          ਸਿਆਸੀ ਪੱਖ !
    ਜੇ ਅਸੀਂ ਪੰਜਾਬ ਅਤੇ ਸਿੱਖਾਂ ਦਾ ਸਥਾਈ ਹੱਲ ਲੱਭਣਾ ਹੈ ਤਾਂ ਸਾਨੂੰ ਪੰਜਾਬ ਤੋਂ ਬਾਹਰ ਨਿਕਲ ਕੇ ਦਿੱਲੀ (ਲੋਕ-ਸਭਾ) ਨੂੰ ਘੇਰਨ ਦੀ ਲੋੜ ਹੈ, ਸਾਰੀ ਸਿਆਸੀ ਤਾਕਤ ਲੋਕ-ਸਭਾ ਅਤੇ ਰਾਜ-ਸਭਾ ਦੇ ਹੱਥ ਵਿਚ ਹੈ, ਰਾਜ-ਸਭਾ ਵੀ ਲੋਕ-ਸਭਾ ਅਤੇ ਵਿਧਾਨ-ਸਭਾਵਾਂ ਤੇ ਹੀ ਨਿਰਭਰ ਹੈ, ਇਸ ਲਈ ਗੱਲ ਲੋਕ-ਸਭਾ ਦੀ ਹੀ ਕੀਤੀ ਜਾ ਰਹੀ ਹੈ। ਲੋਕ-ਸਭਾ ਵਿਚ ਹੀ ਪੰਜਾਬ ਅਤੇ ਸਿੱਖਾਂ ਦੀਆਂ ਮੁਸੀਬਤਾਂ ਦਾ ਖਾਕਾ ਉਲੀਕਿਆ ਜਾਂਦਾ ਹੈ, ਇਹ ਗੱਲ ਵੱਖਰੀ ਹੈ ਕਿ ਉਸ ਨੂੰ ਲਾਗੂ, ਕੈਰੋਂ, ਜ਼ੈਲ ਸਿੰਘ, ਬੂਟਾ ਸਿੰਘ, ਬਰਨਾਲਾ ਅਤੇ ਬਾਦਲ ਵਰਗੀਆਂ ਕਾਲੀਆਂ ਭੇਡਾਂ ਰਾਹੀਂ ਹੀ ਕੀਤਾ ਜਾਂਦਾ ਹੈ, ਅਤੇ ਪੰਜਾਬ ਵਿਚ ਕਾਲੀਆਂ ਭੇਡਾਂ ਦਾ ਕੋਈ ਘਾਟਾ ਨਹੀਂ ਹੈ, ਇਸ ਲਈ ਬਿਮਾਰੀ ਦੀ ਜੜ੍ਹ ਨੂੰ ਹੱਥ ਪਾਉਣ ਦੀ ਲੋੜ ਹੈ।
  ਜੇ ਅਸੀਂ 100% ਵੀ ਇਕੱਠੇ ਹੋ ਜਾਈਏ, ਤਾਂ ਵੀ ਲੋਕ-ਸਭਾ ਵਿਚ ਸਾਡੀ ਗਿਣਤੀ 15 ਤੋਂ ਵੱਧ ਨਹੀਂ ਸਕਦੀ, ਅਤੇ ਤੁਸੀਂ ਚੰਗੀ ਤਰ੍ਹਾਂ ਸਮਝ ਸਕਦੇ ਹੋ ਕਿ 600 ਵਿਚ 15 ਦੀ ਕੀ ਵੱਟਤ ਹੋ ਸਕਦੀ ਹੈ ? ਪਰ ਸਾਡੇ ਲੀਡਰਾਂ ਨੇ ਆਪਣੀ ਸਵਾਰਥੀ ਨੀਤੀ ਦੇ ਅਧੀਨ ਸਾਨੂੰ ਉਸ ਰਾਹੇ ਤੋਰਿਆ ਹੋਇਆ ਹੈ, ਜਿਸ ਤੇ ਚੱਲ ਕੇ ਅਸੀਂ ਹਜ਼ਾਰਾਂ ਸਾਲ ਵੀ ਇਸ ਗੁਲਾਮੀ ਵਿਚੋਂ ਨਹੀ ਨਿਕਲ ਸਕਦੇ, ਹਾਂ ਸਾਡੇ ਲੀਡਰ ਆਪਣੀ ਖਾਨਦਾਨੀ ਖਸਲਤ ਅਨੁਸਾਰ, ਕੇਂਦਰੀ ਪਾਰਟੀਆਂ ਦੀਆਂ ਜੁੱਤੀਆਂ ਚੱਟ ਕੇ, ਹੋਰ ਤੋਂ ਹੋਰ ਅਮੀਰ ਜ਼ਰੂਰ ਹੁੰਦੇ ਜਾਣਗੇ, ਅਤੇ ਸਾਡੇ ਪੰਥ ਦੇ ਹੀਰੇ, ਕੁਝ ਆਵਦੇ ਹੱਕਾਂ ਲਈ ਘੋਲ ਕਰ ਕੇ, ਸ਼ਹੀਦੀਆਂ ਦੇ ਕੇ ਆਰਥਿਕ ਪੱਖੋਂ ਕਮਜ਼ੋਰ ਹੋ ਕੇ ਖੁਦਕੁਸ਼ੀਆਂ ਕਰ ਕੇ ਖਤਮ ਹੁੰਦੇ ਜਾਣਗੇ, ਅਤੇ ਪੰਥ-ਦੋਖੀ ਕਾਂ-ਘਿਆਰੀ ਹੋਰ ਵਧ ਜਾਵੇਗੀ।  
   ਸਾਨੂੰ ਕਿਸੇ ਨਾਲ ਆਰਜ਼ੀ ਸਮਝੌਤਾ (ਭਾਵੇਂ ਉਹ ਸੀਟਾਂ ਦੇ ਆਧਾਰ ਤੇ ਹੋਵੇ, ਜਾਂ ਸਾਡੀਆਂ ਲੋੜਾਂ ਅਨੁਸਾਰ ਹੋਵੇ) ਕਰ ਕੇ ਹੱਥ ਆਇਆ ਸਮਾ ਗਵਾਉਣਾ ਨਹੀਂ ਚਾਹੀਦਾ, ਜਦ ਕਿ ਆਪ ਪਾਰਟੀ ਤੁਹਾਨੂੰ ਪੱਕੇ ਤੌਰ ਤੇ ਆਪਣੇ ਨਾਲ ਜੋੜਨ ਦੀ ਚਾਹਵਾਨ ਹੈ, ਸਾਨੂੰ ਉਸ ਨਾਲ ਆਰਜ਼ੀ ਸਮਝੌਤਾ ਕਰਨ ਨਾਲੋਂ ਉਸ ਦਾ ਅਟੁੱਟ ਅੰਗ ਬਣਨ ਦੀ ਲੋੜ ਹੈ, ਜਿਵੇਂ ਕਿ ਤੁਸੀਂ ਵੀ ਵੇਖਿਆ ਹੈ ਕਿ ਉਹ ਵੀ ਸਿੱਖਾਂ ਦੇ ਮਸਲ੍ਹੇ ਹੱਲ ਕਰਨ ਦੇ ਚਾਹਵਾਨ ਹਨ। ਜਦ ਅਸੀਂ ਖੁਦ ਹੀ ਧਰਮ ਦੇ ਆਧਾਰ ਤੇ ਇਕੱਠੇ ਹੋ ਕੇ, ਭਾਰਤ ਦੇ ਵਿਧਾਨ ਦੀ ਰੂਹ “ਧਰਮ-ਨਿਰਪੱਖਤਾ” ਦਾ ਘਾਣ ਕਰ ਰਹੇ ਹਾਂ, ਤਾਂ ਅਸੀਂ ਦੂਸਰਿਆਂ ਤੋਂ ਧਰਮ-ਨਿਰਪੱਖਤਾ ਦੀ ਆਸ ਕਿਵੇਂ ਕਰ ਸਕਦੇ ਹਾਂ ?
ਇਹ ਵੀ ਧਿਆਨ ਵਿਚ ਰੱਖਣ ਦੀ ਲੋੜ ਹੈ ਕਿ ਭਾਰਤ ਵਿਚ ਤੁਹਾਡੀ ਵਸੋਂ 2% ਤੋਂ ਘੱਟ ਹੀ ਹੈ, ਇਸ ਗਿਣਤੀ ਨਾਲ ਤੁਸੀਂ ਕੀ ਹਾਸਲ ਕਰ ਸਕਦੇ ਹੋ ? ਕੀ ਤੁਹਾਡੇ ਲੀਡਰਾਂ ਨੇ ਇਸ ਪੱਖੋਂ ਵੀ ਤੁਹਾਨੂੰ ਕਦੇ ਸੁਚੇਤ ਕੀਤਾ ਹੈ ?     ਇਹ ਤੁਸੀਂ ਸਾਰੇ ਜਾਣਦੇ ਹੋ ਕਿ ਸਾਰੇ ਕਾਇਦੇ-ਕਾਨੂਨ ਛਿੱਕੇ ਤੇ ਟੰਗ ਕੇ ਬਾਦਲ ਪਾਰਟੀ ਦੇ ਦੋ-ਦੋ ਵਿਧਾਨ ਹਨ, ਵਿਧਾਨ-ਸਭਾ ਦੀ ਚੋਣ ਲਈ ਉਸ ਦਾ ਵਿਧਾਨ ਧਰਮ-ਨਿਰਪੱਖ ਹੈ, ਅਤੇ ਸ਼੍ਰੋਮਣੀ-ਕਮੇਟੀ ਦੀ ਚੋਣ ਲਈ ਉਸ ਦਾ ਵਿਧਾਨ ਧਾਰਮਿਕ ਹੈ। ਕਿੰਨੇ ਦਹਾਕਿਆਂ ਤੋਂ ਉਸ ਦਾ ਕੇਸ ਅਦਾਲਤ ਵਿਚ ਪਿਆ ਹੈ, ਪਰ ਫੈਸਲਾ ਨਹੀਂ ਹੋ ਰਿਹਾ, ਕਿਉਂ ?  ਕਿਉਂਕਿ ਇਸ ਵੇਲੇ ਕੇਂਦਰੀ ਪਾਰਟੀਆਂ ਕੋਲ, ਸਿੱਖਾਂ ਨੂੰ ਦਬਾਉਣ ਲਈ ਬਾਦਲ ਤੋਂ ਚੰਗੀ ਕਾਲੀ-ਭੇਡ ਨਹੀਂ ਲੱਭ ਰਹੀ, ਇਸ ਕਾਰਨ ਹੀ ਵਿਧਾਨ-ਸਭਾ ਅਤੇ ਸ਼੍ਰੋਮਣੀ ਕਮੇਟੀ, ਦੋਵੇਂ ਉਸ ਦੀ ਮੁੱਠੀ ਵਿਚ ਹਨ, ਇਹ ਤਦ ਤੱਕ ਨਹੀਂ ਬਦਲ ਸਕਦਾ, ਜਦ ਤੱਕ ਤੁਸੀਂ ਕਿਸੇ ਅਜਿਹੀ ਪਾਰਟੀ ਦਾ ਅਟੁੱਟ ਅੰਗ ਨਹੀਂ ਬਣ ਜਾਂਦੇ, ਜੋ ਸਹੀ ਅਰਥਾਂ ਵਿਚ ਧਰਮ-ਨਿਰਪੱਖ ਵੀ ਹੋਵੇ, ਜਿਸ ਵਿਚ ਹਿੰਦੂ, ਮੁਸਲਮਾਨ ਅਤੇ ਈਸਾਈ, ਸਾਰੇ ਹੀ ਭਾਈਵਾਲ ਹੋਣ, ਇਵੇਂ ਤੁਸੀਂ ਉਸ ਪਾਰਟੀ ਵਿਚ ਆਪਣੀਆਂ ਸਮੱਸਿਆਵਾਂ ਦੀ ਹੀ ਗੱਲ ਨਹੀਂ ਕਰੋਗੇ, ਬਲਕਿ ਹਰ ਭਾਰਤੀ ਦੀਆਂ ਸਮੱਸਿਆਵਾਂ ਦੀ ਗੱਲ ਕਰੋਗੇ, ਉਸ ਦੇ ਵਿਚ ਹੀ ਤੁਹਾਡੀਆਂ ਸਮੱਸਿਆਵਾਂ ਦਾ ਹੱਲ ਵੀ ਹੋਵੇਗਾ, ਇਹੀ ਸਿੱਖੀ ਦਾ ਸਿਧਾਂਤ ਹੈ।
    ਇਸ ਬਾਰੇ ਹੋਰ ਵੀ ਬਹੁਤ ਕੁਝ ਵਿਚਾਰਨ ਅਤੇ ਉਸ ਤੇ ਅਮਲ ਕਰਨ ਦੀ ਲੋੜ ਹੈ, ਜੋ ਸਿਆਣੇ, ਸੂਝਵਾਨ, ਸਿੱਖੀ ਨੂੰ ਪਰਣਾਏ ਲੋਕਾਂ ਦੇ ਮਿਲ-ਬੈਠ ਕੇ ਹੱਲ ਕਰਨ ਦਾ ਵਿਸ਼ਾ ਹੈ।             
        ਧਾਰਮਿਕ ਤੌਰ ਤੇ ਵਿਚਾਰਨ ਦੀਆਂ ਗੱਲਾਂ ?
       ਸਾਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲਈ ਪੰਜਾਬ ਦੇ ਨਾਲ-ਨਾਲ ਭਾਰਤ ਦੇ ਹੋਰ ਸਾਰੇ ਸੂਬਿਆਂ (ਸਵਾਂ ਹੋਰ ਵੀ ਬਹੁਤ ਚੰਗਾ ਹੋਵੇ, ਜੇ ਦੁਨੀਆਂ ਦੇ ਸਾਰੇ ਮੁਲਕਾਂ, ਜਿਨ੍ਹਾਂ ਵਿਚ ਸਿੱਖ ਵਸੋਂ ਹੈ) ਵਿਚ ਇਕ ਢਾਂਚਾ-ਗਤ ਯੋਜਨਾ ਬਨਾਉਣ ਦੀ ਲੋੜ ਹੈ। ਜਿਸ ਵਿਚ ਅਜਿਹਾ ਇੰਤਜ਼ਾਮ ਕੀਤਾ ਜਾਵੇ ਕਿ ਜੋ ਸਿੱਖ ਸ਼੍ਰੋਮਣੀ-ਕਮੇਟੀ ਦੀ ਪ੍ਰਬੰਧਕੀ ਲਈ ਸਰਗਰਮ ਹੋਣ ਉਹ, ਸਿਅਸਤ ਜਾਂ ਹੋਰ ਕਿਸੇ ਖੇਤਰ ਵਿਚ ਹਿੱਸਾ ਨਾ ਲੈਣ ਅਤੇ ਜੋ ਸਿਆਸਤ ਦੇ ਖੇਤਰ ਵਿਚ ਸਰਗਰਮ ਹੋਣ, ਉਹ ਧਾਰਮਿਕ ਜਾਂ ਹੋਰ ਕਿਸੇ ਖੇਤਰ ਵਿਚ ਹਿੱਸਾ ਨਾ ਲੈਣ । ਇਸ ਬਾਰੇ ਵੀ ਪੂਰੀ ਪਲਾਨਿੰਗ ਕਰਨ ਦੀ ਲੋੜ ਹੈ ।
    ਜਿਵੇਂ ਕਿ ਮੈਂ ਉਪਰ ਲਿਖ ਚੁੱਕਾ ਹਾਂ ਕਿ ਸਿੱਖਾਂ ਵਿਚ ਕਾਲੀਆਂ ਭੇਡਾਂ ਦੀ ਕੋਈ ਘਾਟ ਨਹੀਂ ਹੈ, ਉਹ ਤੁਹਾਨੂੰ ਕਿਸੇ ਪਾਸੇ ਨਹੀਂ ਲੱਗਣ ਦੇਣਗੀਆਂ, ਕਿਤੇ ਇਹ ਨਾ ਹੋਵੇ ਕਿ ਉਹ ਤੁਹਾਨੂੰ ਭਾਵੁਕ ਕਰ ਕੇ, ਸਿੱਖੀ ਦੇ ਗਾਣੇ ਗਾਉਂਦਿਆਂ, ਬਾਦਲ ਤੋਂ ਛੁਟਕਾਰਾ ਮਿਲਣ ਦੇ ਰਾਹ ਵਿਚ ਹੋਰ ਰੋੜਾ ਅਟਕਾਅ ਕੇ ਆਪ ਨੂੰ ਮਿਲਣ ਵਾਲੀਆਂ ਵੋਟਾਂ ਗਵਾ ਕੇ, ਆਪ ਨੂੰ ਹਰਾਅ ਕੇ, ਮੁੜ ਬਾਦਲ ਨੂੰ ਜਿਤਾਉਣ ਵਿਚ ਮਦਦਗਾਰ ਬਣ ਜਾਵੋਂ । ਇਸ ਲਈ ਸਾਰੇ ਪੱਖ ਸੋਚ-ਵਿਚਾਰ ਕੇ ਵਿਉਂਤ-ਬੰਦੀ ਕਰਨ ਦੀ ਲੋੜ ਹੈ, ਜਜ਼ਬਾਤੀ ਹੋ ਕੇ ਕੰਮ ਕਰਨਾ ਮਹਿੰਗਾ ਪੈ ਸਕਦਾ ਹੈ, ਜੇ ਅਸੀਂ ਆਜ਼ਾਦੀ ਦਾ 2017 ਮੌਕਾ ਗਵਾ ਦਿੱਤਾ ਤਾਂ 50/100 ਸਾਲ ਅਜਿਹਾ ਮੌਕਾ ਮਿਲਣ ਦੀ ਆਸ ਨਹੀਂ ਕੀਤੀ ਜਾ ਸਕਦੀ । ਸਮਾ ਬਹੁਤ ਥੋੜਾ ਹੈ ਅਤੇ ਅਸੀਂ ਆਪਣੀ ਆਦਤ ਮੂਜਬ, ਪਹਿਲਾਂ ਵਿਚਾਰਨ ਦੀ ਥਾਂ ‘ ਵੇਹੜੇ ਆਈ ਜੰਜ, ਵਿਨ੍ਹੋ ਕੁੜੀ ਦੇ ਕੰਨ ’ ਵਾਲੀ ਗੱਲ ਹਮੇਸ਼ਾ ਕਰਦੇ ਹਾਂ, ਜਿਸ ਦਾ ਸਾਨੂੰ ਹਮੇਸ਼ਾ ਨੁਕਸਾਨ ਹੋਇਆ ਹੈ।
ਮੈਂ ਸਮਝਦਾ ਹਾਂ ਕਿ ਇਸ ਵੇਲੇ ਖਿਲਾਰਾ ਖਿਲਾਰਨ ਦੀ ਥਾਂ, ਆਪ ਨੂੰ ਜਿਤਾਉਣ ਦਾ ਪੂਰਾ ਯਤਨ ਕਰਨਾ ਚਾਹੀਦਾ ਹੈ, ਇਸ ਨਾਲ ਅਸੀਂ ਸਿੱਖੀ ਦੇ ਤਿੰਨਾਂ ਦੁਸ਼ਮਣਾਂ, (ਅ) ਕਾਲੀ ਦਿਲ, ਬੀ.ਜੇ.ਪੀ. ਅਤੇ ਕਾਂਗਰਸ ਤੋਂ ਬਚਣ ਦੀ ਆਸ ਕਰ ਸਕਦੇ ਹਾਂ।
   ਬਾਬੇ ਨਾਨਕ ਦੇ ਕਿਰਤੀ ਸਿੱਖ, ਸਿੱਖੀ ਅਤੇ ਪੰਜਾਬ ਦੇ ਭਲੇ ਲਈ ਜੋ ਵੀ, ਸੋਚ-ਸਮਝ ਕੇ ਕਰਨਗੇ, ਉਨ੍ਹਾਂ ਦਾ ਪੂਰਾ-ਪੂਰਾ ਸਾਥ ਦਿੱਤਾ ਜਾਵੇਗਾ।
                   ਅਮਰ ਜੀਤ ਸਿੰਘ ਚੰਦੀ            
     (ਚਲਦਾ)
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.