ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਅਭੁਲੁ ਗੁਰੂ ਕਰਤਾਰੁ ਦੀ ਗਲਤ ਵਿਆਖਿਆ (ਭਾਗ ੧)
ਅਭੁਲੁ ਗੁਰੂ ਕਰਤਾਰੁ ਦੀ ਗਲਤ ਵਿਆਖਿਆ (ਭਾਗ ੧)
Page Visitors: 2700

ਅਭੁਲੁ ਗੁਰੂ ਕਰਤਾਰੁ ਦੀ ਗਲਤ ਵਿਆਖਿਆ
                     (ਭਾਗ ੧)

ਤੱਤ ਗੁਰਮਤਿ ਵਾਲਿਆਂ ਅਨੁਸਾਰ:- ਮੌਜੂਦਾ ਵਿਵਾਦ ਦੀ ਜੜ੍ਹ ‘ਅਭੁਲ ਗੁਰੂ ਕਰਤਾਰ’ ਦਾ ਗੁਰਬਾਣੀ ਵਾਕ ਹੈ, ਜਿਸ ਦੀ ਹੁਣ ਤੱਕ ਗਲਤ ਵਿਆਖਿਆ ਇਹ ਕੀਤੀ ਜਾਂਦੀ ਹੈ ਕਿ ‘ਅਕਾਲ ਅਤੇ ਗੁਰੂ’ ਦੋਵੇਂ ‘ਅਭੁੱਲ’ ਹਨ। ਕਿਉਂਕਿ ‘ਅਭੁਲ ਗੁਰੂ ਕਰਤਾਰ’ ਵੀ ਦੋ ਹਸਤੀਆਂ ਲਈ ਨਹੀਂ, ਇਕੋ ਇਕ ‘ਅਕਾਲ ਗੁਰੂ’ ਹਸਤੀ ਲਈ ਹੈ।
ਵਿਚਾਰ:- ਏਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਜਿਸ ਬੰਦੇ ਜਾਂ ਸੰਸਥਾ ਵਲੋਂ ਗੁਰਬਾਣੀ ਤੁਕਾਂ ਵਿਚ ਲੱਗ-ਮਾਤ੍ਰਾਂ ਦਾ ਵੀ ਖਿਆਲ ਨਾ ਰੱਖਿਆ ਜਾਂਦਾ ਹੋਵੇ, ਆਪਣੀ ਮਰਜ਼ੀ ਨਾਲ ਹੀ ਲਗਾਂ-ਮਾਤਰਾਂ ਬਦਲ ਦਿੱਤੀਆਂ ਜਾਂਦੀਆਂ ਹੋਣ, ਕੀ ਉਸ ਨੂੰ ਗੁਰਬਾਣੀ ਦੇ ਅਰਥਾਂ ਬਾਰੇ ਸਹੀ ਜਾਣ-ਕਾਰੀ ਹੋਣੀ ਮੰਨੀ ਜਾ ਸਕਦੀ ਹੈ? ਤੱਤ ਗੁਰਮਤਿ ਵਾਲਿਆ ਵਲੋਂ ਲਿਖੀ ਤੁਕ,
 ‘ਅਭੁਲ ਗੁਰੂ ਕਰਤਾਰ’
ਚਲੋ ਇਸ ਤੁਕ ਨੂੰ ਮਾਮੂਲੀ ਭੁੱਲ ਮਿਥ ਕੇ ਨਜ਼ਰ-ਅੰਦਾਜ਼ ਕੀਤਾ ਜਾ ਸਕਦਾ ਹੈ, ਪਰ ਇਸ ਤੁਕ ਦੇ ਅਰਥਾਂ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ ਜਾ ਸਕਦਾ  
ਉਨ੍ਹਾਂ ਵਲੋਂ ਲਿਖੀ ਤੁਕ ਅਨੁਸਾਰ ਤਾਂ ਅਭੁੱਲ ਹਸਤੀਆਂ ਦੋ ਤੋਂ ਵੱਧ ਵੀ ਹੋ ਸਕਦੀਆਂ ਹਨ, ਕਿਉਂਕਿ ਗੁਰਬਾਣੀ ਵਿਆਕਰਣ ਅਨੁਸਾਰ ‘ਅਭੁਲ’ ਵੀ ਬਹੁਤੇ ਹਨ ਅਤੇ ‘ਕਰਤਾਰ’ ਵੀ ਬਹੁਤੇ ਹਨ ।
  ਗੁਰਬਾਣੀ ਨੂੰ ਸਮਝਣ ਦਾ ਸਰਲ ਢੰਗ ਪੂਰੇ ਸ਼ਬਦ ਦੀ ਵਿਆਖਿਆ ਕਰਨਾ ਹੈ, ਪੂਰਾ ਸ਼ਬਦ ਇਵੇਂ ਹੈ,
ਸਿਰੀਰਾਗੁ ਮਹਲਾ 1॥
    ਮਨਮੁਖਿ ਭੁਲੈ ਭੁਲਾਈਐ ਭੂਲੀ ਠਉਰ ਨ ਕਾਇ॥
    ਗੁਰ ਬਿਨੁ ਕੋ ਨਾ ਦਿਖਾਵਈ ਅੰਧੀ ਆਵੈ ਜਾਇ॥
    ਗਿਆਨ ਪਦਾਰਥੁ ਖੋਇਆ ਠਗਿਆ ਮੁਠਾ ਜਾਇ
॥1॥
    ਬਾਬਾ ਮਾਇਆ ਭਰਮਿ ਭੁਲਾਇ॥
    ਭਰਮਿ ਭੁਲੀ ਡੋਹਾਗਣੀ ਨਾ ਪਿਰ ਅੰਕਿ ਸਮਾਇ
॥1॥ਰਹਾਉ॥
    ਭੂਲੀ ਫਿਰੈ ਦਿਸੰਤਰੀ ਭੂਲੀ ਗ੍ਰਿਹੁ ਤਜਿ ਜਾਇ॥
    ਭੂਲੀ ਡੂੰਗਰਿ ਥਲਿ ਚੜੈ ਭਰਮੈ ਮਨੁ ਡੋਲਾਇ॥
    ਧੁਰਹੁ ਵਿਛੁੰਨੀ ਕਿਉ ਮਿਲੈ ਗਰਬਿ ਮੁਠੀ ਬਿਲਲਾਇ
॥2॥
    ਵਿਛੁੜਿਆ ਗੁਰੁ ਮੇਲਸੀ ਹਰਿ ਰਸਿ ਨਾਮ ਪਿਆਰਿ॥
    ਸਾਚਿ ਸਹਜਿ ਸੋਭਾ ਘਣੀ ਹਰਿ ਗੁਣ ਨਾਮ ਆਧਾਰਿ॥
    ਜਿਉ ਭਾਵੈ ਤਿਉ ਰਖੁ ਤੂੰ ਮੈ ਤੁਝ ਬਿਨੁ ਕਵਨੁ ਭਤਾਰੁ
॥3॥
    ਅਖਰ ਪੜਿ ਪੜਿ ਭੁਲੀਐ ਭੇਖੀ ਬਹੁਤੁ ਅਭਿਮਾਨੁ॥
    ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ॥
    ਗੁਰ ਬਿਨੁ ਕਿਨਿ ਸਮਝਾਈਐ ਮਨੁ ਰਾਜਾ ਸੁਲਤਾਨੁ
॥4॥
    ਪ੍ਰੇਮ ਪਦਾਰਥੁ ਪਾਈਐ ਗੁਰਮੁਖਿ ਤਤੁ ਵੀਚਾਰੁ॥
    ਸਾਧਨ ਆਪੁ ਗਵਾਇਆ ਗੁਰ ਕੈ ਸਬਦਿ ਸੀਗਾਰੁ॥
    ਘਰ ਹੀ ਸੋ ਪਿਰੁ ਪਾਇਆ ਗੁਰ ਕੈ ਹੇਤਿ ਅਪਾਰੁ
॥5॥
    ਗੁਰ ਕੀ ਸੇਵਾ ਚਾਕਰੀ ਮਨੁ ਨਿਰਮਲੁ ਸੁਖੁ ਹੋਇ॥
    ਗੁਰ ਕਾ ਸਬਦੁ ਮਨਿ ਵਸਿਆ ਹਉਮੈ ਵਿਚਹੁ ਖੋਇ॥
    ਨਾਮੁ ਪਦਾਰਥੁ ਪਾਇਆ ਲਾਭੁ ਸਦਾ ਮਨਿ ਹੋਇ
॥6॥
    ਕਰਮਿ ਮਿਲੈ ਤਾ ਪਾਈਐ ਆਪਿ ਨ ਲਇਆ ਜਾਇ॥
    ਗੁਰ ਕੀ ਚਰਣੀ ਲਗਿ ਰਹੁ ਵਿਚਹੁ ਆਪੁ ਗਵਾਇ॥
    ਸਚੇ ਸੇਤੀ ਰਤਿਆ ਸਚੋ ਪਲੈ ਪਾਇ
॥7॥
    ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ॥
    ਗੁਰਮਤਿ ਮਨੁ ਸਮਝਾਇਆ ਲਾਗਾ ਤਿਸੈ ਪਿਆਰੁ॥
    ਨਾਨਕ ਸਾਚੁ ਨ ਵੀਸਰੈ ਮੇਲੇ ਸਬਦੁ ਅਪਾਰੁ
॥8॥12॥      (60-61)
            ਅਰਥ,
    ਬਾਬਾ ਮਾਇਆ ਭਰਮਿ ਭੁਲਾਇ॥
    ਭਰਮਿ ਭੁਲੀ ਡੋਹਾਗਣੀ ਨਾ ਪਿਰ ਅੰਕਿ ਸਮਾਇ
॥1॥ਰਹਾਉ॥
        ਹੇ ਭਾਈ, ਮਾਇਆ ਜੀਵਾਂ ਨੂੰ ਭੁਲੇਖੇ ਵਿਚ ਪਾ ਕੇ ਕੁਰਾਹੇ ਪਾ ਦਿੰਦੀ ਹੈ। ਜਿਹੜੀ ਮੰਦ ਭਾਗੀ ਜੀਵ ਇਸਤ੍ਰੀ, ਮਾਇਆ ਦੇ ਭੁਲੇਖੇ ਵਿਚ ਪੈ ਕੇ, ਰਾਹੋਂ ਭਟਕ ਜਾਂਦੀ ਹੈ, ਉਹ ਕਦੀ ਵੀ ਪ੍ਰਭੂ ਪਤੀ ਦੀ ਗਲਵਕੜੀ ਵਿਚ ਨਹੀਂ ਸਮਾ ਸਕਦੀ।  
   ਮਨਮੁਖਿ ਭੁਲੈ ਭੁਲਾਈਐ ਭੂਲੀ ਠਉਰ ਨ ਕਾਇ॥
    ਗੁਰ ਬਿਨੁ ਕੋ ਨਾ ਦਿਖਾਵਈ ਅੰਧੀ ਆਵੈ ਜਾਇ॥
    ਗਿਆਨ ਪਦਾਰਥੁ ਖੋਇਆ ਠਗਿਆ ਮੁਠਾ ਜਾਇ
॥1॥
ਮਨ ਦੀ ਮੱਤ ਪਿੱਛੇ ਚੱਲਣ ਵਾਲੀ ਜੀਵ ਇਸਤ੍ਰੀ ਭੁਲੇਖਿਆਂ ਵਿਚ ਹੀ ਪਰਮਾਤਮਾ ਨਾਲ ਮਿਲਣ ਵਾਲੇ ਸਾਰੇ ਵਸੀਲੇ ਗਵਾ ਲੈਂਦੀ ਹੈ। ਪਰਮਾਤਮਾ ਨਾਲ ਮਿਲਾਪ ਦਾ ਰਾਹ ਦੱਸਣ ਵਾਲਾ ਗੁਰੂ ਤੋਂ ਬਗੈਰ ਹੋਰ ਕੋਈ ਨਹੀਂ ਹੈ, ਗੁਰੂ ਨਾਲ ਜੁੜੇ ਬਗੈਰ ਉਹ ਆਵਾ ਗਵਣ ਦੇ ਚੱਕਰ ਵਿਚ ਪਈ ਰਹਿੰਦੀ ਹੈ। ਇਵੇਂ ਉਹ ਅਗਿਆਨਤਾ ਵੱਸ, ਜੀਵਨ ਮਨੋਰਥ ਵਲੋਂ ਲੁੱਟੀ ਜਾਂਦੀ ਹੈ।         
   ਭੂਲੀ ਫਿਰੈ ਦਿਸੰਤਰੀ ਭੂਲੀ ਗ੍ਰਿਹੁ ਤਜਿ ਜਾਇ॥
    ਭੂਲੀ ਡੂੰਗਰਿ ਥਲਿ ਚੜੈ ਭਰਮੈ ਮਨੁ ਡੋਲਾਇ॥
    ਧੁਰਹੁ ਵਿਛੁੰਨੀ ਕਿਉ ਮਿਲੈ ਗਰਬਿ ਮੁਠੀ ਬਿਲਲਾਇ
॥2॥
 ਜੀਵਨ ਮਨੋਰਥ ਵਲੋਂ ਭਟਕੀ ਜੀਵ ਇਸਤ੍ਰੀ, ਗ੍ਰਿਹਸਤ ਤਿਆਗ ਦਿੰਦੀ ਹੈ, ਉਹ ਕੁਰਾਹੇ ਪਈ ਥਾਂ-ਥਾਂ ਭਟਕਦੀ ਫਿਰਦੀ ਹੈ। ਕਦੀ ਪਹਾੜ ਦੀਆਂ ਚੋਟੀਆਂ ਤੇ, ਕਦੀ ਪਹਾੜਾਂ ਦੀਆਂ ਕੰਧਰਾਂ ਵਿਚ ਪ੍ਰਭੂ ਨੂੰ ਲੱਭਦੀ ਦਾ ਮਨ ਡੋਲਦਾ ਰਹਿੰਦਾ ਹੈ, ਪਰਮਾਤਮਾ ਤੋਂ ਵਿਛੜੀ, ਕਲਪਦੀ ਤਾਂ ਹੈ ਪਰ ਆਪਣੇ ਕਰਮ-ਕਾਂਡਾਂ ਦੇ ਹੰਕਾਰ ਵਿਚ ਪ੍ਰਭੂ ਨੂੰ ਮਿਲ ਨਹੀਂ ਸਕਦੀ।    
    ਵਿਛੁੜਿਆ ਗੁਰੁ ਮੇਲਸੀ ਹਰਿ ਰਸਿ ਨਾਮ ਪਿਆਰਿ॥
    ਸਾਚਿ ਸਹਜਿ ਸੋਭਾ ਘਣੀ ਹਰਿ ਗੁਣ ਨਾਮ ਆਧਾਰਿ॥
    ਜਿਉ ਭਾਵੈ ਤਿਉ ਰਖੁ ਤੂੰ ਮੈ ਤੁਝ ਬਿਨੁ ਕਵਨੁ ਭਤਾਰੁ
॥3॥
 ਪ੍ਰਭੂ ਤੋਂ ਵਿਛੜਿਆਂ ਨੂੰ ਪ੍ਰਭੂ ਹੀ ਆਪਣੀ ਰਜ਼ਾ ਦੇ ਪਿਆਰ ਨਾਲ ਜੋੜ ਸਕਦਾ ਹੈ। ਹਰੀ ਦੇ ਨਾਮ, ਉਸ ਦੀ ਰਜ਼ਾ,ਉਸ ਦੇ ਹੁਕਮ ਵਿਚ ਜੁੜਿਆਂ, ਉਸ ਨੂੰ ਆਧਾਰ ਬਨਾਉਣ ਨਾਲ, ਅਡੋਲ ਅਵਸਥਾ ਵਿਚ ਬੜੀ ਸੋਭਾ ਮਿਲਦੀ ਹੈ। ਹੇ ਪ੍ਰਭੂ ਜਿਵੇਂ ਤੈਨੂੰ ਭਾਉਂਦਾ ਹੋਵੇ, ਆਪਣੀ ਮਿਹਰ ਕਰ ਕੇ ਓਵੇਂ ਹੀ ਮੈਨੂੰ ਆਪਣੇ ਨਾਲ ਜੋੜ ਲਏ, ਮੇਰਾ ਨਿਮਾਣੀ ਦਾ ਤੇਰੇ ਤੋਂ ਬਗੈਰ ਕੋਈ ਸਾਂਈ-ਖਸਮ ਨਹੀਂ ਹੈ।              
    ਅਖਰ ਪੜਿ ਪੜਿ ਭੁਲੀਐ ਭੇਖੀ ਬਹੁਤੁ ਅਭਿਮਾਨੁ॥
   ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ॥
    ਗੁਰ ਬਿਨੁ ਕਿਨਿ ਸਮਝਾਈਐ ਮਨੁ ਰਾਜਾ ਸੁਲਤਾਨੁ
॥4॥
ਦੁਨਿਆਵੀ ਵਿਦਿਆ ਪੜ੍ਹ ਪੜ੍ਹ ਕੇ ਕੁਰਾਹੇ ਹੀ ਪਈਦਾ ਹੈ, ਬਹੁਤੇ ਭੇਖਾਂ ਨਾਲ ਮਾਣ ਅਭਿਮਾਨ ਹੀ ਪੈਦਾ ਹੁੰਦਾ ਹੈ। ਤੀਰਥਾਂ ਦੇ ਇਸ਼ਨਾਨ ਨਾਲ ਕੀ ਸੰਵਰ ਸਕਦਾ ਹੈ ? ਅਭਿਮਾਨ ਦੀ ਮੈਲ ਤਾਂ ਮਨ ਨੂੰ ਲੱਗੀ ਹੁੰਦੀ ਹੈ, ਮਨ ਨੂੰ ਸਾਫ ਕਰਨ ਦਾ ਸਾਧਨ ਤਾਂ ਗੁਰੂ ਦੀ ਸਿਖਿਆ ਅਨੁਸਾਰ ਪ੍ਰਭੂ ਦੀ ਰਜ਼ਾ ਵਿਚ ਜੁੜਨਾ ਹੈ, ਪਰ ਹੰਕਾਰ ਵਿਚ ਆਇਆ ਮਨ, ਸਰੀਰ ਨਗਰੀ ਦਾ ਰਾਜਾ, ਸੁਲਤਾਨ ਬਣਿਆ ਹੋਇਆ ਗੁਰੂ ਦੀ ਚਰਨੀ ਤਾਂ ਪੈਂਦਾ ਨਹੀਂ, ਗੁਰੂ ਤੋਂ ਬਿਨਾ ਕੋਈ ਹੋਰ ਉਸ ਨੂੰ ਸਮਝਾਅ ਨਹੀਂ ਸਕਦਾ।    
   ਪ੍ਰੇਮ ਪਦਾਰਥੁ ਪਾਈਐ ਗੁਰਮੁਖਿ ਤਤੁ ਵੀਚਾਰੁ॥
   ਸਾਧਨ ਆਪੁ ਗਵਾਇਆ ਗੁਰ ਕੈ ਸਬਦਿ ਸੀਗਾਰੁ॥
   ਘਰ ਹੀ ਸੋ ਪਿਰੁ ਪਾਇਆ ਗੁਰ ਕੈ ਹੇਤਿ ਅਪਾਰੁ
॥5॥
ਹੇ ਭਾਈ ਗੁਰਮੁਖਿ ਹੋ ਕੇ, ਗੁਰੂ ਦੇ ਸ਼ਬਦ ਦੀ ਸਹੀ ਵਿਆਖਿਆ ਸਮਝ ਕੇ , ਗੁਰੂ ਦੀ ਸਿਖਿਆ ਅਨੁਸਾਰ ਚੱਲ ਕੇ ਹੀ ਪ੍ਰਭੂ ਦੇ ਪਿਆਰ ਨੂੰ ਪਾਈਦਾ ਹੈ। ਜਿਸ ਜੀਵ ਇਸਤ੍ਰੀ ਨੇ ਗੁਰੂ ਦੇ ਸ਼ਬਦ ਦਾ ਸ਼ੰਗਾਰ ਕਰ ਕੇ,ਗੁਰੂ ਦੀ ਸਿਖਿਆ ਨਾਲ ਆਪਾ ਭਾਵ ਗਵਾਇਆ ਹੈ, ਉਸ ਨੇ ਗੁਰੂ ਦੀ ਸਿਖਿਆ ਨਾਲ ਮਨ ਜੋੜ ਕੇ, ਆਪਣੇ ਹਿਰਦੇ ਘਰ ਵਿਚ ਹੀ ਪ੍ਰਭੂ ਨੂੰ ਪਛਾਣ ਲਿਆ ਹੈ।  
   ਗੁਰ ਕੀ ਸੇਵਾ ਚਾਕਰੀ ਮਨੁ ਨਿਰਮਲੁ ਸੁਖੁ ਹੋਇ॥
    ਗੁਰ ਕਾ ਸਬਦੁ ਮਨਿ ਵਸਿਆ ਹਉਮੈ ਵਿਚਹੁ ਖੋਇ॥
    ਨਾਮੁ ਪਦਾਰਥੁ ਪਾਇਆ ਲਾਭੁ ਸਦਾ ਮਨਿ ਹੋਇ॥
6॥
ਗੁਰੂ ਦੀ ਦੱਸੀ ਹੋਈ ਸੇਵਾ ਕੀਤਿਆਂ, ਉਸ ਅਨੁਸਾਰ ਜੀਵਨ ਢਾਲਿਆਂ, ਮਨ ਪਵਿੱਤਰ ਹੋ ਜਾਂਦਾ ਹੈ, ਸੁਖ ਮਿਲਦਾ ਹੇ।        ਜਦ ਗੁਰੂ ਦਾ ਸ਼ਬਦ, ਗੁਰੂ ਦੀ ਸਿਖਿਆ ਮਨ ਵਿਚ ਵੱਸ ਜਾਂਦੀ ਹੈ ਤਾਂ ਮਨ ਵਿਚੋਂ ਹਉਮੈ ਦੂਰ ਹੋ ਜਾਂਦੀ ਹੈ।  ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ, ਨਾਮ ਦਾ ਖਜ਼ਾਨਾ ਹਾਸਲ ਕਰ ਲਿਆ ਹੈ, ਉਸ ਦੇ ਮਨ ਨੂੰ ਸਦਾ ਲਾਭ ਮਿਲਦਾ ਹੈ, ਉਹ ਹਰ ਪਲ ਪ੍ਰਭੂ ਦੇ ਹੋਰ ਨੇੜੇ ਹੁੰਦਾ ਜਾਂਦਾ ਹੈ।  
    ਕਰਮਿ ਮਿਲੈ ਤਾ ਪਾਈਐ ਆਪਿ ਨ ਲਇਆ ਜਾਇ॥
     ਗੁਰ ਕੀ ਚਰਣੀ ਲਗਿ ਰਹੁ ਵਿਚਹੁ ਆਪੁ ਗਵਾਇ॥
     ਸਚੇ ਸੇਤੀ ਰਤਿਆ ਸਚੋ ਪਲੈ ਪਾਇ
॥7॥
ਜੇ ਕਰਤਾਰ ਦਾ ਹੁਕਮ ਹੋਵੇ, ਉਸ ਦੀ ਬਖਸ਼ਿਸ਼ ਹੋਵੇ ਤਾਂ ਹੀ ਪਰਮਾਤਮਾ ਨਾਲ ਮੇਲ ਹੁੰਦਾ ਹੈ, ਆਪਣੀਆਂ ਜੁਗਤਾਂ ਆਸਰੇ ਉਸ ਨਾਲ ਮੇਲ ਸੰਭਵ ਨਹੀਂ।
     ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥    (2)
 ਇਸ ਲਈ ਹੇ ਭਾਈ, ਆਪਾ ਭਾਵ ਗਵਾ ਕੇ ਗੁਰੂ ਦੀ ਸਿਖਿਆ ਅਨੁਸਾਰ ਚਲਦਾ ਰਹੁ।  ਗੁਰੂ ਦੀ ਸਿਖਿਆ ਅਨੁਸਾਰ, ਪ੍ਰਭੂ ਦੀ ਯਾਦ ਵਿਚ ਜੁੜੇ ਰਹੀਏ ਤਾਂ ਉਹ ਹਮੇਸ਼ਾ ਕਾਇਮ ਰਹਣ ਵਾਲਾ ਕਰਤਾਰ ਮਿਲ ਜਾਂਦਾ ਹੈ।    
     ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ॥
     ਗੁਰਮਤਿ ਮਨੁ ਸਮਝਾਇਆ ਲਾਗਾ ਤਿਸੈ ਪਿਆਰੁ॥
     ਨਾਨਕ ਸਾਚੁ ਨ ਵੀਸਰੈ ਮੇਲੇ ਸਬਦੁ ਅਪਾਰੁ
॥8॥12॥    
   ਸ੍ਰਿਸ਼ਟੀ ਦਾ ਹਰ ਜੀਵ ਭੁੱਲਣਹਾਰ ਹੈ, ਕੇਵਲ ਤੇ ਕੇਵਲ ਹਰੀ ਆਪ ਅਤੇ ਉਸ ਨਾਲ ਮਿਲਾਪ ਦਾ ਰਾਹ ਦੱਸਣ ਵਾਲਾ ਗੁਰੂ ਹੀ ਅਭੁੱਲ ਹਨ। (ਮਾਇਆ ਦੀਆਂ ਭੁੱਲ-ਭੁਲਈਆਂ ਤੋਂ ਬਾਹਰ ਹਨ) ਜਿਸ ਬੰਦੇ ਨੇ ਗੁਰੂ ਦੀ ਸਿਖਿਆ ਨਾਲ ਆਪਣੇ ਮਨ ਨੂੰ ਸਮਝਾਅ ਲਿਆ, ਉਸ ਦਾ ਮਨ ਪ੍ਰਭੂ ਦੇ ਪਿਆਰ ਨਾਲ ਜੁੜ ਜਾਂਦਾ ਹੈ।
   ਹੇ ਨਾਨਕ, ਜਿਸ ਮਨੁੱਖ ਨੂੰ ਗੁਰ-ਸ਼ਬਦ, ਅਪਾਰ (ਜਿਸ ਦਾ ਕੋਈ ਹੱਦ-ਬੰਨਾ ਨਾ ਹੋਵੇ) ਪ੍ਰਭੂ ਨਾਲ ਜੋੜ ਦਿੰਦਾ ਹੈ, ਉਸ ਨੂੰ ਕਰਤਾਰ ਇਕ ਪਲ ਲਈ ਵੀ ਨਹੀਂ ਵਿਸਰਦਾ, ਭੁੱਲਦਾ।
   ਇਵੇਂ ਗੁਰੂ ਸਾਹਿਬ ਨੇ ਇਸ ਸ਼ਬਦ ਵਿਚ ਬੜੇ ਸਾਫ ਲਫਜ਼ਾਂ ਵਿਚ ਗੁਰਮਤਿ ਦੇ ਸਿਧਾਂਤ ਦੀ ਸੋਝੀ ਦਿੱਤੀ ਹੈ ਕਿ, ਮਨ ਦੀ ਮੱਤ ਵਿਚ ਚੱਲਣ ਵਾਲਾ ਬੰਦਾ, ਮਾਇਆ ਦੇ ਭੁਲਾਵਿਆਂ ਦਾ ਸ਼ਿਕਾਰ ਹੋਕੇ ਕੁਰਾਹੇ ਪੈ ਜਾਂਦਾ ਹੈ, ਅਤੇ ਇਵੇਂ ਉਹ ਹੰਕਾਰ ਵੱਸ, ਪਰਮਾਤਮਾ ਨੂੰ ਮਿਲਣ ਦੇ ਰਾਹ ਤੋਂ, ਜੀਵਨ ਮਨੋਰਥ ਤੋਂ ਭਟਕ ਕੇ ਆਵਾ-ਗਵਣ ਦੇ ਚੱਕਰ ਵਿਚ ਪਿਆ ਰਹਿੰਦਾ ਹੈ। ਜਿਸ ਨੂੰ ਪ੍ਰਭੂ ਨੇ,(ਉਸ ਦੇ ਚੰਗੇ ਕਰਮਾਂ ਸਦਕਾ) ਆਪਣੇ ਨਾਲ ਜੋੜਨਾ ਹੋਵੇ, ਉਸ ਨੂੰ ਆਪ ਹੀ ਗੁਰੂ (ਸ਼ਬਦ) ਨਾਲ ਜੋੜਦਾ ਹੈ। ਗੁਰੂ ਦੀ ਸਿਖਿਆ ਅਨੁਸਾਰ ਚੱਲ ਕੇ, ਮਨ ਆਪਣੇ ਅੰਦਰੋਂ ਹੰਕਾਰ ਖਤਮ ਕਰ ਕੇ, ਹਿਰਦੇ ਘਰ ਵਿਚੋਂ ਹੀ ਪ੍ਰਭੂ ਨੂੰ ਪਛਾਣ ਲੈਂਦਾ ਹੈ ਅਤੇ ਇਕ ਦਿਨ ਪਰਮਾਤਮਾ ਆਪਣੀ ਮਿਹਰ ਕਰ ਕੇ, ਉਸ ਨੂੰ ਆਪਣੇ ਨਾਲ ਇਕ-ਮਿਕ ਕਰ ਲੈਂਦਾ ਹੈ।            
  ਗੁਰੂ ਸਾਹਿਬ ਸਮਝਾਉਂਦੇ ਹਨ ਕਿ ਦੁਨੀਆ ਦਾ ਹਰ ਜੀਵ ਭੁੱਲਣਹਾਰ ਹੈ, ਪਰ ਪਰਮਾਤਮਾ ਆਪ ਅਤੇ ਉਸ ਨੂੰ ਮਿਲਣ ਦਾ ਰਾਹ ਦੱਸਣਵਾਲਾ ਗੁਰੂ ਅਭੁੱਲ ਹਨ, ਮਾਇਆ ਦੇ ਪਰਭਾਵ ਤੋਂ ਬਾਹਰ ਹਨ। ਇਵੇਂ ਪਰਮਾਤਮਾ ਆਪ ਅਤੇ ਉਸ ਨੂੰ ਮਿਲਣ ਦਾ ਰਾਹ ਦੱਸਣ ਵਾਲਾ ਸ਼ਬਦ ਗੁਰੂ, ਦੋਵੇਂ ਅਭੁੱਲ ਹਨ। ਬੰਦੇ ਨੂੰ ਭੁੱਲਣਹਾਰ, ਕੱਚੇ ਗੁਰੂਆਂ ਨਾਲੋਂ ਟੁੱਟ ਕੇ ਸੱਚੇ ਅਭੁੱਲ ਗੁਰੂ ਨਾਲ ਜੁੜਨਾ ਚਾਹੀਦਾ ਹੈ।  
  ਤੱਤ ਗੁਰਮਤਿ ਵਾਲੇ ਅਤੇ ਇਨ੍ਹਾਂ ਦੇ ਹੋਰ ਭਾਈਵਾਲ, ਜਦ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ, ਅਤੇ ਉਸ ਕਸਵੱਟੀ ਤੇ ਆਪਣੇ ਜੀਵਨ ਦੀ ਪਰਖ ਕਰਦੇ ਹਨ ਤਾਂ ਉਨ੍ਹਾਂ ਨੂੰ ਸਾਫ ਨਜ਼ਰ ਆਉਂਦਾ ਹੈ ਕਿ ਜਿਸ ਰਸਤੇ ਤੇ ਅਸੀਂ ਚੱਲ ਰਹੇ ਹਾਂ, ਉਸ ਰਾਸਤੇ ਤੇ ਚੱਲਣ ਵਾਲਿਆਂ ਨੂੰ ਤਾਂ ਗੁਰਬਾਣੀ ਚਪੇੜਾਂ ਮਾਰਦੀ ਹੈ। ਉਸ ਰਾਹ ਤੇ ਉਹ ਆਪਣੇ ਸੰਗੀ ਸਾਥੀਆਂ ਨਾਲ ਏਨੀ ਦੂਰ ਨਿੱਕਲ ਆਏ ਹੁੰਦੇ ਹਨ ਕਿ ਉਨ੍ਹਾਂ ਨੂੰ ਵਾਪਸ ਮੁੜਨਾ ਮੁਸ਼ਕਿਲ ਹੀ ਨਹੀਂ ਅਸੰਭਵ ਜਾਪਦਾ ਹੈ, ਕੁਝ ਉਨ੍ਹਾਂ ਦੀ ਆਪਣੀ ਮੈਂ ਅਤੇ ਕੁਝ ਸਾਥੀਆਂ ਦਾ ਪਰਭਾਵ, ਉਨ੍ਹਾਂ ਦੇ ਵਾਪਸ ਪਰਤਨ ਵਿਚ ਰੋੜਾ ਨਹੀਂ ਪਹਾੜ ਬਣ ਜਾਂਦਾ ਹੈ। ਫਿਰ ਉਹ ਆਪਣੀ ਮੱਤ ਦੀਆਂ ਚਲਾਕੀਆਂ ਨਾਲ ਗੁਰਬਾਣੀ ਵਿਚੋਂ ਕੁਝ ਤੁਕਾਂ ਲੱਭ ਕੇ, ਉਨ੍ਹਾਂ ਦੁਆਲੇ ਆਪਣੀ ਵਾਕ-ਚਾਤ੍ਰੀ ਦਾ ਅਜਿਹਾ ਜਾਲਾ ਬੁਣ ਕੇ ਪੇਸ਼ ਕਰਦੇ ਹਨ, ਜਿਸ ਨਾਲ ਸਾਬਤ ਹੋਵੇ ਕਿ ਗੁਰਮਤਿ ਅਨੁਸਾਰ ਬੱਸ ਇਹੀ ਜਨਮ ਹੈ, ਨਾ ਇਸ ਤੋਂ ਪਹਿਲਾਂ ਕੋਈ ਜਨਮ ਸੀ ਅਤੇ ਨਾ ਹੀ ਅਗਾਂਹ ਕੋਈ ਜਨਮ ਹੋਣਾ ਹੈ, ਬੱਸ ਏਥੇ ਹੀ ਸਾਰਾ ਹਿਸਾਬ-ਕਿਤਾਬ ਹੋ ਜਾਣਾ ਹੈ, ਮੌਤ ਮਗਰੋਂ ਕੋਈ ਲੇਖਾ-ਜੋਖਾ ਨਹੀਂ ਬਚਦਾ। ਇਸ ਲਈ ਸਾਰਾ ਧਿਆਨ ਇਸ ਜਨਮ ਤੇ ਹੀ ਕੇਂਦਰਤ ਕਰ ਕੇ ਚਲੋ।
  ਮਨ ਵਿਚ ਇਹੀ ਹੁੰਦਾ ਹੈ ਕਿ ਜੇ ਲੋਕੀਂ ਸਾਡੀ ਗੱਲ ਮੰਨ ਲੈਣ ਤਾਂ ਸਾਨੂੰ ਤਸੱਲੀ ਹੋਵੇਗੀ ਕਿ ਅਸੀਂ ਜੋ ਕਰ ਰਹੇ ਹਾਂ ਉਹੀ ਠੀਕ ਹੈ। ਜੇ ਕੁਝ ਬੰਦੇ ਉਨ੍ਹਾਂ ਦਾ ਵਿਰੋਧ ਨਾ ਕਰਦੇ ਤਾਂ ਇਨ੍ਹਾਂ ਦੀ ਵਿਦਵਾਨਾਂ ਵਜੋਂ ਬੱਲੇ ਬੱਲੇ ਹੋ ਜਾਂਦੀ, ਤਦ ਵੀ ਇਨ੍ਹਾਂ ਦਾ ਟੀਚਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨੂੰ ਗਲਤ ਸਾਬਤ ਕਰਨਾ ਹੀ ਸੀ, ਪਰ ਵਿਰੋਧ ਹੋਣ ਕਾਰਨ ਅੱਜ ਸਿਧਾਂਤ ਤੇ ਚੋਟ ਨਹੀਂ ਹੋ ਪਾ ਰਹੀ, ਹਾਂ ਗੁਰੂ ਗ੍ਰੰਥ ਸਾਹਿਬ ਦੇ ਰਚੈਤਿਆਂ ਨੂੰ ਹੀ ਭੁੱਲਣਹਾਰ ਸਾਬਤ ਕਰ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਪਰਮਾਣੀਕ ਸਾਬਤ ਕਰ ਕੇ ਰੱਦ ਕਰਨ ਦੀ ਕੋਸ਼ਿਸ਼ ਹੋ ਰਹੀ ਹੈ।                        (ਚਲਦਾ)
ਅਮਰ ਜੀਤ ਸਿੰਘ ਚੰਦੀ

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.