ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ (ਭਾਗ 4)
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ (ਭਾਗ 4)
Page Visitors: 2465

ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ 
                         (ਭਾਗ 4)              
                                 ਘਘਾ ਘਟਿ ਘਟਿ ਨਿਮਸੈ ਸੋਈ ॥
                                 ਘਟ ਫੂਟੇ ਘਟਿ ਕਬਹਿ ਨ ਹੋਈ ॥
                                 ਤਾ ਘਟ ਮਾਹਿ ਘਾਟ ਜਉ ਪਾਵਾ ॥
                                 ਸੋ ਘਟੁ ਛਾਡਿ ਅਵਘਟ ਕਤ ਧਾਵਾ
॥10॥
     ਹਰੇਕ ਸਰੀਰ ਵਿਚ ਉਹ ਕਰਤਾਰ ਆਪ ਹੀ ਵਿਆਪਕ ਰੂਪ ਵਿਚ ਵਸਦਾ ਹੈ, ਸਰੀਰ ਰੂਪੀ ਘੜੇ ਦੇ ਭੱਜਣ ਨਾਲ, ਸਰੀਰ ਦੇ ਖਤਮ ਹੋ ਜਾਣ ਨਾਲ ਪਰਮਾਤਮਾ ਦੀ ਹੋਂਦ ਨੂੰ ਕੋਈ ਘਾਟ ਨਹੀਂ ਆਉਂਦੀ, ਕੋਈ ਫਰਕ ਨਹੀਂ ਪੈਂਦਾ।
    ਜਦੌਂ ਕੋਈ ਬੰਦਾ ਇਸ ਸਰੀਰ ਵਿਚ ਹੀ ਪਰਮਾਤਮਾ ਦੇ ਮਿਲਾਪ ਦਾ ਰਸਤਾ ਲੱਭ ਲੈਂਦਾ ਹੈ, ਤਾਂ ਸੰਸਾਰ ਸਮੁੰਦਰ ਵਾਲੇ ਇਸ ਪੱਤਣ ਨੂੰ ਛੱਡ ਕੇ ਉਹ ਔਝੜੇ ਰਾਹਾਂ ਤੇ ਨਹੀਂ ਭਟਕਦਾ।            

                                 ਙੰਙਾ ਨਿਗ੍ਰਹਿ ਸਨੇਹੁ ਕਰਿ ਨਿਰਵਾਰੋ ਸੰਦੇਹ ॥
                                 ਨਾਹੀ ਦੇਖਿ ਨ ਭਾਜੀਐ ਪਰਮ ਸਿਆਨਪ ਏਹ
॥11॥
    ਹੇ ਭਾਈ ਅਪਣੇ ਕਰਮ-ਇੰਦਰਿਆਂ ਨੂੰ ਭਟਕਣਾ ਵਲੋਂ ਰੋਕ, ਪ੍ਰਭੂ ਨਾਲ ਪਿਆਰ ਪਾ ਕੇ ਸਿਦਕ-ਹੀਣਤਾ ਖਤਮ ਕਰ, ਸਿਦਕ ਵਿਚ ਆ। ਸਿਰਫ ਇਹ ਸੋਚ ਕੇ ਹੀ ਕਿ ਇਹ ਕੰਮ ਔਖਾ ਹੈ, ਅਸੰਭਵ ਹੈ, ਹੋ ਹੀ ਨਹੀਂ ਸਕਦਾ, ਉਦਾਸ ਨਹੀਂ ਹੋਣਾ ਚਾਹੀਦਾ, ਦਿਲ ਨਹੀਂ ਛੱਡਣਾ ਚਾਹੀਦਾ, ਸਭ ਤੋਂ ਵੱਡੀ ਅਕਲ ਦੀ ਗੱਲ ਇਹੀ ਹੈ। 

                                 ਚਚਾ ਰਚਿਤ ਚਿਤ੍ਰ ਹੈ ਭਾਰੀ ॥
                                 ਤਜਿ ਚਿਤ੍ਰੈ ਚੇਤਹੁ ਚਿਤਕਾਰੀ ॥
                                 ਚਿਤ੍ਰ ਬਚਿਤ੍ਰ ਇਹੈ ਅਵਝੇਰਾ ॥
                                 ਤਜਿ ਚਿਤ੍ਰੈ ਚਿਤੁ ਰਾਖਿ ਚਿਤੇਰਾ
॥12॥
   ਕਰਤਾ-ਪੁਰਖ ਦਾ ਬਣਾਇਆ ਹੋਇਆ ਇਹ ਸੰਸਾਰ, ਮਾਨੋ ਬੜਾ ਵੱਡਾ ਚਿਤ੍ਰ ਹੈ, ਤਸਵੀਰ ਹੈ, ਇਸ ਚਿਤ੍ਰ, ਇਸ ਸੰਸਾਰ ਨਾਲ ਮਨ ਜੋੜਨ ਦੀ ਥਾਂ, ਮਨ ਨੂੰ ਚਿਤ੍ਰਕਾਰ ਨਾਲ, ਤਸਵੀਰ ਬਨਾਉਣ ਵਾਲੇ ਨਾਲ, ਸੰਸਾਰ ਪੈਦਾ ਕਰਨ ਵਾਲੇ ਨਾਲ ਜੋੜ।
ਅਸਲ ਝਮੇਲਾ, ਝਗੜਾ ਇਹ ਹੈ ਕਿ ਚਿਤ੍ਰ, ਸੰਸਾਰ, ਬੜਾ ਵੱਿਚਤ੍ਰ ਹੈ, ਤਰ੍ਹਾਂ-ਤਰ੍ਹਾਂ ਨਾਲ ਮਨ ਨੂੰ ਮੋਹ ਲੈਣ ਵਾਲਾ ਹੈ।
  ਹੇ ਭਾਈ ਇਸ ਤੋਂ ਬਚਣ ਦਾ ਇਹੀ ਰਾਹ ਹੈ ਕਿ ਸੰਸਾਰ ਦੀ ਚਕਾ-ਚੌਂਧ ਵਲੋਂ ਧਿਆਨ ਹਟਾ ਕੇ, ਇਸ ਸੰਸਾਰ ਨੂੰ ਬਨਾਉਣ ਵਾਲੇ ਦੀ ਵਡਿਆਈ ਵਿਚ ਆਪਣਾ ਮਨ ਜੋੜ।
              ਅਮਰ ਜੀਤ ਸਿੰਘ ਚੰਦੀ           (ਚਲਦਾ)
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.