ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ (ਭਾਗ 27)
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ (ਭਾਗ 27)
Page Visitors: 2519

ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ 
   (ਭਾਗ 27)

   ਆਪਾਂ ਨੂੰ ਵਿਚਾਰ ਤੋਂ ਸਪੱਸ਼ਟ ਹੋਇਆ ਹੈ ਕਿ ਜੀਵ ਹਰ ਕੰਮ ਦੂਸਰੇ ਕੋਲੋਂ ਸਿੱਖਦਾ ਹੈ, ਅਤੇ ਸਿਖਾਉਣ ਵਾਲੇ ਨੂੰ ਗੁਰੂ ਕਿਹਾ ਜਾਂਦਾ ਹੈ। ਇਨ੍ਹਾਂ ਕੰਮਾਂ ਵਿਚ ਚੰਗੇ ਵੀ ਹੁੰਦੇ ਹਨ ਅਤੇ ਮਾੜੇ ਵੀ ਹੁੰਦੇ ਹਨ, ਉਹ ਕੰਮ ਵੀ ਹੁੰਦੇ ਹਨ, ਜਿਨ੍ਹਾਂ ਰਾਹੀਂ ਦੁਨੀਆ ਦਾ ਭਲਾ ਕੀਤਾ ਜਾਂਦਾ ਹੈ, ਅਤੇ ਉਹ ਵੀ ਹੁੰਦੇ ਹਨ, ਜਿਨ੍ਹਾਂ ਰਾਹੀਂ ਦੁਨੀਆ ਦਾ ਬੁਰਾ ਕੀਤਾ ਜਾਂਦਾ ਹੈ। ਚੰਗੇ ਕੰਮ ਸਿਖਾਉਣ ਵਾਲੇ ਨੂੰ ਚੰਗਾ ਗੁਰੂ ਕਿਹਾ ਜਾਂਦਾ ਹੈ ਅਤੇ ਮਾੜੇ ਕੰਮ ਸਿਖਾਉਣ ਵਾਲੇ ਨੂੰ ਮਾੜਾ ਗੁਰੂ ਕਿਹਾ ਜਾਂਦਾ ਹੈ। ਇਹ ਕੰਮ ਸਿੱਖਣ ਵਾਲੇ ਨੂੰ ਚੇਲਾ ਕਿਹਾ ਜਾਂਦਾ ਹੈ, ਦੁਨੀਆ ਦੀਆਂ ਅਲੱਗ-ਅਲੱਗ ਬੋਲੀਆਂ ਵਿਚ ਇਨ੍ਹਾਂ ਲਈ ਅਲੱਗ- ਅਲੱਗ ਅੱਖਰ ਹਨ। ਇਹ ਸਾਰੇ ਕੰਮ ਦੁਨਿਆਵੀ ਕੰਮ ਹੁੰਦੇ ਹਨ।
  ਇਨ੍ਹਾਂ ਤੋਂ ਹੱਟ ਕੇ, ਇਨ੍ਹਾਂ ਤੋਂ ਅਲੱਗ, ਕੁਝ ਕੰਮ ਹੁੰਦੇ ਹਨ, ਜਿਨ੍ਹਾਂ ਨੂੰ ਆਤਮਕ ਕੰਮ ਕਿਹਾ ਜਾਂਦਾ ਹੈ। ਇਨ੍ਹਾਂ ਕੰਮਾਂ ਨੂੰ ਵੀ ਬੰਦਾ ਗੁਰੂ ਤੋਂ ਹੀ ਸਿਖਦਾ ਹੈ। ਇਨ੍ਹਾਂ ਗੁਰੂਆਂ ਨੂੰ ਵੀ ਦੋ ਭਾਗਾਂ ਵਿਚ ਵੰਡਿਆ ਜਾ ਸਕਦਾ ਹੈ। ਇਕ ਉਹ ਗੁਰੂ, ਜਿਨ੍ਹਾਂ ਨੂੰ ਆਪ ਆਤਮਕ ਗਿਆਨ ਹੁੰਦਾ ਹੈ। ਦੂਸਰੇ ਉਹ, ਜਿਨ੍ਹਾਂ ਨੂੰ ਆਪ ਤਾਂ ਆਤਮਕ ਗਿਆਨ ਹੁੰਦਾ ਨਹੀਂ, ਪਰ ਉਹ ਭੋਲੇ-ਭਾਲੇ ਲੋਕਾਂ ਨੂੰ ਲੁੱਟਣ ਲਈ, ਆਤਮਕ ਗਿਆਨੀ ਹੋਣ ਦਾ ਵੱਧ ਵਿਖਾਵਾ ਕਰਦੇ ਹਨ। ਕਿਉਂਕਿ ਇਸ ਗੱਲ ਦੀ ਕੋਈ ਦੁਨਿਆਵੀ ਕਸਵੱਟੀ ਨਹੀਂ ਹੈ, ਜਿਸ ਨਾਲ ਇਹ ਨਿਰਣਾ ਕੀਤਾ ਜਾ ਸਕੇ ਕਿ ਇਹ ਗੁਰੂ ਵਾਕਿਆ ਹੀ ਆਤਮਕ ਗਿਆਨੀ ਹੈ ? ਜਾਂ ਨਹੀਂ। ਇਸ ਲਈ ਹਰ ਯੁਗ ਵਿਚ ਇਨ੍ਹਾਂ ਦੀ ਭਰਮਾਰ ਰਹੀ ਹੈ। ਗੁਰਬਾਣੀ ਆਤਮਕ ਗਿਆਨੀ ਗੁਰੂਆਂ ਨੂੰ ਸੱਚੇ ਗੁਰੂ ਅਤੇ ਭੇਖੀਆਂ ਨੂੰ ਪਖੰਡੀ ਗੁਰੂ ਕਹਿੰਦੀ ਹੈ।        
 ਗੁਰਬਾਣੀ, ਸਿੱਖਣ ਵਾਲੇ ਨੂੰ ‘ਸਿੱਖ’ ਕਹਿੰਦੀ ਹੈ।
 ਹੁਣ ਆਪਾਂ ਗੁਰਬਾਣੀ ਆਧਾਰ ਤੇ ਇਹ ਵਿਚਾਰ ਕਰਦੇ ਹਾਂ ਕਿ ਮਨ, ਭੇਖੀਆਂ ਕੋਲੋਂ ਸਿਖਿਆ ਲੈ ਕੇ, ਕਿਹੜੇ ਅੱਖਰ ਲਿਖਦਾ ਹੈ? ਅਤੇ ਸੱਚੇ ਗੁਰੂ ਦੀ ਸਿਖਿਆ ਆਸਰੇ ਕਿਹੜੇ ਅੱਖਰ ਲਿਖਦਾ ਹੈ ? ਅਤੇ ਉਨ੍ਹਾਂ ਅੱਖਰਾਂ ਦਾ ਬੰਦੇ ਦੇ ਆਤਮਕ ਜੀਵਨ ਤੇ ਕੀ ਅਸਰ ਪੈਂਦਾ ਹੈ?
ਆਤਮਕ ਗਿਆਨ ਦੀ ਸਿਖਿਆ ਲੈਣ ਲਈ ਗੁਰੂ ਸਾਹਿਬ ਨੇ ‘ਸਤਸੰਗਤਿ’ ਦੀ ਗੱਲ ਕੀਤੀ ਹੈ।
   ਸਤਸੰਗਤਿ ਦਾ ਖੁਲਾਸਾ ਕਰਦਿਆਂ ਗੁਰੂ ਸਾਹਿਬ ਨੇ ਸੇਧ ਦਿੱਤੀ ਹੈ       
          ਸਤਸੰਗਤਿ ਕੈਸੀ ਜਾਣੀਐ ॥ ਜਿਥੈ ਏਕੋ ਨਾਮੁ ਵਖਾਣੀਐ ॥
          ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ
॥੫॥   (72)
     ਆਤਮਕ ਗਿਆਨ ਲੈਣ ਲਈ ਕੈਸੀ ਸੰਗਤ ਹੋਣੀ ਚਾਹੀਦੀ ਹੈ ? ਆਤਮਕ ਗਿਆਨ ਲੈਣ ਲਈ ਅਜਿਹੀ ਸੰਗਤ ਹੋਣੀ ਚਾਹੀਦੀ ਹੈ, ਜਿਸ ਵਿਚ, ਸਿਰਫ ਨਾਮ ਦੀ ਹੀ ਵਿਚਾਰ ਹੁੰਦੀ ਹੋਵੇ। ਗੁਰੂ ਸਾਹਿਬ, ਸਿੱਖਾਂ ਨੂੰ, ਭੇਖੀ ਗੁਰੂਆਂ ਤੋਂ ਬਚਾਉਣ ਲਈ,  ਇਹ ਵੀ ਸਪੱਸ਼ਟ ਕਰਦੇ ਹਨ ਕਿ ਨਾਮ ਕੀ ਚੀਜ਼ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਮੈਨੂੰ ਸੱਚੇ ਗੁਰੂ ਨੇ ਚੰਗੀ ਤਰ੍ਹਾਂ ਸਮਝਾਅ ਦਿੱਤਾ ਹੈ ਕਿ ਪਰਮਾਤਮਾ ਦਾ ਇਕੋ-ਇਕ ਨਾਮ, ਉਸ ਦਾ ਹੁਕਮ ਹੀ ਹੈ। ਯਾਨੀ ਸਤਸੰਗਤਿ ਵਿਚ ਜੁੜ ਕੇ ਕਰਤਾਰ ਦੇ ਨਾਮ, ਉਸ ਦੇ ਹੁਕਮ, ਉਸ ਦੀ ਰਜ਼ਾ, ਉਸ ਦੇ ਨਿਯਮ-ਕਾਨੂਨਾਂ ਬਾਰੇ ਹੀ ਵਿਚਾਰ ਕਰਨੀ ਚਾਹੀਦੀ ਹੈ, ਤਾਂ ਜੋ ਉਨ੍ਹਾਂ ਅਨੁਸਾਰ ਜੀਵਨ ਢਾਲ ਕੇ ਮਨੁੱਖਾ ਜੀਵਨ ਨੂੰ ਸਫਲ ਕੀਤਾ ਜਾ ਸਕੇ, ਮਨੁੱਖਾ ਜੂਨ ਵਿਚਲੀ ਖੇਡੀ ਜਾਣ ਵਾਲੀ ਬਾਜ਼ੀ ਨੂੰ ਜਿਤਿਆ ਜਾ ਸਕੇ।
ਗੁਰੂ ਸਾਹਿਬ ਇਸ ਕੰਮ ਲਈ ਪਹਿਲੀ ਗੱਲ ਇਹ ਸਮਝਾਉਂਦੇ ਹਨ, 
          ਅਉਧ ਘਟੈ ਦਿਨਸੁ ਰੈਨਾਰੇ ॥
          ਮਨ ਗੁਰ ਮਿਲਿ ਕਾਜ ਸਵਾਰੇ
॥੧॥ ਰਹਾਉ ॥  (205)
     ਹੇ ਬੰਦੇ, ਪਰਮਾਤਮਾ ਵਲੋਂ ਬਖਸ਼ੀ ਤੇਰੀ ਉਮਰ, ਦਿਨ-ਰਾਤ (ਪਲ-ਪਲ) ਕਰ ਕੇ ਬੀਤਦੀ ਜਾ ਰਹੀ ਹੈ, ਤੂੰ ਸੱਚੇ ਗੁਰੂ ਨੂੰ ਮਿਲ ਕੇ ਆਪਣੇ ਜੀਵਨ ਦਾ ਕੰਮ ਸਵਾਰ ਲੈ।
   ਜੀਵਨ ਦਾ ਕੰਮ ਆਪਾਂ ਉੱਪਰ ਵਿਚਾਰ ਆਏ ਹਾਂ,
          ਭਜਹੁ ਗੋੁਬਿੰਦ ਭੁਲਿ ਮਤ ਜਾਹੁ ॥
          ਮਾਨਸ ਜਨਮ ਕਾ ਏਹੀ ਲਾਹੁ
॥1॥ਰਹਾਉ॥
     ਹੇ ਭਾਈ, ਗੋਬਿੰਦ ਨੂੰ ਸਿਮਰਨਾ, ਭੁਲਾ ਨਹੀਂ ਦੇਣਾ, ਕਿਉਂਕਿ ਪ੍ਰਭੂ ਨੂੰ ਸਿਮਰਨਾ ਹੀ ਮਨੁੱਖਾ ਜੀਵਨ ਦੀ ਕਮਾਈ ਹੈ।
  ਜੀਵਨ ਦਾ ਕਾਜ ਸਵਾਰਨ ਲਈ ਗੁਰੂ ਸਾਹਿਬ ਸੇਧ ਦਿੰਦੇ ਹਨ,
          ਗੁਰ ਕੀ ਮਤਿ ਤੂੰ ਲੇਹਿ ਇਆਨੇ ॥
          ਭਗਤਿ  ਬਿਨਾ ਬਹੁ ਡੂਬੇ ਸਿਆਨੇ
॥ (288)
     ਹੇ ਅਜਾਣ ਮਨੁੱਖ, ਤੂੰ ਗੁਰੂ ਤੋਂ ਮੱਤ ਲੈ ਕੇ, ਉਸ ਅਨੁਸਾਰ ਜੀਵਨ ਢਾਲ, ਇਸ ਕਰਮ ਤੋਂ ਸੱਖਣੇ, ਬਹੁ ਗਿਣਤੀ ਚਤੁਰ,  ਸਿਆਣੇ ਬੰਦੇ, ਵਿਕਾਰਾਂ ਵਿਚ ਹੀ ਗਰਕ ਹੋ ਗਏ ਹਨ। 
            ਇਹ ਵੀ ਸਮਝਾਉਂਦੇ ਹਨ,
          ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ ॥
          ਮਨ ਹੀ ਮਨ ਸਿਉ ਕਹੈ ਕਬੀਰਾ ਮਨ ਸਾ ਮਿਲਿਆ ਨ ਕੋਇ
॥32॥  (340)
    ਇਸ ਸੰਸਾਰ ਵਿਚ ਜਨਮ ਲੈਂਦਿਆਂ, ਜੀਵ ਦਾ ਵਾਹ ਮਨ ਨਾਲ ਪੈਂਦਾ ਹੈ, ਜਿਸ ਆਸਰੇ ਜੀਵ ਨੇ ਜਨਮ ਲੈਣ ਦਾ ਮਕਸਦ ਸਿੱਧ ਕਰਨਾ ਹੈ। ਇਹ ਮਕਸਦ ਤਦ ਹੀ ਸਿੱਧ ਹੁੰਦਾ ਹੈ, ਜੇ ਜੀਵ ਮਨ ਨੂੰ ਸਾਧ ਲਵੇ, ਉਸ ਨੂੰ ਭਟਕਣ ਤੋਂ ਰੋਕ ਲਵੇ। ਕਬੀਰ ਜੀ ਕਹਿੰਦੇ ਹਨ ਕਿ, ਮਨੁੱਖ ਦੇ ਜੀਵਨ ਦੀ ਖੇਡ ਦਾ ਅਸਲ ਮਕਸਦ, ਮਨ ਨਾਲ ਹੀ ਹੈ, ਕਿਉਂਕਿ ਉਸ ਨੂੰ ਇਹ ਕੰਮ ਕਰਨ ਵਾਲਾ ਹੋਰ ਕੋਈ ਨਹੀਂ ਮਿਲਦਾ। ਮਨ, ਜੀਵ ਨੂੰ ਜਨਮ-ਮਰਨ ਦੇ ਗੇੜ ‘ਚੋਂ ਕੱਢ ਵੀ ਸਕਦਾ ਹੈ ਅਤੇ ਮੁੜ ਜਨਮ-ਮਰਨ ਦੇ ਗੇੜ ਵਿਚ ਪਾ ਵੀ ਸਕਦਾ ਹੈ।
   ਗੁਰੂ ਸਾਹਿਬ, ਸਮਝਾਉਂਦੇ ਹਨ ਕਿ,     
          ਸੋ ਸੇਵਕੁ ਜੋ ਲਾਇਆ ਸੇਵ ॥ ਤਿਨ ਹੀ ਪਾਏ ਨਿਰੰਜਨ ਦੇਵ ॥
          ਗੁਰ ਮਿਲਿ ਤਾ ਕੇ ਖੁਲ੍ਹੇ ਕਪਾਟ ॥ ਬਹੁਰਿ ਨ ਆਵੈ ਜੋਨੀ ਬਾਟ
॥4॥
   ਜਿਸ ਬੰਦੇ ਨੂੰ ਕਰਤਾਰ ਆਪ ਹੀ, ਆਪਣੇ ਸਿਮਰਨ ਵਿਚ ਜੋੜਦਾ ਹੈ, ਉਹੀ ਉਸ ਦਾ ਭਗਤ ਬਣਦਾ ਹੈ, ਸਤਿਗੁਰੂ ਨੂੰ ਮਿਲ ਕੇ ਉਸ ਦੀ ਸਿਖਿਆ ਲੈਂਦਾ ਹੈ। ਉਸ ਬੰਦੇ ਦੇ ਮਨ ਦੇ ਕਿਵਾੜ ਖੁਲ੍ਹ ਜਾਂਦੇ ਹਨ, ਉਸ ਦਾ ਪ੍ਰਭੂ ਨਾਲ ਪਿਆਰ ਬਣ ਆਉਂਦਾ ਹੈ ਅਤੇ ਉਸ ਦੇ ਜੂਨਾਂ ਦੇ ਬੰਧਨ ਕੱਟੇ ਜਾਂਦੇ ਹਨ। ਇਸ ਤੋਂ ਅੱਗੇ ਉਸ ਲਈ ਗੁਰੂ ਸਾਹਿਬ ਜੀ ਦਾ ਇਹ ਸੰਦੇਸ਼ ਹੈ,   
           ਙੰਙਾ ਨਿਗ੍ਰਹਿ ਸਨੇਹੁ ਕਰਿ ਨਿਰਵਾਰੋ ਸੰਦੇਹ ॥
           ਨਾਹੀ ਦੇਖਿ ਨ ਭਾਜੀਐ ਪਰਮ ਸਿਆਨਪ ਏਹ
॥11॥
      ਹੇ ਭਾਈ ਅਪਣੇ ਕਰਮ-ਇੰਦਰਿਆਂ ਨੂੰ ਭਟਕਣਾ ਵਲੋਂ ਰੋਕ, ਪ੍ਰਭੂ ਨਾਲ ਪਿਆਰ ਪਾ ਕੇ ਸਿਦਕ-ਹੀਣਤਾ ਖਤਮ ਕਰ, ਸਿਦਕ ਵਿਚ ਆ। ਸਿਰਫ ਇਹ ਸੋਚ ਕੇ ਹੀ ਕਿ ਇਹ ਕੰਮ ਔਖਾ ਹੈ, ਅਸੰਭਵ ਹੈ, ਹੋ ਹੀ ਨਹੀਂ ਸਕਦਾ, ਉਦਾਸ ਨਹੀਂ ਹੋਣਾ ਚਾਹੀਦਾ, ਦਿਲ ਨਹੀਂ ਛੱਡਣਾ ਚਾਹੀਦਾ, ਸਭ ਤੋਂ ਵੱਡੀ ਅਕਲ ਦੀ ਗੱਲ ਇਹੀ ਹੈ।     ਇਸ ਤੋਂ ਅੱਗੇ ਗੁਰੂ ਦਾ ਉਪਦੇਸ਼ ਹੈ. 
           ਸਸਾ ਸੋ ਨੀਕਾ ਕਰਿ ਸੋਧਹੁ ॥
           ਘਟ ਪਰਚਾ ਕੀ ਬਾਤ ਨਿਰੋਧਹੁ ॥
           ਘਟ ਪਰਚੈ ਜਉ ਉਪਜੈ ਭਾਉ
           ਪੂਰਿ ਰਹਿਆ ਤਹ ਤ੍ਰਿਭਵਣ ਰਾਉ
॥39॥
    ਉਸ ਅਕਾਲ-ਪੁਰਖ ਦੀ ਚੰਗੀ ਤਰ੍ਹਾਂ ਸੰਭਾਲ ਕਰੋ, ਮਨ ਨੂੰ ਇਸ ਤਰ੍ਹਾਂ ਉਸ ਪ੍ਰਭੂ ਵਿਚ ਜੋੜੋ, ਜੋ ਮਨ, ਆਪਣੇ ਉਸ ਮੂਲ ਵਿਚ ਹੀ ਪਰਚ ਜਾਵੇ, ਰੁੱਝ ਜਾਵੇ।  ਜਦੋਂ ਉਸ ਪ੍ਰਭੂ ਨਾਲ ਪਰਚੇ ਮਨ ਵਿਚ ਪਰਤਾਮਤਮਾ ਲਈ ਚਾਹ, ਪਿਆਰ ਪੈਦਾ ਹੋ ਜਾਂਦਾ ਹੈ, ਤਾਂ ਮਨ ਨੂੰ ਸੰਸਾਰ ਵਿਚ ਹਰ ਥਾਂ, ਉਹ ਕਰਾਤਰ ਹੀ ਜਜ਼ਰ ਆਉਂਦਾ ਹੈ, ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਇਹ ਸਾਰਾ ਸੰਸਾਰ ਪ੍ਰਭੂ ਦਾ ਹੀ ਆਪਣਾ ਰੂਪ ਹੈ, ਉਸ ਨੂੰ ੴ ਦੀ ਸਮਝ ਆ ਜਾਂਦੀ ਹੈ। 
           ਹੈ ਤਉ ਸਹੀ ਲਖੈ ਜਉ ਕੋਈ ॥
           ਤਬ ਓਹੀ ਉਹੁ ਏਹੁ ਨ ਹੋਈ
॥42॥
   ਗੁਰੂ ਜੀ ਸਮਝਾਉਂਦੇ ਹਨ ਕਿ,    ਜੇ ਕੋਈ ਮਨ ਇਹ ਸਮਝ ਕੇ, ਕਿ ਅਸਲੀਅਤ ਵਿਚ ਕਰਤਾਰ ਹੀ ਸਦੀਵੀ ਹੋਂਦ ਵਾਲਾ ਹੈ, ਉਸ ਨਾਲ ਜੁੜ ਜਾਵੇ ਤਾਂ ਫਿਰ ਉਹ ਜੀਵ ਉਸ ਕਰਤਾਰ ਦਾ ਰੂਪ ਹੀ ਹੋ ਜਾਂਦਾ ਹੈ, ਉਸ ਦਾ ਆਪਣਾ ਵੱਖਰਾ ਵਜੂਦ ਨਹੀਂ ਰਹਿ ਜਾਂਦਾ, ਹਉਂ-ਮੈਂ ਦੀ ਗੱਲ ਹੀ ਖਤਮ ਹੋ ਜਾਂਦੀ ਹੈ। 
           ਅਬ ਜਗੁ ਜਾਨਿ ਜਉ ਮਨਾ ਰਹੈ ॥
           ਜਹ ਕਾ ਬਿਛੁਰਾ ਤਹ ਥਿਰੁ ਲਹੈ
॥44॥ 
     ਮਨੁੱਖਾ ਜਨਮ ਵਿਚ ਸੰਸਾਰ ਦੀ ਅਸਲੀਅਤ ਸਮਝ ਕੇ ਜੇ ਮਨ ਪ੍ਰਭੂ ਵਿਚ ਟਿਕ ਜਾਵੇ, ਤਾਂ ਉਹ ਆਪਣੇ ਮੂਲ ਨਾਲ ਇਕ-ਮਿਕ ਹੋ ਕੇ ਇਹ ਜੀਵਨ-ਖੇਡ ਜਿੱਤ ਸਕਦਾ ਹੈ।   
           ਲਖਿਮੀ ਬਰ ਸਿਉ ਜਉ ਲਿਉ ਲਾਵੈ ॥                        
           ਸੋਗੁ ਮਿਟੈ ਸਭ ਹੀ ਸੁਖ ਪਾਵੈ
॥43॥
   ਜੋ ਬੰਦਾ ਮਾਇਆ ਨੂੰ ਅਣਗੌਲਿਆ ਕਰ ਕੇ (ਤਿਆਗ ਕੇ ਨਹੀਂ, ਇਸ ਵਿਚ ਹੀ ਵਿਚਰਦਿਆਂ) ਮਾਇਆ ਦੇ ਪਤੀ-ਖਸਮ ਨਿਰੰਕਾਰ ਨਾਲ ਲਿਵ ਜੋੜਦਾ ਹੈ, ਪਿਆਰ ਪਾਉਂਦਾ ਹੈ, ਉਸ ਦਾ ਸਾਰਾ ਫਿਕਰ ਖਤਮ ਹੋ ਜਾਂਦਾ ਹੈ, ਅਤੇ ਉਹ ਸਾਰੇ ਸੁਖ ਪ੍ਰਾਪਤ ਕਰ ਲੈਂਦਾ ਹੈ।
           ਲਲਾ ਐਸੇ ਲਿਵ ਮਨੁ ਲਾਵੈ ॥
           ਅਨਤ ਨ ਜਾਇ ਪਰਮ ਸਚੁ ਪਾਵੈ ॥
           ਅਰੁ ਜਉ ਤਹਾ ਪ੍ਰੇਮ ਲਿਵ ਲਾਵੈ
           ਤਉ ਅਲਹ ਲਹੈ ਲਹਿ ਚਰਨ ਸਮਾਵੈ
॥੩੬॥
       ਜੇ ਕੋਈ ਬੰਦਾ ਆਪਣੇ ਮਨ ਨੂੰ ਇਸ ਢੰਗ ਨਾਲ ਸਮਝਾਅ ਲਵੇ ਕਿ ਮਨ ਦੀ ਲਗਨ ਪ੍ਰਭੂ ਦੀ ਯਾਦ ਨਾਲ ਜੁੜ ਜਾਵੇ, ਹੋਰ ਪਾਸਿਆਂ ਵੱਲੇ ਨਾ ਭਟਕੇ, ਤਾਂ ਉਸ ਨੂੰ ਸਭ ਤੋਂ ਉੱਚਾ ਅਤੇ ਹਮੇਸ਼ਾ ਕਾਇਮ ਰਹਣ ਵਾਲਾ ਹਰੀ ਮਿਲ ਜਾਂਦਾ ਹੈ। ਜੇ ਇਹ ਜੁੜਾਉ ਪ੍ਰੇਮ ਦਾ ਰੂਪ ਧਾਰਨ ਕਰ ਲਵੇ, ਤਾਂ ਮਨ ਅਲੱਭ ਪ੍ਰਭੂ ਨੂੰ ਲੱਭ ਕੇ, ਸਦਾ ਲਈ ਉਸ ਵਿਚ ਹੀ ਸਮਾ ਜਾਂਦਾ ਹੈ। ਉਸ ਦੀ ਆਪਣੀ ਹਉਂ-ਮੈਂ ਵਾਲੀ ਅਲੱਗ ਪਛਾਣ ਖਤਮ ਹੋ ਜਾਂਦੀ ਹੈ, ਜਨਮ-ਮਰਨ ਦਾ ਗੇੜ ਮੁੱਕ ਜਾਂਦਾ ਹੈ।
    ਆਪਾਂ ਵੇਖਿਆ ਹੈ ਕਿ ਅਸਲੀ ਗੱਲ, ਮਨ ਦੀ ਪ੍ਰਭੂ ਨਾਲ ਪਿਆਰ ਪਾਉਣ ਦੀ ਹੈ, ਜੇ ਜੀਵ ਕਰਤਾਰ ਦੀ ਕਿਰਤ ਨਾਲ ਪਿਆਰ ਪਾਉਂਦਾ ਹੈ ਤਾਂ ਉਹ ਜੀਵਨ ਦੀ ਬਾਜ਼ੀ ਹਾਰ ਜਾਂਦਾ ਹੈ, ਜੇ ਮਨ ਕਰਤਾਰ ਨਾਲ ਪਿਆਰ ਪਾਉਂਦਾ ਹੈ ਤਾਂ ਉਹ ਜੀਵਨ ਦੀ ਖੇਡ ਜਿੱਤ ਕੇ ਪ੍ਰਭੂ ਵਿਚ ਹੀ ਲੀਨ ਹੋ ਜਾਂਦਾ ਹੈ, ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ।
   ਅਮਰ ਜੀਤ ਸਿੰਘ ਚੰਦੀ           (ਚਲਦਾ)          
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.