ਗੁਰਬਾਣੀ ਨੂੰ ਸਮਝਣ ਦੀ ਲੋੜ ਹੈ ਤਰਕ-ਵਿਤਰਕ ਦੀ ਨਹੀਂ !
ਅੱਜ-ਕਲ ਸਿੱਖ ਵਿਦਵਾਨ ਏਨੇ ਸਿਆਣੇ ਹੋ ਗਏ ਹਨ ਕਿ ਗੁਰਮਤਿ ਦੀ ਵਿਆਖਿਆ ਕਰਨ ਲਈ ਵੀ ਉਨ੍ਹਾਂ ਨੂੰ ਗੁਰਬਾਣੀ ਪੜ੍ਹਨ ਦੀ ਲੋੜ ਨਹੀਂ ਪੈਂਦੀ । ਤਕਰੀਬਨ ਵੀਹਾਂ ਕੁ ਸਾਲਾਂ ਤੋਂ ਵਿਦਵਾਨਾਂ ਨੇ ਇਕ ਨਵਾਂ ਹੀ ਸ਼ੋਸ਼ਾ ਛੱਡਿਆ ਹੋਇਆ ਹੈ ਕਿ ਗੁਰਮਤਿ ਅਨੁਸਾਰ ਮਰਨ ਮਗਰੋਂ ਦੁਬਾਰਾ ਕੋਈ ਜਨਮ ਨਹੀਂ ਹੁੰਦਾ, ਨਾ ਹੀ ਕੋਈ ਲੇਖਾ ਦੇਣਾ ਪੈਂਦਾ ਹੈ। ਪਿਛਲੇ 20-22 ਸਾਲਾਂ ਵਿਚ ਇਸ ਵਿਚਾਰ ਦੇ ਵਿਦਵਾਨਾਂ ਦੀ ਗਿਣਤੀ , ਸਿੱਖ ਵਿਦਵਾਨਾਂ ਵਿਚ 90% ਤੋਂ ਵੱਧ ਹੋ ਚੁੱਕੀ ਹੈ, ਪਰ ਮਜ਼ੇ ਦੀ ਗੱਲ ਇਹ ਹੈ ਕਿ ਇਸ ਦੌਰਾਨ ਇਨ੍ਹਾਂ ਵਿਦਵਾਨਾਂ ਵਿਚੋਂ ਕਿਸੇ ਇਕ ਨੇ ਵੀ ਇਸ ਨੂੰ ਸਾਬਤ ਕਰਨ ਲਈ ਗੁਰਬਾਣੀ ਵਿਚਲੇ ਕਿਸੇ ਪੂਰੇ ਇਕ ਸ਼ਬਦ ਦੀ ਵੀ ਵਿਆਖਿਆ ਪੇਸ਼ ਨਹੀਂ ਕੀਤੀ। ਬੱਸ ਕਿਤਿਉਂ ਇਕ-ਅੱਧੀ ਤੁਕ ਲੈ ਕੇ, ਉਸ ਦੁਆਲੇ ਆਪਣੀ ਮਨ-ਮਤ ਦਾ ਜਾਲ ਬੁਣ ਕੇ ਪਰਚਾਰ ਕੀਤਾ ਜਾਂਦਾ ਹੈ। ਵਿਚ-ਵਿਚ ਗੱਲਾਂ ਚੱਲਣ ਤੋਂ ਇਲਾਵਾ, ਇਸ ਬਾਰੇ ਸਮਝਣ ਦਾ ਕੋਈ ਠੋਸ ਉਪਰਾਲਾ ਨਹੀਂ ਕੀਤਾ ਗਿਆ ।
21-7-2014 ਨੂੰ ਤੱਤ ਗੁਰਮਤਿ ਵਾਲਿਆਂ ਨੇ ਇਸ ਬਾਰੇ ਵਿਚਾਰ ਸਾਂਝ ਕਰਨ ਦਾ ਮਨ ਬਣਾਇਆ ਸੀ, ਪਰ ਉਨ੍ਹਾਂ ਵਲੋਂ ਸੁਝਾਇਆ ਢੰਗ ਵੀ ਬ੍ਰਾਹਮਣਾਂ ਵਲੋਂ ਵੇਦਾਂ ਬਾਰੇ ਕੀਤੇ ਜਾਂਦੇ ਤਰਕ-ਵਿਤਰਕ ਦਾ ਹੀ ਨਵਾਂ ਸੰਸਕਰਣ ਸੀ। ਜਿਸ ਤੇ ਮੈਂ ਉਨ੍ਹਾਂ ਨੂੰ ਲਿਖਿਆ ਸੀ ਕਿ ਗੁਰਬਾਣੀ, ਵਿਚਾਰ ਦਾ ਵਿਸ਼ਾ ਹੈ, ਤਰਕ-ਵਿਤਰਕ ਦਾ ਨਹੀਂ । 50-60-100 ਬੰਦੇ ਇਕੱਠੇ ਹੋ ਕੇ ਤਰਕ-ਵਿਤਰਕ ਤਾਂ ਕਰ ਸਕਦੇ ਹਨ, ਵਿਚਾਰ ਨਹੀਂ । ਗੁਰਬਾਣੀ ਨੂੰ ਵਿਚਾਰਨ ਲਈ ਇਕਾਂਤ ਅਤੇ ਸ਼ਾਂਤੀ ਦੀ ਲੋੜ ਹੁੰਦੀ ਹੈ, ਸਪੀਕਰਾਂ ਅਤੇ ਵੀਡੀਉ ਕੈਮਰਿਆਂ ਦੀ ਨਹੀਂ । ਜੇ ਵਿਚਾਰ ਕਰਨੀ ਹੈ ਤਾਂ ਲਿਖਤੀ ਰੂਪ ਵਿਚ ਗੁਰਬਾਣੀ ਦਾ ਵਿਸਲੇਸ਼ਨ ਵੈਬਸਾਈਟਾਂ ਤੇ ਪਾਇਆ ਜਾ ਸਕਦਾ ਹੈ, ਜਿਸ ਤੋਂ ਲਾਹਾ ਲੈਂਦੇ ਹਜ਼ਾਰਾਂ ਪਾਠਕ ਨਿਰਣਾ ਕਰ ਸਕਦੇ ਹਨ ਕਿ ਠੀਕ ਕੀ ਹੈ ?
ਪਰ ਕਿਸੇ ਵਲੋਂ ਵੀ ਹੁੰਗਾਰਾ ਨਾ ਮਿਲਣ ਤੇ ਮੈਂ ਇਸ ਬਾਰੇ 3-9-2014 ਨੂੰ ਇਕ ਲੇਖ ਲੜੀ “ ਗੁਰਮਤਿ ਵਿਚ ਆਵਾ-ਗਵਣ ਦਾ ਸੰਕਲਪ ” ਦੇ ਸਿਰਲੇਖ ਹੇਠ ਸ਼ੁਰੂ ਕਰ ਦਿੱਤੀ, ਜੋ ਅੱਜ ਤਕ ਨਿਰਵਿਘਨ ਚਲ ਰਹੀ ਹੈ। ਪਿਛਲੇ ਅੱਠ ਮਹੀਨੇ ਕਰੀਬ ਵਿਚ ਇਸ ਬਾਰੇ ਕਿਸੇ ਦਾ ਕੋਈ ਲੇਖ, ਕਿਸੇ ਵੀ ਵੈਬਸਾਈਟ ਤੇ ਨਹੀਂ ਆਇਆ। ਗੱਲ ਤਦ ਭਖੀ ਜਦ ਸੰਗਤਾਂ ਨੇ ਇਹ ਜਾਣਿਆ ਕਿ ਗੁਰਬਾਣੀ ਤਾਂ ਕਿਤੇ ਵੀ ਆਵਾ-ਗਵਣ ਨੂੰ ਰੱਦ ਨਹੀਂ ਕਰਦੀ ਸਵਾਂ ਇਸ ਦੀ ਪ੍ਰੋੜ੍ਹਤਾ ਕਰਦੀ ਹੈ ਤਾਂ ਉਨ੍ਹਾਂ ਇਕ ਵਿਦਵਾਨ ਵੀਰ (ਕਹੇ ਜਾਂਦੇ ਪ੍ਰੋਫੈਸਰ) ਸਰਬਜੀਤ ਸਿੰਘ ਧੂੰਦਾ ਨਾਲ ਇਸ ਬਾਰੇ ਵਿਚਾਰ-ਸਾਂਝ ਕਰਨ ਦਾ ਮਨ ਬਣਾ ਲਿਆ ਅਤੇ ਟਰਲਾਕ ਗੁਰਦਵਾਰੇ ਵਿਚ ਇਨ੍ਹਾਂ ਦੀ ਵਿਚਾਰ ਸਾਂਝ ਹੋ ਗਈ, ਜਿਸ ਵਿਚ ਸ, ਸਰਬਜੀਤ ਸਿੰਘ ਧੂੰਦਾ ਜੀ ਇਸ ਮਸਲ੍ਹੇ ਤੇ ਸਹੀ ਜਵਾਬ ਨਾ ਦੇ ਸਕੇ, ਅਤੇ ਗੁਰਦਵਾਰੇ ਦੀ ਸਟੇਜ ਛੱਡ ਕੇ ਚਲੇ ਗੲੈ।
ਸ. ਜਸਬੀਰ ਸਿੰਘ ਵਿਰਦੀ ਜੀ ਨੇ ਵੀ ਵੀਰ ਭੁਪਿੰਦਰ ਸਿੰਘ ਜੀ ਯੂ.ਕੇ. ਅਤੇ ਪ੍ਰਿੰ. ਗੁਰਬਚਨ ਸਿੰਘ ਜੀ ਪੰਨੂਆ ਦੀ ਵਿਆਖਿਆ ਬਾਰੇ ਕੁਝ ਸਵਾਲ ਉਠਾਏ । ਜੋ ਇਸ ਵਿਚਾਰ ਦੇ ਵੀਰਾਂ ਨੂੰ ਰਾਸ ਨਹੀਂ ਆਏ, ਤਾਂ ਉਹ ਮੈਦਾਨ ਵਿਚ ਨਿੱਤਰੇ ਹਨ । ਇਵੇਂ ਇਹ ਲੇਖ ਲਿਖਣ ਦਾ ਮੁੱਢ ਬੱਝਾ, ਆਉ ਵਿਚਾਰ ਕਰਦੇ ਹਾਂ ।
1. ਵੀਰ ਗੁਰਸੇਵਕ ਸਿੰਘ ਮਦਰੱਸਾ ਜੀ ਨੇ 4-5-2015 ਨੂੰ ਦਿੱਲੀ ਵਿਖੇ, ਸ. ਗੁਰਬਖਸ਼ ਸਿੰਘ ਜੀ ਦੀ ਧਰਮ-ਸੁਪਤਨੀ ਬੀਬੀ ਸੁਰਜੀਤ ਕੌਰ ਦੀ ਅੰਤਿਮ ਅਰਦਾਸ ਵਿਚ ਕਥਾ ਕਰਦਿਆਂ ਕਿਹਾ ਕਿ “ ਮਰਨ ਤੋਂ ਬਾਅਦ ਦੇ ਜੀਵਨ ਨੂੰ ਤਾਂ ਗੁਰਬਾਣੀ ਵੀ ਨਹੀਂ ਮੰਨਦੀ ” ਜੇ ਉਨ੍ਹਾਂ ਗੁਰਬਾਣੀ ਦਾ ਜ਼ਿਕਰ ਨਾ ਕੀਤਾ ਹੁੰਦਾ ਤਾਂ ਮੈਨੂੰ ਕੋਈ ਫਰਕ ਨਹੀਂ ਪੈਣਾ ਸੀ ਪਰ ਗੁਰਬਾਣੀ ਦੀ ਗੱਲ ਤਾਂ ਗੁਰਬਾਣੀ ਦੇ ਸ਼ਬਦ-ਵਿਚਾਰ ਰਾਹੀਂ ਹੀ ਸਿੱਧ ਹੋ ਸਕਦੀ ਹੈ, ਇਸ ਲਈ ਮੈਂ ਉਨ੍ਹਾਂ ਦੇ ਵਿਚਾਰ ਵਾਲੇ ਲੇਖ ਥੱਲੇ ਇਹ ਟਿੱਪਣੀ ਲਿਖੀ ਸੀ।
ਟਿੱਪਣੀ:- ਇਹ ਲੇਖ ‘ਖਾਲਸਾ ਨਿਊਜ਼’ ਵਿਚ ਛੱਪਿਆ ਹੈ, ਕਿਉਂਜੋ ਮੁੱਦਾ ਗੁਰਬਾਣੀ ਦੇ ਸਿਧਾਂਤ ਦਾ ਹੈ, ਇਸ ਲਈ ਆਪਣੀ ਸਾਈਟ ਤੇ ਛਾਪ ਕੇ ਲਿਖਿਆ, ਵੀਰ ਜੀ ਨੂੰ ਬੇਨਤੀ ਹੈ ਕਿ ਗੁਰਬਾਣੀ ਦੇ ਸਿਧਾਂਤ ਮਨਮੱਤ ਦੀਆਂ ਕਹਾਣੀਆਂ ਆਸਰੇ ਨਹੀਂ ਸਪੱਸ਼ਟ ਹੁੰਦੇ, ਇਨ੍ਹਾਂ ਨੂੰ ਸਪੱਸ਼ਟ ਕਰਨ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਦੀ ਵਿਆਖਿਆ ਕਰਨ ਦੀ ਲੋੜ ਹੁੰਦੀ ਹੈ। ਜੇ ਕਿਰਪਾ ਕਰ ਕੇ ਆਪਣਾ ਇਹ ਟਾਪਕ ‘ ਕਿ ਮਰਣ ਤੋਂ ਬਾਅਦ ਦੇ ਜੀਵਨ ਨੂੰ ਤਾਂ ਗੁਰਬਾਣੀ ਵੀ ਪ੍ਰਵਾਣ ਨਹੀਂ ਕਰਦੀ, ’ ਗੁਰਬਾਣੀ ਦੇ ਧਬਦਾਂ ਦੀ ਵਿਆਖਿਆ ਦੇ ਆਧਾਰ ਤੇ ਸਪੱਸ਼ਟ ਕਰ ਦੇਵੋਂ ਤਾਂ ਪਾਠਕਾਂ ਤੇ ਬੜਾ ਅਹਿਸਾਨ ਹੋਵੇਗਾ।
ਅਮਰ ਜੀਤ ਸਿੰਘ ਚੰਦੀ
ਦੇਖੋ ਉਹ ਇਸ ਬਾਰੇ ਕੀ ਲਿਖਦੇ ਹਨ?