ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਆਪਸੀ ਆਦਾਨ ਪਰਦਾਨ
ਆਪਸੀ ਆਦਾਨ ਪਰਦਾਨ
Page Visitors: 2840

ਆਪਸੀ ਆਦਾਨ ਪਰਦਾਨ
         ਆਪਸੀ ਆਦਾਨ ਪਰਦਾਨ, ਆਪਸੀ ਲੈਣ-ਦੇਣ ਦੁਨੀਆਂ ਵਿਚ ਚਲਦਾ ਹੀ ਆਇਆ ਹੈ ਅਤੇ ਚਲਦਾ ਹੀ ਰਹੇਗਾ। ਕਿਉਂਕਿ ਵੈਦਕ ਸੱਭਿਅਤਾ ਸਭ ਤੋਂ ਪੁਰਾਣੀ ਸਭਿਅਤਾ ਹੈ ਇਸ ਲਈ ਸੁਭਾਵਕ ਹੀ ਦੁਨੀਆਂ ਨੇ ਇਸ ਸਭਿਅਤਾ ਕੋਲੋਂ ਬਹੁਤ ਕੁਝ ਲਿਆ ਹੋਵੇਗਾ, ਜਿਵੇਂ ਜਰਮਨੀ ਨੇ ਆਪਣਾ ਰਾਸ਼ਟਰੀ ਚਿਨ੍ਹ ਸਵਾਸਤਕ ਇਸ ਕੋਲੋਂ ਹੀ ਲਿਆ ਹੈ।
   ਅਗਾਂਹ ਵਧਣ ਤੋਂ ਪਹਿਲਾਂ ਮੈਂ ਇਕ ਚੀਜ਼ ਸਾਫ ਕਰ ਦਿਆਂ ਕਿ ਅੱਜ ਮੇਰਾ ਮਨ ਪਤਾ ਨਹੀਂ ਕਿਉਂ ਨਰੋਲ ਸੱਚ ਬੋਲਣ ਨੂੰ ਕਰਦਾ ਪਿਆ ਹੈ ? ਕਿਉਂਕਿ ਮੈਂ ਸਾਰਾ ਕੁਝ ਮਹਾਂ ਭਾਰਤ ਦੇ ਆਧਾਰ ਤੇ ਲਿਖਾਂਗਾ ਇਸ ਲਈ ਮੈਂ ਮਹਾਂ ਭਾਰਤ ਵਿਚਲੀ ਗੀਤਾ ਤੇ ਕਲਮ ਰੱਖ ਕੇ ਕਹਿਨਾਂ ਕਿ ਮੈਂ ਜੋ ਕੁਝ ਵੀ ਲਿਖਾਂਗਾ ਸੱਚ ਲਿਖਾਂਗਾ, ਸੱਚ ਦੇ ਸਿਵਾ ਕੁਝ ਨਹੀਂ ਲਿਖਾਂਗਾ । ਇਹ ਵੀ ਇਸ ਕਰ ਕੇ ਲਿਖ ਰਿਹਾ ਹਾਂ ਕਿ ਮੇਰੇ ਸਾਮ੍ਹਣੇ ਪ੍ਰਸਿੱਧ ਵਿਦਵਾਨ ਗਿਆਨੀ ਨਰੈਣ ਸਿੰਘ ਜੀ ਦਾ ਲਿਖਿਆ “ਗਿਆਨ ਪ੍ਰਬੋਧ” ਸਟੀਕ ਪਿਆ ਹੈ, ਜਿਸ ਵਿਚ ਉਹ ਲਿਖਦੇ ਹਨ ਕਿ ਦਸ਼ਮੇਸ਼ ਪਿਤਾ ਜੀ ਨੇ ਇਹ ਪਵਿਤ੍ਰ ਬਾਣੀ ਰਚੀ ਹੈ। ਭਲਾ ਉਹ ਕਿਉਂ ਗਲਤ ਲਿਖਣਗੇ ? ਉਹ ਵੀ ਆਪਣੇ ਦਸ਼ਮੇਸ਼ ਪਿਤਾ ਬਾਰੇ। ਬਾਣੀ ਤਾਂ ਕਾਫੀ ਲੰਮੀ ਹੈ ਪਰ ਮੈਂ ਇਸ ਨੂੰ ਪੜ੍ਹਦਾ-ਪੜ੍ਹਦਾ “ਇਤਿ ਰਾਜਾ ਪ੍ਰੀਛਤ ਸਮਾਪਤੰ ਭਏ” ਤੋਂ ਅਗਾਂਹ ਵਧ ਕੇ “ਰਾਜਾ ਜਨਮੇਜਾ ਰਾਜ ਪਾਵਤ ਭਏ” ਤੇ ਅਪੜ ਚੁੱਕਾ ਹਾਂ, ਇਸ ਲਈ ਏਥੋਂ ਹੀ ਜੋ ਗਿਆਨ ਮੈਨੂੰ ਪ੍ਰਾਪਤ ਹੋ ਰਿਹਾ ਹੈ, ਉਹੀ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ, ਜੇ ਕੋਈ ਗਲਤੀ ਹੋ ਜਾਵੇ ਤਾਂ (ਗ੍ਰੰਥੀ ਲੋਕ ਤਾਂ ਸਭ ਕੁਝ ਕਰ ਕੇ  ਭੁੱਲ-ਚੁੱਕ ਦੀ ਮਾਫੀ ਮੰਗਦੇ ਹਨ ਪਰ) ਮੈਂ ਅਗਾਊਂ ਹੀ ਮਾਫੀ ਮੰਗ ਰਿਹਾ ਹਾਂ, ਅਤੇ ਮੈਨੂ ਪੂਰਾ ਭਰੋਸਾ ਹੈ ਕਿ ਸੰਗਤ ਦਾ ਦਿਲ ਬੜਾ ਵੱਡਾ ਹੁੰਦਾ ਹੈ ਉਹ ਸਾਰਾ ਕੁਝ ਸਾਮ੍ਹਣੇ ਹੁੰਦਾ ਵੇਖ ਕੇ ਵੀ ਅਣਡਿੱਠ ਕਰ ਕੇ ਮੁਆਫ ਕਰ ਦੇਂਦੀ ਹੈ।
  ਇਹ ਕਥਾ ਇਵੇਂ ਸ਼ੁਰੂ ਹੁੰਦੀ ਹੈ ,     ਰੂਆਲ ਛੰਦ ।       (ਮੁਆਫ ਕਰਨਾ ਗਿਆਨੀ ਜੀ ਨੇ ਏਥੇ ਦੋ ਡੰਡੀਆਂ ਵਰਤੀਆਂ ਹਨ, ਪਰ ਮੈਂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਈ ਹੀ ਦੋ ਡੰਡੀਆਂ ਦੀ ਵਰਤੋਂ ਰਾਖਵੀਂ ਕੀਤੀ ਹੋਈ ਹੈ , ਇਸ ਲਈ ਇਕ ਡੰਡੀ ਨਾਲ ਹੀ ਸਾਰ ਰਿਹਾ ਹਾਂ)
                ਰਾਜ ਕੋ ਗ੍ਰਿਹ ਪਾਇਕੈ ਜਨਮੇਜ ਰਾਜ ਮਹਾਨ । ਸੂਰਬੀਰ ਹਠੀ ਤਪੀ ਦਸ ਚਾਰ ਚਾਰ ਨਿਧਾਨ ।
                ਪਿਤਰ ਕੇ ਬਧ ਕੋਪ ਤੇ ਸਭ ਬਿਪ੍ਰ ਲੀਨ ਬੁਲਾਇ । ਸਰਪ ਮੇਧ ਕਰਿਯੋ ਲਗੇ ਮਖ ਧਰਮ ਕੇ ਚਿਤ ਚਾਇ
।1।165।
    ਅਰਥ:- ਮਹਾਨ ਰਾਜਾ ਜਨਮੇਜਾ ਨੇ ਰਾਜਗੱਦੀ ਨੂੰ ਪ੍ਰਾਪਤ ਕੀਤਾ, ਜੋ ਬੜਾ ਬਹਾਦਰ, ਹੱਠੀ, ਤਪੀ, ਸਿਆਣਾ ਤੇ ਚੌਦਾਂ ਵਿਦਿਆ ਦਾ ਭੰਡਾਰ ਸੀ। ਉਸ ਨੇ ਆਪਣੇ ਪਿਤਾ, ਰਾਜਾ ਪ੍ਰੀਛਤ ਦਾ ਸਰਪ ਹੱਥੋਂ ਕੱਟੇ ਜਾਣ ਦਾ ਸਮਾਚਾਰ ਸੁਣਿਆ ਤਾਂ ਉਸ ਨੇ ਬੜਾ ਕਰੋਧ ਕੀਤਾ ਤੇ ਉਸ ਵੇਲੇ ਸਭ ਬ੍ਰਾਹਮਣਾਂ ਨੂੰ ਬੁਲਾ ਲਿਆ। ਧਰਮ ਕਰਨ ਦੇ ਚਾਅ ਨਾਲ ਉਹ ਸਰਪ ਮੇਧ ਯੱਗ ਕਰਨ ਦੀ ਤਿਆਰੀ ਕਰਨ ਲਗ ਪਿਆ। (ਮੈਂ ਇਹ ਅਰਥ ਵੀ ਗਿਆਨੀ ਜੀ ਵਲੋਂ ਕੀਤੇ ਹੀ ਲਿਖ ਰਿਹਾ ਹਾਂ)
               ਏਕ ਕੋਸ ਪ੍ਰਮਾਣ ਲਉ ਮਖ ਕੁੰਡ ਕੀਨ ਬਨਾਇ । ਮੰਤ੍ਰ ਸਕਤਿ ਕਰਨੈ ਜਗੈ ਤਹਿ ਹੋਮ ਬਿਪ੍ਰ ਬੁਲਾਇ ।
               ਆਨ ਆਨ ਗਿਰੈ ਲਗੈ ਤਹਿ ਸਰਪ ਕੋਟ ਅਪਾਰ । ਜਤ੍ਰ ਤਤ੍ਰ ਉਠੀ ਜੈਤ ਧੁਨਿ ਭੂਮਿ ਭੁਰ ਉਦਾਰ
।2।166।
  ਅਰਥ:- (ਰਾਜਾ ਜਨਮੇਜਾ ਨੇ ਸਰਪ-ਮੇਧ ਯੱਗ ਕਰਨ ਲਈ) ਇਕ ਕੋਹ(ਢਾਈ ਮੀਲ=ਚਾਰ ਕਿਲੋਮੀਟਰ) ਤਕ ਲੰਮਾ ਚੌੜਾ ਯੱਗ ਦਾ ਹਵਨ-ਕੁੰਡ ਬਣਵਾਇਆ। ਬ੍ਰਾਹਮਣ ਵੇਦ ਮੰਤ੍ਰ ਪੜ੍ਹ ਪੜ੍ਹ ਕੇ ਵਿਧੀ ਪੂਰਵਕ ਹੋਮ ਕਰਨ ਲੱਗੇ। ਉਸ ਹਵਨ ਕੁੰਡ ਵਿਚ (ਮੰਤ੍ਰਾਂ ਦੇ ਬਲ ਕਰ ਕੇ) ਕਰੋੜਾਂ ਸਰਪ ਆ ਆਕੇ ਡਿੱਗਣ ਲੱਗੇ। ਧਰਤੀ ਤੇ ਹਰ ਬੰਨੇ ਧਰਮੀ ਤੇ ਉਦਾਰ ਰਾਜੇ ਦੀ ਜੈ ਜੈਕਾਰ ਹੋਣ ਲੱਗ ਪਈ।  
     (ਸ਼ਾਇਦ ਬਾਦਲ ਸਾਹਿਬ ਨੇ ਵੀ ਆਪਣੇ ਦੁਸ਼ਮਣਾਂ ਲਈ ਇਹੋ ਤਰੀਕਾ ਵਰਤਦਿਆਂ ਹਵਨ-ਯੱਗ ਕਰਾਉਣੇ ਸ਼ੁਰੂ ਕੀਤੇ ਸੀ)
             ਹਸਤ ਏਕ ਦੁ ਹਸਤ ਤੀਨ ਚਉ ਹਸਤ ਪੰਚ ਪ੍ਰਮਾਨ । ਬੀਸ ਹਾਥ ਇਕੀਸ ਹਾਥ ਪਚੀਸ ਹਾਥ ਸਮਾਨ ।
             ਤੀਸ ਹਾਥ ਬਤੀਸ ਹਾਥ ਛਤੀਸ ਹਾਥ ਗਿਰਾਹਿ । ਆਨ ਆਨ ਗਿਰੈ ਤਹਾ ਸਭ ਭਸਮ ਭੂਤ ਹੋਇ ਜਾਹਿ
।3।167।
 ਅਰਥ:- ਇਕ ਹੱਥ , ਦੋ ਹੱਥ, ਤਿੰਨ, ਚਾਰ ਤੇ ਪੰਜ ਹੱਥ ਜਿਡੇ ਲੰਮੇ ਸੱਪ, ਵੀਹ ਹੱਥ (ਤੀਹ ਫੁਟ) ਇਕੀ ਤੇ ਪੰਝੀ ਹੱਥ ਦੇ ਬਰਾਬਰ , ਤੀਹ ਹੱਥ, ਬੱਤੀ ਡੱਥ ਤੇ ਛੱਤੀ ਹੱਥ (ਚੁਰੰਜਾ ਫੁਟ) ਜਿਡੇ ਸੱਪ ਆ ਆਕੇ ਉਸ ਹਵਨ-ਕੁੰਡ ਵਿਚ ਡਿਗਦੇ ਹਨ ਤੇ ਭਸਮਾ-ਭੂਤ ਹੋ ਜਾਂਦੇ ਹਨ।
             ਏਕ ਸੌ ਹਸਤ ਪ੍ਰਮਾਨ ਦੋ ਸੌ ਹਸਤ ਪ੍ਰਮਾਨ । ਤੀਨ ਸੌ ਹਸਤ ਪ੍ਰਮਾਨ ਚਤ੍ਰ ਸੈ ਸੁ ਸਮਾਨ ।
             ਪਾਂਚ ਸੈ ਖਟ ਸੈ ਲਗੇ ਤਹਿ ਬੀਚ ਆਨ ਗਿਰੰਤ । ਸਹੰਸ ਹਸਤ ਪ੍ਰਮਾਨ ਲਉ ਸਭ ਹੋਮ ਹੋਤ ਅਨੰਤ
।4।168।
  ਅਰਥ:- ਇਕ ਸੌ ਹੱਥ, ਤੇ ਦੋ ਸੌ ਹੱਥ(ਤਿੰਨ ਸੌ ਫੁਟ=ਸੌ ਗਜ) ਜਿਡੇ ਸਰਪ, ਤਿੰਨ ਸੌ ਹੱਥ ਤੇ ਚਾਰ ਸੌ ਹੱਥ ਦੇ ਬਰਾਬਰ , ਪੰਜ ਸੌ ਹੱਥ ਤੇ ਛੇ ਸੌ ਹੱਥ ਜਿਡੇ ਸੱਪ ਹਵਨ ਕੁੰਡ ਵਿਚ ਆ ਆਕੇ ਡਿਗਦੇ ਹਨ। ਹਜ਼ਾਰ ਹੱਥ (ਪੰਦਰਾਂ ਸੌ ਫੁਟ=ਪੰਜ ਸੌ ਗਜ) ਜਿਡੇ ਲੰਮੇ ਸੱਪ ਆ ਕੇ ਹੋਮ (ਸਵਾਹ) ਹੁੰਦੇ ਜਾਂਦੇ ਹਨ।
             ਕਿਤੇ ਜੋਜਨੇ ਦੁਇ ਕਿਤੇ ਤੀਨ ਜੋਜਨ । ਕਿਤੇ ਚਾਰ ਜੋਜਨ ਦਹੇ ਭੁਮ ਭੋਗਨ ।3।171।
  ਅਰਥ:- ਕਿੰਨੇ ਦੋ ਜੋਜਨ (ਮਹਾਨ-ਕੋਸ਼ ਅਨੁਸਾਰ ਵੀਹ ਮੀਲ=ਤਕਰੀਬਨ ਤੇਤੀ ਕਿਲੋ ਮੀਟਰ) ਤੇ ਕਿੰਨੇ ਤਿੰਨ ਜੋਜਨ ਜਿਡੇ ਲੰਮੇ, ਕਿੰਨੇ ਚਾਰ ਜੋਜਨ (ਚਾਲੀ ਮੀਲ) ਧਰਤੀ ਵਿਚ ਰਹਿਣ ਵਾਲੇ ਸੱਪ ਆ ਆਕੇ ਸੜ ਰਹੇ ਸਨ ।    
                    (ਬੱਸ ਇਸ ਤੋਂ ਵੱਧ ਸੱਚ ਬੋਲਣਾ ਮੈਨੂੰ ਹਜ਼ਮ ਨਹੀਂ ਹੋਣ ਲੱਗਾ)
  ਜਿਨ੍ਹਾਂ ਜਰਮਨੀ ਵਾਲਿਆਂ ਨੇ ਸਵਾਸਤਕ ਨੂੰ ਆਪਣਾ ਰਾਸ਼ਟਰ ਚਿਨ੍ਹ ਬਣਾਇਆ ਹੈ ਉਨ੍ਹਾਂ ਗੀਤਾ ਵੀ ਪੜ੍ਹੀ ਹੋਵੇਗੀ ਅਤੇ ਮਹਾਂਭਾਰਤ ਵੀ ਪੜ੍ਹੀ ਹੋਵੇਗੀ। ਜੇ ਮਹਾਂ ਭਾਰਤ ਪੜ੍ਹੀ ਹੋਵੇਗੀ ਤਾਂ ਉਨ੍ਹਾਂ ਦੇ ਪੱਲੇ ਇਹ ਗਿਆਨ ਵੀ ਪਿਆ ਹੋਵੇਗਾ। ਤਾਂ ਹੀ ਤੇ ਗੋਬਲਜ਼ ਨੇ ਆਪਣੀ ਇਹ ਨੀਤੀ ਬਣਾਈ ਕਿ ਜੇ ਕਿਸੇ ਝੂਠ ਨੂੰ ਸੱਚ ਬਨਾਉਣਾ ਹੈ ਤਾਂ ਉਸ ਨੂੰ ਬਾਰ-ਬਾਰ ਬੋਲੋ । ਪਰ ਜਦ ਗੋਬਲਜ਼ ਇਹ ਕਹਿ ਰਿਹਾ ਸੀ ਤਾਂ ਉਹ ਸੱਚ ਬੋਲ ਰਿਹਾ ਸੀ, ਪਰ ਦੁਨੀਆਂ ਅੱਜ ਤਕ ਵਿਚਾਰੇ ਨੂੰ ਸਭ ਤੋਂ ਵੱਡਾ ਝੂਠਾ ਮੰਨ ਰਹੀ ਹੈ । ਗੱਲ ਚਲਰਹੀ ਸੀ ਆਦਾਨ-ਪਰਦਾਨ ਦੀ, ਜਰਮਨੀ ਨੇ ਇਹ ਸੌਗਾਤ ਵੀ ਵੈਦਕ ਸਭਿਅਤਾ ਤੋਂ ਲਈ, ਪਰ ਸਮਾਜਿਕ ਮਾਹੌਲ ਦਾ ਏਨਾ ਅਸਰ ਜ਼ਰੂਰ ਪਿਆ ਕਿ ਜਰਮਨੀ ਵਾਲੇ (ਗੋਬਲਜ਼) ਝੂਠ ਬੋਲਦੇ ਹੋਏ ਵੀ ਸੱਚ ਬੋਲਦੇ ਹਨ, ਪਰ ਉਨ੍ਹਾਂ ਦੇ ਦਾਤਿਆਂ (ਦੇਣ  ਵਾਲਿਆਂ) ਵਿਚ ਤਾਂ ਅਜੇ ਵੀ ਏਨੀ ਹਿੱਮਤ ਨਹੀਂ ਆਈ ਕਿ ਉਹ ਇਹ ਆਖ ਸਕਣ ਕਿ ‘ਅਸੀਂ ਝੂਠ ਬੋਲਦੇ ਹਾਂ’ ਉਹ ਆਪਣੇ ਮਨ ਦਾ ਖੋਟ ਲੁਕਾਉਣ ਲਈ ਵੀ ਟੀ.ਵੀ. ਤੋਂ ਪਰਸਾਰਨ ਕਰਦੇ ਹਨ ‘ਮਨ ਕੀ ਬਾਤ’ ਜਦ ਕਿ ਉਹ ਆਪਣੇ ਮਨ ਕੀ ਬਾਤ 1% ਵੀ ਨਹੀਂ ਕਹਿੰਦੇ, ਕਿਉਂਕਿ ਜੋ ਮਨ ਵਿਚ ਹੈ ਉਹ ਕਹਿਣ ਨਾਲ ਵੋਟਾਂ ਨਹੀਂ ਮਿਲਣੀਆਂ।
  ਪਰ ਉਨ੍ਹਾਂ ਦੇ ਸਾਥੀ ਇਹ ਮਹਿਸੂਸ ਕਰਦਿਆਂ ਕਿ ਹੁਣ ਤਾਂ ਭਾਰਤ ਵਿਚ ਸਾਡਾ ਰਾਜ ਹੋ ਗਿਆ ਹੈ, ਹੁਣ ਸਾਨੂੰ ਕਿਸ ਦਾ ਡਰ, ‘ਮਨ ਕੀ ਬਾਤ’ ਕਹਿਣ ਵਾਲਿਆਂ ਦੇ ਮਨ ਦੀ ਗੱਲ ਸ਼ਰੇ-ਆਮ ਸਟੇਜਾਂ ਤੋਂ ਕਹਿੰਦੇ ਹਨ । ਇਕ ਹੋਰ ਹਨ ਉਨ੍ਹਾਂ ਦੇ ਸਭ ਤੋਂ ਵੱਡੇ, ਸਾਫ ਦਿਖ ਰਿਹਾ ਹੈ ਕਿ ਕਸ਼ਮੀਰ ਵਾਙ ਦਿੱਲੀ ਵਿਚ ਵੀ ਸਾਡੀ ਹਕੂਮਤ ਨਹੀਂ ਬਣਨੀ, ਪਰ ਪਰਚਾਰ ਰਹੇ ਹਨ ਕਿ ਅਸੀਂ ਦਿੱਲੀ ਦੀਆਂ 70 ਸੀਟਾਂ ‘ਚੋਂ 60+ ਜਿੱਤਾਂਗੇ। ਜਦ ਉਨ੍ਹਾਂ ਦੇ ਆਪਣੇ ਸਾਥੀਆਂ ਨੂੰ ਏਨਾ ਵੱਡਾ …. ਬਰਦਾਸ਼ਤ ਨਾ ਹੋਇਆ ਤਾਂ ਉਨ੍ਹਾਂ (ਬਹੁਤ ਵਧਾ ਕੇ ਰਿਪੋਰਟ ਦਿੱਤੀ) ਕਿਹਾ ਕਿ ਅਸੀਂ 40-45 ਸੀਟਾਂ ਜਿੱਤਾਂਗੇ, ਜਿਸ ਤੇ ਉਹ ਵਢੇਰੇ ਨਾਰਾਜ਼ ਹੋ ਗੲ ਕਿੇ, ਪਾਰਟੀ ਵਾਲੇ ਹੀ ਉਨ੍ਹਾਂ ਦਾ ਰਚਿਆ ਧੂੰਏਂ ਦਾ ਪਹਾੜ ਉਡਾਨ ਤੇ ਤੁੱਲੇ ਹੋਏ ਹਨ, ਪਰ ਪਾਰਟੀ ਵਾਲੇ ਛੁੱਟ ਭਈਏ ਕੀ ਜਾਨਣ ਕਿ ਜੇ 60+ ਕਿਹਾ ਜਾਵੇਗਾ ਤਾਂ ਇਸ ਤੋਂ ਪ੍ਰਭਾਵਤ ਹੋ ਕੇ ਸਾਨੂੰ 1-2 % ਵੋਟਾਂ ਤਾਂ ਹੋਰ ਪੈ ਹੀ ਜਾਣਗੀਆਂ, ਅਤੇ ਜੇ ਲੋਕ-ਸਭਾ ਦੀਆਂ ਚੋਣਾਂ ਵਾਙ ਸਾਡਾ ਦਾਅ ਲੱਗ ਗਿਆ ਤਾਂ ਅਸੀਂ 60+ ਸੀਟਾਂ ਵੀ ਲੈ ਜਾਵਾਂਗੇ । ਆਖਿਰ ਦੁੱਧ ਦੀ ਰਾਖੀ ਤਾਂ ਬਿੱਲੀ ਨੇ ਹੀ ਬੈਠਣਾ ਹੈ ।
                       ਅਮਰ ਜੀਤ ਸਿੰਘ ਚੰਦੀ                                  


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.