ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ !
ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ !
Page Visitors: 2738

 ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ !
   ਕਿਸੇ ਬਰਾਦਰੀ ਵਿਚ ਨਾ ਸਾਰੇ ਚੰਗੇ ਹੀ ਹੁੰਦੇ ਹਨ ਅਤੇ ਨਾ ਸਾਰੇ ਬੁਰੇ, ਹਿੰਦੂਆਂ ਵਿਚ ਵੀ ਸਾਰੇ ਇਸ ਫਿਰਾਕ ਵਿਚ ਨਹੀਂ ਹਨ ਕਿ ਮੁਸਲਮਾਨਾਂ ਨੂੰ ਭਾਰਤ ਵਿਚੋਂ ਭਜਾ ਦਿੱਤਾ ਜਾਵੇ, ਜਾਂ ਸਿੱਖਾਂ ਨੂੰ ਖਤਮ ਹੀ ਕਰ ਦਿੱਤਾ ਜਾਵੇ।(ਹਿੰਦੂਆਂ ਦੀ ਗੱਲ ਤਾਂ ਅਲੱਗ, ਸਿੱਖਾਂ ਵਿਚ ਵੀ ਸਾਰੇ ਅਜਿਹੇ ਨਹੀਂ ਹਨ, ਜੋ ਚਾਹੁੰਦੇ ਹੋਣ ਕਿ ਸਿੱਖਾਂ ਦੀ ਚੜ੍ਹਦੀ ਕਲਾ ਹੋਵੇ) ਹਿੰਦੂਆਂ ਵਿਚ ਬਹੁਤ ਸਾਰੇ ਬਜਰੰਗ ਸਿੱਘ ਵਰਗੇ (ਇੰਸਾਨ) ਵੀ ਹੁੰਦੇ ਹਨ। ਅਜਿਹਾ ਹੀ ਇਕ ਨੌਜਵਾਨ ਲੇਖਕ ਹੈ ‘ਮਨੌਜ ਮਿਸਰ’ । ਮੈਂ ਦਾਅਵੇ ਨਾਲ ਇਹ ਤਾਂ ਨਹੀਂ ਕਹਿ ਸਕਦਾ ਕਿ ਉਹ ਬਜਰੰਗ ਸਿੰਘ ਵਾਙ, ਸਿੱਖਾਂ ਨੂੰ ਬਚਾਉਣ ਲਈ ਆਪਣਾ ਸਾਰਾ ਪਰਿਵਾਰ ਨਿਛਾਵਰ ਕਰ ਸਕਦਾ ਹੈ, ਪਰ ਇਹ ਜ਼ਰੂਰ ਕਹਿ ਸਕਦਾ ਹਾਂ ਕਿ ਉਹ ਨਾ ਸਿੱਖਾਂ ਦਾ ਹੀ ਦੁਸ਼ਮਣ ਹੈ ਅਤੇ ਨਾ ਮੁਸਲਮਾਨਾਂ ਦਾ। ਉਸ ਦਾ ‘ਅਮਰ ਉਜਾਲਾ’ 3 ਫਰਵਰੀ ਵਿਚ ਇਕ ਸਰਲ ਜਿਹਾ ਸਵਾਲ ਸੀ ਕਿ ‘ਜਹਾਜ਼ਾਂ ਲਈ ਪਾਣੀ ਕਿੱਥੋਂ ਆਵੇਗਾ ?’
   ਅਸਲ ਵਿਚ ਭਾਰਤ ਸਰਕਾਰ ਦੇ ‘ਸੜਕ ਆਵਾ-ਜਾਈ’  ਮੰਤ੍ਰੀ ਹਨ ‘ਨਿਤਿਨ ਗਡਕਰੀ’  ਆਰ.ਐਸ.ਐਸ. ਦੇ ਕੱਟੜ ਕਰਤਾ-ਧਰਤਾ, (ਵੈਸੇ ਇਹ ਕਹਿਣਾ ਵੀ ਸਰਾਸਰ ਗਲਤ ਹੈ ਕਿ ਭਾਰਤ ਤੇ ਬੀ.ਜੇ.ਪੀ. ਦੀ ਹਕੂਮਤ ਹੈ, ਭਾਰਤ ਤੇ ਇਸ ਵੇਲੇ ਬੀ.ਜੇ.ਪੀ, ਦੇ ਬੁਰਕੇ ਓਹਲੇ ਆਰ.ਐਸ.ਐਸ. ਦੇ ਕੱਟੜ ਵਾਦੀਆਂ, ਜਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਆਤੰਕ-ਵਾਦੀਆਂ ਦੀ ਹਕੂਮਤ ਹੈ, ਕਿਉਂਕਿ 1984 ਵਿਚਲੇ ਸਿੱਖਾਂ ਦੇ ਕਤਲੇਆਮ ਵੇਲੇ ਚਿਹਰਾ ਹੀ ਰਾਜੀਵ ਜਾਂ ਕਾਂਗਰਸ ਦਾ ਸੀ, ਕੈਡਰ ਬਹੁਤਾ ਆਰ.ਐਸ.ਐਸ, ਦਾ ਸੀ।   ਨਿਤਿਨ ਗਡਕਰੀ ਨੇ ਪ੍ਰੈਸ ਨੂੰ ਬਿਆਨ ਦਿੰਦਿਆਂ ਕਿਹਾ ਸੀ ਕਿ ‘ ਰੇਲ ਰਾਹੀਂ ਆਵਾ-ਜਾਈ ਅਤੇ ਮਾਲ-ਭਾੜੇ ਤੇ ਬਹੁਤ ਖਰਚਾ ਆਉਂਦਾ ਹੈ, ਸੜਕ ਰਾਹੀਂ ਉਸ ਤੋਂ ਵੀ ਵੱਧ ਖਰਚਾ ਹੁੰਦਾ ਹੈ, ਇਸ ਲਈ ਇਲਾਹਾਬਾਦ ਤੋਂ ਕਲਕੱਤਾ ਤਕ, ਗੰਗਾ ਵਿਚ ਜਹਾਜ਼ ਚਲਾਉਣ ਦਾ ਮਾਰਗ ਬਣਾਇਆ ਜਾਵੇਗਾ, ਜਿਸ ਨਾਲ ਆਵਾ-ਜਾਈ ਅਤੇ ਮਾਲ-ਭਾੜੇ ਦਾ ਖਰਚਾ ਬਹੁਤ ਘੱਟ ਜਾਵੇਗਾ। ਜਿਸ ਦੇ ਪ੍ਰਤੀ-ਕਰਮ ਵਜੋਂ ਮਨੌਜ ਮਿਸਰ ਨੇ ਲਿਖਿਆ ਸੀ ਕਿ ਬਰਸਾਤ ਦੇ ਦੋ ਮਹੀਨੇ ਛੱਡ ਕੇ ਬਾਕੀ ਦਿਨਾਂ ਵਿਚ ਤਾਂ ਪਾਣੀ ਏਨਾ ਘੱਟ ਜਾਂਦਾ ਹੈ ਕਿ ਲੋਕਲ ਬੇੜੀ-ਚਾਲਕਾਂ ਲਈ ਬੇੜੀਆਂ ਚਲਾਉਣਾ ਵੀ ਔਖਾ ਹੋ ਜਾਂਦਾ ਹੈ, ਫਿਰ ਜਹਾਜ਼ਾਂ ਲਈ ਪਾਣੀ ਕਿਥੋਂ ਆਵੇਗਾ ?
   ਇਹ ਮਾਮਲਾ ਵੇਖਣ ਨੂੰ ਜਿੰਨਾ ਸਰਲ ਲਗਦਾ ਹੈ ਓਨਾ ਸਰਲ ਹੈ ਨਹੀਂ , ਜੇ ਇਹ ਮਾਰਗ ਤਿਆਰ ਹੋ ਜਾਵੇ ਤਾਂ ਇਲਾਹਾਬਾਦ ਤੋਂ ਕਲਕੱਤਾ ਜਾਣਾ ਤਾਂ ਸੌਖਾ ਹੋ ਜਾਵੇਗਾ, ਪਰ ਵਾਪਸੀ ਵਿਚ ਓਨਾ ਹੀ ਖਰਚਾ ਵੱਧ ਜਾਵੇਗਾ, ਜਿਵੇਂ ਪਹਾੜ ਤੇ ਜਾਣ ਲਗਿਆਂ ਹੁੰਦਾ ਹੈ।   
  ਇਸ ਵਾਸਤੇ ਇਲਾਹਾਬਾਦ ਤੋਂ ਕਲਕੱਤੇ ਤਕ ਦਾ ਵਾਟਰ-ਲੈਵਲ ਕਾਫੀ ਹੱਦ ਤਕ ਸਮਤਲ ਹੋਣਾ ਚਾਹੀਦਾ ਹੈ, ਇਹ ਕੰਮ ਭਾਰਤ ਵਰਗੇ ਦੇਸ਼ ਲਈ ਅਸੰਭਵ ਨਹੀਂ ਤਾਂ ਅੱਤ ਕਠਨ ਜ਼ਰੂਰ ਹੈ। ਜਿਸ ਦੇਸ਼ ਵਾਲਿਆਂ ਵਲੋਂ 25-30 ਸਾਲ ਵਿਚ ਅਰਬਾਂ ਰੁਪਏ ਗੰਗਾ ਦੀ ਸਫਾਈ ਲਈ ਖਰਚਣ ਮਗਰੋਂ ਵੀ ਗੰਗਾ ਦਾ ਪਾਣੀ ਗੰਦਾ ਹੋਵੇ ਉਹ ਇਹ ਕੰਮ ਕਿਵੇਂ ਕਰ ਲੈਣਗੇ ? ਜਿਸ ਵਿਚ ਹਰ ਸਾਲ ਹਜ਼ਾਰਾਂ ਕ੍ਰੌੜ ਰੁਪਏ ਸਫਾਈ ਦੇ ਹੋਰ ਲੱਗਣੇ ਹੋਣ। ਪਰ ਅਸਲ ਵਿਚ ਗੱਲ ਹੋਰ ਹੈ ਜਿਸ ਨੂੰ ਸਮਝਣਾ  ਸਿੱਖਾਂ ਲਈ ਬਹੁਤ ਜ਼ਰੂਰੀ ਹੈ।
  ਸ੍ਰੀ ਨਰਿੰਦਰ ਮੋਦੀ, ਜੈਟਲੀ ਅਤੇ ਨਿਤਿਨ ਗਡਕਰੀ ਆਦਿ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਦੇਸ਼ ਦੇ ਸਾਰੇ ਦਰਿਆਵਾਂ ਨੂੰ ਜੋੜਿਆ ਜਾਵੇਗਾ , ਤਾਂ ਜੋ ਉਨ੍ਹਾਂ ਦੇ ਪਾਣੀ ਨੂੰ ਸਹੀ ਢੰਗ ਨਾਲ ਵਰਤਿਆ ਜਾ ਸਕੇ।
            (ਉਸ ਅਨੁਸਾਰ ਪੰਜਾਬ ਦੇ ਪਾਣੀਆਂ ਦਾ ਵੀ ਖੁਲ੍ਹ ਕੇ ਹੋਰ ਦੋਹਣ ਕੀਤਾ ਜਾਵੇਗਾ)    
    ਸਿੱਧੀ ਜਿਹੀ ਗੱਲ ਹੈ ਕਿ ਇਲਾਹਾਬਾਦ ਤੋਂ ਕਲਕੱਤਾ ਤਕ ਜਹਾਜ਼ ਚੱਲਣ ਜਾਂ ਨਾ ਚੱਲਣ, ਪਰ ਉਸ ਦੀ ਆੜ ਵਿਚ ਗੰਗਾ ਦੇ ਪਾਣੀ ਦੀ ਘਾਟ ਨੂੰ ਲੈ ਕੇ ਪੰਜਾਬ ਦੇ ਦਰਿਆਵਾਂ ਦਾ ਪਾਣੀ ਵੀ ਗੰਗਾ ਵਿਚ ਪਾਉਣ ਦਾ ਇੰਤਜ਼ਾਮ ਕੀਤਾ ਜਾਵੇਗਾ ਅਤੇ ਪੰਜਾਬ ਦੇ ਰਿਪੇਅਰੀਨ ਹੱਕਾਂ ਦਾ ਮੂਲੋਂ ਹੀ ਫਸਤਾ ਪੜ੍ਹ ਦਿੱਤਾ ਜਾਵੇਗਾ। ਲੋੜ ਹੈ ਪਹਿਲਾਂ ਹੀ ਸੁਚੇਤ ਹੋਣ ਦੀ , ਤਾਂ ਜੋ ਅਸੀਂ ਆਪਣੇ ਪਾਣੀ ਦੀ ਅਗਾਊਂ ਹੀ ਰਾਖੀ ਕਰ ਸਕੀਏ ।
          ਸੱਪ ਨਿਕਲ ਜਾਣ ਪਿੱਛੋਂ ਲਕੀਰ ਪਿੱਟਣ ਦੀ ਪਿਰਤ ਨੂੰ ਛੱਡ ਕੇ ਸੱਪ ਦਾ ਮੁਕਾਬਲਾ ਕਰ ਕੇ, ਉਸ ਨੂੰ ਵੇਲੇ-ਸਿਰ ਹੀ ਕਾਬੂ ਕਰਨ ਦੀ ਵਿਉਂਤ-ਬੰਦੀ ਕਰਨੀ ਚਾਹੀਦੀ ਹੈ।
                              ਅਮਰ ਜੀਤ ਸਿੰਘ ਚੰਦੀ
                                17-2-2015             
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.