ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਸਿੱਖ ! ਸਰਬੱਤ ਖਾਲਸਾ ! ਅਤੇ ਸਿੱਖਾਂ ਦਾ ਟੀਚਾ ? (ਭਾਗ ਪਹਿਲਾ)
ਸਿੱਖ ! ਸਰਬੱਤ ਖਾਲਸਾ ! ਅਤੇ ਸਿੱਖਾਂ ਦਾ ਟੀਚਾ ? (ਭਾਗ ਪਹਿਲਾ)
Page Visitors: 2759

  ਸਿੱਖ ! ਸਰਬੱਤ ਖਾਲਸਾ ! ਅਤੇ ਸਿੱਖਾਂ ਦਾ ਟੀਚਾ ?  (ਭਾਗ ਪਹਿਲਾ)

  ਸਿੱਖ ਕੌਣ ਹੈ ?
ਸੰਖੇਪ ਲਫਜ਼ਾਂ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਗੁਰੂ ਨਾਨਕ ਜੀ ਵਲੋਂ ਪੇਸ਼ ਕੀਤੇ ਫਲਸਫੇ ਨੂੰ ਮੰਨਣ ਵਾਲਾ ਬੰਦਾ ਸਿੱਖ ਹੈ। ਇਹ ਫਲਸਫਾ ਮੌਜੂਦਾ ਸਮੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਪੂਰਨ ਰੂਪ ‘ਚ ਮੌਜੂਦ ਹੈ, ਇਵੇਂ ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ ਗੁਰੁ ਗ੍ਰੰਥ ਸਾਹਿਬ ਜੀ ਵਿਚਲੇ ਫਲਸਫੇ ਅਨੁਸਾਰ ਜੀਵਨ ਬਤੀਤ ਕਰਨ ਵਾਲਾ ਬੰਦਾ, ਸਿੱਖ ਹੁੰਦਾ ਹੈ। ਜਿਸ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਇਵੇਂ ਪਰਿਭਾਸ਼ਿਤ ਕੀਤਾ ਗਿਆ ਹੈ,
         ਸੋ ਸਿਖੁ ਸਖਾ ਬੰਧਪ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੇ ॥
         ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥
          ਬਿਨ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰ ਫਿਰ ਪਛੋਤਾਵੈ
॥1॥ (601-2)
ਅਰਥ:- ਹੇ ਭਾਈ, ਓਹੀ (ਗੁਰੂ ਦਾ) ਸਿੱਖ ਹੈ, ਗੁਰੂ ਦਾ ਮਿੱਤਰ ਹੈ, ਰਿਸ਼ਤੇਦਾਰ ਹੈ, ਜਿਹੜਾ ਗੁਰੂ ਦੇ ਭਾਣੇ, ਆਗਿਆ ਵਿਚ ਚਲਦਾ ਹੈ।    
 ਜਿਹੜਾ ਸਿੱਖ ਆਪਣੀ ਮਨਮੱਤ ਅਨੁਸਾਰ ਚੱਲਦਾ ਹੈ, ਉਹ ਆਪਣੇ ਸਤਸੰਗੀਆਂ (ਸਿੱਖਾਂ) ਅਤੇ ਪਰਭੂ ਨਾਲੋਂ ਵਿਛੜ ਕੇ ਦੁੱਖ ਸਹਾਰਦਾ ਹੈ ।
  ਗੁਰੂ ਦੀ ਸਿਖਿਆ ਵਿਚ ਚੱਲਣ ਤੋਂ ਬਗੈਰ ਬੰਦਾ ਕਦੀ ਸੁਖ ਨਹੀਂ ਪਾ ਸਕਦਾ, ਉਹ ਮੁੜ-ਮੁੜ ਕੇ ਦੁਖੀ ਹੁੰਦਾ, ਪਛਤਾਉਂਦਾ ਰਹਿੰਦਾ ਹੈ।
  ਕੀ ਹਿੰਦੂਆਂ, ਮੁਸਲਮਾਨਾਂ, ਈਸਾਈਆਂ, ਬੋਧੀਆਂ, ਜੈਨੀਆਂ, ਯਹੂਦੀਆਂ, ਪਾਰਸੀਆਂ ਆਦਿ, ਦੁਨੀਆਂ ਵਿਚ ਪ੍ਰਚਲਤ ਧਰਮਾਂ ਵਾਙ ਸਿੱਖੀ ਵੀ, ਦੁਨੀਆਂ ਵਿਚ ਵੰਡੀਆਂ ਪਾਉਣ ਵਾਲਾ ਹੀ ਇਕ ਧਰਮ ਹੈ ?
   ਨਹੀਂ ਗੁਰੂ ਨਾਨਕ ਜੀ ਵਲੋਂ ਪੇਸ਼ ਕੀਤਾ ਫਲਸਫਾ, ਅਕਾਲ-ਪੁਰਖ ਵਲੋਂ ਦੁਨੀਆ ਪੈਦਾ ਕਰਨ ਵੇਲੇ, ਬੰਦਿਆਂ ਲਈ ਮਿਥੇ ਧਰਮ ਦੀ ਤਰਨਮਾਨੀ ਕਰਦਾ ਹੈ, ਇਹ ਦੁਨੀਆਂ ਵਿਚਲੀਆਂ ਸਾਰੀਆਂ ਵੰਡੀਆਂ ਨੂੰ ਰੱਦ ਕਰਦਾ ਹੈ। ਕਿਉਂਕਿ ਦੂਸਰੇ ਧਰਮਾਂ ਦੇ ਬਾਨੀਆਂ ਵਲੋਂ ਮਿਥੇ ਧਰਮ ਦੇ ਅਸੂਲਾਂ ਵਿਚ ਕਿਤੇ ਵੀ ਅਕਾਲ-ਪੁਰਖ ਦੀ ਰਜ਼ਾ ਦੀ ਗੱਲ ਨਹੀਂ ਹੈ, ਹਰ ਧਰਮ ਆਪਣੇ ਅਸੂਲਾਂ ਤੇ ਆਧਾਰਿਤ ਇਕ ਘੇਰਾ ਬਣਾ ਕੇ , ਉਸ ਵਿਚ ਸਿਰਫ ਉਨ੍ਹਾਂ ਬੰਦਿਆਂ ਨੂੰ ਰਹਿਣ ਦੀ ਇਜਾzਤ ਦਿੰਦਾ ਹੈ, ਜੋ ਉਨ੍ਹਾਂ ਅਸੂਲਾਂ ਦੀ ਪਾਲਣਾ ਕਰਦਾ ਹੋਵੇ। ਇਵੇਂ ਦੁਨੀਆਂ ਦੇ ਸਾਰੇ ਧਰਮਾਂ ਦੇ ਅਲੱਗ-ਅਲੱਗ ਘੇਰੇ ਹਨ, ਅਲੱਗ-ਅਲੱਗ ਅਸੂਲ ਹਨ, ਜੋ ਆਪਸ ਵਿਚ ਮੇਲ ਨਹੀਂ ਖਾਂਦੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਸਾਰੇ ਧਰਮ, ਪੁਜਾਰੀਆਂ ਦੇ ਗੁਲਾਮ ਹਨ। ਸਾਰੇ ਪੁਜਾਰੀਆਂ ਨੂੰ ਹੱਕ ਹੈ ਕਿ ਉਹ ਆਪਣੇ ਘੇਰੇ ਵਿਚਲੇ ਧਰਮ ਦੇ ਲੋਕਾਂ ਕੋਲੋਂ. ਆਪਣੀ ਐਸ਼ ਦੇ ਸਾਧਨਾਂ ਲਈ ਮਾਇਆ ਵਸੂਲ ਕਰਨ। ਇਸ ਵਸੂਲ ਕੀਤੀ ਜਾਣ ਵਾਲੀ ਮਾਇਆ ਦੀ ਕੋਈ ਹੱਦ ਨਹੀਂ ਹੈ, ਇਸ ਲਈ ਹਰ ਧਰਮ ਦੇ ਪੁਜਾਰੀ ਹਮੇਸ਼ਾ ਆਪਣਾ ਘੇਰਾ ਵਧਾਉਣ ਦੇ ਆਹਰ ਵਿਚ ਲੱਗੇ ਰਹਿੰਦੇ ਹਨ, ਜੋ ਇਨ੍ਹਾਂ ਦੇ ਆਪਸੀ ਟਕਰਾਉ ਦਾ ਮੁੱਖ ਕਾਰਨ ਹੈ।
  ਅੱਜ ਤੱਕ ਜਿੰਨਾ ਖੂਨ ਧਰਮਾਂ ਦੇ ਆਪਸੀ ਟਕਰਾਵਾਂ ਵਿਚ ਵਗਿਆ ਹੈ, ਉਸ ਦਾ ਹਜ਼ਾਰਵਾਂ ਹਿੱਸਾ ਵੀ ਹੋਰ ਕਿਸੇ ਕਾਰਨ ਨਹੀਂ ਵਗਿਆ। ਦੁਨੀਆ ਵਿਚ ਮਿਥੇ ਗਏ ਲੜਾਈ ਦੇ ਤਿੰਨ ਕਾਰਨ, ਜ਼ਰ, ਜ਼ਨ, ਜ਼ਮੀਨ ਵੀ ਪੁਜਾਰੀਆਂ ਦੀ ਤ੍ਰਿਸ਼ਨਾ ਦੀ ਹੀ ਤਰਜਮਾਨੀ ਕਰਦੇ ਹਨ। ਸਿੱਖਾਂ ਦੀਆਂ ਲੜਾਈਆਂ ਵਿਚੋਂ ਕਿਸੇ ਦਾ ਕਾਰਨ , ਇਨ੍ਹਾਂ ਤਿੰਨਾਂ ਵਿਚੋਂ ਕੋਈ ਨਹੀਂ। ਬਲਕਿ ਸਿੱਖਾਂ ਦੀਆਂ ਕਈ ਲੜਾਈਆਂ ਤਾਂ, ਦੂਸਰੇ ਧਰਮਾਂ ਦੀਆਂ ਜਨਾਨੀਆਂ (ਜ਼ਨ) ਨੂੰ ਧਾੜਵੀਆਂ ਕੋਲੋਂ ਬਚਾਉਣ ਲਈ ਹੋਈਆਂ ਹਨ। ਨਾ ਹੀ ਗੁਰੂ-ਕਾਲ ਵਿਚ ਹੋਈਆਂ ਲੜਾਈਆਂ ‘ਚ ਹੋਈਆਂ ਜਿੱਤਾਂ ਵਿਚੋਂ ਕਿਸੇ ਵਿਚ ਵੀ ਇਲਾਕਿਆ (ਜ਼ਮੀਨ) ਤੇ ਕਬਜ਼ਾ ਕਰ ਕੇ, ਕਿਸੇ ਰਾਜ ਦੀ ਗੱਲ ਕੀਤੀ ਹੈ । ਇਵੇਂ ਸਿੱਖੀ ਨਰੋਲ ਪਰਮਾਤਮਾ ਵਲੋਂ ਸਿਰਜੇ ਨਿਯਮ-ਕਾਨੂਨਾਂ ਦੀ ਪਾਲਣਾ ਕਰਨ ਵਾਲਾ ਧਰਮ ਹੈ, ਜਦ ਕਿ ਉੱਪਰ ਵਰਣਿਤ ਸਾਰੇ ਧਰਮ ਆਪਣੇ ਰਹਿਬਰ, ਜਾਂ ਉਸ ਦੇ ਚੇਲਿਆ ਵਲੋਂ ਮਿਥੇ ਕਰਮਾਂ ਦੀ ਪਾਲਣਾ ਕਰਨ ਵਾਲੇ ਧਰਮ ਹਨ, ਜੋ ਬਹੁਤ ਵਾਰੀ ਕਰਤਾਰ ਵਲੋਂ ਸਿਰਜੇ ਨਿਯਮ-ਕਾਨੂਨਾਂ ਦੀ ਉਲੰਙਣਾ ਕਰਦੇ ਹਨ। ਇਸ ਲਈ ਹੀ ਇਨ੍ਹਾਂ ਕਰਮਾਂ ਨੂੰ ਕਰਮ-ਕਾਂਡ ਕਿਹਾ ਜਾਂਦਾ ਹੈ।      
( ਇਹ ਗੱਲ ਵੱਖਰੀ ਹੈ ਕਿ ਅੱਜ-ਕਲ ਸਿੱਖੀ ਵਿਚ ਵੀ ਤਕੜੀ ਪੁਜਾਰੀ ਜਮਾਤ ਬਣ ਗਈ ਹੈ, ਜੋ ਸਿੱਖਾਂ ਨੂੰ ਵੀ ਅੱਖਾਂ ਵਖਾਉਣ ਲੱਗ ਪਈ ਹੈ, ਜੇ ਇਸ ਨੂੰ ਵੇਲੇ ਸਿਰ ਹੀ ਨੱਥ ਨਾ ਪਾਈ ਗਈ ਤਾਂ ਇਹ ਵੀ ਇਕ ਵੱਡੇ ਖੂਨ-ਖਰਾਬੇ ਦਾ ਕਾਰਨ ਬਣੇਗੀ)
   ਗੁਰਮਤਿ ਸਾਰੀ ਖਲਕਤ ਨੂੰ ਇਕ-ਸਮਾਨ ਸਮਝਦੀ ਹੋਈ, ਉਸ ਵਿਚ ਵੰਡੀਆਂ ਪਾਉਣ ਨੂੰ ਗਲਤ ਮੰਨਦੀ ਹੈ। ਗੁਰਮਤਿ ਦਾ ਸਿਧਾਂਤ ਹੈ,
          ਮਾਟੀ ਏਕ ਅਨੇਕ ਭਾਂਤਿ ਕਰਿ ਸਾਜੀ ਸਾਜਨਹਾਰੈ ॥     (1350)        ਅਤੇ,
          ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥ (611)        ਅਤੇ,
          ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥
          ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ
॥1॥  (1349)
     ਇਹ ਹੈ ਸਿੱਖੀ ਦਾ ਸਿਧਾਂਤ, ਸੰਕਲਪ । ਸਿੱਖੀ ਦੇ ਧਰਮ ਦੀ ਤਰਜਮਾਨੀ ਗੁਰੂ ਸਾਹਿਬ ਨੇ ਇਨ੍ਹਾਂ ਲਫਜ਼ਾਂ ਵਿਚ ਕੀਤੀ ਹੈ,
          ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥
          ਸਗਲ ਕ੍ਰਿਆ ਮਹਿ ਊਤਮ ਕਿਰਿਆ ॥ ਸਾਧਸੰਗਿ ਦੁਰਮਤਿ ਮਲੁ ਹਿਰਿਆ ॥
          ਸਗਲ ਉਦਮ ਮਹਿ ਉਦਮੁ ਭਲਾ ॥ ਹਰਿ ਕਾ ਨਾਮੁ ਜਪਹੁ ਜੀਅ ਸਦਾ ॥
           ਸਗਲ ਬਾਨੀ ਮਹਿ ਅੰਮ੍ਰਿਤ ਬਾਨੀ ॥ ਹਰਿ ਕੋ ਜਸੁ ਸੁਨਿ ਰਸਨ ਬਖਾਨੀ ॥
          ਸਗਲ ਥਾਨ ਤੇ ਓਹੁ ਊਤਮ ਥਾਨੁ ॥ ਨਾਨਕ ਜਿਹ ਘਟਿ ਵਸੈ ਹਰਿ ਨਾਮੁ
॥8॥3॥  (266)
     ਅਰਥ:- ਹੇ ਮਨ, ਅਕਾਲ-ਪੁਰਖ ਦਾ ਨਾਮ ਜਪਣਾ ਅਤੇ ਨਿਰਮਲ, ਚੰਗੀ ਸੋਚ ਵਾਲੇ ਕੰਮ ਕਰਨੇ, ਦੁਨੀਆ ਵਿਚ ਪ੍ਰਚਲਤ ਸਾਰੇ ਧਰਮਾਂ ਨਾਲੋਂ ਸਰਵੋਤਮ ਧਰਮ ਹੈ।
                ਸਤਸੰਗ ਵਿਚ ਜੁੜ ਕੇ ਭੈੜੀ ਮੱਤ ਵਾਲੀ ਮੈਲ ਸਾਫ ਕਰਨੀ, ਸਾਰੀਆਂ ਧਾਰਮਿਕ ਰਸਮਾਂ ਨਾਲੋਂ ਚੰਗਾ ਕੰਮ ਹੈ ।      
                ਕਰਤਾਰ ਦਾ ਨਾਮ ਹਮੇਸ਼ਾ ਜਪਿਆ ਜਾਵੇ, ਇਹ ਉਦਮ, ਸਾਰੇ ਉੱਦਮਾਂ ਨਾਲੋਂ ਚੰਗਾ ਹੈ ।
         ਪ੍ਰਭੂ ਦਾ ਜੱਸ ਕੰਨਾਂ ਨਾਲ ਸੁਣਨਾ ਅਤੇ ਜ਼ਬਾਨ ਨਾਲ ਜੱਸ ਕਰਨਾ, ਆਤਮਕ ਜੀਵਨ ਦੇਣ ਵਾਲੀ ਇਹ ਬਾਣੀ, ਹੋਰ ਸਭ ਬਾਣੀਆਂ ਨਾਲੋਂ ਅੰਮ੍ਰਿਤ ਮਈ ਬਾਣੀ ਹੈ ।    
         ਹੇ ਨਾਨਕ, ਜਿਸ ਹਿਰਦੇ ਵਿਚ ਕਰਤਾਰ ਦਾ ਨਾਮ ਵੱਸਦਾ ਹੈ, ਉਹ ਸਭ ਅਸਥਾਨਾਂ ਨਾਲੋਂ ਪਵਿੱਤ੍ਰ ਅਸਥਾਨ ਹੈ।  
    ਇਵੇਂ ਹਮੇਸ਼ਾ ਗੁਰੂ ਦੇ ਭਾਣੇ ਵਿਚ ਚੱਲਣ ਅਤੇ ਗੁਰੂ ਵਲੋਂ ਦੱਸੇ ਧਰਮ ਨੂੰ ਨਿਭਾਉਣ ਵਾਲਾ ਸਿੱਖ, ਸਰਬੱਤ ਦਾ ਭਲਾ ਮੰਗਦਾ, ਦੁਨੀਆ ਦੀ ਕਿਸੇ ਵਲਗਣ ਵਿਚ ਨਹੀਂ ਸਮਾਉਂਦਾ। ਇਹੀ ਫਰਕ ਹੈ ਇਕ ਸਿੱਖ ਅਤੇ ਦੂਸਰੇ ਧਰਮਾਂ ਦੇ ਲੋਕਾਂ ਵਿਚਾਲੇ । (ਵੈਸੇ ਦੁਨੀਆਂ ਦੇ ਸਾਰੇ ਧਰਮਾਂ ਵਿਚਲੇ ਉਹ ਬੰਦੇ, ਜਿਨ੍ਹਾਂ ਦਾ ਵਾਹ ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਨਹੀਂ ਵੀ ਪਿਆ, ਜੋ ਇੰਸਾਨੀਅਤ ਦੇ ਰਾਹ ਤੇ ਚਲਦੇ ਹਨ, ਪਰਾਇਆ ਹੱਕ ਨਹੀਂ ਮਾਰਦੇ, ਮਨ ਵਿਚ ਕਿਸੇ ਦਾ ਬੁਰਾ ਨਹੀਂ ਚਿਤਵਦੇ, ਕਿਰਤ-ਕਮਾਈ ਨਾਲ ਗੁਜ਼ਾਰਾ ਕਰਦੇ ਹਨ, ਉਨ੍ਹਾਂ ਨੂੰ ਵੀ ਸਿੱਖਾਂ ਦੀ ਗਿਣਤੀ ਵਿਚ ਰੱਖਿਆ ਜਾ ਸਕਦਾ ਹੈ)  ਗੁਰੂ ਦੇ ਭਾਣੇ ਵਿਚ ਚੱਲਣ ਵਾਲਾ ਸਿੱਖ ਸਤਸੰਗਤ ਵਿਚ ਜੁੜ ਕੇ ਹੌਲੀ-ਹੌਲੀ ਪਰਮਾਤਮਾ ਨਾਲ ਜੁੜਨ ਦਾ ਉਪਰਾਲਾ ਕਰਦਾ ਹੈ । ਪ੍ਰਭੂ ਨਾਲ ਜੁੜਨ ਦਾ ਵਸੀਲਾ ਉਸ ਦੀ ਪ੍ਰੇਮਾ-ਭਗਤੀ ਹੀ ਹੈ, ਪ੍ਰੇਮਾ-ਭਗਤੀ ਨੂੰ ਸਮਝ ਲੈਣ ਵਾਲਾ ਬੰਦਾ ਹੀ ਖਾਲਸਾ ਹੋ ਨਿਬੜਦਾ ਹੈ। ਇਸ ਤੋਂ ਇਲਾਵਾ ਹੋਰ ਕਿਸੇ ਵਿਧੀ ਨਾਲ, ਆਪਣੇ ਨਾਮ ਨਾਲ ਖਾਲਸਾ ਲਿਖਿਆਂ, ਜਾਂ ਕੁਝ ਹੋਰ ਭੇਖ ਬਨਾਉਣ ਨਾਲ ਖਾਲਸਾ ਨਹੀਂ ਬਣਿਆ ਜਾ ਸਕਦਾ। ਗੁਰੂ ਗ੍ਰੰਥ ਸਾਹਿਬ ਜੀ ਇਸ ਦੀ ਪੁਸ਼ਟੀ ਇਵੇਂ ਕਰਦੇ ਹਨ,
          ਪਰਿਓ ਕਾਲੁ ਸਭੈ ਜਗ ਊਪਰਿ ਮਾਹਿ ਲਿਖੇ ਭ੍ਰਮ ਗਿਆਨੀ ॥
          ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ
॥4॥3॥   (654)
 ਅਰਥ:- ਸਾਰੇ ਜਗਤ ਤੇ ਕਾਲ ਦਾ ਡਰ ਪਸਰਿਆ ਹੋਇਆ ਹੈ, ਭਰਮ-ਭੁਲੇਖਿਆਂ ਵਿਚ ਫਸੇ ਹੋਏ ਗਿਆਨ-ਵਾਨ ਲੋਕ ਵੀ ਓਸੇ ਖਾਤੇ ਵਿਚ ਹੀ ਹਨ। ਹੇ ਕਬੀਰ ਆਖ, ਪ੍ਰਭੂ ਦੇ ਜਿਨ੍ਹਾਂ ਦਾਸਾਂ ਨੇ, ਸਤਸੰਗ ਵਿਚ ਜੁੜ ਕੇ ਉਸ ਦੀ ਪ੍ਰੇਮਾ-ਭਗਤੀ ਦੀ ਸੋਝੀ ਹਾਸਲ ਕਰ ਲਈ, ਉਹ ਕਾਲ ਦੇ ਚੱਕਰ ਵਿਚੋਂ ਨਿਕਲ ਕੇ, ਅਕਾਲ ਦੇ ਖਾਸ ਆਪਣੇ (ਖਾਲਸੇ) ਹੋ ਗਏ । ਅਜਿਹੇ ਖਾਲਸੇ ਫਿਰ ਲੋਭ-ਲਾਲਚ ਤੋਂ ਬਾਹਰੇ, ਸਵਾਰਥ ਰਹਿਤ ਹੋ ਕੇ,
          ਏਕ ਮਹਿ ਸਰਬ ਸਰਬ ਮਹਿ ਏਕਾ ਏਹ ਸਤਿਗੁਰਿ ਦੇਖਿ ਦਿਖਾਈ ॥5॥  (907)
ਦੇ ਧਾਰਨੀ ਹੋ ਗਏ, ਉਨ੍ਹਾਂ ਲਈ ਕੋਈ ਪਰਾਇਆ ਨਾ ਰਹਿ ਗਿਆ। ਉਹ ਸਾਰੇ ਕੰਮ, ਆਪਣੇ-ਆਪ ਨੂੰ ਮੁੱਖ ਰੱਖ ਕੇ ਨਹੀਂ, ਸਰਬੱਤ ਦੇ ਭਲੇ ਨੂੰ ਮੁੱਖ ਰੱਖ ਕੇ ਕਰਦੇ ਹਨ ।
   ਸਿੱਖਾਂ ਦਾ ਦੂਸਰੇ ਧਰਮਾਂ ਨਾਲ ਟਕਰਾਅ ਕਿੱਥੋਂ ਸ਼ੁਰੂ ਹੋਇਆ ?
       ਗੁਰੂ ਨਾਨਕ ਜੀ ਨੇ 9 ਸਾਲ ਦੀ ਉਮਰ ਵਿਚ, ਬ੍ਰਾਹਮਣ ਵਲੋਂ ਪਾਏ ਜਾਂਦੇ ਜਨੇਊ ਨੂੰ ਰੱਦ ਕਰਦਿਆਂ ਜਨੇਊ ਪਾਉਣ ਤੋਂ ਇੰਕਾਰ ਕੀਤਾ ਸੀ। ਸਿੱਖ ਅੱਜ ਤੱਕ ਇਸ ਫਲਸਫੇ, ਸਿਧਾਂਤ ਨੂੰ ਨਹੀਂ ਸਮਝ ਸਕੇ ਅਤੇ ਗੁਰੂ ਨਾਨਕ ਜੀ ਦੇ ਇਸ ਕੰਮ ਨੂੰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨਾਲ ਜੋੜ ਕੇ, ਦੋਵਾਂ ਨੂੰ ਜਨੇਊ ਦੁਆਲੇ ਹੀ ਘੁਮਾਈ ਜਾ ਰਹੇ ਹਨ,  
                 ਤਿਲਕ ਜੰਝੂ ਰਾਖਾ ਪ੍ਰਭ ਤਾ ਕਾ ।
                 ਕੀਨੋ ਬਡੋ ਕਲੂ ਮਹਿ ਸਾਕਾ ।
   
 ਜਦ ਕਿ ਗੁਰੂ ਨਾਨਕ ਜੀ ਦਾ ਇਹ ਕੰਮ, ਬ੍ਰਾਹਮਣ ਦੇ ਇਸ ਸਿਧਾਂਤ ਦਾ ਵਿਰੋਧ ਸੀ,
                 ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ ॥
                 ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ॥
                 ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ
॥1॥    (471)
    ਅਰਥਾਤ:- ਹੇ ਬ੍ਰਾਹਮਣ ਇਹ ਜੋ ਜਨੇਊ ਤੂੰ ਪਾਉਂਦਾ ਹੈਂ, ਇਹ ਤਾਂ ਤੂੰ ਚਾਰ ਕਉਡਾਂ ਮੁੱਲ ਦੇ ਕੇ ਮੰਗਵਾ ਲਿਆ, ਅਤੇ ਆਪਣੇ ਜਜਮਾਨ ਦੇ ਚਉਕੇ ਵਿਚ ਬੈਠ ਕੇ, ਉਸ ਦੇ ਗੱਲ ਵਿਚ ਪਾ ਦਿੱਤਾ। ਫਿਰ ਤੂੰ ਉਸ ਦੇ ਕੰਨ ਵਿਚ ਉਪਦੇਸ਼ ਦਿੰਤਾ ਕਿ , “ਅੱਜ ਤੋਂ ਤੇਰਾ ਗੁਰੁ, ਪਰਮਾਤਮਾ, ਸਭ ਤੋਂ ਵੱਡਾ ਦੇਵਤਾ, ਬ੍ਰਾਹਮਣ ਹੋ ਗਿਆ”    ਜਦ ਉਹ ਜਜਮਾਨ ਮਰ ਗਿਆ ਤਾਂ ਉਹ ਜਨੇਊ ਸ਼ਰੀਰ ਦੇ ਨਾਲ ਇਸ ਸੰਸਾਰ ਵਿਚ ਹੀ ਰਹਿ ਗਿਆ, ਆਤਮਾ ਦੇ ਨਾਲ ਨਹੀਂ ਗਿਆ, ਇਵੇਂ ਉਹ ਜਜਮਾਨ ਇਸ ਸੰਸਾਰ ਤੋਂ ਵੇਤੱਗਾ (ਜਨੇਊ ਤੋਂ ਬਗੈਰ) ਹੀ ਚਲਾ ਗਿਆ ।
 ਗੁਰੂ ਨਾਨਕ ਜੀ ਨੇ ਬ੍ਰਾਹਮਣ ਵਲੋਂ ਜਨੇਊ ਦੀ ਆੜ ਵਿਚ, ਰੱਬ ਵਲੋਂ ਸਿਰਜੇ, ਸਾਰੇ ਮਨੁੱਖਾਂ ਦੇ ਸਮਾਨਤਾ ਦੇ ਨਿਯਮ ਦੀ ਅਵੱਗਿਆ ਕਰ ਕੇ, ਹਿੰਦੂਆਂ ਨੂੰ ਆਪਣੇ ਗੁਲਾਮ ਬਨਾਉਣ ਦਾ ਵਿਰੋਧ ਕੀਤਾ ਹੈ । ਇਵੇਂ ਹੀ ਗੁਰੂ ਤੇਗ ਬਹਾਦਰ ਜੀ ਨੇ ਮੁਸਲਮਾਨਾਂ ਵਲੋਂ ਬ੍ਰਾਹਮਣ ਦੇ ਜਨੇਊ ਲਾਹੁਣ ਦੀ ਆੜ ਵਿਚ ਹਿੰਦੂਆਂ ਨੂੰ ਆਪਣੇ ਅਧੀਨ ਕਰਨ (ਆਪਣੀ ਲੁੱਟ ਦਾ ਘੇਰਾ ਵਧਾਉਣ) ਲਈ, ਪਰਮਾਤਮਾ ਵਲੋਂ ਸਿਰਜੇ ਇਕ-ਸਾਰਤਾ ਦੇ ਕਾਨੂਨ ਦੀ ਅਵੱਗਿਆ ਕਰਨ ਦਾ ਵਿਰੋਧ ਕਰਦਿਆਂ ਸ਼ਹਾਦਤ ਦਿੱਤੀ ਸੀ। ਇਨ੍ਹਾਂ ਦੋਵਾਂ ਘਟਨਾਵਾਂ ਵਿਚ ਭਾਵੇਂ ਜਨੇਊ ਦੀ ਗੱਲ ਹੈ , ਪਰ ਜਨੇਊ ਤਾਂ ਇਕ ਆੜ ਮਾਤ੍ਰ ਹੀ ਸੀ, ਅਸਲ ਟੀਚਾ ਤਾਂ ਕੁਝ ਹੋਰ ਹੀ ਸੀ, ਜਿਸ ਨੂੰ ਸਮਝਣ ਦੀ ਸਾਨੂੰ ਲੋੜ ਹੈ।  ਜੇ ਸਿੱਖੀ ਵੀ ਦੂਸਰੇ ਧਰਮਾਂ ਵਾਙ ਹੀ ਇਕ ਧਰਮ ਹੁੰਦਾ ਤਾਂ ਗੁਰੂ ਸਾਹਿਬ, ਸਿਰਫ ਆਪਣੇ ਧਰਮ ਦੀ ਗੱਲ ਕਰਦੇ, ਦੂਸਰਿਆਂ ਨੂੰ ਬਚਾਉਣ ਦੀ ਗੱਲ ਨਾ ਕਰਦੇ ।
  ਇਹੀ ਦੂਸਰੇ ਧਰਮਾਂ ਨਾਲ ਟਕਰਾਉ ਦਾ ਕਾਰਨ ਬਣਿਆ। ਕਿਉਂਕਿ ਦੁਨੀਆਂ ਦੇ ਸਾਰੇ ਧਰਮਾਂ ਵਿਚ, ਅਲੱਗ-ਅਲੱਗ ਨਾਵਾਂ ਹੇਠ ‘ਗੁਰੁ ਬ੍ਰਾਹਮਣ’ ਵਿਚਰ ਰਿਹਾ ਹੈ, (ਕਿਸੇ ਵਿਚ ਕਾਜ਼ੀ ਅਤੇ ਮੁੱਲਾਂ ਦੇ ਰੂਪ ਵਿਚ, ਕਿਸੇ ਵਿਚ ਫਾਦਰ ਅਤੇ ਪੋਪ ਦੇ ਰੂਪ ਵਿਚ, ਅਤੇ ਦੂਸਰਿਆਂ ਵਿਚ ਕਿਸੇ ਹੋਰ ਰੂਪ ਵਿਚ)  ਇਸ ਕਰ ਕੇ ਹੀ ਸਿੱਖੀ ਨੂੰ ਖਤਮ ਕਰਨ ਲਈ, ਖਾਲੀ ਬ੍ਰਾਹਮਣ ਹੀ ਆਪਣਾ ਟਿੱਲ ਨਹੀਂ ਲਾ ਰਿਹਾ, ਆਪਣੇ ਸਮੇ ਮੁਸਲਮਾਨਾਂ ਨੇ ਵੀ ਪੂਰਾ ਟਿੱਲ ਲਾਇਆ ਅਤੇ ਘੱਟ ਅੰਗਰੇਜ਼ਾਂ ਨੇ ਵੀ ਨਹੀ ਕੀਤੀ ।         (ਚਲਦਾ)

              ਅਮਰ ਜੀਤ ਸਿੰਘ ਚੰਦੀ  
                     28-10-15

 
 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.