ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਸਿੱਖ ! ਸਰਬੱਤ ਖਾਲਸਾ ! ਅਤੇ ਸਿੱਖਾਂ ਦਾ ਟੀਚਾ ? (ਭਾਗ ਦੂਜਾ)
ਸਿੱਖ ! ਸਰਬੱਤ ਖਾਲਸਾ ! ਅਤੇ ਸਿੱਖਾਂ ਦਾ ਟੀਚਾ ? (ਭਾਗ ਦੂਜਾ)
Page Visitors: 2600

ਸਿੱਖ ! ਸਰਬੱਤ ਖਾਲਸਾ ! ਅਤੇ ਸਿੱਖਾਂ ਦਾ ਟੀਚਾ ?  (ਭਾਗ ਦੂਜਾ)
 ਵਿਚਾਰਾਂ ਦੀ ਇਸ ਲੜਾਈ ਵਿਚ ਸਿੱਖਾਂ ਦਾ ਹਥਿਆਰ “ਸਰਬੱਤ-ਖਾਲਸਾ”
    ਅੱਜ ਦੇ ਹਾਲਾਤ ਵਿਚ, ਜਦੋਂ ਕਿ ਅਸੀਂ 5-7 ਸਰਬੱਤ-ਖਾਲਸਾ ਤਾਂ ਆਪ ਵੇਖ ਚੁੱਕੇ ਹਾਂ ਅਤੇ ਦੋ ਸਰਬੱਤ-ਖਾਲਸਾ ਇਕੱਠ ਮਿਥੇ ਜਾ ਚੁੱਕੇ ਹਨ, ਅਤੇ ਸਰਬੱਤ-ਖਾਲਸਾ ਬਾਰੇ ਕੁਝ ਬਿਆਨ ਵੀ ਆ ਚੁੱਕੇ ਹਨ, ਤਾਂ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਸਰਬੱਤ-ਖਾਲਸਾ ਬਾਰੇ ਵੱਧ-ਤੋਂ-ਵੱਧ ਖੋਜ ਕੀਤੀ ਜਾਵੇ, ਤਾਂ ਜੋ ਸਰਬੱਤ-ਖਾਲਸਾ ਦੇ ਸਿਧਾਂਤ ਦਾ ਹੋਰ ਮਜ਼ਾਕ ਬਨਣ ਤੋਂ ਰੋਕਿਆ ਜਾ ਸਕੇ।
   “ਸਰਬੱਤ-ਖਾਲਸਾ” ਕੀ ਹੈ ?
ਜਿਵੇਂ ਕਿ ਇਸ ਦੇ ਨਾਮ ਤੋਂ ਹੀ ਜ਼ਾਹਰ ਹੈ, ਦੁਨੀਆਂ ਦੇ ਸਾਰੇ ਪਾਹੁਲ-ਧਾਰੀ ਸਿੱਖਾਂ ਦੇ ਪ੍ਰਤੀ-ਨਿਧੀ ਇਕੱਠ ਨੂੰ ਸਰਬੱਤ-ਖਾਲਸਾ ਕਿਹਾ ਜਾਂਦਾ ਹੈ। 
    ਸਰਬੱਤ-ਖਾਲਸਾ ਇਕੱਠ ਵਿਚ ਸ਼ਾਮਲ ਹੋਣ ਵਾਲੇ ਸਿੱਖ ਦੀ ਲਿਆਕਤ ?
 ਗੁਰੂ-ਗ੍ਰੰਥ ਸਾਹਿਬ ਜੀ ਵਿਚ ਕੁਝ ਸੇਧ ਇਵੇਂ ਹੈ,
 (ਹਾਲਾਂਕਿ ਗੁਰੂ-ਗ੍ਰੰਥ ਸਾਹਿਬ ਜੀ ਵਿਚ ਇਸ ਬਾਰੇ ਹੋਰ ਵੀ ਬਹੁਤ ਕੁਝ ਹੋਵੇਗਾ, ਪਰ ਮੈਨੂੰ ਆਪਣੀ ਅਲਪ-ਮੱਤ ਅਨੁਸਾਰ, ਉਸ ਵਿਚੋਂ ਜੋ ਕੁਝ ਵੀ ਮਿਲਿਆ ਹੈ, ਉਸ ਨੂ ਹੀ ਪੇਸ਼ ਕਰ ਰਿਹਾ ਹਾਂ)
     1.   ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥
          ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ
 ॥1॥ਰਹਾਉ॥  (727)
   ਅਰਥ:-ਹੇ ਬੰਦੇ, ਵਾਦ-ਵਿਵਾਦ ਰੂਪੀ ਘਬਰਾਹਟ ਵਿਚ ਨਾ ਭਟਕ, ਇਹ ਦੁਨੀਆ ਜਾਦੂ ਰੂਪੀ ਤਮਾਸ਼ਾ ਜਿਹਾ ਹੈ, ਇਸ ਦੀ ਅਸਲੀਅਤ ਅਤੇ ਇਸ ਦੇ ਵਿਖਾਵੇ ਵਿਚ ਬਹੁਤ ਫਰਕ ਹੈ, ਇਸ ਵਿਚੋਂ ਵਾਦ-ਵਿਵਾਦ ਰਾਹੀਂ ਕੁਝ ਵੀ ਹੱਥ-ਪੱਲੇ ਨਹੀਂ ਪੈਣ ਵਾਲਾ, ਕੁਝ ਵੀ ਹਾਸਿਲ ਨਹੀਂ ਹੋਣ ਵਾਲਾ। ਤੂੰ ਆਪਣੇ ਦਿਲ ਨੂੰ ਹੀ ਹਰ ਰੋਜ, ਹਰ ਵੇਲੇ ਖੋਜਿਆ ਕਰ, ਉਸ ਦੀ ਪੜਤਾਲ ਰਾਹੀਂ ਹੀ ਤੈਨੂੰ ਪਤਾ ਲੱਗੇਗਾ ਕਿ, ਤੂੰ ਕੋਈ ਅਜਿਹਾ ਕੰਮ ਤਾਂ ਨਹੀਂ ਕਰ ਰਿਹਾ, ਜੋ ਗੁਰਮਤਿ ਦੇ ਸਿਧਾਂਤ ਦੇ ਉਲਟ ਹੋਵੇ। 
        (ਅਜਿਹਾ ਬੰਦਾ ਹੋਵੇ, ਜੋ ਦਿਲੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਨਾਲ ਜੁੜਿਆ ਹੋਇਆ ਹੋਵੇ)          ਅਤੇ,                
     2.   ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ ॥
           ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ ॥ 
           ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ
 ॥5॥    (417)
   ਅਰਥ:- ਜੇ ਪਹਿਲਾਂ ਹੀ ਆਪਣੇ ਦਿਲ ਨੂੰ ਖੋਜਦਿਆਂ, ਆਪਣੀਆਂ ਜ਼ਿਮੇਵਾਰੀਆਂ ਪ੍ਰਤੀ ਸੁਚੇਤ ਰਹੀਏ, ਤਾਂ ਫਿਰ ਸਜ਼ਾ ਕਿਉਂ ਮਿਲੇ ? ਪਰ ਇਨ੍ਹਾਂ ਪਠਾਣ ਬਾਦਸ਼ਾਹਾਂ ਨੇ ਤਾਂ ਐਸ਼ ਵਿਚ, ਰੰਗ-ਤਮਾਸ਼ਿਆਂ ਵਿਚ ਫਸ ਕੇ ਆਪਣਾ ਫਰਜ਼ ਹੀ ਭੁਲਾਅ ਦਿੱਤਾ ਸੀ। ਹੁਣ ਜਦੋਂ ਬਾਬਰ ਦਾ ਹੂੰਝਾ ਫਿਰਿਆ ਹੈ ਤਾਂ ਆਮ ਆਦਮੀ ਤੇ ਦੂਰ ਕਿਸੇ ਸ਼ਹਿਜ਼ਾਦੇ ਨੂੰ ਵੀ ਖਾਣ ਲਈ ਰੋਟੀ ਨਹੀਂ ਮਿਲ ਰਹੀ।
   (ਐਸਾ ਬੰਦਾ ਹੋਵੇ, ਜੋ ਹਰ ਵੇਲੇ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਰਹਿ ਕੇ, ਆਉਣ ਵਾਲੀ ਮੁਸੀਬਤ ਦਾ ਅੰਦਾਜ਼ਾ ਲਾ ਕੇ, ਉਸ ਤੋਂ ਬਚਣ ਦੀ ਵਿਉਂਤ-ਬੰਦੀ ਕਰ ਸਕੇ।                      ਅਤੇ,  
     3.   ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥
           ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ
॥1॥    (1185)
   ਅਰਥ:- ਹੇ ਮੇਰੇ ਭਾਈ, ਹੇ ਮੇਰੇ ਵੀਰ, ਹਮੇਸ਼ਾ ਇਕੱਠੇ ਹੋ ਕੇ, ਮਿਲ ਬੈਠ ਕੇ ਆਪਸ ਵਿਚਲੀ ਦੁਬਿਧਾ ਦੂਰ ਕਰਿਆ ਕਰੋ, ਤਾਂ ਜੋ ਆਪਸ ਵਿਚ ਕੋਈ ਵਖਰੇਵਾਂ ਨਾ ਰਹੇ ।
   ਇਵੇਂ ਸਭ ਜਿਣੇ ਗੁਰਮੁਖਿ ਹੋ ਕੇ, ਸਫ ਵਿਛਾ ਕੇ, ਸਾਰੇ ਜਿਣੇ ਬਰਾਬਰ ਹੋ ਕੇ, (ਭਾਵੇਂ ਸਫ ਵਿਛਾ ਕੇ, ਭਾਵੇਂ ਦਰੀ ਵਿਛਾ ਕੇ ਜਾਂ ਕੁਰਸੀਆਂ ਤੇ ਬੈਠ ਕੇ) ਹਰੀ ਦੇ ਨਾਮ ਦੇ ਜੋੜੀਦਾਰ, ਪਰਮਾਤਮਾ ਦੇ ਹੁਕਮ, ਰੱਬ ਦੀ ਰਜ਼ਾ ਵਿਚ ਚੱਲਣ ਵਾਲੇ ਬਣਿਆ ਕਰੋ।
       (ਉਸ ਬੰਦੇ ਦਾ ਟੀਚਾ, ਸਾਰਿਆਂ ਨਾਲ ਬਰਾਬਰੀ ਦਾ ਵਿਹਾਰ ਕਰਦਿਆਂ, ਕਰਤਾਰ ਦੀ ਰਜ਼ਾ ਵਿਚ, ਖੁਸ਼ੀ ਪੂਰਵਕ ਚੱਲਣ ਦਾ ਹੋਵੇ)                
    ਇਨ੍ਹਾਂ ਗੁਣਾਂ ਦਾ ਧਾਰਨੀ ਬੰਦਾ ਕਦੇ ਵੀ ਸਵਾਰਥੀ ਨਹੀਂ ਹੋ ਸਕਦਾ, ਅਜਿਹੇ ਬੰਦੇ ਹੀ ਸਵਾਰਥ ਰਹਿਤ, ਸਰਬੱਤ ਦੇ ਭਲੇ ਵਾਲੇ ਫੈਸਲੇ ਕਰ ਸਕਦੇ ਹਨ, ਐਸੇ ਬੰਦੇ ਹੀ ਸਰਬੱਤ-ਖਾਲਸਾ ਵਿਚ ਭਾਗ ਲੈਣ ਦੇ ਅੀਧਕਾਰੀ ਹੋ ਸਕਦੇ ਹਨ।
        ਅੱਜ ਦਾ ਪ੍ਰਚਲਤ ਹੋਇਆ ਸਰਬੱਤ-ਖਾਲਸਾ ?
     ਸਿੱਖਾਂ ਵਿਚ ਅੱਜ ਜੋ ਸਰਬੱਤ-ਖਾਲਸਾ ਪ੍ਰਚਲਤ ਕਰ ਦਿੱਤਾ ਗਿਆ ਹੈ ਉਹ ਕੁਝ ਇਵੇਂ ਹੈ,  ਕੋਈ ਵੀ ਇਕ ਲੀਡਰ ਜਾਂ ਇਕ ਧੜਾ, ਜਾਂ ਦੋ ਤਿੰਨ ਧੜੇ ਮਿਲ ਕੇ, ਕੁਝ ਪੈਸੇ ਖਰਚ ਕੇ, ਸਰਬੱਤ-ਖਾਲਸਾ ਦੇ ਨਾਮ ਤੇ ਇਕ ਇਕੱਠ ਸੱਦਦੇ ਹਨ, (ਉਹ ਭਾਵੇਂ ਆਪਣੇ ਨਾਮ ਤੇ ਇਕੱਠ ਕਰਨ ਜਾਂ ਅਕਾਲ-ਤਖਤ ਦੇ ਜਥੇਦਾਰ ਨੂੰ ਆਪਣਾ ਮੋਹਰਾ ਬਣਾ ਕੇ ਉਸ ਵਲੋਂ ਇਕੱਠ ਸੱਦਣ) ਇਵੇਂ ਕੁਝ ਹਜ਼ਾਰ ਬੰਦੇ ਇਕੱਠੇ ਹੋ ਕੇ ਸਰਬੱਤ ਖਾਲਸਾ ਬਣ ਜਾਂਦੇ ਹਨ। ਪ੍ਰਬੰਧ ਕਰਤਾ 3-4 ਘੰਟੇ ਕੁਝ ਬੁਲਾਰਿਆਂ ਨੂੰ ਸਮਾ ਦੇ ਕੇ, ਫਿਰ ਆਪਣੀ ਗੱਲ ਸਾਮ੍ਹਣੇ ਰੱਖਦੇ ਹਨ, ਪਹਿਲਾਂ ਤੋਂ ਹੀ ਤਿਆਰ ਕੀਤੇ ਮਤੇ, ਉਸ ਇਕੱਠ ਕੋਲੋਂ ਜੈਕਾਰਿਆਂ ਨਾਲ ਪਾਸ ਕਰਵਾਉਂਦੇ ਹਨ। ਉਸ ਦੀ ਰਿਪੋਰਟ ਮੀਡੀਏ ਨੂੰ ਭੇਜ ਕੇ, ਉਸ ਦੀ ਵੀਡੀਓ ਆਪਣੇ ਕੋਲ ਸਾਂਭ ਲੈਂਦੇ ਹਨ, ਅਤੇ ਵੇਲਾ ਆਉਣ ਤੇ ਉਸ ਨੂੰ ਵਰਤ ਕੇ ਆਪਣੀ ਸਵਾਰਥ-ਸਿੱਧੀ ਕਰਦੇ ਹਨ ।
  ਸ਼੍ਰੋਮਣੀ ਕਮੇਟੀ ਦੇ ਪਰਧਾਨ, ਆਪਣੇ ਮੁਲਾਜ਼ਮ ਪੰਜ ਪਿਆਰਿਆ ਨੂੰ ਹੀ ਸਰਬੱਤ-ਖਾਲਸਾ ਦੱਸਦੇ ਹਨ। ਬੀਬੀ ਜਗੀਰ ਕੌਰ ਨੇ ਤਾਂ ਸ਼੍ਰੋਮਣੀ ਕਮੇਟੀ ਨੂੰ ਹੀ ਸਰਬੱਤ-ਖਾਲਸਾ ਦੱਸਿਆ ਹੈ । ਇਵੇਂ ਕਈ ਵਿਚਾਰਕ ਸਿੱਖਾਂ ਵਿਚਲੀਆਂ ਜਥੇਬੰਦੀਆਂ ਦੇ ਨਮਾਇੰਦਿਆਂ ਦੇ ਇਕੱਠ ਨੂੰ ਹੀ ਸਰਬੱਤ-ਖਾਲਸਾ ਕਹਿੰਦੇ ਹਨ। (ਸਿੱਖਾਂ ਵਿਚਲੀਆਂ ਹਜਾਰਾਂ ਜਥੇਬੰਦੀਆਂ, ਜਿਨ੍ਹਾਂ ਵਿਚੋਂ ਬਹੁਤੀਆਂ ਤਾਂ ਸਿੱਖੀ-ਸਿਧਾਂਤ ਦੀ ਉਲੰਘਣਾ ਕਰਦੀਆਂ ਹਨ, ਕਈ ਸੈਂਕੜੇ ਤਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਇਕ ਜਾਂ ਦੋ ਬੰਦੇ ਹੀ ਮੀਡੀਏ ਦੇ ਬਲ ਤੇ ਚਲਾ ਰਹੇ ਹਨ। ਕੁਝ ਅਜਿਹੀਆਂ ਵੀ ਹਨ, ਜਿਨ੍ਹਾਂ ਦਾ ਟੀਚਾ,ਸਵਾਰਥ ਸਿੱਧੀ ਰਾਹੀਂ ਪੈਸੇ ਇਕੱਠੇ ਕਰਨਾ ਹੈ।(ਜਿਸ ਦੇ ਸਿੱਟੇ ਵਜੋਂ ਉਹ ਸਿੱਖੀ ਦੀ ਬੇੜੀ ਡੋਬਣ ਲਈ ਮੋਹਰੇ ਬਣਦੇ ਹਨ)। ਬਹੁਤ ਘੱਟ ਅਜਿਹੀਆਂ ਹਨ, ਜਿਨ੍ਹਾਂ ਦਾ ਟੀਚਾ ਸਿੱਖੀ ਬਚਾਉਣ ਦਾ ਹੈ। ਸਿੱਖੀ ਵਿਚਲੀਆਂ ਇਹ ਜਥੇਬੰਦੀਆਂ, ਕੀ ਆਪਸ ਵਿਚਲੀ ਦੁਵਿਧਾ ਦੂਰ ਕਰ ਸਕਦੀਆਂ ਹਨ ? ਆਪੋ-ਆਪਣੇ ਸਵਾਰਥ ਵਿਚ ਫਸੀਆਂ ਇਹ ਜਥੇਬੰਦੀਆਂ, ਆਪਣੇ ਆਗੂ ਨੂ ਹੀ ਪੂਰੇ ਪੰਥ ਤੇ ਥੋਪਣ ਦੀਆਂ ਚਾਹਵਾਨ ਹਨ, ਇਵੇਂ ਉਹ ਪੰਥ ਦਾ ਕੁਝ ਨਹੀਂ ਸਵਾਰ ਸਕਦੀਆਂ,ਬਲਕਿ ਸਰਬੱਤ-ਖਾਲਸਾ ਦੇ ਅਣਮੋਲ ਸਿਧਾਂਤ ਦਾ ਮਜ਼ਾਕ ਬਨਾਉਣ ਦਾ ਕਾਰਨ ਹੀ ਬਣ ਸਕਦੀਆਂ ਹਨ ।(ਜਿਵੇਂ ਪਿਛਲੇ ਕੁਝ ਸਰਬੱਤ-ਖਾਲਸਾ ਇਕੱਠਾਂ ਦਾ ਬਣ ਚੁੱਕਾ ਹੈ)
   ਇਸ ਬਾਰੇ ਫੈਸਲਾ ਕਰਨ ਲਈ ਸਰਬੱਤ-ਖਾਲਸਾ ਦਾ ਇਤਿਹਾਸ ਫੋਲਣਾ ਲਾਹੇਵੰਦ ਹੋ ਸਕਦਾ ਹੈ ।
             ਸਰਬੱਤ-ਖਾਲਸਾ ਦਾ ਇਤਿਹਾਸ ਕੀ ਹੈ ?
  ਇਸ ਬਾਰੇ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਪੰਜਾਂ ਪਿਆਰਿਆਂ ਦੀ ਸੰਸਥਾ ਦਾ ਵਿਸਲੇਸ਼ਨ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਹਰ ਕਿਸੇ ਆਗੂ ਨੇ  
ਆਪਣੇ ਸਵਾਰਥ ਲਈ ਪੰਜ ਪਿਆਰਿਆਂ ਦੀ ਸੰਸਥਾਂ ਦਾ ਦੁਰ-ਉਪਯੋਗ ਕਰ ਕੇ ਇਸ ਅੱਤ-ਸਤਿਕਾਰਤ ਸੰਸਥਾ ਦਾ ਵੀ ਮਜ਼ਾਕ ਬਣਾਇਆ ਹੈ ਅਤੇ ਇਸ ਦੀ ਆੜ ਵਿਚ ਹੋਰ ਕੁਝ ਸਤਿਕਾਰਤ ਸੰਸਥਾਵਾਂ ਦੇ ਸਤਿਕਾਰ ਨੂੰ ਵੀ ਖੋਰਾ ਲਾਇਆ ਹੈ। ਆਉ ਜ਼ਰਾ ਵਿਸਥਾਰ ਨਾਲ ਵਿਚਾਰ ਕਰਦੇ ਹਾਂ,
    1699 ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦ-ਪੁਰ ਸਾਹਿਬ ਵਿਚ ਵੈਸਾਖੀ ਦਾ ਇਕੱਠ ਸੱਦ ਕੇ, (ਖਾਲਸਾ ਸਾਜਿਆ ਨਹੀਂ ਸੀ, ਕਿਉਂਕਿ ਖਾਲਸਾ ਤਾਂ ਗੁਰੂ ਨਾਨਕ ਜੀ ਵੇਲੇ ਵੀ ਸੀ) ਸਿੱਖਾਂ ਦੀ ਪਰਖ ਕੀਤੀ ਸੀ ਕਿ, 230 ਸਾਲਾਂ ਤੋਂ ਵੱਧ ਦੇ ਸਮੇ ਵਿਚ ਸਿੱਖ, ਸਿੱਖੀ ਸਿਧਾਂਤ ਵਿਚ ਕਿੰਨਾ-ਕੁ ਪਰਪੱਕ ਹੋਏ ਹਨ ? ਜਦ ਸਿੱਖ ਪੂਰੇ ਜਾਹੋ-ਜਲਾਲ ਨਾਲ ਪਾਸ ਹੋਏ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ ਦੀ ਸੰਸਥਾ ਬਣਾ ਕੇ ਉਨ੍ਹਾਂ ਦਾ ਕੰਮ ਉਨ੍ਹਾਂ ਨੂੰ ਸੌਂਪ ਦਿੱਤਾ। 
          ਪੰਜਾਂ ਪਿਆਰਿਆਂ ਦਾ ਕੰਮ ਕੀ ਹੈ ?
  ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਦੀ ਪਰਖ ਉਪਰਾਂਤ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਪੰਜਾਂ ਕਕਾਰਾਂ ਸਮੇਤ, ਪੰਥ ਦੀ ਵਰਦੀ ਸੌਂਪੀ, ਫਿਰ ਖੰਡੇ-ਬਾਟੇ ਦੀ ਪਾਹੁਲ ਤਿਆਰ ਕਰ ਕੇ ਉਨ੍ਹਾਂ ਨੂੰ (ਨਵੀਂ ਵਿਧੀ ਅਨੁਸਾਰ) ਪੰਥ ਵਿਚ ਸ਼ਾਮਲ ਕੀਤਾ ਅਤੇ ਨਾਮ ਦੇ ਨਾਲ “ਸਿੰਘ” ਲਾਉਣ ਦਾ ਹੁਕਮ ਕੀਤਾ। (ਇਸ ਤੋਂ ਪਹਿਲਾਂ ਗੁਰੂ ਸਾਹਿਬ ਆਪ ਨਵੇਂ ਸਿੱਖ ਨੂੰ ਪੰਥ ਵਿਚ ਸ਼ਾਮਲ ਕਰਦੇ ਸਨ, ਹੁਣ ਉਨ੍ਹਾਂ ਨੇ ਪੰਜ ਪਿਆਰਿਆਂ ਦੀ ਸੰਸਥਾ ਨੂੰ ਨਵੇਂ ਸਿੱਖਾਂ ਨੂੰ ਪੰਥ ਵਿਚ ਸ਼ਾਮਲ ਕਰਨ ਦਾ ਅਧਿਕਾਰ ਦਿੱਤਾ) ਫਿਰ ਇਹ ਦ੍ਰਿੱੜ ਕਰਵਾਉਣ ਲਈ ਕਿ ਅੱਜ ਤੋਂ ਸਿੱਖੀ ਵਿਚ ਪਰਵੇਸ਼ ਕਰਵਾਉਣ ਦਾ ਅਧਿਕਾਰ ਸਿਰਫ-ਤੇ-ਸਿਰਫ ਪੰਜਾਂ ਪਿਆਰਿਆਂ ਨੂੰ ਹੈ, ਉਨ੍ਹਾਂ ਕੋਲੋਂ ਆਪ ਵੀ ਖੰਡੇ-ਬਾਟੇ ਦੀ ਪਾਹੁਲ ਲਈ ਅਤੇ ਆਪਣਾ ਨਾਮ ਗੋਬਿੰਦ ਰਾਇ ਤੋਂ “ਗੋਬਿੰਦ ਸਿੰਘ” ਕੀਤਾ।
   ਗੁਰੂ ਸਾਹਿਬ ਨੇ ਤਾਂ ਬ੍ਰਾਹਮਣ ਦਾ ਵਰਨ-ਵੰਡ ਵਾਲਾ ਵਿਧਾਨ, (ਕਿ ਬ੍ਰਾਹਮਣ ਦਾ ਬੱਚਾ ਬ੍ਰਾਹਮਣ, ਕਸ਼ੱਤ੍ਰੀ ਦਾ ਬੱਚਾ ਕਸ਼ੱਤ੍ਰੀ, ਵੈਸ਼ ਦਾ ਬੱਚਾ ਵੈਸ਼ ਅਤੇ ਸ਼ੂਦਰ ਦਾ ਬੱਚਾ ਸ਼ੂਦਰ ਹੀ ਹੁੰਦਾ ਹੈ) ਰੱਦ ਕੀਤਾ ਸੀ, ਫਿਰ ਸਿੱਖਾਂ ਵਿਚ ਇਹ ਕਿਵੇਂ ਪ੍ਰਚਲਤ ਹੋ ਗਿਆ ਕਿ ਸਿੱਖ ਦਾ ਬੱਚਾ ਸਿੱਖ ਹੀ ਹੁੰਦਾ ਹੈ ? ਉਹ ਬਿਨਾ ਪਾਹੁਲ ਲਿਆਂ ਵੀ ਸਿੱਖ ਹੀ ਹੋਵੇਗਾ। ਇਹੀ ਕਾਰਨ ਹੈ ਕਿ ਸਿੱਖ ਬਣਨ ਦਾ ਚਾਹਵਾਨ ਭਾਵੇਂ ਸਿੱਖ ਦਾ ਬੱਚਾ ਹੋਵੇ, ਜਾਂ ਦੁਨੀਆ ਦੇ ਕਿਸੇ ਹੋਰ ਧਰਮ ਦਾ ਉਸ ਨੂੰ ਸਿੱਖੀ ਵਿਚ ਪਰਵੇਸ਼ ਲੈਣ ਲਈ ਖੰਡੇ-ਬਾਟੇ ਦੀ ਪਾਹੁਲ ਲੈਣੀ ਜ਼ਰੂਰੀ ਹੈ, ਜਿਸ ਨੂੰ ਦੇਣ ਦੇ ਅਧਿਕਾਰੀ, ਹੁਣ ਸਦੀਵੀ ਤੌਰ ਤੇ ਪੰਜ-ਪਿਆਰੇ ਹਨ।   ਉਸ ਦਿਨ ਪੰਜਾਂ ਪਿਆਰਿਆਂ ਨੇ ਹਜ਼ਾਰਾਂ ਸਿੱਖਾਂ ਨੂੰ ਪਾਹੁਲ ਦੇ ਕੇ “ਸਿੰਘ” ਸਜਾਇਆ। ਇਹ ਗੱਲ ਵੀ ਓਸੇ ਦਿਨ ਹੀ ਸਾਫ ਹੋ ਗਈ ਸੀ ਕਿ, ਪੰਜ ਪਿਆਰੇ ਨਿਸਚਿਤ ਨਹੀਂ ਹਨ ਬਲਕਿ ਕੋਈ ਵੀ ਪੰਜ ਤਿਆਰ-ਬਰ-ਤਿਆਰ ਸਿੰਘ, (ਜਿਨ੍ਹਾਂ ਨੇ ਪਾਹੁਲ ਲਈ ਹੋਵੇ) ਇਕੱਠੇ ਹੋ ਕੇ, ਸਿੰਘ ਬਣਨ ਦੇ ਚਾਹਵਾਨ ਸਿੱਖਾਂ ਨੂੰ ਪਾਹੁਲ ਦੇ ਕੇ ਪੰਥ ਵਿਚ ਸ਼ਾਮਲ ਕਰ ਸਕਦੇ ਹਨ।
ਅੱਜ-ਕਲ ਤਾਂ ਹਰ ਸੰਤ-ਸਮਾਜੀਏ ਦੇ ਆਪਣੇ ਪੇਡ (ਤੰਖਾਹਦਾਰ) ਪੰਜ-ਪਿਆਰੇ ਹਨ, ਹਰ ਡੇਰੇਦਾਰ ਦੇ ਆਪਣੇ ਨੌਕਰ ਪੰਜ-ਪਿਆਰੇ ਹਨ, ਹਰ ਸੰਸਥਾ ਦੇ ਆਪਣੇ ਨੌਕਰ ਪੰਜ-ਪਿਆਰੇ ਹਨ, ਹਰ ਸੰਤ-ਸਮਾਜੀਏ ਦੀ ਆਪਣੀ ਰਹਿਤ ਮਰਯਾਦਾ ਹੈ, ਹਰ ਡੇਰੇਦਾਰ ਦੀ ਆਪਣੀ ਰਹਿਤ ਮਰਯਾਦਾ ਹੈ, ਹਰ ਸੰਸਥਾ ਦੀ ਆਪਣੀ ਰਹਿਤ ਮਰਯਾਦਾ ਹੈ, ਅਤੇ ਇਹ ਪੰਜ-ਪਿਆਰੇ, ਖੰਡੇ-ਬਾਟੇ ਦੀ ਪਾਹੁਲ (ਜਿਸ ਨੂੰ ਅੱਜ-ਕਲ ਅੰਮ੍ਰਿਤ ਕਿਹਾ ਜਾਂਦਾ ਹੈ) ਦੀ ਆੜ ਲੈ ਕੇ ਸਿੱਖਾਂ ਵਿਚ ਵੰਡੀਆਂ ਪਾਉਂਦੇ, ਆਪਣੇ-ਆਪਣੇ ਮਾਲਕਾਂ ਦੀ ਰਹਿਤ ਮਰਯਾਦਾ ਦ੍ਰਿੜ੍ਹ ਕਰਵਾਉਂਦੇ ਹਨ, ਤਾਂ ਹੀ ਸਾਰਾ ਸਿੱਖ ਜਗਤ ਖੱਖੜੀਆਂ ਹੋਇਆ ਪਿਆ ਹੈ, ਅਤੇ ਸਿੱਖਾਂ ਲਈ, ਪੰਜਾਂ ਪਿਆਰਿਆਂ ਦੇ ਮਾਲਕ, ਇਹ ਟਕਸਾਲਾਂ ਵਾਲੇ, ਇਹ ਡੇਰੇਦਾਰ, ਇਹ ਅਲੱਗ-ਅਲੱਗ ਸੰਸਥਾਵਾਂ ਵਾਲੇ, ਸੰਤ-ਬ੍ਰਹਮ ਗਿਆਨੀ, ਮਹਾਂਪੁਰਖ, ਰੱਬ ਤੋਂ ਵੀ ਉਪਰ ਹਨ, ਕਿਉਂਕਿ ਜੋ ਚੀਜ਼ ਰੱਬ ਨਹੀਂ ਦੇ ਸਕਿਆ ਉਹ ਚੀਜ਼ ਇਹ ਸੰਤ-ਬ੍ਰਹਮਗਿਆਨੀ ਥੋਕ ਵਿਚ ਦੇਂਦੇ ਸੁਣੇ ਜਾ ਸਕਦੇ ਹਨ। ਇਵੇਂ ਸਿੱਖੀ ਦੇ ਤਿੰਨ ਸਿਧਾਂਤ, ਸਿੱਖੀ ਵਿਚ ਪਰਵੇਸ਼,(ਪੰਜ ਪਿਆਰੇ) ਪੰਚਾਇਤ (ਆਪਸੀ ਝਗੜੇ ਨਬੇੜਨ ਵਾਲੇ ਪੰਜ ਸਿੱਖ) ਅਤੇ ਸਰਬੱਤ-ਖਾਲਸਾ ਨੂੰ ਰਲਗੱਡ ਕਰ ਕੇ, ਸਵਾਰਥੀ ਲੋਕਾਂ ਨੇ ਸਾਰੇ ਇਖਤਿਆਰ, ਪੰਜਾਂ ਪਿਆਰਿਆਂ ਦੇ ਰੂਪ ਵਿਚ ਆਪਣੇ ਨੌਕਰਾਂ ਦੇ ਹੱਥਾਂ ਵਿਚ ਦੇ ਦਿੱਤੇ। ਜੋ ਸਿੱਖੀ ਵਿਚ ਸਾਰੇ ਪਵਾੜਿਆਂ ਦੀ ਜੜ੍ਹ ਬਣ ਗਿਆ। 
  ਏਸੇ ਤਰਜ਼ ਤੇ ਸ਼ਰੋਮਣੀ ਕਮੇਟੀ ਆਦਿ ਦੇ ਹਜ਼ਾਰਾਂ ਪੰਜ ਪਿਆਰੇ ਨੌਕਰ ਹਨ।
   ਹੁਣ ਥੋੜਾ ਵਿਚਾਰ ਤਖਤਾਂ ਦੇ ਜਥੇਦਾਰਾਂ ਬਾਰੇ ਕਰ ਲੈਣਾ ਵੀ ਲਾਹੇਵੰਦ ਹੋਵੇਗਾ। 
 ਇਸ ਸੰਸਥਾ (ਜਿਸ ਦਾ ਜ਼ਿਕਰ ਕਿਤੇ ਵੀ ਨਹੀਂ ਹੈ) ਦੀ ਸ਼ੁਰੂਆਤ ਅੰਗਰੇਜ਼ਾਂ ਨੇ ਸਿੱਖਾਂ ਨੂੰ ਆਪਣਾ ਗੁਲਾਮ ਬਨਾਉਣ ਲਈ ਕੀਤੀ ਸੀ, ਪਰ ਉਸ ਵੇਲੇ ਉਨ੍ਹਾਂ ਨੇ ਅਕਾਲ-ਤਖਤ ਤੇ ਹੀ ਆਪਣਾ ਮੁਲਾਜ਼ਮ ਸਥਾਪਤ ਕੀਤਾ ਸੀ, ਜਿਸ ਨੂੰ ਸਰਬਰਾਹ ਕਿਹਾ ਜਾਂਦਾ ਸੀ। ਇਹ ਇਸ ਸੰਸਥਾ ਦਾ ਆਗਾਜ਼ ਸੀ। ਇਸ ਮਗਰੋਂ ਕਿਸੇ ਸ਼ਾਤ੍ਰ ਸੰਸਥਾ ਨੇ ਹੌਲੀ-ਹੌਲੀ ਤਿੰਨ ਤਖਤ ਹੋਰ ਬਣਾਏ, ਜਿਨ੍ਹਾਂ ਦਾ ਕੋਈ ਇਤਿਹਾਸ ਉਪਲਭਦ ਨਹੀਂ ਹੈ। ਅਤੇ ਫਿਰ 1965 ਵਿਚ ਦਮਦਮਾ ਸਾਹਿਬ ਦਾ ਇਕ ਤਖਤ ਹੋਰ ਬਣਾ ਕੇ ਇਨ੍ਹਾਂ ਤਖਤਾਂ ਦੀ ਗਿਣਤੀ ਪੰਜ ਕਰ ਲਈ ਗਈ, ਹੁਣ ਅਕਾਲ ਦਾ ਤਖਤ, ਸਿੱਖਾਂ ਦੇ (ਬਿਨਾ ਇਕ ਇੰਚ ਜ਼ਮੀਨ ਤੇ ਰਾਜ ਹੁੰਦਿਆ) ਪੰਜਾਂ ਤਖਤਾਂ ਵਿਚ ਹੀ ਗੱਇਬ ਹੋ ਗਿਆ ਅਤੇ ਸਿੱਖਾਂ ਨੂੰ ਗੁਲਾਮ ਬਨਾਉਣ ਲਈ ਜਥੇਦਾਰਾਂ, ਸਿੰਘ-ਸਾਹਿਬਾਂ ਦੇ ਰੂਪ ਵਿਚ, ਸ਼੍ਰੋਮਣੀ ਕਮੇਟੀ ਦੇ ਪੱਕੇ ਪੰਜ ਪਿਆਰੇ ਤਿਆਰ ਹੋ ਗਏ। ਜਿਨ੍ਹਾਂ ਦਾ ਕੰਮ ਹੀ ਸਿੱਖਾਂ ਨੂੰ ਗੁਲਾਮ ਬਣਾ ਕੇ ਰੱਖਣਾ ਹੈ। ਇਨ੍ਹਾਂ ਸਿੰਘ-ਸਾਹਿਬਾਂ ਨੂੰ ਪੱਕੀ ਤਰ੍ਹਾਂ ਮਾਨਤਾ ਦਿਵਾਉਣ ਲਈ, ਪਹਿਲਾਂ ਭਾਈ ਮਨੀ ਸਿੰਘ ਜੀ ਨੂੰ ਅਤੇ ਉਸ ਤੋਂ ਪਿੱਛੋਂ ਅਕਾਲੀ ਫੂਲਾ ਸਿੰਘ ਜੀ ਨੂੰ ਅਕਾਲ-ਤਖਤ ਦਾ ਜਥੇਦਾਰ ਪਰਚਾਰਿਆ ਗਿਆ, ਜਦ ਕਿ ਭਾਈ ਮਨੀ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ 1698 ਈਸਵੀ ਨੂੰ ਦਰਬਾਰ ਸਾਹਿਬ ਸਮੂਹ ਦੀ ਸੇਵਾ-ਸੰਭਾਲ ਵਾਸਤੇ ਭੇਜਿਆ ਸੀ। ਅਤੇ ਅਕਾਲੀ ਫੂਲਾ ਸਿੰਘ ਜੀ. ਮਿਸਲ ਸ਼ਹੀਦਾਂ ਦੇ ਜਥੇਦਾਰ ਸਨ, 1800 ਈਸਵੀ ਤੋਂ 1814 ਈਸਵੀ ਤਕ ਦਰਬਾਰ ਸਾਹਿਬ ਰਹਿ ਕੇ ਉਦਾਸੀਆਂ ਵਲੋਂ ਦਰਬਾਰ ਸਾਹਿਬ ਵਿਚ ਚਲਾਈਆਂ ਬ੍ਰਾਹਮਣੀ ਰੀਤਾਂ ਦਾ ਸੁਧਾਰ ਕੀਤਾ, ਇਸ ਦੌਰਾਨ ਹੀ ਉਨ੍ਹਾਂ ਨੇ ਅਕਾਲ ਤਖਤ ਦੀ ਸੇਵਾ ਸੰਭਾਲ ਵੀ ਕੀਤੀ ਪਰ ਉਨ੍ਹਾਂ ਦੀ ਅਕਾਲ-ਤਖਤ ਅਤੇ ਦਰਬਾਰ ਸਾਹਿਬ ਤੇ ਕੋਈ ਨਿਯੁਕਤੀ ਨਹੀਂ ਸੀ,  ਮਗਰੋਂ ਉਹ ਆਨੰਦਪੁਰ ਸਾਹਿਬ ਚਲੇ ਗਏ । ਇਵੇਂ ਪਿਛਲੇ ਪੰਜਾਹ ਸਾਲਾਂ ਵਿਚ (ਕੁਝ ਸਮਾ ਛੱਡ ਕੇ) ਸ਼੍ਰੋਮਣੀ ਕਮੇਟੀ ਅਤੇ ਆਪੂੰ ਬਣਾਏ ਤਖਤਾਂ ਦੇ ਜਥੇਦਾਰਾਂ/ ਸਿੰਘ ਸਾਹਿਬਾਂ ਨੇ ਸਿੱਖੀ ਸਿਧਾਂਤਾਂ ਦਾ ਬਹੁਤ ਘਾਣ ਕੀਤਾ ਹੈ। ਸ਼੍ਰੋਮਣੀ ਕਮੇਟੀ ਦੇ ਵਿਧੀ-ਵਿਧਾਨ ਵਿਚ ਇਨ੍ਹਾਂ ਦਾ ਕੋਈ ਜ਼ਿਕਰ ਨਹੀਂ, ਜਿਸ ਨੂੰ ਅਕਾਲ-ਤਖਤ ਦਾ ਜਥੇਦਾਰ ਜਾਂ ਸਿੰਘ ਸਾਹਿਬ ਕਿਹਾ ਜਾਂਦਾ ਹੈ, ਉਸ ਦਾ ਜ਼ਿਕਰ ਬੜਾ ਪੁਜਾਰੀ ਕਰ ਕੇ ਹੈ, ਇਸ ਲਈ ਇਸ ਓਹਦੇ ਨੂੰ ਬੜਾ ਪੁਜਾਰੀ ਹੀ ਰਹਣ ਦੇਣਾ ਚਾਹੀਦਾ ਹੈ।                      (ਚਲਦਾ)

                                  ਅਮਰ ਜੀਤ ਸਿੰਘ ਚੰਦੀ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.