ਕੈਟੇਗਰੀ

ਤੁਹਾਡੀ ਰਾਇ



ਅਮਰਜੀਤ ਸਿੰਘ ਚੰਦੀ
ਸਰਬੱਤ-ਖਾਲਸਾ ਦੇ ਪ੍ਰਤੀ-ਨਿਧੀ ਇਕੱਠ ਬਾਰੇ ਕੁਝ ਵਿਚਾਰ !
ਸਰਬੱਤ-ਖਾਲਸਾ ਦੇ ਪ੍ਰਤੀ-ਨਿਧੀ ਇਕੱਠ ਬਾਰੇ ਕੁਝ ਵਿਚਾਰ !
Page Visitors: 2556

     ਸਰਬੱਤ-ਖਾਲਸਾ ਦੇ ਪ੍ਰਤੀ-ਨਿਧੀ ਇਕੱਠ ਬਾਰੇ ਕੁਝ ਵਿਚਾਰ !
                    ਸਰਬੱਤ-ਖਾਲਸਾ ਹੈ ਕੀ ਚੀਜ਼ ?
    ਸਰਬੱਤ ਦਾ ਮਤਲਬ ਹੈ;- ਸਾਰੇ। ਖਾਲਸਾ ਦਾ ਮਤਲਬ ਹੈ:- ਬਿਨਾ ਮਿਲਾਵਟ ਦੇ। ਗੁਰਬਾਣੀ ਵਿਚ ਇਸ ਨੂੰ ਉਸ ਬੰਦੇ ਲਈ ਵਰਤਿਆ ਗਿਆ ਹੈ, ਜੋ ਪ੍ਰੇਮ ਪੂਰਵਕ ਪਰਮਾਤਮਾ ਨਾਲ ਜੁੜਿਆ ਹੋਇਆ ਹੋਵੇ। ਇਵੇਂ ਇਸ ਦਾ ਮਤਲਬ ਬਣਦਾ ਹੈ  ‘ਦੁਨੀਆ ਦੇ ਉਹ ਸਾਰੇ ਬੰਦੇ ਜੋ ਪਰਮਾਤਮਾ ਨਾਲ ਪਰੇਮ ਪੂਰਵਕ ਜੁੜੇ ਹੋਏ ਹਨ’  ਇਸ ਵਿਚ ਕਿਸੇ ਇਕੱਠ ਦਾ ਜ਼ਿਕਰ ਨਹੀਂ ਹੈ। ਇਸ ਦਾ ਨਾਮ ਹੋਣਾ ਚਾਹੀਦਾ ਹੈ  “ ਸਰਬੱਤ ਖਾਲਸਾ ਦਾ ਪ੍ਰਤੀ-ਨਿਧੀ ਇਕੱਠ ” ਵੈਸੇ ਪਿਛਲੇ ਸਮਿਆਂ ਵਿਚ ਇਸ ਨੂੰ  “ ਸਰਬੱਤ ਖਾਲਸਾ ਦਾ ਇਕੱਠ ”  ਕਿਹਾ ਜਾਂਦਾ ਸੀ।
           ਇਹ ਕਦੋਂ ਤੋਂ ਸ਼ੁਰੂ ਹੋਇਆ ?
  ਇਸ ਦੀ ਭੂਮਿਕਾ ਤਦ ਬੱਝੀ ਜਦ ਗੁਰੂ ਗੋਬਿੰਦ ਸਿੰਘ ਜੀ ਨੇ 1699 ਵਿਚ ਸਿੱਖਾਂ ਦੀ ਪਰਖ ਕਰਨ ਉਪਰਾਂਤ, ਪੰਥ ਦੀ ਵਾਗ-ਡੋਰ ਖਾਲਸੇ ਨੂੰ ਸੌਂਪਣ ਲਈ, ਪੰਜਾਂ ਪਿਆਰਿਆਂ ਦੀ ਸੰਸਥਾ ਬਣਾਈ। ਏਥੇ ਪੰਜਾਂ ਪਿਆਰਿਆਂ ਦੀ ਸੰਸਥਾ ਬਾਰੇ ਥੋੜਾ ਵਿਚਾਰ ਕਰਨਾ ਵੀ ਜ਼ਰੂਰੀ ਹੈ, ਕਿਉਂਕਿ ਸਿੱਖਾਂ ਨੇ ਆਪਣੀਆਂ ਸੰਸਥਾਵਾਂ ਨੂ ਅਜਿਹਾ ਰਲਗੱਡ ਕੀਤਾ ਹੈ ਕਿ ਉਨ੍ਹਾਂ ਸਭ ਦਾ ਮਕਸਦ ਹੀ ਗਾਇਬ ਕਰ ਦਿੱਤਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਸਿੱਖਾਂ ਨੂੰ ਖੰਡੇ-ਬਾਟੇ ਦੀ ਪਾਹੁਲ ਦੇ ਕੇ, ਉਨ੍ਹਾਂ ਨੂੰ ਪੰਜ-ਪਿਆਰੇ ਬਣਾਇਆ , ਉਨ੍ਹਾਂ ਦੇ ਨਾਮ ਨਾਲ ਸਿੰਘ ਲਗਾਇਆ । ਜਦ ਉਨ੍ਹਾਂ ਤੋਂ ਆਪ ਪਾਹੁਲ ਲਈ ਅਤੇ ਆਪਣਾ ਨਾਮ ਗੋਬਿੰਦ ਰਾਇ ਤੋਂ ਗੋਬਿੰਦ ਸਿੰਘ ਕੀਤਾ ਤਾਂ ਉਨ੍ਹਾਂ ਵਲੋਂ ਬੜਾ ਸਪੱਸ਼ਟ ਸੰਦੇਸ਼ ਸੀ ਕਿ ਸਿੱਖ ਮੱਤ, ਬ੍ਰਾਹਮਣ ਦੀ ਵਰਨ-ਵੰਡ ਤੋਂ ਬਾਹਰਾ ਹੈ, ਇਸ ਵਿਚ ਦਾਖਲਾ ਲੈਣ ਲਈ ਹਰ ਬੰਦੇ ਨੂੰ ਪੰਜਾਂ ਪਿਆਰਿਆਂ ਕੋਲੋਂ ਪਾਹੁਲ ਲੈਣੀ ਜ਼ਰੂਰੀ ਹੈ, ਭਾਵੇਂ ਉਹ ਕਿੰਨਾ ਵੀ ਅਮੀਰ ਜਾਂ ਗਰੀਬ ਹੋਵੇ, ਭਾਵੇਂ ਉਹ ਕਿਸੇ ਸਿੱਖ ਦੇ ਘਰ ਜੰਮਿਆ ਹੋਵੇ ਜਾਂ ਕਿਸੇ ਮੁਸਮਾਨ ਜਾਂ ਕਿਸੇ ਹਿੰਦੂ ਦੇ ਘਰ ਜੰਮਿਆ ਹੋਵੇ। ਹਰ ਸਿੱਖ ਨੂੰ ਖੰਡੇ-ਬਾਟੇ ਦੀ ਪਾਹੁਲ ਦੇ ਕੇ ਪੰਥ ਵਿਚ ਸ਼ਾਮਲ ਕਰਨ ਦਾ ਅਧਿਕਾਰ ਪੰਜਾਂ ਪਿਆਰਿਆਂ ਨੂੰ ਹੈ । ਪਰ ਉਹ ਪੰਜ ਪਿਆਰੇ ਅੱਜ-ਕਲ ਦੇ ਪੰਜਾਂ-ਪਿਆਰਿਆਂ ਵਾਙ ਸ਼ਰੋਮਣੀ ਕਮੇਟੀ, ਜਾਂ ਡੇਰੇਦਾਰਾਂ, ਜਾਂ ਟਕਸਾਲੀਆਂ ਦੇ ਮੁਲਾਜ਼ਿਮ ਨਹੀਂ ਹੁੰਦੇ ਸਨ। ਉਹ ਖਾਲਸੇ ਦੇ ਇਕੱਠ ਵਿਚੋਂ ਲਏ ਪੰਜ ਸਿੱਖ ਹੁੰਦੇ ਸਨ। ਇਸ ਤੋਂ ਹੀ ਅਗਾਂਹ ਪੰਚਾਇਤ ਦੀ ਗੱਲ ਚੱਲੀ, ਸਿੱਖਾਂ ਵਿਚ ਉੱਠੇ ਕਿਸੇ ਆਪਸੀ ਵਿਵਾਦ ਨੂੰ ਪੰਜ ਸਿੰਘ, ਪੰਚਾਇਤ ਦੇ ਰੂਪ ਵਿਚ ਨਬੇੜ ਦਿੰਦੇ ਸਨ।ਪੰਜਾਂ ਪਿਆਰਿਆਂ ਦਾ ਬੱਸ ਏਨਾ ਹੀ ਕੰਮ ਹੈ।
   ਇਹ ਵੇਰਵਾ ਦੇਣ ਦੀ ਲੋੜ ਸਿਰਫ ਇਸ ਕਰ ਕੇ ਪਈ, ਕਿਉਂਕਿ ਅੱਜ-ਕਲ ਹਰ ਕਮੇਟੀ ਦੇ, ਹਰ ਡੇਰੇ ਦੇ, ਹਰ ਟਕਸਾਲ ਦੇ ਆਪੋ-ਆਪਣੇ ਤੰਖਾਹ ਦਾਰ ਪੰਜ-ਪਿਆਰੇ ਹਨ। ਇਹ ਪੰਜ ਪਿਆਰੇ ਹੀ ਸਿੱਖਾਂ ਨੂੰ ਖੰਡੇ-ਬਾਟੇ ਦੀ ਪਾਹੁਲ (ਅੰਮ੍ਰਿਤ) ਛਕਾਉਣ ਲੱਗਿਆਂ ਉਨ੍ਹਾਂ ਡੇਰੇਦਾਰਾ, ਟਕਸਾਲਾਂ ਦੀ ਰਹਿਤ-ਮਰਯਾਦ ਦ੍ਰਿੜ੍ਹ ਕਰਵਾਉਂਦੇ ਹਨ। ਇਵੇਂ ਸ਼ਾਤ੍ਰ ਲੋਕਾਂ ਨੇ ਪੰਜਾਂ ਪਿਆਰਿਆਂ ਦੀ ਸੰਸਥਾ ਰਾਹੀਂ ਹੀ ਸਿੱਖਾਂ ਵਿਚ ਹਜ਼ਾਰਾਂ ਵੰਡੀਆਂ ਪਾਈਆਂ ਹੋਈਆਂ ਹਨ। ਇਹ ਗੱਲ ਵੀ ਸਹਿਜੇ ਹੀ ਵਿਚਾਰਨ ਵਾਲੀ ਹੈ ਕਿ ਪਰਚਾਰ ਆਸਰੇ ਜੱਦ ਸਿੱਖਾਂ ਲਈ ਪੰਜ ਪਿਆਰੇ ਹੀ ਰੱਬ ਬਣੇ ਹੋਏ ਹਨ ਤਾਂ, ਪੰਜ ਪਿਆਰੇ ਜਿਸ ਦੇ ਮੁਲਾਜ਼ਮ ਹਨ, ਉਸ ਦਾ ਰੁਤਬਾ ਉਨ੍ਹਾਂ ਸਿੱਖਾਂ ਲਈ ਰੱਬ ਤੋਂ ਘੱਟ ਕਿਵੇਂ ਹੋ ਸਕਦਾ ਹੈ। ਜਦੋਂ ਅਸੀਂ ਆਪਣਾ ਘਰ ਆਪ ਹੀ ਉਜਾੜ ਰਹੇ ਹੋਵਾਂਗੇ ਤਾਂ ਲੁੱਟਣ ਵਾਲਿਆਂ ਨੂੰ ਕੀ ਦਰਦ ?  ਇਹ ਬਿਮਾਰੀ ਵੀ ਦੂਰ ਕਰਨ ਦੀ ਲੋੜ ਹੈ।
    ਸਰਬੱਤ ਖਾਲਸਾ ਦਾ ਇਕੱਠ ਸ਼ੁਰੂ ਕਦੋਂ ਹੋਇਆ ? 
   ਸਰਬੱਤ-ਖਾਲਸਾ ਇਕੱਠ ਦੇ ਗੁਰਮਤੇ ਗੁਰੂ ਗੋਬਿੰਦ ਸਿੰਘ ਜੀ ਵੇਲੇ ਹੀ ਸ਼ੁਰੂ ਹੋ ਗਏ ਸਨ। ਗੁਰੂ ਗਬਿੰਦ ਸਿੰਘ ਜੀ ਨਾਲ ਸਬੰਧਿਤ ਦੋ ਇਕੱਠਾਂ ਦਾ ਜ਼ਿਕਰ ਇਤਿਹਾਸ ਵਿਚ ਹੈ।
  1.  ਦਾਦੂ ਦੀ ਕਬਰ ਵੱਲ ਨੂੰ ਤੀਰ ਦੀ ਨੁੱਕੀ ਝੁਕਾਉਣ ਕਰ ਕੇ ਗੁਰੂ ਸਾਹਿਬ ਨੂੰ ਸਰਬੱਤ-ਖਾਲਸਾ ਵਲੋਂ ਤੰਖਾਹ ਲੱਗੀ ਸੀ।
 2.  ਦੂਸਰੀ ਵਾਰ ਸਰਬੱਤ ਖਾਲਸਾ ਵਲੋਂ ਗੁਰੂ ਸਾਹਿਬ ਨੂੰ ਚਮਕੌਰ ਦੀ ਗੜ੍ਹੀ ਛੱਡਣ ਦਾ ਹੁਕਮ ਹੋਇਆ ਸੀ।  (ਇਨ੍ਹਾਂ ਦੋਵਾਂ ਵਾਰੀਆਂ ਵਿਚ, ਗੁਰੂ ਸਾਹਿਬ ਨੂੰ ਹੁਕਮ ਲਾਉਣ ਵਾਲਿਆਂ ਦੀ ਗਿਣਤੀ ਪੰਜਾਂ ਤੋਂ ਵੱਧ ਸੀ, ਇਤਿਹਾਸ ਲਿਖਣ ਵਾਲਿਆਂ ਨੇ ਅਗਿਆਨਤਾ ਵਿਚ ਉਨ੍ਹਾਂ ਨੂੰ ਪੰਜਾਂ ਪਿਆਰਿਆਂ ਨਾਲ ਰਲ-ਗਡ ਕਰ ਦਿੱਤਾ। ਦੋਵੇਂ ਵਾਰੀ ਗੁਰੂ ਸਾਹਿਬ ਨੇ ਖਿੜੇ ਮੱਥੇ ਸਰਬੱਤ ਖਾਲਸਾ ਦਾ ਹੁਕਮ ਮੰਨਿਆ ਸੀ। ਗੁਰੂ ਸਾਹਿਬ ਨੇ ਆਪਣੇ ਚੋਜਾਂ ਰਾਹੀਂ ਸਾਨੂੰ ਬਹੁਤ ਕੁਝ ਸਮਝਾਇਆ ਸੀ, ਪਰ ਅਸੀਂ ਆਪਣੀ ਹਉਮੈ ਵਿਚ ਸਭ ਕੁਝ ਭੁੱਲਦੇ ਜਾ ਰਹੇ ਹਾਂ।
    ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨਾਲ ਵੀ ਪੰਜ ਸਿੱਖ ਘੱਲੇ ਸਨ, ਉਨ੍ਹਾਂ ਦੀ ਭੂਮਿਕਾ ਪੰਜਾਂ ਪਿਆਰਿਆਂ ਵਾਲੀ ਸੀ, ਪਰ ਉਹ ਪੰਜ ਪਿਆਰੇ ਆਪ ਵੀ ਇਕ-ਮੁੱਠ ਨਹੀਂ ਰਹਿ ਸਕੇ, ਜਿਸ ਦੀ ਪੰਥ ਨੂੰ ਬਹੁਤ ਵੱਡੀ ਕੀਮਤ ਚੁਕਾਉਣੀ ਪਈ।
        ਮਿਸਲਾਂ ਵੇਲੇ ਸਰਬੱਤ-ਖਾਲਸਾ ਇਕੱਠ ਆਪਣੇ ਪੂਰੇ ਜੋਬਨ ਤੇ ਸੀ। ਇਸ ਵੇਲੇ ਸਰਬੱਤ-ਖਾਲਸਾ ਦਾ ਇਕੱਠ ਦੋ ਬੰਦਿਆਂ ਦਾ ਵੀ ਹੋਇਆ । ਇਵੇਂ ਸਰਬੱਤ ਖਾਲਸਾ ਇਕੱਠ ਵਿਚ ਬੰਦਿਆਂ ਦੀ ਗਿਣਤੀ ਕੋਈ ਨਿਚਿਤ ਨਹੀਂ ਹੈ । ਪਰ ਕਿਉਂਕਿ ਇਹ ਇਕੱਠ ਇਕ ਵਿਚਾਰਕ ਇਕੱਠ ਹੁੰਦਾ ਹੈ, ਦੋ ਤੋਂ ਘੱਟ ਬੰਦਿਆ ਵਿਚ ਵਿਚਾਰ ਨਹੀਂ ਹੋ ਸਕਦਾ, ਅਤੇ 20-25 ਤੋਂ ਵੱਧ ਬੰਦਿਆਂ ਵਿਚ ਵੀ ਵਿਚਾਰ ਵਟਾਂਦਰਾ ਨਹੀਂ ਹੋ ਸਕਦਾ ।
  ਬਹੁਤ ਸਾਲ ਤਾਂ ਇਹ ਸਰਬੱਤ-ਖਾਲਸਾ ਦੇ ਇਕੱਠ ਬਿਨਾ ਜ਼ਾਬਤੇ ਦੇ ਹੀ ਹੁੰਦੇ ਰਹੇ, ਬੱਸ ਇਕੋ ਜ਼ਾਬਤਾ ਹੁੰਦਾ ਸੀ ਕਿ ਸਰਬੱਤ-ਖਾਲਸਾ ਦੇ ਇਕੱਠ ਵਿਚ ਉਨ੍ਹਾਂ ਮਸਲਿਆਂ ਤੇ ਹੀ ਗੁਰਮਤਾ ਹੁੰਦਾ ਸੀ, ਜਿਸ ਦਾ ਤੁਅਲਕ ਸਾਰੇ ਪੰਥ ਨਾਲ ਹੋਵੇ, ਅਤੇ ਇਹ ਗੁਰਮਤਾ ਗੁਰਬਾਣੀ ਗਿਆਨ ਦੀ ਰੌਸ਼ਨੀ ਵਿਚ ਹੀ ਹੁੰਦਾ ਸੀ, ਲੋਕਲ ਮਸਲਿਆਂ ਲਈ ‘ਮਤਾ’ ਹੁੰਦਾ ਸੀ, ਉਸ ਵਿਚ ਵੀ ਗੁਰਮਤਿ ਗਿਆਨ ਨੂੰ ਧਿਆਨ ਵਿਚ ਰੱਖਿਆ ਜਾਂਦਾ ਸੀ।
   1745 ਵਿਚ ਸਿੱਖਾਂ ਨੂੰ ਕੁਝ ਸਮਾ ਆਰਾਮ ਦਾ ਮਿਲਿਆ, ਜਿਸ ਵਿਚ ਸਿੱਖ ਆਗੂਆਂ ਨੇ ਸਰਬੱਤ-ਖਾਲਸਾ ਦੇ ਇਕੱਠ ਲਈ ਜ਼ਾਬਤਾ ਬਣਾਇਆ ਅਤੇ 14 ਅਕਤੂਬਰ 1745, ਦਿਵਾਲੀ ਵਾਲੇ ਦਿਨ ਸਰਬੱਤ-ਖਾਸਾ ਦਾ ਇਕੱਠ ਕਰ ਕੇ ਖਾਲਸਾ ਫੌਜ ਨੂੰ ਨਿਯਮ-ਬੱਧ ਕਰ ਕੇ 30 ਜਥਿਆਂ ਵਿਚ ਵੰਡਿਆ । ਇਹ ਅਮਨ ਦਾ ਸਮਾ ਵੀ ਜ਼ਿਆਦਾ ਦਿਨ ਨਾ ਰਿਹਾ, ਪਹਿਲਾਂ ਛੋਟਾ ਘੱਲੂ-ਘਾਰਾ (ਫਰਵਰੀ 1746 ਤੋਂ ਮਾਰਚ 1747)  ਵਾਪਰਿਆ।  1747 ਦੇ ਆਖਿਰ ਵਿਚ ਅਹਿਮਦ ਸ਼ਾਹ ਦੁਰਾਨੀ ਦਾ ਹਮਲਾ ਹੋਇਆ ਅਤੇ ਉਹ ਮਾਰਚ 1748 ਵਿਚ ਵਾਪਸ ਮੁੜਿਆ। ਇਨ੍ਹਾਂ ਢਾਈ ਸਾਲਾਂ ਵਿਚ ਹੀ ਸਿੱਖਾਂ ਦੇ ਜਥਿਆਂ ਦੀ ਗਿਣਤੀ 30 ਤੋਂ 65 ਹੋ ਗਈ ਸੀ। ਸਿੱਖ ਸਰਦਾਰਾਂ ਨੇ ਹਾਲਾਤ ਦੀ ਗੰਭੀਰਤਾ ਨੂੰ ਸਮਝਦੇ ਹੋਏ 29 ਮਾਰਚ 1748 ਦੇ ਦਿਨ ਸਰਬੱਤ-ਖਾਲਸਾ ਦਾ ਇਕੱਠ ਕੀਤਾ, ਜਿਸ ਵਿਚ ਜਥੇ ਤੋੜ ਕੇ, ਸਾਰੇ ਸਿੱਖਾਂ ਨੂੰ 11 ਮਿਸਲਾਂ ਵਿਚ ਵੰਡ ਦਿੱਤਾ, ਹਰ  ਸਿੱਖ ਨੂੰ ਖੁਲ੍ਹ ਸੀ ਕਿ ਉਹ ਜਿਸ ਮਿਸਲ ਵਿਚ ਚਾਹੇ ਸ਼ਾਮਲ ਹੋ ਸਕਦਾ ਹੈ। 
   ਇਵੇਂ ਸਿੱਖਾਂ ਨੇ 1748 ਤੋਂ 1758 ਤੱਕ ਬਹੁਤ ਤਰੱਕੀ ਕੀਤੀ। 31 ਅਕਤੂਬਰ 1758 ਦੇ ਦਿਨ ਸਰਬੱਤ ਖਾਲਸਾ ਦਾ ਇਕੱਠ ਅਕਾਲ ਤਖਤ ਸਾਹਿਬ ਤੇ ਹੋਇਆ, ਇਸ ਇਕੱਠ ਵਿਚ ਗੁਰਮਤਾ ਕੀਤਾ ਗਿਆ ਕਿ, ਹਰ ਮਿਸਲ ਦੇ ਹੇਠਲਾ ਇਲਾਕਾ ਉਸ ਮਿਸਲ ਦੀ ਰਿਆਸਤ ਹੋਵੇਗੀ, ਸਾਰੀਆਂ ਮਿਸਲਾਂ ਅਕਾਲ ਤਖਤ ਸਾਹਿਬ ਦੇ ਨਾਮ ਥੱਲੇ ਹਕੂਮਤ ਕਰਨਗੀਆਂ। ਭਾਵੇਂ ਸਾਰੀਆਂ ਮਿਸਲਾਂ ਆਜ਼ਾਦ ਅਤੇ ਖੁਦਮੁਖਤਿਆਰ ਹੋਣਗੀਆਂ, ਪਰ ਸਰਦਾਰੀ ਸਮੁੱਚੇ ਸਰਬੱਤ ਖਾਲਸਾ ਦੀ ਹੀ ਮੰਨੀ ਜਾਵੇਗੀ । ਮਿਸਲਾਂ ਦੇ ਆਪਸੀ ਝਗੜਿਆਂ ਦਾ ਨਿਪਟਾਰਾ ਅਕਾਲ ਤਖਤ ਸਾਹਿਬ ਤੇ ਸਰਬੱਤ-ਖਾਲਸਾ ਹੀ ਕਰਿਆ ਕਰੇਗਾ। ਹਰ ਮਿਸਲ ਦੇ ਕਬਜ਼ੇ ਹੇਠਲੇ ਇਲਾਕੇ ਨੂੰ ਮਿਸਲਾਂ (ਰਿਕਾਰਡ ਰੱਖਣ ਵਾਲੀਆਂ ਵਹੀਆਂ) ਵਿਚ ਦਰਜ ਕੀਤਾ ਜਾਵੇਗਾ, ਤੇ ਇਹ ਮਿਸਲਾਂ ਅਕਾਲ ਤਖਤ ਸਾਹਿਬ ਤੇ ਰੱਖੀਆਂ ਜਾਣਗੀਆਂ। ਸ. ਜੱਸਾ ਸਿੰਘ ਆਹਲੂਵਾਲੀਆ, ਸਰਬੱਤ-ਖਾਲਸਾ ਅਤੇ ਦਲ ਖਾਲਸਾ (ਖਾਲਸਾ ਫੌਜ)  ਦੇ ਸਮੁੱਚੇ ਜਥੇਦਾਰ ਹੋਣਗੇ।
  1759 ਵਿਚ ਸਿੱਖਾਂ ਨੇ ਦਰਬਾਰ-ਸਾਹਿਬ ਅਤੇ ਅਕਾਲ-ਤਖਤ ਸਾਹਿਬ ਦੀ ਮੁੜ ਉਸਾਰੀ ਸ਼ੁਰੂ ਕੀਤੀ, ਜਿਸ ਵਿਚ ਸਿਰਫ ਮਿਸਲਾਂ ਨੇ ਹੀ ਨਹੀਂ, ਹਰ ਸਿੱਖ ਨੇ ਆਪਣੀ ਔਕਾਤ ਮੁਤਾਬਕ ਹਿੱਸਾ ਪਾਇਆ। ਅਕਾਲ-ਤਖਤ ਸਾਹਿਬ ਵਲੋਂ ਹੁਕਮਨਾਮੇ ਜਾਰੀ ਕਰ ਕੇ ਉਗਰਾਹੀ ਵੀ ਕੀਤੀ।
    ਅਕਤੂਬਰ 1760 ਵਿਚ ਅਹਿਮਦ ਸ਼ਾਹ ਦੁਰਾਨੀ ਫਿਰ ਪੰਜਾਬ ਆ ਪੁੱਜਾ।  
      ਮਿਸਲਾਂ ਵੇਲੇ ਸਾਰੀਆਂ ਮਿਸਲਾਂ ਨੇ ਗੁਰੂ ਕੇ ਚੱਕ ਵਿਚ ਆਪੋ-ਆਪਣੇ ਬੁੰਗੇ (ਵਿਸ਼ਰਾਮ ਘਰ) ਬਣਾਏ, ਅਤੇ ਨਾਲ ਹੀ ਇਕ ਸਾਂਝਾ ਬੁੰਗਾ ਬਣਾਇਆ, ਜਿਸ ਨੂੰ ਅਕਾਲ-ਬੁੰਗਾ ਦਾ ਨਾਮ ਦਿੱਤਾ। ਇਹ ਬੁੰਗਾ ‘ਸਰਬੱਤ-ਖਾਲਸਾ’ ਦੇ ਇਕੱਠ ਲਈ ਹੀ ਸੀ।  ਇਸ ਅਸਥਾਨ ਤੇ ਹੀ ਮਿਸਲਾਂ ਦੇ ਪ੍ਰਤੀ-ਨਿਧਾਂ ਦੇ ਰੂਪ ਵਿਚ, ਸਰਬੱਤ ਖਾਲਸਾ ਪ੍ਰਤੀ-ਨਿੱਧ ਇਕੱਠ ਹੁੰਦਾ ਸੀ ਅਤੇ ਸੰਯੁਕਤ ਰੂਪ ਵਿਚ, ਪੰਥ ਨਾਲ ਸਬੰਧਿਤ ਮਸਲਿਆਂ ਬਾਰੇ ਗੁਰਮਤਿ ਦੀ ਰੌਸ਼ਨੀ ਵਿਚ ਗੁਰਮਤੇ ਹੁੰਦੇ ਸਨ, ਅਤੇ ਛੋਟੇ ਮਸਲਿਆਂ ਲਈ ਮਤੇ ਵੀ ਗੁਰਮਤਿ ਦੀ ਰੌਸ਼ਨੀ ਵਿਚ ਹੀ ਹੁੰਦੇ ਸਨ।
        ਸਰਬੱਤ-ਖਾਲਸਾ ਦੇ ਇਕੱਠ ਵਿਚ ਸ਼ਾਮਿਲ ਹੋਣ ਵਾਲਿਆਂ ਦੀ ਯੋਗਤਾ ਕੀ ਸੀ ਅਤੇ ਹੁਣ ਕੀ ਹੋਣੀ ਚਾਹੀਦੀ ਹੈ ?        
   ਸਰਬੱਤ-ਖਾਲਸਾ ਦਾ ਇਕੱਠ ਕਿਉਂਕਿ ਵਿਚਾਰਕ ਇਕੱਠ ਹੁੰਦਾ ਹੈ ਇਸ ਲਈ ਇਸ ਵਿਚ ਸ਼ਾਂਮਲ ਹੋਣ ਵਾਲੇ ਵਿਚਾਰਕ ਹੁੰਦੇ ਸਨ, ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਦੇ ਪੂਰਨ ਅਨੁਸਾਰੀ ਹੁੰਦੇ ਸਨ, ਧੜੇਬਾਜ ਨਹੀਂ ਹੁਦੇ ਸਨ। ਸਵਾਰਥ ਤੋਂ ਰਹਿਤ ਸਰਬੱਤ ਦੇ ਭਲੇ ਦੇ ਦਿਲੋਂ ਚਾਹਵਾਨ ਹੁੰਦੇ ਸੀ।
    ਅੱਜ ਵੀ ਸਰਬੱਤ-ਖਾਲਸਾ ਦੇ ਪ੍ਰਤੀ-ਨਿਧੀ ਇਕੱਠ ਵਿਚ ਭਾਗ ਲੈਣ ਵਾਲਿਆਂ ਵਿਚ ਇਨ੍ਹਾਂ ਯੋਗਤਾਵਾਂ ਦਾ ਹੋਣਾ ਅਤਿਅੰਤ ਜ਼ਰੂਰੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਕਿਸੇ ਕਿੱਤੇ ਦਾ ਮਾਹਰ ਹੋਣਾ ਵੀ ਜ਼ਰੂਰੀ ਹੈ, ਤਾਂ ਜੋ ਸਮੁੱਚੇ ਪੰਥ ਬਾਰੇ ਵਿਚਾਰਾਂ ਕਰਦਿਆਂ, ਸਮੇ ਦਾ ਹਾਣੀ ਬਣਿਆ ਜਾ ਸਕੇ।
      ਸਰਬੱਤ-ਖਾਲਸਾ ਦਾ ਇਕੱਠ ਬੰਦ ਕਦੋਂ ਹੋਇਆ ?
  ਜਦੋਂ ਤਕ ਸਿੱਖ ਆਪਸੀ ਭਾਈਚਾਰੇ ਦੀ ਲੜੀ ਵਿਚ ਜੁੜੇ ਰਹੇ, ਤਦ ਤੱਕ ਸਰਬੱਤ-ਖਾਲਸਾ ਦਾ ਇਕੱਠ ਸਿੱਖਾਂ ਦੀ ਸ਼ਕਤੀ ਦਾ ਪਰਤੀਕ ਸੀ, ਸਿੱਖਾਂ ਨੂੰ ਸਰਬੱਤ-ਖਾਲਸਾ ਦੇ ਇਕੱਠ ਤੋਂ ਡਰ ਨਹੀਂ ਲਗਦਾ ਸੀ, ਪਰ ਜਦੋਂ ਸਿੱਖ, ਇਲਾਕਿਆਂ ਦੇ ਮਾਲਕ ਬਣ ਗਏ, ਉਨ੍ਹਾਂ ਕੋਲ ਪੈਸੇ ਅਤੇ ਪਦਵੀਆਂ ਆਉਣ ਲੱਗ ਪਈਆਂ, ਤਦ ਉਨ੍ਹਾਂ ਪਦਵੀਆਂ ਵਾਲਿਆਂ ਦਾ, ਉਨ੍ਹਾਂ ਪੈਸਿਆਂ ਵਾਲਿਆਂ ਦਾ ਇਕ ਇਕੱਠ ਬਣਦਾ ਗਿਆ, ਜੋ ਆਪਣੇ-ਆਪ ਨੂੰ ਸਿੱਖਾਂ ਵਿਚੋਂ ਕੁਝ ਖਾਸ ਸਮਝਣ ਲੱਗ ਪਏ। ਜਿਨ੍ਹਾਂ ਵਿਚ ਉਹ ਸਾਰੇ ਅਵਗੁਣ ਸਨ ਜੋ ਉਨ੍ਹਾਂ ਤੋਂ ਪਹਿਲਾਂ ਵਾਲੇ, ਰਾਜੇ, ਮਹਾਂਰਾਜੇ ਅਤੇ ਜਗੀਰਦਾਰਾਂ ਵਿਚ ਹੁੰਦੇ ਸਨ, ਫਿਰ ਉਨ੍ਹਾਂ ਨੂੰ ਸਰਬੱਤ-ਖਾਲਸਾ ਦੇ ਇਕੱਠ ਤੋਂ ਡਰ ਲੱਗਣ ਲੱਗ ਪਿਆ। ਅਜਿਹੇ ਹਾਲਾਤ ਵਿਚ ਸਭ ਤੋਂ ਪਹਿਲਾਂ ਤਾਂ ਸਰਬੱਤ ਖਾਲਸਾ ਦੇ ਇਕੱਠ ਵਿਚ ਇਹ ਗਲਤ ਫੈਸਲਾ ਲਿਆ ਗਇਆ ਕਿ
“ ਦਲ-ਖਾਲਸਾ ” (ਖਾਲਸਾ ਫੌਜ) ਅਤੇ “ ਸਰਬੱਤ-ਖਾਲਸਾ ਦੇ ਇਕੱਠ ”   (ਖਾਲਸਾ ਪੰਥ) ਦੋਵਾਂ ਦਾ ਇਕੋ ਜਥੇਦਾਰ ਚੁਣਿਆ ਗਇਆ।
 ਜੋ ਜਥੇਦਾਰਾਂ ਦੇ ਆਪਸੀ ਮਨ-ਮੁਟਾਉ ਦਾ ਕਾਰਨ ਬਣ ਕੇ ਖਾਲਸਾ ਪੰਥ ਵਿਚ ਫੁੱਟ ਦਾ ਕਾਰਨ ਬਣਿਆ। ਮਿਸਲਾਂ ਦੇ ਕਬਜ਼ੇ ਵਿਚਲੇ ਇਲਾਕੇ, ਮਿਸਲਾਂ ਦੇ ਜਥੇਦਾਰਾਂ ਦੀਆਂ ਨਿੱਜੀ ਰਿਆਸਤਾਂ ਬਣ ਗਈਆਂ। ਸਿੱਖੀ ਦਾ ਸਿਧਾਂਤ “ ਜ਼ਮੀਨ ਹਲਵਾਹਕ ਦੀ ” ਨਾ ਰਹਿ ਕੇ, ਜਗੀਰ ਦਾਰੀ ਨਿਜ਼ਾਮ ਸ਼ੁਰੂ ਹੋ ਗਿਆ। ਹਾਕਮ ਜਮਾਤ ਵਾਲੇ ਆਪਣੇ-ਆਪ ਨੂੰ ਉੱਚੀ ਜਾਤ ਵਾਲੇ ਸਮਝਣ ਲੱਗ ਪਏ। ਗੁਰੂ ਨਾਨਕ ਦੇ ਸੰਗੀ-ਸਾਥੀ ਕਿਰਤੀਆਂ (ਚੂਹੜੇ, ਚਮਾਰ, ਲੁਹਾਰ,ਤਰਖਾਣ ਆਦਿ) ਦੀਆਂ ਠੱਠੀਆਂ, ਪਿੰਡੋਂ ਬਾਹਰ ਨਿਕਲ ਗਈਆਂ। ਇਲਾਕਾ ਅਤੇ ਧਨ ਵਧਾਉਣ ਦੇ ਲਾਲਚ ਕਾਰਨ ਸਿੱਖਾਂ ਦਾ ਆਪਸੀ ਟਕਰਾਉ ਹੋਣ ਲੱਗਾ। ਅਜਿਹੀ ਹਾਲਤ ਵਿਚ ਜਦ ਤਾਕਤ ਮਹਾਰਾਜਾ ਰਣਜੀਤ ਸਿੰਘ ਦੇ ਹੱਥ ਆਗਈ ਤਾਂ ਉਸ ਨੇ ਸਨ  1805 ਵਿਚ ਸਰਬੱਤ-ਖਾਲਸਾ ਦਾ ਇਕੱਠ ਬੰਦ ਕਰ ਦਿੱਤਾ।
                 ਹੁਣ ਕੀ ਹੋਵੇ ?
 ਹੁਣ ਸਿੱਖਾਂ ਨੂੰ ਉਸ ਦੁਰਲੱਭ ਸਿਧਾਂਤ ਨਾਲੋਂ ਟੁੱਟਿਆਂ ਦੋ ਸਦੀਆਂ ਤੋਂ ਵੱਧ ਸਮਾ ਹੋ ਗਿਆ ਹੈ, ਇਸ ਬਾਰੇ ਕੋਈ ਲਿਖਤ ਵੇਰਵਾ ਵੀ ਸਾਡੇ ਕੋਲ ਨਹੀਂ ਹੈ, ਸਿੱਖ ਸਾਰੀ ਦੁਨੀਆ ਵਿਚ ਫੈਲ ਚੁੱਕੇ ਹਨ। ਅੱਜ ਸਰਬੱਤ-ਖਾਲਸਾ ਦੇ ਨਾਮ ਥੱਲੇ ਹਰ ਡੇਰੇਦਾਰ ਹਰ ਟਕਸਾਲ ਆਪਣਾ ਵਰਚਸਵ ਸਥਾਪਤ ਕਰਨ ਲਈ, ਆਪਣੇ ਮੁਲਾਜ਼ਮ ਪੰਜ ਪਿਆਰਿਆਂ ਨੂੰ ਹੀ ਸਬੱਤ ਖਾਲਸਾ ਬਣਾਈ ਜਾ ਰਿਹਾ ਹੈ। ਮੱਕੜ ਅਤੇ ਜਗੀਰ ਕੌਰ, ਸ਼੍ਰੋਮਣੀ ਕਮੇਟੀ ਨੂੰ ਸਰਬੱਤ ਖਾਲਸਾ ਦਾ ਇਕੱਠ ਸਥਾਪਤ ਕਰਨ ਲਈ ਹੀ ਜ਼ੋਰ ਲਗਾ ਰਹੇ ਹਨ। ਹਰ ਸਿਆਸੀ ਲੀਡਰ ਆਪਣੇ ਧੜੇ ਦੇ 10-20 ਹਜ਼ਾਰ ਬੰਦਿਆਂ ਦੇ ਇਕੱਠ ਨੂੰ ਹੀ ਸਰਬੱਤ ਖਾਲਸਾ ਸਥਾਪਤ ਕਰੀ ਜਾ ਰਿਹਾ ਹੈ। ਮੁਕਦੀ ਗੱਲ ਕਿ, ਹਰ ਕੋਈ ਅਗਿਆਨਤਾ ਵੱਸ, ਜਾਂ ਆਪਣੇ ਸਵਾਰਥ ਲਈ, ਸਰਬੱਤ-ਖਾਲਸਾ ਦੇ ਸਿਧਾਂਤ ਨੂੰ ਘੱਟੇ ਰੋਲਣ ਦਾ ਚਾਹਵਾਨ ਹੈ।
       ਅੱਜ ਇਸ ਦੀ ਰੂਪ-ਰੇਖਾ ਕੀ ਹੋ ਸਕਦੀ ਹੈ ?
 1.  ਇਸ ਵਿਚ ਸ਼ਾਮਲ ਹੋਣ ਵਾਲਿਆਂ ਦੀ ਲਿਆਕਤ ਵਿਚ ਕੋਈ ਛੋਟ ਨਹੀਂ ਦਿੱਤੀ ਜਾ ਸਕਦੀ । ਸਰਬੱਤ ਖਾਲਸਾ ਦੀ ਸਿਰਮੌਰ ਸੰਸਥਾ ਦੇ ਮੈਂਬਰਾਂ ਵਿਚ ਇਸ ਲਿਆਕਤ ਦੇ ਨਾਲ-ਨਾਲ ਕਿਸੇ ਇਕ ਕਿੱਤੇ ਵਿਚ ਮਹਾਰਤ ਹੋਣੀ ਜ਼ਰੂਰੀ ਹੋਵੇ।
 2.  ਮੌਜੂਦਾ ਸਰਬੱਤ ਖਾਲਸਾ ਦੀਆਂ ਇਕਾਈਆਂ, ਦੁਨੀਆ ਦੇ ਹਰ ਉਸ ਇਲਾਕੇ ਵਿਚ ਹੋਣੀਆਂ ਚਾਹੀਦੀਆਂ ਹਨ, ਜਿਸ ਵਿਚ ਸਿੱਖਾਂ ਦੀ ਵਸੋਂ ਹੋਵੇ। ਭਾਵੇਂ ਉਨ੍ਹਾਂ ਇਕਾਈਆਂ ਦੀ ਗਿਣਤੀ ਹਜ਼ਾਰਾਂ ਵਿਚ ਹੀ ਕਿਉਂ ਨਾ ਹੋ ਜਾਵੇ।
 3.  ਇਨ੍ਹਾਂ ਇਲਾਕਿਆਂ ਦੀਆਂ ਲੋਕਲ ਇਕਾਈਆਂ, ਤੋਂ ਜ਼ਿਲਾ ਇਕਾਈ, ਸੂਬਾ ਇਕਾਈ, ਦੇਸ਼ ਇਕਾਈ। ਅਤੇ ਫਿਰ ਸਾਰੇ ਦੇਸ਼ਾਂ ਨੂੰ ਮਿਲਾ ਕੇ ਇਕ ਕੇਂਦਰੀ ਇਕਾਈ ਹੋਵੇ।
 4.  ਅੱਜ ਦੇ ਸਿੱਖਾਂ ਦੇ ਹਰ ਮਸਲ੍ਹੇ ਬਾਰੇ, ਉਹ ਸਾਰੀਆਂ ਇਕਾਈਆਂ ਆਪਣੇ-ਆਪਣੇ ਮਤੇ ਸੋਧ ਕੇ ਪਰਾਪਰ ਚੈਨਲ  (Proper Channel) ਰਾਹੀਂ ਸਿਰਮੌਰ ਸੰਸਥਾ ਨੂੰ ਘੱਲਣ । ਪਰਾਪਰ ਚੈਨਲ ਵਿਚ ਉਨ੍ਹਾਂ ਦੇ ਮਤਿਆਂ ਨੂੰ ਛਾਨਣਾ ਲਗਦਾ ਰਹੇਗਾ, ਜਿਸ ਨਾਲ ਸਿਰਮੌਰ ਸੰਸਥਾ ਕੋਲ 50-60 ਕਰੀਬ ਮਤੇ ਹੀ ਪੁੱਜਣਗੇ, ਜਿਨ੍ਹਾਂ ਤੇ ਗੁਰਮਤਾ ਕਰ ਕੇ ਸਿਰਮੌਰ ਸੰਸਥਾ ਨਿਰਣਾ ਕਰੇਗੀ। ਜੋ ਮੇਲ ਰਾਹੀਂ ਸਾਰੀਆਂ ਇਕਾਈਆਂ ਨੂੰ ਭੇਜ ਦਿੱਤਾ ਜਾਵੇ।
    ਸਰਬੱਤ-ਖਾਲਸਾ ਦਾ ਪ੍ਰਤੀ-ਨਿਧੀ ਇਕੱਠ ਸੱਦਣ ਦਾ ਅਧਿਕਾਰ ਕਿਸ ਨੂੰ ਹੋਵੇ ?                     
  ਹਰ ਉਹ ਬੰਦਾ, ਜੋ ਕਿਸੇ ਅਜਿਹੇ ਮਸਲ੍ਹੇ ਨਾਲ ਦੋ ਚਾਰ ਹੋਵੇ, ਆਪਣੇ ਨਾਲ ਸਬੰਧਿਤ ਇਕਾਈ ਨੂੰ, ਉਸ ਮਸਲ੍ਹੇ ਬਾਰੇ ਲਿਖ ਕੇ ਦੇਵੇ ਅਤੇ ਉਹ ਇਕਾਈ, ਸਿਰਮੌਰ ਸੰਸਥਾ ਨੂੰ ਲਿਖੇ, ਸਿਰਮੌਰ ਸੰਸਥਾ ਉਸ ਤੇ ਵਿਚਾਰ ਕਰ ਕੇ, ਜੋ ਵੀ ਐਕਸ਼ਨ ਲੈਣਾ ਜਾਇਜ਼ ਹੋਵੇ ਉਹ ਲਵੇ।
 (ਨੋਟ:-  ਹੋਰ ਵੀ ਬਹੁਤ ਸਾਰੇ ਵਿਚਾਰ ਕਰਨ ਵਾਲੇ ਹਨ, ਪਰ ਇਹ ਸਾਰਾ ਕੁਝ ਉਨ੍ਹਾਂ ਵਿਚ ਬੈਠ ਕੇ ਵਿਚਾਰਨ ਦੀਆਂ ਗੱਲਾਂ ਹਨ, ਜੋ ਨਰੋਲ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰੀ ਹੋਣ, ਧੜੇਬਾਜ਼ ਨਾ ਹੋਣ, ਸਵਾਰਥੀ ਨਾ ਹੋਣ, ਸਰਬੱਤ ਦੇ ਭਲੇ ਦੀ ਭਾਵਨਾ ਵਾਲੇ ਹੋਣ। ਇਹ ਸਿੱਖਾਂ ਦਾ ਬਹੁਤ ਕਾਰਗਰ ਹਥਿਆਰ ਹੈ, ਜਿਸ ਰਾਹੀਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਨੂੰ ਮੂਰਤੀ-ਮਾਨ ਕਰਦੇ ਹੋਏ ਅਸਲੀ “ ਖਾਲਸਾ ਰਾਜ ” ਦੀ ਸਥਾਪਤੀ ਕਰ ਦਕਦੇ ਹਾਂ।                              
                        ਅਮਰ ਜੀਤ ਸਿੰਘ ਚੰਦੀ     

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.