ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ‘ਕਰਮਾਂ ਦਾ ਲੇਖਾ’ ਬਾਰੇ :-
-: ‘ਕਰਮਾਂ ਦਾ ਲੇਖਾ’ ਬਾਰੇ :-
Page Visitors: 2760

-: ‘ਕਰਮਾਂ ਦਾ ਲੇਖਾ’ ਬਾਰੇ :-
ਜਲੌਰ ਸਿੰਘ:-
- “ਕੋਈ ਜਾਣਿ ਨ ਭੂਲੈ ਭਾਈ ॥
   ਸੋ ਭੂਲੈ ਜਿਸੁ ਆਪਿ ਭੁਲਾਏ ਬੂਝੈ ਜਿਸੈ ਬੁਝਾਈ
॥੧॥ ਰਹਾਉ ॥
ਜਸਬੀਰ ਸਿੰਘ ਵਿਰਦੀ:— ਸਾਡੇ ਮਨੁੱਖਾ ਜਨਮ ਵਿੱਚ ਕੀਤੇ ਚੰਗੇ ਮੰਦੇ ਕਰਮ, ਸਾਡੇ ਮਨ ਤੇ ਸੰਸਕਾਰ ਰੁਪ ਵਿੱਚ ਉਕਰ ਜਾਂਦੇ ਹਨ।ਇਹ ਮਨੁੱਖਾ ਜੀਵਨ-ਸਫਰ ਖਤਮ ਹੋਣ ਤੇ, ਮਨ ਤੇ ਉਕਰੇ ਇਹਨਾਂ ਸੰਸਕਾਰਾਂ ਸਮੇਤ ਅਸੀਂ ਸੰਸਾਰ ਤੋਂ ਤੁਰ ਜਾਂਦੇ ਹਾਂ।ਸਾਡੇ ਮਨ ਤੇ ਉਕਰੇ ਸੰਸਕਾਰਾਂ ਅਨੁਸਾਰ ਹੀ ਪ੍ਰਭੂ ਸਾਡੇ ਲੇਖ ਲਿਖਦਾ ਹੈ ਅਤੇ ਲਿਖੇ ਲੇਖਾਂ ਨਾਲ ਫੇਰ ਤੋਂ ਜਨਮ ਲੈ ਕੇ ਅਸੀਂ ਸੰਸਾਰ ਤੇ ਆ ਜਾਂਦੇ ਹਾਂ।ਉਹਨਾਂ ਸੰਸਕਾਰਾਂ ਜਾਂ ਲੇਖਾਂ ਅਨੁਸਾਰ ਹੀ ਸਾਨੂੰ ਸੰਸਾਰ ਤੇ ਵਿਚਰਨਾ ਪੈਂਦਾ ਹੈ।ਇਸੇ ਨੂੰ ‘ਸੋ ਭੂਲੈ ਜਿਸੁ ਆਪਿ ਭੁਲਾਏ ਬੂਝੈ ਜਿਸੈ ਬੁਝਾਈ॥’ ਕਿਹਾ ਹੈ। ਲਿਖੇ ਲੇਖਾਂ ਕਰਕੇ ਹੀ ਨਾ ਚਾਹੁੰਦੇ ਹੋਏ ਵੀ ਸਾਨੂੰ ਦੁਖ ਸਹਾਰਨੇ ਪੈਂਦੇ ਹਨ।
ਸਾਡੇ ਪਿਛਲੇ ਸੰਸਕਾਰ ਗਾਡੀ-ਰਾਹ ਦੀ ਤਰ੍ਹਾਂ ਕੰਮ ਕਰਦੇ ਹਨ ਅਤੇ ਉਸੇ ਆਪਣੇ ਬਣਾਏ ਗਾਡੀ-ਰਾਹ (ਲੀਹ) ਤੇ ਤੁਰਦੇ ਹੋਏ ਆਪਣਾ ਜੀਵਨ ਬਸਰ ਕਰੀ ਜਾਂਦੇ ਹਾਂ।ਪਰ ਅਸੀਂ ਆਪਣੇ ਖੁਦ ਦੇ ਬਣਾਏ ਹੋਏ ਗਾਡੀ-ਰਾਹ ਨੂੰ ਛੱਡਕੇ, ਗੁਰੂ ਦੇ ਦੱਸੇ ਰਾਹ ਤੇ ਚੱਲਦੇ ਹੋਏ, ਪ੍ਰਭੂ ਦੇ ਭਾਣੇ-ਹੁਕਮ ਨੂੰ ਪਛਾਣਨਾ ਅਤੇ ਉਸ ਦੇ ਹੁਕਮ ਅਨੁਸਾਰ ਜੀਵਨ ਜਿਉਣਾ ਹੈ।
ਜਲੌਰ ਸਿੰਘ:- ਇਹ ਕਰਮਾ ਆਲਾ ਸਿਲਸਿਲਾ ਕਿਸਨੇ ਕਦੋਂ ਸ਼ੁਰੂ ਕੀਤਾ
•••
ਕੀ ਕੇਵਲ ਮਨੁੱਖ ਈ ਚੰਗੇ/ ਮਾੜੇ ਕਰਮ ਕਰ ਸਕਦਾ  ਜਾਂ ਫਿਰ ਪਸੂ ਪੰਛੀ ਤੇ ਹੋਰ ਜੀਵ ਜੰਤੂ ਵੀ?
ਜਸਬੀਰ ਸਿੰਘ ਵਿਰਦੀ:-- ਕਰਮਾਂ ਵਾਲਾ ਸਿਲਸਲਾ ਕਦੋਂ ਅਤੇ ਕਿੱਥੋਂ ਸ਼ੁਰੂ ਹੋਇਆ, ਬਾਰੇ ਗੱਲ ਕਰਨ ਤੋਂ ਪਹਿਲਾਂ ਇਹ ਜਾਣਨਾ ਜਰੂਰੀ ਹੈ ਕਿ ਕਰਮ ਕੀ ਹਨ।
ਸੰਸਾਰ ਤੇ ਵਾਪਰਨ ਵਾਲੀਆਂ ਸਾਰੀਆਂ ਕਿਰਿਆਵਾਂ ਓਨੀ ਦੇਰ ਸਿਰਫ ਕਿਰਿਆਵਾਂ ਹੀ ਹਨ, ਜਿੰਨੀ ਦੇਰ ਕਿਰਿਆ ਦੇ ਕਰਨ ਪਿੱਛੇ ਕੋਈ ਚੰਗੀ-ਮਾੜੀ, ਸਵਾਰਥੀ, ਪਰਮਾਰਥੀ ਜਾਂ ਨਿਸ਼ਕਾਮ ਭਾਵਨਾ ਨਹੀਂ ਜੁੜੀ ਹੋਈ।ਧਰਮ ਜਾਂ ਗੁਰਮਤਿ ਦੀ ਦੁਨੀਆ ਵਿੱਚ ਚੰਗੀ ਮੰਦੀ ਭਾਵਨਾ ਅਧੀਨ ਕੀਤੇ ਕਰਮਾਂ ਦੇ ਫਲ਼ ਦੀ ਹੀ ਗੱਲ ਕੀਤੀ ਗਈ ਹੈ।ਕਿਸੇ ਚੰਗੀ-ਮੰਦੀ ਭਾਵਨਾ ਤੋਂ ਬਿਨਾ ਕੀਤੀ ਕੋਈ ਵੀ ਕਿਰਿਆ ਤਾਂ ਸੰਸਾਰ ਤੇ ਵਿਚਰਨ ਦਾ ਇਕ ਜ਼ਰੀਆ, ਇਕ ਸਾਧਨ ਮਾਤਰ ਹੈ, ਇਸ ਦਾ ਕਿਸੇ ਚੰਗੇ-ਮਾੜੇ ਫਲ਼ ਨਾਲ ਕੋਈ ਸੰਬੰਧ ਨਹੀਂ।ਮਿਸਾਲ ਦੇ ਤੌਰ ਤੇ- ਬੰਦੂਕ ਦੀ ਗੋਲੀ (ਜਾਲਮ ਦਾ ਨਾਸ਼ ਕਰਨ ਲਈ) ਕਿਸੇ ਚੰਗੇ ਮਕਸਦ ਲਈ ਵੀ ਵਰਤੀ ਜਾ ਸਕਦੀ ਹੈ ਅਤੇ ਜਾਲਿਮਾਨਾ ਗਤੀ ਵਿਧੀ ਕਰਨ ਲਈ ਵੀ।ਗੋਲੀ ਦਾ ਇਸਤੇਮਾਲ ਚੰਗੇ ਜਾਂ ਮਾੜੇ ਕਿਸ ਉਦੇਸ਼ ਲਈ ਕੀਤਾ ਗਿਆ ਉਸ ਅਨੁਸਾਰ ਉਸ ਦਾ ਚੰਗਾ ਜਾਂ ਮਾੜਾ ਫਲ ਮਿਲਣਾ ਹੈ।
ਪਰ ਸਪੇਸ ਵਿੱਚ, ਸਪੇਸ ਕਰਾਫਟ ਦੀ ਦਿਸ਼ਾ ਨੂੰ ਮੋੜਨ ਲਈ ਵੀ ਬੰਦੂਕ ਦੀ ਗੋਲੀ ਦਾ ਇਸਤੇਮਾਲ ਕੀਤਾ ਜਾਂਦਾ ਹੈ।ਸੋ ਐਸਟ੍ਰੋਨੌਟਸ ਵੱਲੋਂ ਕੀਤਾ ਗਿਆ ਗੋਲੀ ਦਾ ਇਸਤੇਮਾਲ ਚੰਗੇ ਜਾਂ ਮਾੜੇ ਫਲ ਦਾ ਕਾਰਣ ਨਹੀਂ ਬਣਦਾ, ਇਹ ਸਿਰਫ ਇਕ ਕਿਰਿਆ ਹੀ ਹੈ।
ਗੋਲਾ ਬਾਰੂਦ ਦਾ ਇਸਤੇਮਾਲ, ਬੰਬ ਬਨਾਉਣ ਲਈ ਵੀ ਕੀਤਾ ਜਾਂਦਾ ਹੈ, ਜਿਸ ਨਾਲ ਹਜਾਰਾਂ, ਲੱਖਾਂ ਜਾਨਾਂ ਦਾ ਘਾਣ ਹੋ ਜਾਂਦਾ ਹੈ।ਅਤੇ ਇਸ ਦਾ ਇਸਤੇਮਾਨ ਪਹਾੜਾਂ ਵਿੱਚ ਰਸਤੇ ਬਨਾਉਣ ਅਤੇ ਪਹਾੜਾਂ ਵਿੱਚੋਂ ਮਿਨਰਲਜ਼ ਕੱਢਣ ਲਈ ਵੀ ਕੀਤਾ ਜਾਂਦਾ ਹੈ।ਇਸ ਤਰ੍ਹਾਂ ਜਾਨਾਂ ਦਾ ਘਾਣ ਕਰਨ ਲਈ ਵਰਤਿਆ ਗਿਆ ਬਾਰੂਦ ਮਾੜੇ ਕਰਮ ਕਰਨ ਲਈ (ਵੀ) ਹੋਇਆ ਅਤੇ ਪਹਾੜਾਂ’ਚ ਰਸਤੇ ਬਨਾਉਣ ਲਈ ਕਿਰਿਆ ਵੀ ਹੋਇਆ।
ਕਰਮਾਂ ਵਾਲਾ ਸਿਲਸਲਾ ਕਦੋਂ ਅਤੇ ਕਿੱਥੋਂ ਸ਼ੁਰੂ ਹੋਇਆ:--
ਗੁਰਮਤਿ ਅਨੁਸਾਰ- ਬੰਦਾ ਪ੍ਰਭੂ ਦੇ ਹੁਕਮ ਵਿੱਚ ਸੰਸਾਰ ਤੇ ਆਉਂਦਾ ਹੈ।ਜਿਸ ਤਰ੍ਹਾਂ ਉਸ ਨੇ ਸੰਸਾਰ ਤੇ ਵਿਚਰਨਾ ਹੈ, ਉਸ ਤਰ੍ਹਾਂ ਦੇ ਲੇਖ ਲਿਖਵਾ ਕੇ ਆਉਂਦਾ ਹੈ—
ਹਥਿ ਕਲੰਮ ਅਗੰਮ ਮਸਤਕਿ ਲਿਖਾਵਤੀ ॥” (ਪੰਨਾ 261) ਅਤੇ-
ਸਾਈ ਕਾਰ ਕਮਾਵਣੀ ਪਿਆਰੇ ਧੁਰਿ ਮਸਤਕਿ ਲੇਖੁ ਲਿਖਾਇ ॥੬॥”
ਅਰਥ:- “ਪਿਆਰੇ ਪ੍ਰਭੂ! ਤੇਰੀ ਧੁਰ ਦਰਗਾਹ ਤੋਂ (ਆਪ ਆਪਣੇ) ਮੱਥੇ (ਕਰਮਾਂ ਦਾ ਜੇਹੜਾ) ਲੇਖਾ ਲਿਖਾ ਕੇ (ਅਸੀਂ ਜੀਵ ਆਏ ਹਾਂ, ਉਸ ਲੇਖ ਅਨੁਸਾਰ) ਉਹੀ ਕੰਮ (ਅਸੀਂ ਜੀਵ) ਕਰ ਸਕਦੇ ਹਾਂ।”
ਕਰਮ ਦੋ ਤਰ੍ਹਾਂ ਦੇ ਹਨ— ‘ਭੋਗੇ ਜਾਣ ਵਾਲੇ’ ਅਤੇ ‘ਬੀਜੇ ਗਏ ਜਾਂ ਬੀਜੇ ਜਾਣ ਵਾਲੇ’
ਪਹਿਲੇ ਕਿਸਮ ਦੇ ਕਰਮ-- ਪ੍ਰਭੂ ਤੋਂ ਲੇਖ ਲਿਖਵਾ ਕੇ ਜੀਵ ਸੰਸਾਰ ਤੇ ਆਉਂਦਾ ਹੈ। ਉਹਨਾਂ ਲਿਖੇ ਲੇਖਾਂ ਅਨੁਸਾਰ ਸੰਸਾਰ ਤੇ ਵਿਚਰਦਾ ਅਤੇ ਦੁਖ ਸੁਖ ਭੋਗਦਾ ਹੈ। ਇਹਨਾਂ ਲਿਖੇ ਲੇਖਾਂ ਅਨੁਸਾਰ ਜੀਵ ਨੂੰ ਜਰੂਰ ਬਰ ਜਰੂਰ ਵਿਚਰਨਾ ਹੀ  ਪੈਂਦਾ ਹੈ।
ਦੂਸਰੇ— ਬੰਦਾ ਮਨ ਦੇ ਪਿੱਛੇ ਲੱਗਕੇ ਮਨਮਤ ਵਾਲੇ ਕਰਮ ਵੀ ਕਰ ਸਕਦਾ ਹੈ ਅਤੇ ਗੁਰੂ ਦੀ ਮੱਤ ਤੇ ਚੱਲਕੇ ਗੁਰਮੁਖਾਂ ਵਾਲੇ ਕਰਮ ਵੀ ਕਰ ਸਕਦਾ ਹੈ।ਮਨ ਦੇ ਪਿੱਛੇ ਲੱਗਕੇ ਕੀਤੇ ਕੰਮਾਂ ਦਾ ਫਲ਼ ਬੰਦੇ ਨੂੰ ਭੁਗਤਣਾ ਪੈਂਦਾ ਹੈ।ਅਤੇ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਕੀਤੇ ਕੰਮਾਂ ਲਈ ਗੁਰੂ ਖੁਦ ਜਾਮਨ ਹੁੰਦਾ ਹੈ।ਗੁਰੂ ਪਰਾਇਣ ਕੀਤੇ ਕੰਮਾਂ ਦਾ ਲੇਖਾ ਦਰਗਹ ਵਿੱਚ ਨਹੀਂ ਪੁੱਛਿਆ ਜਾਂਦਾ। ‘ਜੀਵ ਪ੍ਰਭੂ ਦੀ ਅੰਸ਼ ਹੈ, ਇਸ ਲਈ ਕਰਨ ਕਰਵਾਉਣ ਵਾਲਾ ਪ੍ਰਭੂ ਆਪ ਹੀ ਹੈ’, ਇਸ ਭਾਵਨਾ ਅਧੀਨ (ਗੁਰਮੁਖਾਂ ਵਾਲੇ) ਕੀਤੇ ਕਰਮਾਂ ਕਰਕੇ ਜੀਵ ਜਨਮ ਮਰਨ ਦੇ ਗੇੜ ਵਿੱਚ ਪੈਣੋਂ ਛੁੱਟ ਜਾਂਦਾ ਹੈ।
ਪਰ ‘ਹਉਮੈ (ਪ੍ਰਭੂ ਤੋਂ ਆਪਣੀ ਵੱਖਰੀ ਹਸਤੀ ਮੰਨਣੀ) ਅਧੀਨ ਕੀਤੇ ਕਰਮ ਜੀਵ ਨੂੰ ਮੁੜ ਮੁੜ ਜਨਮ ਲੈ ਕੇ ਸੰਸਾਰ ਤੇ ਆਉਣ ਦਾ ਕਾਰਣ ਬਣਦੇ ਹਨ।ਕੀਤੇ ਕਰਮ ਬੀਜ ਬੀਜਣ ਨਿਆਈਂ ਹਨ।ਜਿਹਨਾਂ ਅਨੁਸਾਰ ਪ੍ਰਭੂ ਸਾਡੇ ਲੇਖ ਲਿਖਦਾ ਹੈ।
ਹਿੰਦੂ ਮੱਤ ਅਤੇ ਗੁਰਮਤਿ ਦੇ ਕਰਮ ਸਿਧਾਂਤ ਦਾ ਇਹ ਫਰਕ ਹੈ ਕਿ--
ਹਿੰਦੂ ਮੱਤ ਵਿੱਚ ਕਰਮ; ਕਾਰਜ ਅਤੇ ਕਰਮਫਲ਼ ਸਿਧਾਂਤ ਦੀ ਤਰ੍ਹਾਂ ਖੁਦ ਹੀ ਫਲੀ-ਭੂਤ ਹੁੰਦੇ ਹਨ।ਕਰਮਾਂ ਦਾ ਬੱਧਾ ਜੀਵ ਸੰਸਾਰ ਤੇ ਆਉਂਦਾ ਹੈ, ਵਿਚਰਦਾ ਹੈ ਅਤੇ ਕੀਤੇ ਕਰਮਾਂ ਅਨੁਸਾਰ ਫਲ਼ ਭੋਗਣ ਲਈ, ਫੇਰ ਸੰਸਾਰ ਤੇ ਆਉਂਦਾ ਹੈ ।ਹਿੰਦੂ ਮੱਤ ਵਿੱਚ, ਕਰਮ-ਫਲ਼ ਦੇਣ ਵਿੱਚ ਪ੍ਰਭੂ ਦਾ ਕੋਈ ਰੋਲ ਨਹੀਂ ।
ਜਦਕਿ ਗੁਰਮਤਿ ਵਿੱਚ ਬੰਦਾ (ਕਰਮਾਂ ਦਾ ਬੱਧਾ ਨਹੀਂ), ਪ੍ਰਭੂ ਦੇ ਹੁਕਮ ਵਿੱਚ ਸੰਸਾਰ ਤੇ ਆਉਂਦਾ ਹੈ।ਕੀਤੇ ਕਰਮ, ਖੁਦ ਬ ਖੁਦ ਫਲੀ-ਭੂਤ ਨਹੀਂ ਹੁੰਦੇ।ਬਲਕਿ ਕਰਮਾਂ ਦਾ ਫਲ-ਪ੍ਰਦਾਤਾ ਪ੍ਰਭੂ ਆਪ ਹੈ।ਕਿਸੇ ਬੱਝਵੇਂ ਨਿਯਮ ਵਿੱਚ ਪ੍ਰਭੂ ਫਲ਼ ਨਹੀਂ ਦਿੰਦਾ ਬਲਕਿ ਜਿਵੇਂ ਉਸ ਨੂੰ ਠੀਕ ਲੱਗਦਾ ਹੈ, ਉਸ ਤਰ੍ਹਾਂ ਉਸ ਦਾ ਹੁਕਮ ਚੱਲਦਾ ਹੈ।”
ਮਨੁੱਖ ਤੋਂ ਬਿਨਾ ਹੋਰ ਕਿਸੇ ਵੀ ਜੀਵ ਨੂੰ ਚੰਗੇ ਮਾੜੇ ਦੀ ਸੋਝੀ ਨਹੀਂ ਹੈ। ਸਾਰੇ ਜੀਵ ਸੰਸਾਰ ਤੇ ਕਰਮਾਂ ਦਾ ਫਲ਼ ਭੋਗਣ ਲਈ ਹੀ ਆਉਂਦੇ ਹਨ।ਸਿਰਫ ਮਨੁੱਖ ਨੂੰ ਹੀ ਚੰਗੇ ਮਾੜੇ ਦਾ ਫਰਕ ਕਰਨ ਦੀ ਸੋਝੀ ਬਖਸ਼ੀ ਗਈ ਹੈ।ਗੁਰਮਤਿ ਸਾਨੂੰ ਇਹ ਸੋਝੀ ਦਿੰਦੀ ਹੈ ਕਿ, ਦੁਖ ਸੁਖ ਅਸੀਂ ਆਪਣੇ ਹੀ ਕੀਤੇ ਕਰਮਾਂ ਕਰਕੇ ਭੋਗਦੇ ਹਾਂ, ਇਹਨਾਂ ਦੁਖਾਂ-ਸੁਖਾਂ ਲਈ ਪ੍ਰਭੂ ਜਾਂ ਕੋਈ ਹੋਰ ਜਿੰਮੇਵਾਰ ਨਹੀਂ।ਇਸ ਲਈ ਸੰਸਾਰ ਤੇ ਵਿਚਰਦੇ ਹੋਏ ਅਸੀਂ ਉਹ ਕੰਮ ਕਰਨੇ ਹਨ, ਜਿਹਨਾਂ ਕਰਕੇ ਸੁਖ ਦੁਖ ਭੋਗਣ ਲਈ ਮੁੜ ਸੰਸਾਰ ਤੇ ਨਾ ਆਉਣਾ ਪਵੇ।
ਭੁਪਿੰਦਰ ਸਿੰਘ ਚੱਢਾ:-- ਜਨਮਾ ਜਨਮਾ ਦੇ ਚੰਗੇ ਮੰਦੇ ਕਰਮਾ ਦਾ ਲੇਖਾ ਜੋਖਾ ਬਹੁਤ ਵੱਡਾ ਜ਼ਖੀਰਾ ਹੈ। ਸੰਚਿਤ ਕਰਮ ਪ੍ਰਾਲਭਦ ਕਰਮ ਤੇ ਨਾਲ ਹੀ ਵਰਤਮਾਨ ਕਰਮ। ਕੋੲੀ ਅੰਤ ਨਹੀਂ। **ਇਹਨਾ ਕਰਮਾ ਨੂੰ ਭੋਗਣਾ ਹੀ ਪੈਣਾ ਹੈ**। ਜੇ ਅੱਜ ਤੋਂ ਹੀ ਗਾਡੀ ਰਾਹ ਗੁਰੂ ਦੀ ਮੱਤ ਵਾਲਾ ਫੜ ਲੲੀਏ ਫਿਰ ਵੀ ਮੈਨੂੰ ਲਗਦਾ ਹੈ ਕਿ ਬਹੁਤ ਸਮਾ ਲੱਗਣਾ ਹੈ ਮੰਦੇ ਕਰਮਾ ਦਾ ਪਾਣੀ ਸਾਫ ਹੋਣ ਨੂੰ। ਇਕ ਗੰਧਲੇ ਪਾਣੀ ਦੇ ਡਰੰਮ ਨੂੰ ਸਾਫ ਕਰਨ ਲੲੀ ਅੱਜ ਤੋਂ ਹੀ ਉਸ ਵਿਚ ਇਕ ਪਾਸਿਓਂ ਸਾਫ ਪਾਣੀ ।ਗੁਰਮਤ ਦੀ ਲੀਹ। ਪੌਣਾ ਸ਼ੁਰੂ ਕਰ ਦੲੀਏ ਤੇ ਦੂਜੇ ਬੰਨਿਓਂ ਗੰਧਲਾ ਪਾਣੀ ਬਾਹਰ ਕੱਢਣਾ ਸ਼ੁਰੂ ਕਰੀੲੇ ਤਾਂ ਸਾਰਾ ਪਾਣੀ ਸਾਫ ਹੋਣ ਨੂੰ ਕਾਫੀ ਸਮਾਂ ਤਾਂ ਲੱਗੇਗਾ ਹੀ। ਪਰ ਵਿਰਦੀ ਜੀ ਮੈਨੂੰ ਇੰਜ ਲਗਦਾ ਹੈ ਕਿ ਗੁਰਮਤ ਦੇ ਗਾਡੀ ਰਾਹ ਤੇ ਚਲਦਿਅਾਂ ਹੀ, ਚਲਣ ਦੀ ਕੋਸ਼ਿਸ਼ ਕਰਦਿਅਆਂ ਹੀ, ।ਦੂਸਰੇ ਸ਼ਬਦਾਂ ਵਿਚ ਸਾਫ ਪਾਣੀ ਦਾ ਨਲ ਖੋਲਣ ਤੇ ਹੀ। ਜੋ ਸੁੱਖ ਅਤੇ ਸ਼ਾਂਤੀ ਮਿਲਣੀ ਸ਼ੁਰੂ ਹੋ ਜਾਂਦੀ ਹੈ, ਇੱਕ ਅਾਸ ਬੱਝ ਜਾਂਦੀ ਹੈ ਕਿ ਅੱਜ ਨਹੀਂ ਤਾਂ ਕਲ੍ਹ ਜਰੂਰ ਦਾਤੇ ਦੀਅਾਂ ਖੁਸ਼ੀਆਂ ਮਿਲਣਗੀਆਂ-- - - ਉਹੀ ਜਿੰਦਗੀ ਵਿਚ ਭਾਰੀ ਤਬਦੀਲੀ ਲਿਅਾ ਦਿੰਦੀ ਹੈ। ਫਿਰ----
"ਤੂੰ ਬਖਸ਼ੀਸ਼ੀ ਅਗਲਾ ਨਿਤ ਦੇਵੈ ਚਵ੍ਹੇ ਸਵਾਇਆ" -- ਵਾਲੀ ਗੱਲ ਬਣ ਜਾਂਦੀ ਹੈ। ---
{ਬੇਸ਼ਕ ਪੂਰਾ ਪਾਣੀ ਸਾਫ ਹੋਣ ਨੂੰ **ਕੲੀ ਹੋਰ ਜਨਮ ਲੱਗ ਜਾਣ**, ਇਸਦੀ ਕੋੲੀ ਪਰਵਾਹ ਨਹੀਂ ਰਹਿੰਦੀ}
ਸਾਡੇ ਚੰਗੇ ਮੰਦੇ ਕਰਮਾ ਦਾ ਹਿਸਾਬ ਹਰ ਧਰਮ ਅਨੁਸਾਰ ਦੇਣਾ ਪੈਂਦਾ ਹੈ। ਭਾਂਵੇ ਸੰਚਿਤ ਹੋਣ ਜਾਂ ਵਰਤਮਾਨ। ਪਿਛਲੇ ਕਰਮਾ ਨੂੰ ਭੋਗਦੇ ਹੋੲੇ ਜੇ ਅਗਾਂਹ ਇਸ ਜਨਮ ਵਿਚ ਮੰਦੇ ਘੱਟ ਤੇ ਚੰਗੇ ਜਾਦਾ ਕਰਾਂਗੇ ਤਾਂ ਭਾਰ ਹਲਕਾ ਹੋ ਜਾਵੇਗਾ। ਇਸ ਤਰਾਂ ਕਰ ਕਰ ਕੇ ਇਕ ਦਿਨ ਸਾਰੇ ਕਰਮ ਸਾਫ ਹੋ ਜਾਣਗੇ - ਤੇ ਇਸਦੇ ਉਲਟ ਵੀ ਹੋ ਸਕਦਾ। ਭਾਰ ਵਧ ਵੀ ਸਕਦਾ। ।ਇਸਦਾ ਕੋੲੀ ਪਰੂਫ ਨਹੀਂ ਹੈ, ਇਹ ਮੈਂ ਉੰਜ ਹੀ ਮੰਨ ਕੇ ਚਲਦਾ ਹਾਂ। - - ਮੰਨਕੇ ਚਲਣ ਨਾਲ ਚੰਗੇ ਕਰਮ ਕਰਨ ਦੀ ਪ੍ਰੇਰਨਾ ਮਿਲਦੀ ਹੈ। ਸਾਰੇ ਧਰਮਾ ਵਿਚ ਚੰਗੇ ਕਰਮਾ ਨੂੰ ਸਲਾਹਿਆ ਗਿਆ ਹੈ। ਜੇ ਇਹ ਸਭ ਝੂਠ ਵੀ ਹੋਵੇ ਤਾਂ ਵੀ ਚੰਗੇ ਕਰਮ ਕਰਨ ਨਾਲ ਇਹ ਵਰਤਮਾਨ ਜੀਵਨ ਤਾਂ ਸੁਧਰੇਗਾ ਹੀ।
ਸੰਕੇਤ:--
ਸਾਫ ਪਾਣੀ ਪੌਣਾ = ਗੁਰਮੁਖ ਹੋਕੇ ਨਾਮ ਜਪਣਾ.
ਗੰਧਲਾ ਪਾਣੀ ਬਾਹਰ ਕੱਢਣਾ = ਕਰਮਾਂ ਦਾ ਹਿਸਾਬ ਦਿੰਦੇ ਹੋੲੇ ਉਮਰ ਭੋਗਣੀ.
ਭਗਵੰਤ ਸਿੰਘ:--
 "ਲੇਖੈ ਕਤਹਿ ਨ ਛੂਟੀਅੈ ਖਿਨੁ ਖਿਨੁ ਭੂਲਨਹਾਰ॥
  ਬਖਸਣਹਾਰ ਬਖਸਿ ਲੈ ਨਾਨਕ ਪਾਰਿ ੳੁਤਾਰ
॥" ਮ:੫(੨੬੧)
ਭੁਪਿੰਦਰ ਸਿੰਘ ਚੱਢਾ:-- ਬਲਕੁਲ ਠੀਕ ਭਗਵੰਤ ਸਿੰਘ ਜੀ।
ਜਸਬੀਰ ਸਿੰਘ ਵਿਰਦੀ:-- ਭੁਪਿੰਦਰ ਸਿੰਘ ਜੀ! ਪਹਿਲੀ ਤਾਂ ਗੱਲ, ਜਿਹੜੀ ਫਲੌਸਫੀ ਤੁਸੀਂ ਪੇਸ਼ ਕਰ ਰਹੇ ਹੋ, ਇਹ ਗੁਰਮਤਿ ਨਹੀਂ ਤੁਹਾਡੀ ‘ਰਾਧਾ ਸੁਆਮੀ ਮੱਤ’ ਤੀ ਫਲੌਸਫੀ ਹੈ।
ਗੁਰਮਤਿ ਅਤੇ (ਤੁਹਾਡੇ)ਰਾਧਾ ਸੁਆਮੀ ਮੱਤ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੈ।
ਕਰਮ ਫਲੌਸਫੀ ਬਾਰੇ ਤੁਹਾਡਾ ਰਾਧਾ ਸੁਆਮੀ ਮੱਤ, ਹਿੰਦੂ ਫਲੌਸਫੀ ਵਾਲਾ ਹੈ।ਜਿਸ ਵਿੱਚ ਸੰਚਿਤ, ਪ੍ਰਾਲਭਦ(/ਪ੍ਰਾਰਭਦ) ਅਤੇ ਵਰਤਮਾਨ(ਕਿਰਿਆਮਾਨ) ਕਰਮ ਮੰਨੇ ਗਏ ਹਨ।ਇਸ ਫਲੌਸਫੀ ਅਨੁਸਾਰ ਤਾਂ ਕਰਮਾਂ ਦਾ ਸਿਲਸਿਲਾ ਕਦੇ ਖਤਮ ਹੀ ਨਹੀਂ ਹੋ ਸਕਦਾ।ਜੇ ਤੁਸੀਂ ਸੰਚਿਤ ਕਰਮਾਂ ਵਾਲੀ ਫਲੌਸਫੀ ਨੂੰ ਮੰਨਦੇ ਹੋ ਅਤੇ ਨਾਲ ਹੀ ਇਹ ਵੀ ਮੰਨਦੇ ਹੋ ਕਿ ਕਰਮਾਂ ਦਾ ਫਲ਼ ਅਵੱਸ਼ ਭੋਗਣਾ ਹੀ ਪੈਣਾ ਹੈ ਤਾਂ ਦੱਸੋ ਕਰਮਾਂ ਦਾ ਇਹ ਸਿਲਸਿਲਾ ਕਦੋਂ ਅਤੇ ਕਿਵੇਂ ਖਤਮ ਹੋ ਸਕਦਾ ਹੈ?
‘ਸੰਚਿਤ ਕਰਮਾਂ’ ਦਾ ਮਤਲਬ ਹੈ, ਜਿਹੜੇ ਪਿਛਲੇ ਜਨਮ ਜਾਂ ਜਨਮਾਂ ਵਿੱਚ ਹਾਲੇ ਭੋਗੇ ਨਹੀਂ ਗਏ।ਸੋਚੋ! ਜਿਹੜੇ ਪਿਛਲੇ ਜਨਮ ਜਾਂ ਜਨਮਾਂ ਵਿੱਚ ਹਾਲੇ ਭੋਗੇ ਨਹੀਂ ਗਏ, ਉਹ ਵੀ ਅਤੇ ਇਸ ਜਨਮ ਦੇ ਵੀ ਕਰਮ ਜੁੜ ਕੇ ਇਹਨਾਂ’ਚ ਹਰ ਵਾਰੀਂ ਹੋਰ ਵਾਧਾ ਹੋਵੇਗਾ ਜਾਂ ਘਟਣ/ਖਤਮ ਹੋਣਗੇ?
ਜਿਹੜਾ ਤੁਸੀਂ ਗੰਧਲਾ ਪਾਣੀ ਕਢਕੇ ਸਾਫ ਪਾਣੀ ਪਾਉਣ ਦੀ ਗੱਲ ਕਰ ਰਹੇ ਹੋ ਅਤੇ ਕਹਿ ਰਹੇ ਹੋ- “ਗੰਧਲਾ ਪਾਣੀ ਬਾਹਰ ਕਢਣਾ== ਕਰਮਾਂ ਦਾ ਹਿਸਾਬ ਦਿੰਦੇ ਹੋਏ ਉਮਰ ਭੋਗਣੀ”---- ਇਹ ਵੀ ਬੇ-ਸਿਰ-ਪੈਰ ਦੀ ਬੇ-ਤੁਕੀ ਗੱਲ ਲੱਗਦੀ ਹੈ।ਸੰਸਾਰ ਵਿੱਚ ਵਿਚਰਦਿਆਂ, ਬੰਦਾ ਜਾਂ ਤੇ ਚੰਗੇ ਕਰਮ ਕਰੇਗਾ ਜਾਂ ਮੰਦੇ। ਦੋਨਾਂ ਹੀ ਹਾਲਤਾਂ ਵਿੱਚ ਉਹ ਚੰਗਾ ਜਾਂ ਮਾੜਾ ਫਲ਼ ਤਾਂ ਭੁਗਤੇਗਾ ਹੀ।ਇਸ ਤਰ੍ਹਾਂ ਚੰਗਾ-ਮਾੜਾ ਫਲ਼ ਭੁਗਤਦਿਆਂ ਨਾਲ ਨਾਲ ਹੋਰ ਚੰਗੇ ਜਾਂ ਮਾੜੇ ਕਰਮ ਲਾਜਮੀ ਕਰਗਾ।ਇਸ ਤਰ੍ਹਾਂ ਦੱਸੋ, ਕਰਮਾਂ ਦਾ ਲੇਖਾ ਕਿਵੇਂ ਮੁਕ ਸਕਦਾ ਹੈ?
ਇਹੀ ਗੱਲ ਭਗਵੰਤ ਸਿੰਘ ਨੇ ਗੁਰਬਾਣੀ ਉਦਾਹਰਣ ਨਾਲ ਬਿਆਨ ਕੀਤੀ ਹੈ—
ਲੇਖੈ ਕਤਹਿ ਨ ਛੂਟੀਅੈ ਖਿਨੁ ਖਿਨੁ ਭੂਲਨਹਾਰ॥
ਬਖਸਣਹਾਰ ਬਖਸਿ ਲੈ ਨਾਨਕ ਪਾਰਿ ੳੁਤਾਰ
॥" ਮ:੫(੨੬੧)”
 ਅਰਥਾਤ ਲੇਖਾ ਜੇ ਹੋਣ ਲੱਗੇ ਤਾਂ ਕਦੇ ਵੀ ਨਹੀਂ ਮੁੱਕ ਸਕਦਾ। ਜਿਸ ਨੂੰ ਤੁਸੀਂ ਠੀਕ ਵੀ ਕਿਹਾ ਹੈ।
“ਬੇਸ਼ੱਕ ਪੂਰਾ ਪਾਣੀ ਸਾਫ ਹੋਣ ਨੂੰ ਕਈ ਹੋਰ ਜਨਮ ਲੱਗ ਜਾਣ” ਵਾਲੀ ਥਿਉਰੀ ਰਾਧਾ ਸੁਆਮੀ ਮੱਤ ਦੀ ਹੈ।ਗੁਰਮਤਿ ਇਸ ਥਿਉਰੀ ਨੂੰ ਬਿਲਕੁਲ-ਬਿਲਕੁਲ ਵੀ ਨਹੀਂ ਮੰਨਦੀ।
ਗੁਰਮਤਿ ਅਨੁਸਾਰ ਇਹ ਮਨੁੱਖਾ ਜਨਮ ਹੀ ਹੈ, ਜਿਸ ਵਿੱਚ ਜਨਮ ਮਰਨ ਦੇ ਗੇੜ ਤੋਂ ਮੁਕਤੀ ਪਾਈ ਜਾ ਸਕਦੀ ਹੈ, ਜਾਂ ਫੇਰ ਜੂਨਾਂ ਦੇ ਗੇੜ ਵਿੱਚ ਪੈ ਕੇ ਦੁਖ ਸੁਖ ਭੋਗਣੇ ਪੈਣੇ ਹਨ।
ਗੁਰਮਤਿ ਇਸ ਜਨਮ ਤੋਂ ਬਾਅਦ ਫੇਰ ਮਨੁੱਖਾ ਜਨਮ ਮਿਲਣ ਦੀ ਅਤੇ ਫੇਰ ਅਗਲੇ ਜਨਮ ਵਿੱਚ ਕੁਝ ਵੀ ਕਰਨ ਦੀ ਕੋਈ ਗਰੰਟੀ ਨਹੀਂ ਕਰਦੀ।ਗੁਰਮਤਿ ਇਹ ਬਿਲਕੁਲ ਵੀ ਨਹੀਂ ਕਹਿੰਦੀ ਕਿ ਜਿੰਨਾਕੁ ਸੁਧਾਰ ਹੁਣ ਹੁੰਦਾ ਹੈ ਹੁਣ ਕਰ ਲਿਆ ਬਾਕੀ ਸੁਧਾਰ ਅਗਲੇ ਜਨਮ ਵਿੱਚ ਅਤੇ ਜੇ ਫੇਰ ਵੀ ਰਹਿ ਗਿਆ ਤਾਂ ਉਸ ਤੋਂ ਅਗਲੇ ਜਨਮ ਵਿੱਚ…।
ਇਹ ਰਾਧਾ ਸੁਆਮੀ ਮੁਖੀਆਂ ਵੱਲੋਂ ਲਗਾਏ ਗਏ ਝੂਠੇ ਲਾਰੇ ਹਨ।ਗੁਰਮਤਿ ਵਿੱਚ ਜੋ ਕਰਨਾ ਹੈ ਇਸੇ ਮਨੁੱਖਾ ਜਨਮ ਵਿੱਚ ਹੀ ਕਰਨਾ ਹੈ।ਇਸ ਜਨਮ ਤੋਂ ਬਾਅਦ ਫੇਰ ਮੌਕਾ ਮਿਲੇ ਜਾਂ ਨਾ ਮਿਲੇ ਕੁਝ ਨਹੀਂ ਕਿਹਾ ਜਾ ਸਕਦਾ।
ਜਦਕਿ ਤੁਹਾਡੇ ਮੁਤਾਬਕ ਤਾਂ ਇਹ ਪੱਕੀ ਗਰੰਟੀ ਹੋ ਜਾਂਦੀ ਹੈ ਕਿ ਇਸ ਜਨਮ ਵਿੱਚ ਚੰਗੇ ਕਰਮ ਕਰ ਲਏ, ਜਿਹੜਾ ਪਿਛਲੇ ਜਨਮ ਦਾ (ਗੰਦਾ ਪਾਣੀ) ਲੇਖਾ ਬੱਚ ਗਿਆ ਉਹ ਸਾਫ ਕਰਨ ਲਈ **ਫੇਰ ਮਨੁੱਖਾ ਜਨਮ** ਜਰੂਰ ਮਿਲੇਗਾ ਅਤੇ ਉਹ ਵੀ ਚੰਗੀ ਸੋਝੀ ਨਾਲ, ਤਾਂ ਹੀ ਤੇ ਪਿਛਲੇ ਜਨਮਾਂ ਦਾ ਬਚਿਆ ਲੇਖਾ ਭੁਗਤਿਆ ਜਾ ਸਕੇਗਾ।ਅਤੇ ਜੇ ਫੇਰ ਵੀ ਬਚ ਗਿਆ ਤਾਂ ਫੇਰ ਚੰਗੀ ਸੋਝੀ ਨਾਲ ਮਨੁੱਖ ਜਨਮ ਜਰੂਰ ਮਿਲੇਗਾ….।
ਤੁਹਾਡੇ (ਰਾਧਾ ਸੁਆਮੀ) ਮੱਤ ਅਨੁਸਾਰ—ਹਰ ਹਾਲਤ ਵਿੱਚ ਕਰਮਾਂ ਦਾ ਲੇਖਾ ਭੁਗਤਣਾ ਹੀ ਪੈਂਦਾ ਹੈ।ਪਰ ਗੁਰਮਤਿ ਅਨੁਸਾਰ ਜੇ ਪਿਛਲੇ ਕੀਤੇ ਗੁਨਾਹਾਂ ਦੀ ਭੁੱਲ ਮੰਨਕੇ, ਅੱਗੋਂ ਤੋਂ ਚੰਗੇ ਕੰਮ ਕਰਨ ਦੀ ਸੋਝੀ ਅਤੇ ਸਮਰੱਥਾ ਦੀ ਪ੍ਰਭੂ ਅਗੇ ਅਰਦਾਸ ਕੀਤੀ ਜਾਵੇ ਤਾਂ ਪਿਛਲੇ ਅਵਗੁਣ (ਕਰਮ) ਬਖਸ਼ੇ ਵੀ ਜਾ ਸਕਦੇ ਹਨ- “ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ ॥” ਗੁਰਮਤਿ ਅਨੁਸਾਰ ਜੇ ਬੰਦਾ ਪ੍ਰਭੂ ਨੂੰ ਹਾਜ਼ਰ-ਨਾਜ਼ਰ ਮੰਨਕੇ ਕੰਮ ਕਰਦਾ ਹੈ ਤਾਂ ਉਹ ਕਰਮ ਕਰਦਾ ਹੋਇਆ ਵੀ ਨਿਹਕਰਮਾ ਹੈ-
 “ਕਰਮ ਕਰਤ ਹੋਵੈ ਨਿਹਕਰਮ ॥”
 ਗੁਰੂ ਪਰਾਇਣ ਹੋ ਕੇ ਕੰਮ ਕਰਨ ਵਾਲੇ ਦੇ ਗੁਰੂ ਸਹਾਈ ਹੁੰਦਾ ਹੈ-
ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨ੍ਹ੍ਹਿ ॥
ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ
॥”
ਤੁਸੀਂ ਜੋ ਫਲੌਸਫੀ ਮੰਨਦੇ ਹੋ, ਮੰਨੀ ਜਾਵੋ, ਕਿਸੇ ਨੂੰ ਕੋਈ ਇਤਰਾਜ ਨਹੀਂ।ਪਰ ਮਿਹਰਬਾਨੀ ਕਰਕੇ ਆਪਣੀ (ਰਾਧਾ ਸੁਆਮੀ) ਫਲੌਸਫੀ ਨੂੰ ਗੁਰਮਤਿ ਕਹਿਕੇ ਭਰਮ ਭੁਲੇਖੇ ਪੈਦਾ ਨਾ ਕਰੋ।ਜੋ ਕਰਮ ਫਲੌਸਫੀ ਤੁਸੀਂ ਬਿਆਨ ਕਰ ਰਹੇ ਹੋ, ਜੇ ਤੁਸੀਂ ਰਾਧਾ ਸੁਆਮੀ ਫਲੌਸਫੀ ਕਹਿਕੇ ਬਿਆਨ ਕਰੋ ਤਾਂ ਕੋਈ ਝਗੜਾ ਨਹੀਂ।ਪਰ ਤੁਸੀਂ ਰਾਧਾ ਸੁਆਮੀ ਫਲੌਸਫੀ ਨੂੰ ਗੁਰਮਤਿ ਕਹਿਕੇ ਬਿਆਨ ਕਰ ਰਹੇ ਹੋ।ਇਹ ਇਤਰਾਜ ਯੋਗ ਗੱਲ ਹੈ।
ਜਸਬੀਰ ਸਿੰਘ ਵਿਰਦੀ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.