ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ‘ਗੁਰਮਤਿ ਅਨੁਸਾਰ ਪੰਜ ਸ਼ਬਦ’ :-
-: ‘ਗੁਰਮਤਿ ਅਨੁਸਾਰ ਪੰਜ ਸ਼ਬਦ’ :-
Page Visitors: 3083

-: ‘ਗੁਰਮਤਿ ਅਨੁਸਾਰ ਪੰਜ ਸ਼ਬਦ’ :-
ਗੁਰਮਤਿ ਅਨੁਸਾਰ ਪੰਚ ਸ਼ਬਦ ਜਾਂ ਪੰਜ ਸ਼ਬਦ ਦਾ ਅਰਥ ਕੀ ਹੈ-
“ਪਉੜੀ ॥ ਪੰਚੇ ਸਬਦ ਵਜੇ ਮਤਿ ਗੁਰਮਤਿ ਵਡਭਾਗੀ ਅਨਹਦੁ ਵਜਿਆ ॥
 ਆਨਦ ਮੂਲੁ ਰਾਮੁ ਸਭੁ ਦੇਖਿਆ ਗੁਰ ਸਬਦੀ ਗੋਵਿਦੁ ਗਜਿਆ ॥
 ਆਦਿ ਜੁਗਾਦਿ ਵੇਸੁ ਹਰਿ ਏਕੋ ਮਤਿ ਗੁਰਮਤਿ ਹਰਿ ਪ੍ਰਭੁ ਭਜਿਆ ॥
 ਹਰਿ ਦੇਵਹੁ ਦਾਨੁ ਦਇਆਲ ਪ੍ਰਭ ਜਨ ਰਾਖਹੁ ਹਰਿ ਪ੍ਰਭ ਲਜਿਆ ॥
 ਸਭਿ ਧੰਨੁ ਕਹਹੁ ਗੁਰੁ ਸਤਿਗੁਰੂ ਗੁਰੁ ਸਤਿਗੁਰੂ ਜਿਤੁ ਮਿਲਿ ਹਰਿ ਪੜਦਾ ਕਜਿਆ
॥7॥ (ਪੰਨਾ 1315)
 ਪਦ ਅਰਥ:- ਪੰਚੇ ਸਬਦ-ਪੰਜਾਂ ਹੀ ਕਿਸਮਾਂ ਦੇ ਸਾਜ਼ ਜੋ ਮਿਲ ਕੇ ਇਕ ਅਸਚਰਜ ਸੁਰੀਲਾ ਰਾਗ ਪੈਦਾ ਕਰਦੇ ਹਨ । ਗੁਰਮਤਿ-ਗੁਰੂ ਦਾ ਉਪਦੇਸ਼ । ਅਨਹਦ-ਉਹ ਰਾਗ ਜੋ ਬਿਨਾ ਸਾਜ ਵਜਾਏ ਹੁੰਦਾ ਰਹੇ, ਇਕ-ਰਸ ਰਾਗ । ਆਨਦ ਮੂਲੁ-ਆਨੰਦ ਦਾ ਸੋਮਾ । ਸਭੁ-ਹਰ ਥਾਂ । ਸਬਦੀ-ਸ਼ਬਦ ਦੀ ਰਾਹੀਂ । ਗਜਿਆ-ਗੱਜਿਆ, ਜ਼ੋਰ ਨਾਲ ਪਰਗਟ ਹੋ ਪਿਆ (ਜਿਵੇਂ ਬੱਦਲ ਗੱਜਣ ਤੇ ਹੋਰ ਅਵਾਜ਼ਾਂ ਸੁਣੀਆਂ ਨਹੀਂ ਜਾਂਦੀਆਂ) । ਵੇਸੁ-ਸਰੂਪ, ਹਸਤੀ ।
ਜੁਗਾਦਿ-ਜੁਗਾਂ ਦੇ ਆਦਿ ਤੋਂ । ਭਜਿਆ-ਸਿਮਰਿਆ । ਹਰਿ-ਹੇ ਹਰੀ! ਜਨ ਲਜਿਆ-(ਆਪਣੇ) ਦਾਸ ਦੀ ਲਾਜ । ਸਭਿ-ਸਾਰੇ । ਜਿਤੁ-ਜਿਸ ਦੀ ਰਾਹੀਂ । ਮਿਲਿ ਹਰਿ-ਪਰਮਾਤਮਾ ਨੂੰ ਮਿਲ ਕੇ । ਪੜਦਾ ਕਜਿਆ-ਇੱਜ਼ਤ ਬਚੀ ਰਹਿੰਦੀ ਹੈ ।
 ਅਰਥ:- ਹੇ ਭਾਈ! ਜਿਸ ਵੱਡੇ ਭਾਗਾਂ ਵਾਲੇ ਮਨੁੱਖ ਦੀ ਮੱਤ ਵਿਚ ਗੁਰੂ ਦਾ ਉਪਦੇਸ਼ ਵੱਸ ਪੈਂਦਾ ਹੈ ਉਸ ਦੇ ਅੰਦਰ (ਆਤਮਕ ਆਨੰਦ ਦਾ) ਇਕ-ਰਸ ਵਾਜਾ ਵੱਜ ਪੈਂਦਾ ਹੈ (ਉਸ ਦੇ ਅੰਦਰ, **ਮਾਨੋ**) ਪੰਜਾਂ ਹੀ ਕਿਸਮਾਂ ਦੇ ਸਾਜ਼ ਵੱਜ ਪੈਂਦੇ ਹਨ । ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਉਸ ਦੇ ਅੰਦਰ) ਪਰਮਾਤਮਾ ਗੱਜ ਪੈਂਦਾ ਹੈ ਅਤੇ ਉਹ ਹਰ ਥਾਂ ਆਨੰਦ ਦੇ ਸੋਮੇ ਪਰਮਾਤਮਾ ਨੂੰ (ਵੱਸਦਾ) ਵੇਖਦਾ ਹੈ । (ਹੇ ਭਾਈ! ਜਿਹੜਾ ਮਨੁੱਖ) ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦਾ ਭਜਨ ਕਰਦਾ ਹੈ (ਉਸ ਨੂੰ ਇਹ ਨਿਸਚਾ ਆ ਜਾਂਦਾ ਹੈ ਕਿ ਸ੍ਰਿਸ਼ਟੀ ਦੇ) ਆਦਿ ਤੋਂ ਜੁਗਾਂ ਦੇ ਆਦਿ ਤੋਂ ਪਰਮਾਤਮਾ ਦੀ ਇਕੋ ਹੀ ਅਟੱਲ ਹਸਤੀ ਹੈ । ਹੇ ਹਰੀ! ਹੇ ਦਇਆ ਦੇ ਸੋਮੇ ਪ੍ਰਭੂ! ਤੂੰ ਆਪਣੇ ਦਾਸਾਂ ਨੂੰ (ਆਪਣੇ ਨਾਮ ਦਾ) ਦਾਨ ਦੇਂਦਾ ਹੈਂ, (ਤੇ, ਇਸ ਤਰ੍ਹਾਂ ਵਿਕਾਰਾਂ ਦੇ ਟਾਕਰੇ ਤੇ ਉਹਨਾਂ ਦੀ) ਲਾਜ ਰੱਖਦਾ ਹੈਂ । ਹੇ ਭਾਈ! ਤੁਸੀ ਸਾਰੇ ਗੁਰੂ ਨੂੰ ਧੰਨ-ਧੰਨ ਆਖੋ, ਗੁਰੂ ਨੂੰ ਧੰਨ-ਧੰਨ ਆਖੋ ਜਿਸ ਦੀ ਰਾਹੀਂ ਪਰਮਾਤਮਾ ਨੂੰ ਮਿਲ ਕੇ (ਵਿਕਾਰਾਂ ਦੇ ਟਾਕਰੇ ਤੇ) ਇੱਜ਼ਤ ਬਚ ਜਾਂਦੀ ਹੈ ।7।”
“ਪੰਚ ਸਬਦ” ਦਾ ਅਰਥ ਸਮਝਣ ਲਈ ਪਹਿਲਾਂ ਇਹ ਸਮਝ ਲਈਏ ਕਿ ਗੁਰੂ ਸਾਹਿਬ ਨੇ ਪੰਚ ਸ਼ਬਦ ਨੂੰ ਕਿਹਨਾਂ ਅਰਥਾਂ ਵਿੱਚ ਬਿਆਨਿਆ ਹੈ। ਇਹ ਸਮਝਣ ਲਈ ਪਹਿਲਾਂ ਜਪੁ ਜੀ ਸਾਹਿਬ ਦੀ ਇਹ ਪਉੜੀ ਵਿਚਾਰੀਏ-
ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥ ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥
ਯੋਗੀ ਲੋਕ ਸਮਾਧੀਆਂ ਲਗਾ ਕੇ, ਅਤੇ ਕਈ ਕਿਸਮ ਦੇ ਜੋਗ-ਆਸਣ ਕਰਕੇ ਅੰਦਰ ਨਾਦ, ਧੁਨੀਆਂ ਸੁਣ ਕੇ ਆਨੰਦ ਹਾਸਲ ਕਰਨ ਦਾ ਯਤਨ ਕਰਦੇ ਹਨ, ਪਰ ਗੁਰੂ ਸਾਹਿਬ ਕਹਿੰਦੇ ਹਨ ਕਿ- ਗੁਰੂ ਦੇ ਸਨਮੁਖ ਹੋਣਾ ਅਰਥਾਤ ਗੁਰੂ ਦਾ ਉਪਦੇਸ਼ ਸੁਣਨਾ ਅਤੇ ਮੰਨਣਾ ਹੀ ਮੇਰੇ ਲਈ ਨਾਦ ਹੈ।ਗੁਰੂ ਦਾ ਉਪਦੇਸ਼ ਮੰਨਣਾ ਹੀ ਮੇਰੇ ਲਈ ਵੇਦ (ਅਰਥਾਤ ਗਿਆਨ) ਹੈ।ਗੁਰੂ ਦੇ ਸਨਮੁਖ ਰਹਿਣ ਨਾਲ ਸੋਝੀ ਆਉਂਦੀ ਹੈ ਕਿ ਉਹ ਪ੍ਰਭੂ ਹਰ ਥਾਂ ਵਿਆਪਕ ਹੈ।ਗੁਰੂ ਹੀ ਮੇਰੇ ਲਈ- ਸ਼ਿਵ ਹੈ, ਗੁਰੂ ਹੀ ਮੇਰੇ ਲਈ ਗੋਰਖ ਅਤੇ ਬ੍ਰਹਮਾ ਹੈ।ਗੁਰੂ ਹੀ ਮੇਰੇ ਲਈ ਪਾਰਵਤੀ ਮਾਈ ਹੈ।
ਇਥੇ ਯੋਗੀਆਂ ਦੁਆਰਾ ਸੁਣੇ ਜਾਂਦੇ ਨਾਦ, ਵੇਦਾਂ ਦੇ ਗਿਆਨ, ਸ਼ਿਵ ਦੀ ਪੂਜਾ…. ਦੇ ਮੁਕਾਬਲੇ ਵਿੱਚ ਗੁਰੂ ਸਾਹਿਬ, ਗੁਰੂ ਦੇ ਉਪਦੇਸ਼ ਤੇ ਚੱਲਣ ਨੂੰ ਹੀ ਆਨੰਦ ਅਤੇ ਗਿਆਨ ਦਾ ਭੰਡਾਰ ਦੱਸਦੇ ਹਨ।
ਇਸੇ ਤਰ੍ਹਾਂ ਉਪਰ ਵਾਲੇ ਸ਼ਬਦ ਵਿੱਚ ਯੋਗੀਆਂ ਦੁਆਰਾ ਆਸਣਾਂ ਅਤੇ ਸਮਾਧੀਆਂ ਲਗਾ ਕੇ ਸੁਣੀਆਂ ਜਾਂਦੀਆਂ ਪੰਜੇ ਹੀ ਕਿਸਮ ਦੀਆਂ ਧੁਨੀਆਂ ਦੇ ਮੁਕਾਬਲੇ ਵਿੱਚ “ਪੰਚੇ ਸਬਦ ਵਜੇ ਮਤਿ ਗੁਰਮਤਿ ਵਡਭਾਗੀ ਅਨਹਦੁ ਵਜਿਆ ॥” ਗੁਰੂ ਦੀ ਮੱਤ ਅਰਥਾਤ ਗੁਰੂ ਦਾ ਉਪਦੇਸ਼ ਮੰਨਣ ਨੂੰ ‘ਪੰਜ ਸ਼ਬਦਾਂ’ ਦਾ ਆਨੰਦ ਦੱਸਿਆ ਹੈ।
ਜਸਬੀਰ ਸਿੰਘ ਵਿਰਦੀ                   22-02-2017
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.