ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ‘ਪਿਛਲੇ ਜਨਮ ਵਿੱਚ ਅਸੀਂ ਕੀ ਸੀ?’ ਬਾਰੇ:-
-: ‘ਪਿਛਲੇ ਜਨਮ ਵਿੱਚ ਅਸੀਂ ਕੀ ਸੀ?’ ਬਾਰੇ:-
Page Visitors: 2746

-: ‘ਪਿਛਲੇ ਜਨਮ ਵਿੱਚ ਅਸੀਂ ਕੀ ਸੀ?’ ਬਾਰੇ:-
ਜਦੋਂ ਵੀ ਇਸ ਜਨਮ ਤੋਂ ਪਹਿਲਾਂ ਅਤੇ ਬਾਅਦ ਬਾਰੇ ਗੁਰਬਾਣੀ ਵਿਚਾਰ ਹੁੰਦੀ ਹੈ ਤਾਂ, ਗੁਰਮਤਿ ਦੇ ਆਵਾਗਵਣ ਸਿਧਾਂਤ ਨੂੰ ਨਾ ਮੰਨਣ ਵਾਲੇ ਕੁਝ ਸੱਜਣਾਂ ਵੱਲੋਂ ਹੇਠਾਂ ਲਿਖੇ ਸਵਾਲ ਕੀਤੇ ਜਾਂਦੇ ਹਨ।ਇਹੀ ਹੇਠਾਂ ਲਿਖੇ ਸਵਾਲਾਂ ਦੇ ਜਵਾਬ ਇੱਕ ਸੱਜਣ ਵੱਲੋਂ ਮੇਰੇ ਕੋਲੋਂ ਪੁੱਛੇ ਗਏ ਸਨ, ਅਤੇ ਜਵਾਬ ਵਜੋਂ ਹੇਠਾਂ ਵਿਚਾਰ ਪੇਸ਼ ਹਨ:-
ਸਵਾਲ:-   
“1- “ਦੱਸੋ, ਤੁਸੀਂ ਪਿਛਲੇ ਜਨਮ ਵਿੱਚ ਕੀ ਸੀ?”
2- “ਦੱਸੋ, ਤੁਸੀਂ ਅਗਲੇ ਜਨਮ ਵਿੱਚ ਕਿਸ ਜੂਨ ਵਿੱਚ ਪਵੋਗੇ?”
ਜਵਾਬ:-
ਦੇਖੋ ਗੁਰਬਾਣੀ ਉਦਾਹਰਣਾਂ:---
1-
ਸੁਨਹੁ ਰੇ ਤੂ ਕਉਨੁ ਕਹਾ ਤੇ ਆਇਓ ॥
ਏਤੀ ਨ ਜਾਨਉ ਕੇਤੀਕ ਮੁਦਤਿ ਚਲਤੇ ਖਬਰਿ ਨ ਪਾਇਓ
॥੧॥ ਰਹਾਉ ॥ {999}
   ਅਰਥ:- ਹੇ ਭਾਈ! ਸੁਣ (ਵਿਚਾਰ ਕਿ) ਤੂੰ ਕੌਣ ਹੈਂ ? (ਤੇਰਾ ਅਸਲਾ ਕੀਹ ਹੈ ?), ਤੂੰ ਕਿਥੋਂ (ਇਸ ਜਗਤ ਵਿਚ) ਆਇਆ ਹੈਂ ? ਮੈਂ ਤਾਂ ਇਤਨੀ ਗੱਲ ਭੀ ਨਹੀਂ ਜਾਣਦਾ (ਕਿ ਜੀਵ ਨੂੰ ਅਨੇਕਾਂ ਜੂਨਾਂ ਵਿਚ) ਤੁਰਦਿਆਂ ਕਿਤਨਾ ਸਮਾ ਲੱਗ ਜਾਂਦਾ ਹੈ । ਕਿਸੇ ਨੂੰ ਭੀ ਇਹ ਖ਼ਬਰ ਨਹੀਂ ਮਿਲ ਸਕਦੀ । (ਫਿਰ, ਦੱਸ, ਆਪਣੇ ਉੱਤੇ ਮਾਣ ਕਾਹਦਾ?) ।1।ਰਹਾਉ। ”
2-
 “ਜੁੜਿ ਜੁੜਿ ਵਿਛੁੜੇ ਵਿਛੁੜਿ ਜੁੜੇ ॥
 ਜੀਵਿ ਜੀਵਿ ਮੁਏ ਮੁਏ ਜੀਵੇ ॥
 ਕੇਤਿਆ ਕੇ ਬਾਪ ਕੇਤਿਆ ਕੇ ਬੇਟੇ ਕੇਤੇ ਗੁਰ ਚੇਲੇ ਹੂਏ ॥
 ਆਗੈ ਪਾਛੈ ਗਣਤ ਨ ਆਵੈ ਕਿਆ ਜਾਤੀ ਕਿਆ ਹੁਣਿ ਹੂਏ ॥
 ਸਭੁ ਕਰਣਾ ਕਿਰਤੁ ਕਰਿ ਲਿਖੀਐ ਕਰਿ ਕਰਿ ਕਰਤਾ ਕਰੇ ਕਰੇ ॥
 ਮਨਮੁਖਿ ਮਰੀਐ ਗੁਰਮੁਖਿ ਤਰੀਐ ਨਾਨਕ ਨਦਰੀ ਨਦਰਿ ਕਰੇ
॥੨॥ {ਪੰਨਾ 1237}
 ਅਰਥ:-
    ਆਤਮਾ ਤੇ ਸਰੀਰ ਇਕੱਠੇ ਹੋ ਕੇ ਵਿੱਛੁੜ ਜਾਂਦੇ ਹਨ, ਵਿੱਛੁੜ ਕੇ ਫਿਰ ਮਿਲਦੇ ਹਨ, (ਭਾਵ,) ਜੀਵ ਜੰਮਦੇ ਹਨ ਮਰਦੇ ਹਨ, ਮਰਦੇ ਹਨ ਫਿਰ ਜੰਮਦੇ ਹਨ । (ਇਹ ਜੰਮਣ ਮਰਨ ਦਾ ਸਿਲਸਿਲਾ ਇਤਨਾ ਲੰਮਾ ਹੁੰਦਾ ਹੈ ਕਿ ਜੀਵ ਇਸ ਗੇੜ ਵਿਚ) ਕਈਆਂ ਦੇ ਪਿਉ ਤੇ ਕਈਆਂ ਦੇ ਪੁੱਤਰ ਬਣਦੇ ਹਨ, ਕਈ (ਵਾਰੀ) ਗੁਰੂ ਤੇ ਚੇਲੇ ਬਣਦੇ ਹਨ । ਇਹ ਲੇਖਾ ਗਿਣਿਆ ਨਹੀਂ ਜਾ ਸਕਦਾ ਕਿ ਜੋ ਕੁਝ ਅਸੀ ਹੁਣ ਐਸ ਵੇਲੇ ਹਾਂ ਇਸ ਤੋਂ ਪਹਿਲਾਂ ਅਸਾਡਾ ਕੀਹ ਜਨਮ ਸੀ ਤੇ ਅਗਾਂਹ ਕੀਹ ਹੋਵੇਗਾ ।
   ਪਰ ਇਹ ਸਾਰਾ ਜਗਤ (-ਰਚਨਾ-ਰੂਪ ਲੇਖਾ ਜੋ ਲਿਖਿਆ ਜਾ ਰਿਹਾ ਹੈ ਇਹ ਜੀਵਾਂ ਦੇ) ਕੀਤੇ ਕਰਮਾਂ ਅਨੁਸਾਰ ਲਿਖਿਆ ਜਾਂਦਾ ਹੈ, ਕਰਤਾਰ ਇਹ ਖੇਡ ਇਸ ਤਰ੍ਹਾਂ ਖੇਡੀ ਜਾ ਰਿਹਾ ਹੈ । ਮਨਮੁਖ ਇਸ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ ਤੇ ਗੁਰਮੁਖਿ ਇਸ ਵਿਚੋਂ ਪਾਰ ਲੰਘ ਜਾਂਦਾ ਹੈ ਕਿਉਂਕਿ, ਹੇ ਨਾਨਕ! ਮਿਹਰ ਦਾ ਮਾਲਕ ਪ੍ਰਭੂ ਉਸ ਉਤੇ ਮਿਹਰ ਦੀ ਨਜ਼ਰ ਕਰਦਾ ਹੈ ।2। ”
   ਦੇਖੋ ਇਹਨਾਂ ਸ਼ਬਦਾਂ ਵਿੱਚ ਇਹ ਤਾਂ ਗੱਲ ਕਹੀ ਹੈ ਕਿ ਪਤਾ ਨਹੀਂ ਕਿਹੜੀ ਕਿਹੜੀ ਜੂਨ ਤੋਂ ਹੋ ਕੇ ਜੀਵ ਆਇਆ ਹੈ ਅਤੇ ਕਿਹੜੀ ਕਿਹੜੀ ਜੂਨ ਵਿੱਚ ਪੈਣਾ ਹੈ। ਨਾਲ ਹੀ ਅਗਲੀਆਂ ਪਿਛਲੀਆਂ ਜੂਨਾਂ ਵਿੱਚ ਪੈਣ ਦਾ ਖੰਡਣ ਨਹੀਂ ਕੀਤਾ।ਬਲਕਿ ਜੂਨਾਂ ਵਿੱਚ ਪੈਣ ਦੀ ਗੱਲ ਕਹੀ ਹੈ।
  ਪਿਛਲੇ ਜਨਮਾਂ ਵਿੱਚ ਕੋਈ ਕੀ ਸੀ ਜਾਂ ਅੱਗੋਂ ਕੀ ਹੋਵੇਗਾ ਇਸ ਬਾਰੇ ਪਤਾ ਨਾ ਹੋਣ ਦਾ ਇਹ ਮਤਲਬ ਨਹੀਂ ਬਣ ਜਾਂਦਾ ਕਿ ਇਸ ਜਨਮ ਤੋਂ ਅੱਗੇ ਪਿੱਛੇ ਕੋਈ ਜਨਮ ਹੈ ਹੀ ਨਹੀਂ। ਪਹਿਲਾਂ ਵੀ ਬਹੁਤ ਵਾਰੀਂ ਦੱਸਿਆ ਜਾ ਚੁੱਕਾ ਹੈ ਅਤੇ ਹੁਣ ਫੇਰ ਦੱਸਿਆ ਜਾ ਰਿਹਾ ਹੈ, ਮਿਹਰਬਾਨੀ ਕਰਕੇ ਕਿਸੇ ਥਾਂ ਤੇ ਪੱਕੇ ਤੌਰ ਤੇ ਨੋਟ ਕਰਕੇ ਰੱਖ ਲਵੋ ਕਿ:-
***ਕਿਸੇ ਗੱਲ ਬਾਰੇ ਪਤਾ ਨਾ ਹੋਣ ਦਾ ਮਤਲਬ ਨਹੀਂ ਹੁੰਦਾ ਕਿ ਕੁਝ ਹੈ ਹੀ ਨਹੀ***
***ਇਸ ਜਨਮ ਤੋਂ ਅੱਗੇ ਪਿੱਛੇ ਕਿਹੜਾ ਜਨਮ ਸੀ ਜਾਂ ਕਿਹੜਾ ਜਨਮ ਹੋਵੇਗਾ, ਦਾ ਪਤਾ ਨਾ ਹੋਣ ਦਾ ਮਤਲਬ ਇਹ ਨਹੀਂ ਕਿ ਅੱਗੇ ਪਿੱਛੇ ਜਨਮ ਹੈ ਹੀ ਨਹੀ***
ਅੱਗੇ ਪਿੱਛੇ ਕੀ ਜਨਮ ਸੀ ਜਾਂ ਕੀ ਹੋਵੇਗਾ ਦਾ ਪਤਾ ਕਿਉਂ ਨਹੀਂ ਹੈ:--- ਇਸ ਲਈ ਕਿ ਇਹ ਕੋਈ ਬੱਝਵਾਂ ਨਿਯਮ ਨਹੀਂ ਹੈ।***
  ਜੀਵ ਪ੍ਰਭੂ ਦੇ ਹੁਕਮ ਵਿੱਚ ਸੰਸਾਰ ਤੇ ਆਉਂਦਾ ਹੈ ਅਤੇ ਉਸ ਦੇ ਹੁਕਮ ਨਾਲ ਹੀ ਸੰਸਾਰ ਤੋਂ ਜਾਂਦਾ ਹੈ।ਸੰਸਾਰ ਤੇ ਆਉਣਾ ਜਾਂ ਜਾਣਾ ਕੋਈ ਬੱਝਵਾਂ ਨਿਯਮ ਨਹੀਂ ਹੈ।ਅਤੇ ਉਸ ਦੇ ਹੁਕਮ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ, ਕਿਉਂ ਕਿ ਉਸ ਦਾ ਹੁਕਮ ਉਸ ਦੀ ਮਰਜ਼ੀ ਤੇ ਨਿਰਭਰ ਹੈ।।
ਕਿਉਂਕਿ- “ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ ॥੨॥ {ਪੰਨਾ 466}”
ਜਸਬੀਰ ਸਿੰਘ ਵਿਰਦੀ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.