ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ਕਾਇਆ ਅੰਦਰਿ ਪਾਪ ਪੁੰਨ ਦੁਇ ਭਾਈ॥ਦੁਹੀ ਮਿਲਿ ਕੈ ਸ੍ਰਿਸਟਿ ਉਪਾਈ :-
-: ਕਾਇਆ ਅੰਦਰਿ ਪਾਪ ਪੁੰਨ ਦੁਇ ਭਾਈ॥ਦੁਹੀ ਮਿਲਿ ਕੈ ਸ੍ਰਿਸਟਿ ਉਪਾਈ :-
Page Visitors: 2603

-: ਕਾਇਆ ਅੰਦਰਿ ਪਾਪ ਪੁੰਨ ਦੁਇ ਭਾਈ॥ਦੁਹੀ ਮਿਲਿ ਕੈ ਸ੍ਰਿਸਟਿ ਉਪਾਈ :-
ਕਾਇਆ ਅੰਦਰਿ ਹਉਮੈ ਮੇਰਾ ॥ ਜੰਮਣ ਮਰਣੁ ਨ ਚੂਕੈ ਫੇਰਾ ॥
ਗੁਰਮੁਖਿ ਹੋਵੈ ਸੁ ਹਉਮੈ ਮਾਰੇ ਸਚੋ ਸਚੁ ਧਿਆਵਣਿਆ
॥3॥
ਕਾਇਆ ਅੰਦਰਿ ਪਾਪੁ ਪੁੰਨੁ ਦੁਇ ਭਾਈ ॥ ਦੁਹੀ ਮਿਲਿ ਕੈ ਸ੍ਰਿਸਟਿ ਉਪਾਈ ॥
ਦੋਵੈ ਮਾਰਿ ਜਾਇ ਇਕਤੁ ਘਰਿ ਆਵੈ ਗੁਰਮਤਿ ਸਹਜਿ ਸਮਾਵਣਿਆ
॥੪॥ (ਪੰਨਾ ੧੨੬)
ਕਿਸੇ ਸੱਜਣ ਨੇ ਸਵਾਲ ਭੇਜਿਆ ਹੈ- “ਕਾਇਆ ਅੰਦਰਿ ਪਾਪੁ ਪੁੰਨੁ ਦੁਇ ਭਾਈ ॥ ਦੁਹੀ ਮਿਲਿ ਕੈ ਸ੍ਰਿਸਟਿ ਉਪਾਈ” (ਪੰਨਾ 126)
ਸਵਾਲ- ਸੰਸਾਰ ਰਚਨਾ ਤਾਂ ਕਰਤੇ ਨੇ ਰਚੀ ਹੈ। ਤਾਂ ਫੇਰ ਪਾਪ ਅਤੇ ਪੁੰਨ, ਦੋਨਾਂ ਨੇ ਮਿਲਕੇ ਸ੍ਰਿਸ਼ਟੀ ਕਿਵੇਂ ਪੈਦਾ ਕਰ ਦਿੱਤੀ?
ਵਿਚਾਰ:- ਪਾਪ ਪੁੰਨ ਨੇ ਸ੍ਰਿਸ਼ਟੀ ਕਿਵੇਂ ਪੈਦਾ ਕੀਤੀ ਇਸ ਤੇ ਵਿਚਾਰ ਕਰਨ ਤੋਂ ਪਹਿਲਾਂ ਇਸ ਚੌਥੇ ਬੰਦ ਤੋਂ ਪਹਿਲਾਂ ਤੀਸਰੇ ਬੰਦ ਤੇ ਵਿਚਾਰ ਕਰਨੀ ਜਰੂਰੀ ਹੈ।
ਕਾਇਆ ਅੰਦਰਿ ਹਉਮੈ ਮੇਰਾ ॥ ਜੰਮਣ ਮਰਣੁ ਨ ਚੂਕੈ ਫੇਰਾ ॥
ਗੁਰਮੁਖਿ ਹੋਵੈ ਸੁ ਹਉਮੈ ਮਾਰੇ ਸਚੋ ਸਚੁ ਧਿਆਵਣਿਆ
॥3॥”
ਹਉਮੈ ਦਾ ਮਤਲਬ ਹੈ, ਪ੍ਰਭੂ ਤੋਂ ਆਪਣੀ ਵੱਖਰੀ ਸ਼ਖਸੀਅਤ ਤਸੱਵੁਰ ਕਰਨੀ। ਸੰਸਾਰ ਤੇ ਵਿਚਰਦਿਆਂ ਪ੍ਰਾਣੀ ਹਰ ਚੀਜ਼ ਨੂੰ ਆਪਣੀ ਬਨਾਉਣ ਵਿੱਚ ਰੁਝ ਜਾਂਦਾ ਹੈ। ਜਿਸ ਜਿਸ ਚੀਜ਼ ਨਾਲ ਇਸ ਦੀ ਅਪਣਤ ਜੁੜਦੀ ਜਾਂਦੀ ਹੈ, ਉਹ ਚੀਜ ਉਸ ਦੇ ਸਖਸ਼ੀ ਸੰਸਾਰ ਵਿੱਚ ਜੁੜੀ ਜਾਂਦੀ ਹੈ ਤੇ ਇਸ ਤਰ੍ਹਾਂ ਸੰਸਾਰ ਦੀਆਂ ਵਸਤੂਆਂ ਨਾਲ ਅਪਣਤ ਜੋੜਕੇ ਇਹ ਇਕ ਨਵੇਕਲਾ ਤੇ ਨਿੱਕਾ ਜਿਹਾ ਸੰਸਾਰ ਰਚ ਲੈਂਦਾ ਹੈ। ਸੋ ਹਰ ਇਕ ਪ੍ਰਾਣੀ ਦਾ ਆਪਣਾ ਵੱਖਰਾ ਜਗਤ, ਵੱਖਰਾ ਸੰਸਾਰ ਰਚਿਆ ਹੋਇਆ ਹੈ। ਇਹ ਸੰਸਾਰ ਇਸ ਦੀ ਅਪਣਤ ਦੇ ਜੋੜ-ਤੋੜ ਤੋਂ ਹੀ ਬਣਿਆ ਹੈ। ਮਿਸਾਲ ਦੇ ਤੌਰ ਤੇ-
ਕੋਈ ਸੱਜਣ ਮਕਾਨ ਬਣਵਾਉਂਦਾ ਹੈ। ਮਕਾਨ ਬਨਵਾਉਣ ਵੇਲੇ ਹਰ ਨਿੱਕੀ ਤੋਂ ਨਿੱਕੀ ਚੀਜ਼ ਤੇ ਨਿਗਰਾਨੀ ਰੱਖਦਾ ਹੈ ਕਿ ਮਕਾਨ ਵਿੱਚ ਕੋਈ ਕਮੀਂ ਨਾ ਰਹਿ ਜਾਵੇ। ਮਕਾਨ ਬਣਨ ਤੇ, ਇਸ ਨਾਲ ਏਨੀ ਅਪਣਤ ਅਤੇ ਏਨਾ ਲਗਾਵ ਕਿ ਕੰਧ ਤੇ, ਫਰਸ਼ ਦੇ ਕੋਈ ਦਾਗ਼ ਤੱਕ ਨਹੀਂ ਲੱਗਣ ਦਿੰਦਾ। ਮਕਾਨ ਨਾਲ ਇਸਦਾ ਦਿਲੋ-ਜਾਨ ਤੋਂ ਵੀ ਵੱਧ ਪਿਆਰ ਅਤੇ ਲਗਾਵ ਹੋ ਜਾਂਦਾ ਹੈ।
ਕਿਸੇ ਕਾਰਣ ਕੁਝ ਸਮੇਂ ਬਾਅਦ ਇਹ ਮਕਾਨ ਵੇਚ ਦਿੰਦਾ ਹੈ, ਸੌਦਾ ਹੋ ਜਾਂਦਾ ਹੈ। ਚੈਕ ਜਾਂ ਡਰਾਫਟ ਰੂਪ ਵਿੱਚ ਪੇਮੈਂਟ ਹੋ ਗਈ। ਪਰ ਹਾਲੇ ਚੈੱਕ/ਡਰਾਫਟ ਕੈਸ਼ ਨਹੀਂ ਹੋਇਆ। ਕੁਦਰਤੀਂ ਮਕਾਨ ਨੂੰ ਅੱਗ ਲੱਗ ਗਈ, ਮਕਾਨ ਸੜਕੇ ਸੁਆਹ ਹੋ ਗਿਆ। ਪਰ ਇਹ ਸੱਜਣ ਜਿਹੜਾ ਕਦੇ ਫਰਸ਼ ਵੀ ਮੈਲਾ ਨਹੀਂ ਸੀ ਹੋਣ ਦਿੰਦਾ। ਜਿਹੜਾ ਮਕਾਨ ਇਸ ਨੂੰ ਦਿਲੋ-ਜਾਨ ਤੋਂ ਵੀ ਵਧ ਪਿਆਰਾ ਸੀ, ਅੱਜ ਉਸੇ ਮਕਾਨ ਦੇ ਸੜਕੇ ਸੁਆਹ ਹੋ ਜਾਣ ਤੇ ਵੀ ਦੁਖੀ ਹੋਣ ਦੀ ਬਜਾਏ ਸੁਕੂਨ ਮਹਿਸੂਸ ਕਰਦਾ ਹੈ ਕਿ ਚਲੋ ਮੈਨੂੰ ਕੀ, ਮੇਰੀ ਪੇਮੈਂਟ ਤਾਂ ਮੈਨੂੰ ਮਿਲ ਗਈ। ਹੁਣ ਮਕਾਨ ਨੂੰ ਜੋ ਕੁਝ ਮਰਜੀ ਹੋਈ ਜਾਵੇ। ਅੱਜ ਇਹ ਦੁਖੀ ਇਸ ਲਈ ਨਹੀਂ ਹੋ ਰਿਹਾ ਕਿਉਂਕਿ ਇਸ ਦੀ ਜਿਹੜੀ ਅਪਣਤ ਮਹਾਨ ਨਾਲ ਜੁੜੀ ਹੋਈ ਸੀ, ਉਹ ਹੁਣ ਮਕਾਨ ਨਾਲੋਂ ਟੁੱਟਕੇ ਚੈੱਕ/ਡਰਾਫਟ ਨਾਲ ਜੁੜ ਗਈ ਸੀ।
ਪਰ ਹੁਣ ਇਕ ਹੋਰ ਤੌਖਲਾ ਮਨ ਵਿੱਚ ਪੈਦਾ ਹੋ ਗਿਆ, ਕਿ ਕਿਧਰੇ ਮਕਾਨ ਖਰੀਦਣ ਵਾਲਾ ਮੇਰੀ ਪੇਮੈਂਟ ਹੀ ਨਾ ਰੁਕਵਾ ਦੇਵੇ।
ਸਵੇਰ ਹੁੰਦਿਆਂ ਹੀ, ਸਭ ਤੋਂ ਪਹਿਲਾਂ ਇਹ ਸੱਜਣ ਆਪਣੇ ਵਾਕਫ ਬੈਂਕ ਮੈਨੇਜਰ ਕੋਲ ਜਾ ਕੇ ਡਰਾਫਟ ਕੈਸ਼ ਕਰਵਾ ਲੈਂਦਾ ਹੈ। ਹੁਣ ਇਹ ਸੁਕੂਨ ਮਹਿਸੂਸ ਕਰਦਾ ਹੈ ਕਿ ਚਲੋ, ਚੈੱਕ/ਡਰਾਫਟ ਨਾਲ ਕੁਝ ਵੀ ਹੋਈ ਜਾਵੇ ਮੈਨੂੰ ਕੀ, ਮੈਨੂੰ ਤਾਂ ਮੇਰੀ ਪੇਮੈਂਟ ਮਿਲ ਗਈ। ਇਸ ਦੀ ਜਿਹੜੀ ਅਪਣਤ ਚੈੱਕ/ਡਰਾਫਟ ਨਾਲ ਜੁੜ ਚੁਕੀ ਸੀ, ਚੈੱਕ ਨਾਲੋਂ ਟੁੱਟਕੇ ਹੁਣ ਕੈਸ਼ ਮਿਲੀ ਪੇਮੈਂਟ ਨਾਲ ਜੁੜ ਚੁੱਕੀ ਸੀ।
ਹੁਣ ਸੋਚਦਾ ਹੈ ਕਿ ਇਸ ਕੈਸ਼ ਪੇਮੈਂਟ ਨੂੰ ਕੁੱਝ ਨਾ ਹੋ ਜਾਵੇ। ਕੋਈ ਚੋਰੀ ਨਾ ਕਰ ਲਵੇ। ਰੁਪਇਆ ਬੈਂਕ ਵਿੱਚ ਜਮ੍ਹਾ ਕਰਵਾ ਦਿੱਤਾ। ਹੁਣ ਆਪਣੇ ਆਪ ਨੂੰ ਬੇ-ਫਿਕਰ ਮਹਿਸੂਸ ਕਰਦਾ ਹੈ ਕਿ ਚਲੋ ਪੇਮੈਂਟ ਬੈਂਕ ਵਿੱਚ ਸੁਰਖਿਅਤ ਹੈ।
ਸਵੇਰ ਨੂੰ ਬੈਂਕਾਂ ਦੇ ਟੁੱਟਣ ਦੀ ਖਬਰ ਉਡ ਗਈ।  ਹੁਣ ਇਸ ਦੀ ਬੇਚੈਨੀ ਫੇਰ ਜਾਗ ਪਈ ਅਤੇ ਸੋਚਦਾ ਹੈ ਕਿ ਹੋਰ ਭਾਵੇਂ ਸਾਰੇ ਬੈਂਕ ਟੁੱਟ ਜਾਣ ਪਰ ਜਿਸ ਬੈਂਕ ਵਿੱਚ ਮੇਰੇ ਪੈਸੇ ਪਏ ਹਨ, ਇਹ ਬੈਂਕ ਨਾ ਟੁੱਟੇ। ਹੁਣ ਇਸ ਦੀ ਅਪਣਤ ਪੈਸਿਆਂ ਦੇ ਨਾਲ ਨਾਲ ਬੈਂਕ ਨਾਲ ਵੀ ਜੁੜ ਗਈ।
ਸੋ ਇਸ ਤਰ੍ਹਾਂ ਪਹਿਲਾਂ ਮਕਾਨ ਹੀ ਇਸ ਦਾ ਸਭ ਕੁਝ ਸੀ। ਫੇਰ ਡਰਾਫਟ, ਫੇਰ ਕੈਸ਼ ਪੇਮੈਂਟ…
ਇਸ ਤਰ੍ਹਾਂ ਬੰਦਾ ਵਸਤੂਆਂ ਨਾਲ ਅਪਣਤ ਜੋੜਕੇ ਆਪਣਾ ਇਕ ਛੋਟਾ ਜਿਹਾ ਵੱਖਰਾ ਸੰਸਾਰ ਸਿਰਜ ਲੈਂਦਾ ਹੈ। ਇਸ ਤਰ੍ਹਾਂ ਇਸ ਦਾ ਆਪਣਾ ਸਿਰਜਿਆ ਸੰਸਾਰ ਹਉਮੈ ਦੀ ਉਪਜ ਹੈ।
ਹਉਮੈਂ ਜਾਂ ਅਪਣਤ ਮਰ ਗਈ ਤਾਂ ਇਹ ਆਤਮਕ ਤੌਰ ਤੇ ਜੀ ਪੈਂਦਾ ਹੈ। ਇਸ ਦੀ ਅਪਣਤ, ਦੁਨਿਆਵੀ ਪਦਾਰਥਾਂ ਨਾਲੋਂ ਟੁੱਟਕੇ, ਕਰਤੇ ਨਾਲ ਹੋ ਜਾਂਦੀ ਹੈ। ਕਬੀਰ ਸਾਹਿਬ ਹਉਮੈ ਤੋਂ ਉਪਜੇ ਆਪਣੇ ਸੰਸਾਰ ਤੋਂ ਖਲਾਸੀ ਮਿਲਣ, ਅਪਣਤ ਟੁੱਟਣ ਬਾਰੇ ਕਹਿੰਦੇ ਹਨ-                           
ਮੈ ਨ ਮਰਉ ਮਰਿਬੋ ਸੰਸਾਰਾ॥ ਅਬ ਮੋਹਿ ਮਿਲਿਓ ਹੈ ਜੀਆਵਣਹਾਰਾ॥”
ਕਬੀਰ ਦੀ ਹਉਮੈ ਮਿਟ ਗਈ। ਹਉਮੈ ਮਿਟਣ ਨਾਲ ਉਸਦਾ ਮੈਂ ਮੇਰੀ ਦਾ ਆਪਣਾ ਰਚਾਇਆ ਸੰਸਾਰ ਵੀ ਮਿਟ ਗਿਆ। ਆਪਣੇ ਰਚੇ ਸੰਸਾਰ ਦੇ ਮਿਟਣ ਤੇ ਖੁਸ਼ੀ ਅਤੇ ਸੁਕੂਨ ਮਹਿਸੂਸ ਕਰਦਾ ਹੈ, ਕਿਉਂਕਿ ਹੁਣ ਇਸ ਦੀ ਅਪਣਤ ਪਦਾਰਥਾਂ ਨਾਲੋਂ ਟੁੱਟਕੇ ਕਰਤੇ ਨਾਲ ਜੁੜ ਗਈ ਹੈ।
ਕਾਇਆ ਅੰਦਰਿ ਪਾਪੁ ਪੁੰਨੁ ਦੁਇ ਭਾਈ ॥ ਦੁਹੀ ਮਿਲਿ ਕੈ ਸ੍ਰਿਸਟਿ ਉਪਾਈ
ਜਿਸ ਤਰ੍ਹਾਂ ਹਉਮੈ ਅਤੇ ਅਪਣਤ ਅਧੀਨ ਪ੍ਰਾਣੀ ਆਪਣਾ ਨਿੱਕਾ ਜਿਹਾ ਸੰਸਾਰ ਰਚ ਲੈਂਦਾ ਹੈ, ਉਸੇ ਤਰ੍ਹਾਂ ਪਾਪ ਕਰਮਾਂ ਅਤੇ ਪੁੰਨ ਕਰਨਾਂ ਦੁਆਲੇ ਵੀ ਇਹ ਆਪਣਾ ਇੱਕ ਸੰਸਾਰ ਰਚ ਲੈਂਦਾ ਹੈ।
ਮੈਂ ਅੱਜ ਇਹ ਪੁੰਨ ਕਰਮ ਕੀਤਾ ਮੈਂ ਪਾਪ ਕਰਮ ਕੀਤਾ, ਇਹਨਾਂ ਵਿਚਾਰਾਂ ਵਿੱਚ ਹੀ ਲੱਗਾ ਰਹਿੰਦਾ ਹੈ। ਪਾਪ-ਪੁੰਨ ਵੀ ਹਉਮੈ ਦੀ ਉਪਜ ਹਨ।ਹਉਮੈ (ਆਪਣੀ ਵੱਖਰੀ ਹਸਤੀ ਤਸੱਵੁਰ ਕਰਨ) ਅਧੀਨ ਬੰਦਾ ਸੋਚਦਾ ਹੈ ਕਿ ਮੈਂ ਗਰੀਬਾਂ ਦੀ ਮਦਦ ਕਰਦਾ ਹਾਂ। ਮੈਂ ਏਨੇ ਭਲਾਈ ਦੇ ਕਰਮ ਕਰਦਾ ਹਾਂ… ਵਗੈਰਾ।
ਇਸ ਅਪਣਤ, ਇਸ ਹਉਮੈ, ਇਸ ਵੱਖਰੀ ਹਸਤੀ ਤਸੱਵੁਰ ਕਰਨ ਅਧੀਨ ਕੀਤੇ ਜਿੰਨੇ ਵੀ ਕਰਮ ਹਨ ਇਹ ਪਾਪ-ਪੁੰਨ ਕਰਮ ਹੀ ਕਹਾਉਂਦੇ ਹਨ।
ਹਉਮੈ ਤਿਆਗਕੇ ਕੀਤੇ ਹੋਏ ਕੰਮ ਪੁੰਨ ਪਾਪ ਤੋਂ ਉਪਰ ਹਨ। ਜਦੋਂ ਬੰਦਾ ਹਉਮੈ ਰਹਿਤ ਹੋ ਕੇ ਕੰਮ ਕਰਦਾ ਹੈ ਤਾਂ ਉਹ ‘ਨਿਹਕਰਮਾ’ ਕਹਿਲਾਉਂਦਾ ਹੈ।
ਉਹ ਆਪਣੇ ਕੀਤੇ ਕੰਮਾਂ ਨੂੰ ਪੁੰਨ ਕਰਮ ਜਾਂ ਪਾਪ ਕਰਮ ਨਾਮ ਨਹੀਂ ਦਿੰਦਾ ਬਲਕਿ ਹਰ ਕੰਮ ਪ੍ਰਭੂ ਪਰਾਇਣ ਹੋ ਕੇ ਕਰਦਾ ਹੈ। ਉਸਦੇ ਹਰ ਕੰਮ ਵਿੱਚ ਪ੍ਰਭੂ ਆਪ ਸਹਾਈ ਹੁੰਦਾ ਹੈ ਅਤੇ ਉਸ ਦੁਆਰਾ ਕੀਤੇ ਹਰ ਕੰਮ ਲਈ ਕਰਤਾ ਆਪ ਜਿੰਮੇਵਾਰ ਹੁੰਦਾ ਹੈ।
ਜਸਬੀਰ ਸਿੰਘ ਵਿਰਦੀ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.