ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ਵਿਵਾਦ ਲੇਖ ਬਾਰੇ ਵਿਚਾਰ :-
-: ਵਿਵਾਦ ਲੇਖ ਬਾਰੇ ਵਿਚਾਰ :-
Page Visitors: 2564

-: ਵਿਵਾਦ ਲੇਖ ਬਾਰੇ ਵਿਚਾਰ :-
ਗੁਰਦੇਵ ਸਿੰਘ ਸੰਧੇਵਾਲੀਆ ਦੇ ਲੇਖ “< ਵਿਵਾਦ >” ਬਾਰੇ ਵਿਚਾਰ:
ਸੰਧੇਵਾਲੀਆ ਜੀ ਸੁਕੂਨ ਮਹਿਸੂਸ ਕਰ ਰਹੇ ਹਨ ਕਿ ਸਿੱਖ ਕੌਮ ਵਿੱਚ ਵਿਵਾਦ ਚੱਲ ਰਹੇ ਹਨ। ਸੰਧੇਵਾਲੀਆ ਮੁਤਾਬਕ ਇਹਨਾ ਵਿਵਾਦਾਂ ਸਦਕਾ ਗੁਰਮਤਿ ਵਿੱਚ ਨਿਖਾਰ ਆ ਰਿਹਾ ਹੈ ਅਤੇ ਬ੍ਰਹਮਗਿਆਨ ਸਪੱਸ਼ਟ ਹੋ ਰਿਹਾ ਹੈ।           ਪਰ ਕੀ ਸੱਚਮੁੱਚ ਇਸੇ ਤਰ੍ਹਾਂ ਹੈ?
ਮੈਂ ਸਮਝਦਾ ਹਾਂ ਬਿਲਕੁਲ ਵੀ ਨਹੀਂ। ਬਲਕਿ ਜੋ ਕੁਝ ਵੀ ਹੋ ਰਿਹਾ ਹੈ ਇਹ ਦੁਖਦਾਈ ਅਤੇ ਚਿੰਤਾ ਵਾਲੀ ਗੱਲ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭੋਰਿਆਂ’ਚ ਤਪ ਕਰਨ ਵਾਲੇ ਬਾਬਿਆਂ ਨੇ ਸਿੱਖਾਂ ਨੂੰ ਅਸਲੀ ਬ੍ਰਹਮਗਿਆਨ ਦਾ ਪਾਠ ਨਹੀਂ ਪੜ੍ਹਾਇਆ (ਕਿਉਂਕਿ ਅਸਲੀ ਬ੍ਰਹਮਗਿਆਨ ਬਾਰੇ ਉਹਨਾਂ ਨੂੰ ਖੁਦ ਨੂੰ ਹੀ ਗਿਆਨ ਨਹੀਂ ਹੈ)। ਪਰ ਪਿਛਲੇ 30-40 ਸਾਲਾਂ ਤੋਂ ਜਦੋਂ ਤੋਂ ਸਿੱਖਾਂ ਵਿੱਚ ਜਾਗਰੁਕ ਤਬਕਾ ਪੈਦਾ ਹੋਇਆ ਹੈ (ਅਤੇ ਇਸੇ ਸਮੇਂ ਤੋਂ ਹੀ ਗੁਰਮਤਿ ਸੰਬੰਧੀ ਝਮੇਲੇ ਵੀ ਜਿਆਦਾ ਪੈਦਾ ਹੋਏ ਹਨ) ਇਹਨਾ ਨੇ ਤਾਂ ਬ੍ਰਹਮਗਿਆਨ ਦਾ ਨਕਸ਼ਾ ਹੀ ਕੁਝ ਹੋਰ ਪੇਸ਼ ਕਰ ਦਿੱਤਾ ਹੈ। ਇਹਨਾ ਜਾਗਰੁਕ ਵਿਦਵਾਨਾਂ ਨੇ ਪੰਡਿਆਂ ਦਾ ਨਾਂ ਵਰਤ ਵਰਤਕੇ ਸਿੱਖਾਂ ਵਿੱਚ ਅਨਗਿਣਤ ਭੁਲੇਖੇ ਖੜ੍ਹੇ ਕੀਤੇ ਹਨ। ਇਹਨਾ ਮੁਤਾਬਕ ਤਾਂ ਅਸਲੀ ਬ੍ਰਹਮਗਿਆਨ ਆਇਨਸਟਾਇਨ, ਡਾਰਵਿਨ ਅਤੇ ਸਟੀਫਨ ਹਾਕਿੰਗ ਨੂੰ ਪੜ੍ਹਕੇ ਸਮਝਿਆ ਜਾ ਸਕਦਾ ਹੈ। ਅੱਜ ਕਲ੍ਹ ਦੇ ਜਾਗਰੁਕ ਵਿਦਵਾਨਾਂ ਨੇ ਅਧਿਆਤਮ ਨੂੰ ਵੀ ਵਿਗਿਆਨਕ ਉਪਕਰਣਾਂ ਦੇ ਜਰੀਏ ਸਮਝਣ-ਸਮਝਾਉਣ ਤੇ ਜ਼ੋਰ ਦਿੱਤਾ ਹੋਇਆ ਹੈ। ਇਹਨਾ ਨੇ ਅਧਿਆਤਮ ਦੇ ਅਰਥ ਹੀ ਬਦਲਕੇ ਰੱਖ ਦਿੱਤੇ ਹਨ। ਆਪਣੀਆਂ ਨਵੀਆਂ ਥਿਉਰੀਆਂ ਨੂੰ ਸਹੀ ਸਾਬਤ ਕਰਨ ਲਈ ਪਹਿਲੇ ਹਰ ਸਹੀ ਗੁਰਮਤਿ ਸਿਧਾਂਤ ਨੂੰ ਬ੍ਰਹਮਣੀ ਸਿਧਾਂਤ ਕਹਿਕੇ ਨਿੰਦਿਆ ਅਤੇ ਨਕਾਰਿਆ ਜਾ ਰਿਹਾ ਹੈ। ਨਵੇਂ ਵਾੜੇ ਜਾ ਰਹੇ ਸਿਧਾਂਤਾਂ ਨੂੰ ਬ੍ਰਹਮਗਿਆਨ ਵਿੱਚ ਨਿਖਾਰ ਆਇਆ ਦੱਸਿਆ ਜਾ ਰਿਹਾ ਹੈ।
ਸਿੱਖਾਂ ਵਿੱਚ ਵਿਵਾਦ ਹੋਣੇ ਕੋਈ ਸੁਕੂਨ ਦੀ ਗੱਲ ਨਹੀਂ। ਹਾਂ ਸੁਕੂਨ ਦੀ ਗੱਲ ਹੋ ਸਕਦੀ ਸੀ ਜੇ ਆਪਣੀ ਵਿਦਵਤਾ ਦਾ ਪ੍ਰਦਰਸ਼ਨ ਕਰਨ ਦੇ ਮਕਸਦ ਨਾਲ ਨਿੱਤ ਨਵੇਂ ਝਮੇਲੇ ਖੜ੍ਹੇ ਕਰਨ ਦੀ ਬਜਾਏ, ਸੁਹਿਰਦਤਾ ਨਾਲ ਦੋ ਧਿਰਾਂ’ਚੋਂ ਇੱਕ ਗ਼ਲਤ-ਧਿਰ ਆਪਣੀ ਗ਼ਲਤੀ ਸਵਿਕਾਰ ਕਰਕੇ ਦੂਸਰੇ ਦੀ ਸਹੀ ਗੱਲ ਮੰਨਣ ਵਿੱਚ ਆਪਣੀ ਹੱਤਕ ਮਹਿਸੂਸ ਨਾ ਕਰਦੀ। ਪਰ ਹੁਣ ਹੋ ਇਹ ਰਿਹਾ ਹੈ ਕਿ, ਗੁਰਮਤਿ ਵਿਚਾਰਾਂ ਨੂੰ ਲੈ ਕੇ ਸਿੱਖਾਂ ਵਿੱਚ ਵੱਖ ਵੱਖ ਧੜੇ ਬਣੇ ਪਏ ਹਨ।  ਗ਼ਲਤ ਨੂੰ ਗ਼ਲਤ ਅਤੇ ਸਹੀ ਨੂੰ ਸਹੀ ਕਹਿਣ ਦੀ ਬਜਾਏ ਹਰ ਕੋਈ ਆਪਣੇ ਧੜੇ ਨੂੰ ਸਹੀ ਮੰਨਣ ਮਨਵਾਉਣ ਤੇ ਜ਼ੋਰ ਦੇ ਰਿਹਾ ਹੈ। ਇਹੀ ਕਾਰਣ ਹੈ ਕਿ ਦਹਾਕਿਆਂ ਤੋਂ ਚੱਲੇ ਆ ਰਹੇ ਮਸਲਿਆਂ ਵਿੱਚੋਂ ਅੱਜ ਤੱਕ ਕੋਈ ਇਕ ਵੀ ਮਸਲਾ ਸੁਲਝਿਆ ਨਹੀਂ, ਜਿਸ ਕਰਕੇ ਕਿਹਾ ਜਾ ਸਕੇ ਕਿ ਕਿਸੇ ਨੁਕਤੇ ਤੇ ਸਪੱਸ਼ਟਤਾ ਅਤੇ ਨਿਖਾਰ ਆਇਆ ਹੈ। ਜਿਸ ਨਾਲ ਸੁਕੂਨ ਮਹਿਸੂਸ ਕੀਤਾ ਜਾ ਸਕੇ।
ਜੇ ਅੱਜ ਤੱਕ ਕੋਈ ਇਕ ਵੀ ਮਸਲਾ ਹਲ ਨਹੀਂ ਹੋਇਆ ਤਾਂ ਕਿਸ ਤਰ੍ਹਾਂ ਸੁਕੂਨ ਮਹਿਸੂਸ ਕੀਤਾ ਜਾ ਸਕਦਾ ਹੈ?
ਜਸਬੀਰ ਸਿੰਘ ਵਿਰਦੀ
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.