ਕੈਟੇਗਰੀ

ਤੁਹਾਡੀ ਰਾਇ



ਪ੍ਰੋਗ੍ਰਾਮ ਰਿਪੋਰਟਸ
ਫਰਿਜ਼ਨੋ ਸਿਟੀ ਕੌਂਸਲ ਵੱਲੋਂ ਸਿੱਖ ਨਸਲਕੁਸ਼ੀ 1984 ਰੈਜ਼ੂਲੇਸ਼ਨ ਬਹੁਮਤ ਨਾਲ ਪਾਸ
ਫਰਿਜ਼ਨੋ ਸਿਟੀ ਕੌਂਸਲ ਵੱਲੋਂ ਸਿੱਖ ਨਸਲਕੁਸ਼ੀ 1984 ਰੈਜ਼ੂਲੇਸ਼ਨ ਬਹੁਮਤ ਨਾਲ ਪਾਸ
Page Visitors: 2443

ਫਰਿਜ਼ਨੋ ਸਿਟੀ ਕੌਂਸਲ ਵੱਲੋਂ ਸਿੱਖ ਨਸਲਕੁਸ਼ੀ 1984 ਰੈਜ਼ੂਲੇਸ਼ਨ ਬਹੁਮਤ ਨਾਲ ਪਾਸ

Posted On 07 Sep 2016
15

ਫਰਿਜ਼ਨੋ, 7 ਅਗਸਤ (ਨੀਟਾ ਮਾਛੀਕੇ/ਕੁਲਵੰਤ ਧਾਲੀਆਂ/ਪੰਜਾਬ ਮੇਲ)- ਸੈਂਟਰਲ ਵੈਲੀ ਵਿਚ ਵਸਦੇ ਸਿੱਖ ਪਿਛਲੇ ਲੰਮੇ ਸਮੇਂ ਤੋਂ ਫਰਿਜ਼ਨੋਂ ਸਿਟੀ ਕੌਂਸਲ ਤੋਂ ਭਾਰਤ ਵਿਚ 1984 ‘ਚ ਹੋਏ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਘੋਸ਼ਿਤ ਕਰਾਉਣ ਲਈ ਇੱਕ ਰੈਜ਼ੂਲੇਸ਼ਨ ਪਾਸ ਕਰਵਾਉਣਾ ਚਾਹੁੰਦੇ ਸਨ। ਬੀਤੇ ਵੀਰਵਾਰ ਦੇਰ ਰਾਤ ਇਹ ਰੈਜ਼ੂਲੇਸ਼ਨ ਫਰਿਜ਼ਨੋ ਸਿਟੀ ਕੌਸਲ ਵੱਲੋਂ ਭਾਰੀ ਬਹੁਮਤ ਨਾਲ ਪਾਸ ਕਰ ਦਿੱਤਾ ਗਿਆ। ਇਸ ਮੌਕੇ ਸੈਂਕੜੇ ਸਿੱਖ ਸਿਟੀ ਹਾਲ ਪਹੁੰਚੇ ਹੋਏ ਸਨ। ਇਸ ਮੌਕੇ ਉਨ੍ਹਾਂ ਨੇ ਹੱਥਾਂ ਵਿਚ ਸਿੱਖ ਨਸਲਕੁਸ਼ੀ ਸਬੰਧੀ ਬੈਨਰ ਚੁੱਕੇ ਹੋਏ ਸਨ। ਤਕਰੀਬਨ ਦੋ ਘੰਟੇ ਚੱਲੇ ਸੈਸ਼ਨ ਵਿਚ ਸਿਟੀ ਕੌਂਸਲ ਮੈਂਬਰਾਂ ਅਤੇ ਸਿੱਖ ਕਮਿਊਨਿਟੀ ਦੇ ਬੁਲਾਰਿਆਂ ਨੇ ਆਪੋ-ਆਪਣਾ ਪੱਖ ਰੱਖਿਆ ਅਤੇ ਅਖੀਰ ਦੇਰ ਰਾਤ 9 ਵਜੇ ਦੋ ਦੇ ਮੁਕਾਬਲੇ ਪੰਜ ਵੋਟਾਂ ਦੇ ਭਾਰੀ ਬਹੁਮਤ ਨਾਲ ਜੈਕਾਰਿਆਂ ਦੀ ਗੂੰਜ ਵਿਚ ਇਹ ਰੈਜ਼ੂਲੇਸ਼ਨ ਪਾਸ ਹੋਇਆ। ਕੌਂਸਲ ਮੈਂਬਰ ਪਾਲ ਕੈਪਰੀਗਾਇਲੋ ਅਤੇ ਸਲ ਕਨਤੈਰੋ ਨੇ ਇਸ ਮੌਕੇ ਵੋਟ ਕਰਨ ਤੋਂ ਇਨਕਾਰ ਕਰ ਦਿੱਤਾ।
ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਇਹ ਮਤਾ ਤਕਰੀਬਨ 9 ਮਹੀਨੇ ਪਹਿਲਾਂ ਸਿਟੀ ਕੌਂਸਲ ਮੈਂਬਰ ਕਲਿੰਟ ਓਲੀਵੀਅਰ ਨੇ ਏਜੰਡੇ ‘ਤੇ ਲਿਆਉਣ ਦੀ ਮੰਗ ਕੀਤੀ ਸੀ, ਲੇਕਿਨ ਫਰਿਜ਼ਨੋ ਸਟੇਟ ਯੂਨੀਵਰਸਿਟੀ ਦੇ ਰਿਟਾਇਰਡ ਪ੍ਰੋ. ਅਤੇ ਸਮਾਜ ਸੇਵੀ ਡਾ. ਸੁਦਰਸ਼ਨ ਕਪੂਰ ਅਤੇ ਸਕੂਲ ਬੋਰਡ ਦੇ ਟਰੱਸਟੀ ਮੈਂਬਰ ਰਾਮਾਕਾਂਤ ਡਾਬਰ ਦੇ ਵਿਰੋਧ ਅਤੇ ਭਾਰਤੀ ਕੌਂਸਲੇਟ ਦੇ ਦਖਲ ਕਾਰਨ ਇਹ ਰੈਜ਼ੂਲੇਸ਼ਨ ਟੇਬਲ ‘ਤੇ ਆਉਣ ਤੋਂ ਪਹਿਲਾਂ ਹੀ ਦਮ ਤੋੜ ਗਿਆ ਸੀ। ਇਸ ਤੋਂ ਪਿੱਛੋਂ ਸਿੱਖਸ ਫਾਰ ਜਸਟਿਸ ਗਰੁੱਪ ਵੱਲੋਂ ਭਾਰਤੀ ਕੌਂਸਲੇਟ ਅਸ਼ੋਕ ਵੈਕਟੇਸ਼ਨ ਤੇ ਫਰਿਜ਼ਨੋ ਬੀ ਅਖਬਾਰ ਨਾਲ ਮੁਲਾਕਾਤ ਦੌਰਾਨ ਸਿੱਖਾਂ ਨੂੰ ਕੱਟੜਵਾਦੀ ਕਹਿਣ ‘ਤੇ ਜਸਟਿਸ ਡਿਪਾਰਟਮੈਂਟ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ ਅਤੇ ਸਿੱਖ ਕੌਂਸਲ ਆਫ਼ ਸੈਂਟਰਲ ਕੈਲੀਫੋਰਨੀਆ ਵੱਲੋਂ ਡਾ. ਸੁਦਰਸ਼ਨ ਕਪੂਰ ਅਤੇ ਰਾਮਾਕਾਂਤ ਡਾਬਰ ਦੇ ਬਾਈਕਾਟ ਕਰਨ ਦਾ ਐਲਾਨ ਵੀ ਕੀਤਾ ਗਿਆ ਸੀ। ਇਸ ਪਿੱਛੋਂ ਰਾਮਾਕਾਂਤ ਡਾਬਰ ਨੇ ਸਿੱਖ ਭਾਈਚਾਰੇ ਤੋਂ ਮੁਆਫ਼ੀ ਵੀ ਮੰਗੀ ਸੀ ਅਤੇ ਇਸ ਰੈਜ਼ੂਲੇਸ਼ਨ ਦੇ ਹੱਕ ਵਿਚ ਸਿਟੀ ਕੌਂਸਲ ਨੂੰ ਚਿੱਠੀ ਵੀ ਲਿਖੀ ਸੀ।
ਸਿੱਖ ਨਸਲਕੁਸ਼ੀ ਸਬੰਧੀ ਖੋਜ ਕਰਨ ਪਿਛੋਂ ਐਂਤਕੀ ਤਿੰਨ ਕੌਂਸਲ ਮੈਂਬਰ ਕਲਿੰਟ ਓਲੀਵੀਅਰ, ਓਲੀਵਰ ਬੇਂਸ , ਇਸਮਰਇਆਲਡਾ ਸਰੋਇਆ ਇਸ ਰੈਜ਼ੂਲੇਸ਼ਨ ਨੂੰ ਪਾਸ ਕਰਾਉਣ ਲਈ ਇਹ ਮਤਾ ਲੈ ਕੇ ਕੌਂਸਲ ਦੇ ਟੇਬਲ ‘ਤੇ ਆਏ ਅਤੇ ਕੌਂਸਲ ਮੈਬਰ ਲੀ ਬਰੈਂਡ ਅਤੇ ਸਟੀਵ ਬਰੈਂਡਾਊ ਨੇ ਵੀ ਇਸ ਰੈਜ਼ੂਲੇਸ਼ਨ ਦੇ ਹੱਕ ਵਿਚ ਵੋਟ ਪਾਈ।
ਓਲੀਵਰ ਬੇਂਸ ਨੇ ਕਿਹਾ ਕਿ ਇਹ ਰੈਜ਼ੂਲੇਸ਼ਨ ਪਾਸ ਹੋਣ ਨਾਲ ਕੋਈ ਕਾਨੂੰਨ ਤਾਂ ਨਹੀਂ ਬਦਲੇਗਾ, ਲੇਕਿਨ ਸ਼ਾਇਦ ਇਹ ਮਤਾ ਤੁਹਾਡੇ ਜ਼ਖਮਾਂ ‘ਤੇ ਮੱਲ੍ਹਮ ਲਾਉਣ ਵਿਚ ਥੋੜਾ ਸਹਾਈ ਹੋਵੇਗਾ।
ਇਸ ਮੌਕੇ ਬੋਲਣ ਵਾਲੇ ਬੁਲਾਰਿਆਂ ਵਿਚ ਰਾਜ ਬੀਸਲਾ, ਡਾ. ਕੰਵਰ ਸਿੰਘ, ਮੰਗਲ ਕੌਰ, ਰੂਬੀ ਧਾਲੀਵਾਲ, ਬਿੱਲ ਨਿੱਝਰ, ਮਹਿੰਦਰ ਸਿੰਘ ਕਾਹਲੋਂ, ਗੁਰਦੀਪ ਸ਼ੇਰਗਿੱਲ, ਸੁਖਦੀਪ ਚੀਮਾ, ਰਾਜਦੀਪ ਸਿੰਘ ਅਤੇ ਅਰਮੀਨੀਅਨ ਰੇਸ ਦੇ ਟਾਡੇ ਇਸਖਾਨੀਅਨ ਆਦਿ ਨੇ ਰੈਜ਼ੂਲੇਸ਼ਨ ਨੂੰ ਪਾਸ ਕਰਵਾਉਣ ਲਈ ਆਪਣੇ ਵਿਚਾਰ ਰੱਖੇ। ਦੋਭਾਸ਼ੀਏ ਦੀ ਭੂਮਿਕਾ ਰਾਜ ਸਿੰਘ ਨੇ ਬਾਖੂਬੀ ਨਿਭਾਈ। ਯਾਦ ਰਹੇ ਕਿ ਇਸ ਤੋਂ ਪਹਿਲਾਂ ਇਹ ਰੈਜ਼ੂਲੇਸ਼ਨ ਸਿਟੀ ਆਫ਼ ਸੈਨਵਾਕੀਨ, ਕਰਮਨ ਅਤੇ ਬੇਕਰਸਫੀਲਡ ਆਦਿ ਸ਼ਹਿਰਾਂ ਵਿਚ ਪਹਿਲਾਂ ਹੀ ਪਾਸ ਹੋ ਚੁੱਕਾ ਹੈ। ਕਰਮਨ ਸਿਟੀ ਕੌਂਸਲ ਮੈਂਬਰ ਬਿੱਲ ਨਿੱਝਰ ਨੇ ਕਿਹਾ ਕਿ ਅੱਜ ਬੜਾ ਖੁਸ਼ੀ ਦਾ ਦਿਨ ਹੈ ਕਿ ਸਿੱਖ ਸਭ ਗਿੱਲੇ-ਸ਼ਿਕਵੇ ਭੁਲਾ ਕੇ ਇੱਕ ਚੰਗੇ ਕਾਰਜ ਲਈ ਇੱਕ ਪਲੇਟਫਾਰਮ ‘ਤੇ ਇਕੱਠੇ ਹੋਏ ਹਨ ਅਤੇ ਇਹ ਜਿੱਤ ਪੂਰੇ ਭਾਈਚਾਰੇ ਦੀ ਜਿੱਤ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.