ਭਾਰਤ ਨਾਲ ਹਰ ਮਾਮਲੇ ‘ਤੇ ਸਹਿਯੋਗ ਲਈ ਤਿਆਰ ਹਾਂ-ਸ਼ਰੀਫ
ਇਸਲਾਮਾਬਾਦ, 5 ਫਰਵਰੀ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਅੱਜ ਆਸ ਪ੍ਰਗਟਾਈ ਹੈ ਕਿ ਪਾਕਿਸਤਾਨ ਤੇ ਭਾਰਤ ਵਿਚਾਲੇ ਵਿਆਪਕ ਦੁਪਾਸੜ ਗੱਲਬਾਤ ਪ੍ਰਕਿਰਿਆ ਅਗਲੇ ਦਿਨ੍ਹਾਂ ‘ਚ ਅਗੇ ਵਧੇਗੀ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਹੈ ਕਿ ਕਸ਼ਮੀਰ ਸਮੇਤ ਸਾਰੇ ਵਿਵਾਦਤ ਮੁੱਦਿਆਂ ਦਾ ਹੱਲ ਕੇਵਲ ਗੱਲਬਾਤ ਰਾਹੀਂ ਹੀ ਕੀਤਾ ਜਾ ਸਕਦਾ ਹੈ | ਮੁਜ਼ਫਰਾਬਾਦ ਵਿਚ ‘ਕਸ਼ਮੀਰ ਇਕਜੁੱਟਤਾ ਦਿਵਸ ‘ ਮਨਾਉਣ ਮੌਕੇ ਮਕਬੂਜ਼ਾ ਕਸ਼ਮੀਰ ਦੀ ਅਸੰਬਲੀ ਦੇ ਸਾਂਝੇ ਇਜਲਾਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅੱਤਵਾਦ ਸਮੇਤ ਹਰ ਮਾਮਲੇ ‘ਤੇ ਪਾਕਿਸਤਾਨ ਭਾਰਤ ਨਾਲ ਸਹਿਯੋਗ ਕਰਨ ਲਈ ਤਿਆਰ ਹੈ | ਉਨ੍ਹਾਂ ਕਿਹਾ ਕਿ ਪਾਕਿਸਤਾਨ ਅੱਤਵਾਦ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੈ ਤੇ ਉਹ ਅੱਤਵਾਦ ਦਾ ਖਾਤਮਾ ਚਾਹੁੰਦਾ ਹੈ | ਸ਼ਰੀਫ ਨੇ ਕਿਹਾ ਕਿ ਦੋਨਾਂ ਦੇਸ਼ਾਂ ਵਿਚਾਲੇ ਵਿਚਾਰ ਧਾਰਕ ਮੱਤਭੇਦ ਕੋਈ ਨਵੇਂ ਨਹੀਂ ਹਨ ਇਹ 6-7 ਦਹਾਕੇ ਪੁਰਾਣੇ ਹਨ, ਜਿਨ੍ਹਾਂ ਤੋਂ ਅਸੀਂ ਛੁਟਕਾਰਾ ਨਹੀਂ ਪਾ ਸਕੇ | ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਵੀ ਕਹਿ ਚੁੱਕਾ ਹਾਂ ਤੇ ਮੁੜ ਦੁਹਰਾਉਣਾ ਚਹੁੰਦਾ ਹਾਂ ਕਿ ਸਾਰੀਆਂ ਸਮੱਸਿਆਵਾਂ ਦਾ ਹੱਲ ਗੱਲਬਾਤ ਰਾਹੀਂ ਹੀ ਸੰਭਵ ਹੈ | ਜੇਕਰ ਅਸੀਂ ਇਕੱਠੇ ਬੈਠ ਕੇ ਇਨ੍ਹਾਂ ਮੁੱਦਿਆਂ ਬਾਰੇ ਗੱਲਬਾਤ ਨਹੀਂ ਕਰਾਂਗੇ ਤਾਂ ਉਹ ਹੱਲ ਨਹੀਂ ਹੋਣਗੇ |