285 ਭਾਰਤੀ ਨਾਗਰਿਕ ਆਈਐਸ ਦੀ ‘ਮੌਤ ਦੀ ਸੂਚੀ’ ਵਿਚ ਸ਼ਾਮਲ
ਲੰਡਨ, 27 ਜੂਨ (ਪੰਜਾਬ ਮੇਲ)- ਇਰਾਕ ਅਤੇ ਸੀਰੀਆ ਵਿਚ ਸਰਗਰਮ ਅੱਤਵਾਦੀ ਜਥੇਬੰਦੀ ਇਸਲਾਮਿਕ ਸਟੇਟ ਦੀ ‘ਹਿਟ ਲਿਸਟ’ ਵਿਚ 285 ਭਾਰਤੀਆਂ ਦੇ ਨਾਂ ਸ਼ਾਮਲ ਹਨ। ਹਿਟ ਲਿਸਟ ਵਿਚ ਨਾਂ ਆਉਣ ਕਾਰਨ ਭਾਰਤੀ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੁਨੀਆਂ ਭਰ ਦੇ ਲਗਭਗ 8300 ਲੋਕਾਂ ਨੂੰ ਇਸਲਾਮਿਕ ਸਟੇਟ ਨਿਸ਼ਾਨਾ ਬਣਾਉਣਾ ਚਾਹੁੰਦੀ ਹੈ। ਭਾਰਤੀ ਲੋਕਾਂ ਦੇ ਮਾਮਲੇ ਵਿਚ ਹੈਰਾਨੀ ਵਾਲੀ ਗੱਲ ਇਹ ਹੈ ਇਨ੍ਹਾਂ ਵਿਚੋਂ ਔਰਤਾਂ ਵੀ ਸ਼ਾਮਲ ਹਨ ਅਤੇ ਦੇਸ਼ ਦੇ ਛੋਟੇ ਸ਼ਹਿਰਾਂ ਨਾਲ ਸਬੰਧਤ ਦੱਸੀਆਂ ਜਾਂਦੀਆਂ ਹਨ। ਇਸਲਾਮਿਕ ਸਟੇਟ ਦੀ ਇਸ ਕਥਿਤ ਹਿਟ ਲਿਸਟ ਬਾਰੇ ਕਈ ਤਰ੍ਹਾਂ ਦੇ ਕਿਆਸੇ ਲਾਏ ਜਾ ਰਹੇ ਹਨ ਕਿ ਭਾਰਤੀ ਲੋਕਾਂ ਦੇ ਨਾਂ ਇਸ ਵਿਚ ਕਿਉਂ ਸ਼ਾਮਲ ਕੀਤੇ ਗਏ। ਹਿਟ ਲਿਸਟ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਇਹ ਮਹਿਸੂਸ ਨਹੀਂ ਹੁੰਦਾ ਹੈ ਕਿ ਇਸ ਵਿਚ ਸ਼ਾਮਲ ਲੋਕਾਂ ਨੂੰ ਉਨ੍ਹਾਂ ਦੇ ਬਿਆਨਾਂ ਜਾਂ ਪੇਸ਼ੇ ਦੇ ਆਧਾਰ ‘ਤੇ ਸ਼ਾਮਲ ਕੀਤਾ ਗਿਆ। ਹਿਟ ਲਿਸਟ ਬਾਰੇ ਇਕ ਖ਼ਾਸ ਗੱਲ ਸਾਹਮਣੇ ਆਈ ਹੈ ਕਿ ਇਹ ਹੱਥ ਲਿਖਤ ਨਹੀਂ ਹੈ ਕਿਉਂਕਿ ਕੁਝ ਵਿਅਕਤੀਆਂ ਦੇ ਨਾਂ ਕਈ ਵਾਰ ਸੂਚੀ ਵਿਚ ਦੇਖੇ ਜਾ ਸਕਦੇ ਹਨ। ਭਾਰਤੀ ਵਿਅਕਤੀਆਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਸਾਹਮਣੇ ਆਇਆ ਕਿ ਸੂਚੀ ਵਿਚ ਸ਼ਾਮਲ ਜ਼ਿਆਦਾਤਰ ਲੋਕਾਂ ਦੇ ਈਮੇਲ ਖਾਤੇ ਅਤੀਤ ਵਿਚ ਕਿਸੇ ਨਾ ਕਿਸੇ ਮੌਕੇ ‘ਤੇ ਹੈਕ ਹੋ ਚੁੱਕੇ ਹਨ। ਇਹ ਵੀ ਸੰਭਵ ਹੈ ਕਿ ਹੈਕ ਕੀਤੇ ਖਾਤਿਆਂ ਵਿਚਲੀ ਜਾਣਕਾਰੀ ਅੱਗੇ ਤੋਂ ਅੱਗੇ ਹੁੰਦੀ ਹੋਈ ਇਸਲਾਮਿਕ ਸਟੇਟ ਕੋਲ ਪਹੁੰਚ ਗਈ ਹੋਵੇ। ਮਿਡਲ ਈਸਟ ਮੀਡੀਆ ਰਿਸਰਚ ਇੰਸਟੀਚਿਊਟ (ਐਮ.ਈ.ਐਮ.ਆਰ.ਆਈ.) ਦਾ ਕਹਿਣਾ ਹੈ ਕਿ ਇਹ ਸੂਚੀ ਸਭ ਤੋਂ ਪਹਿਲਾਂ ਸੋਸ਼ਲ ਮੀਡੀਆ ਦੇ ਮੰਚ ਟੈਲੀਗ੍ਰਾਮ ‘ਤੇ ਦਿਖਾਈ ਦਿੱਤੀ। ਐਮ.ਈ.ਐਮ.ਆਰ.ਆਈ. ਦੇ ਇਲੀਅਟ ਜ਼ਵਿਗ ਨੇ ਦੱਸਿਆ ਕਿ ਸੂਚੀ ਬਾਰੇ ਸਭ ਤੋਂ ਪਹਿਲਾਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਇਲੀਅਨ ਨੇ ਕਿਹਾ, ”ਸੂਚੀ ਬਹੁਤ ਵੱਡੀ ਹੈ ਅਤੇ ਇਸ ਰਾਹੀਂ ਦਹਿਸ਼ਤਗਰਦ ਜਥੇਬੰਦੀ ਦੀਆਂ ਸਰਗਰਮੀਆਂ ਦਾ ਅੰਦਾਜ਼ਾ ਲਾਉਣਾ ਸੰਭਵ ਤਾਂ ਨਹੀਂ ਪਰ ਪੁਲਿਸ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਜਿਨ•ਾਂ ਨੇ ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਕਾਰਵਾਈ ਕੀਤੀ ਹੈ।” ਸੂਚੀ ਤਿਆਰ ਕਰਨ ਵਾਲੇ ਜਥੇਬੰਦੀ ਦਾ ਨਾਂ ਯੂਨਾਈਟਿਡ ਸਾਈਬਰ ਕੈਲਫ਼ੇਟ ਹੈ ਜਿਸ ਨੂੰ ਇਸਲਾਮਿਕ ਸਟੇਟ ਦੇ ਹੈਕਰਾਂ ਦਾ ਮੋਹਰੀ ਮੰਨਿਆ ਜਾਂਦਾ ਹੈ। ਇਹ ਵੈਬਸਾਈਟਸ ਹੈਕ ਕਰਦੀ ਆਈ ਹੈ ਅਤੇ ਇਸਲਾਮਿਕ ਸਟੇਟ ਦੇ ਸਮਰਥਕਾਂ ਲਈ ਸੂਚਨਾ ਤਕਨਾਲੋਜੀ ਸਰੋਤ ਵਜੋਂ ਕੰਮ ਕਰਦੀ ਹੈ। ਯੂਨਾਈਟਿਡ ਸਾਈਬਰ ਕੈਲਫ਼ੇਟ ਅਤੇ ਹੋਰਨਾਂ ਇਕਾਈਆਂ ਦਾ ਕੰਮ ਅਜਿਹੀਆਂ ਸੂਚੀਆਂ ਤਿਆਰ ਕਰ ਕੇ ਜਾਰੀ ਕਰਨਾ ਹੈ। ਪਿਛਲੇ ਚਾਰ ਮਹੀਨੇ ਦੌਰਾਨ 9 ‘ਹਿਟ ਲਿਸਟਾਂ’ ਨਸ਼ਰ ਹੋ ਚੁੱਕੀਆਂ ਹਨ। ਅਪ੍ਰੈਲ ਵਿਚ ਸਾਹਮਣੇ ਆਈ ਇਕ ਲਿਸਟ ਵਿਚ ਨਿਊ ਯਾਰਕ ਦੇ 3600 ਲੋਕਾਂ ਦੇ ਨਾਂ ਸ਼ਾਮਲ ਸਨ। ਸੂਚੀ ਦੇ ਉਪਰ ਲਿਖਿਆ ਹੋਇਆ ਸੀ, ”ਅਸੀਂ ਇਨ੍ਹਾਂ ਨੂੰ ਮਰਿਆ ਹੋਇਆ ਦੇਖਣਾ ਚਾਹੁੰਦੇ ਹਾਂ” ਅਤੇ ”ਨਿਊ ਯਾਰਕ ਦੇ ਅਹਿਮ ਸਿਟੀਜ਼ਨ।” ਸਧਾਰਨ ਨਾਗਰਿਕਾਂ ਨੂੰ ਆਮ ਤੌਰ ‘ਤੇ ਸੂਚੀ ਵਿਚ ਸ਼ਾਮਲ ਨਹੀਂ ਕੀਤਾ ਜਾਂਦਾ। ਅਤੀਤ ਵਿਚ ਇਸਲਾਮਿਕ ਸਟੇਟ ਪੱਖੀ ਹੈਕਰਾਂ ਵੱਲੋਂ ਅਮਰੀਕੀ ਡਰੋਨ ਸੰਚਾਲਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ। ਇੱਥੇ ਵਰਣਨਯੋਗ ਹੈ ਕਿ ਇਸ ਸੂਚੀ ਵਿਚ ਭਾਰਤੀਆਂ ਤੋਂ ਇਲਾਵਾ ਅਮਰੀਕਾ, ਬਰਾਤਨੀਆ, ਫਰਾਂਸ ਅਤੇ ਕੈਨੇਡਾ ਸਮੇਤ 18 ਦੇਸ਼ਾਂ ਦੇ ਨਾਗਰਿਕ ਸ਼ਾਮਲ ਹਨ।