ਸੁਪਰੀਮ ਕੋਰਟ ਦਾ ਮਾਲਿਆ ਨੂੰ ਝਟਕਾ
ਨਵੀਂ ਦਿੱਲੀ, 25 ਜੁਲਾਈ (ਪੰਜਾਬ ਮੇਲ)-ਸੁਪਰੀਮ ਕੋਰਟ ਨੇ ਸੋਮਵਾਰ ਨੂੰ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੂੰ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਾ ਕਰਨ ਦੇ ਮਾਮਲੇ ਵਿੱਚ ਇੱਕ ਨੋਟਿਸ ਜਾਰੀ ਕੀਤਾ ਹੈ। ਅਟਾਰਨੀ ਜਨਰਲ ਰੋਹਤਗੀ ਨੇ ਕਿਹਾ ਮਾਲਿਆ ਨੇ ਅਜੇ ਤੱਕ ਆਪਣੇ ਸਾਧਨਾਂ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ। ਮਾਲਿਆ ਨੇ ਅਜੇ ਤੱਕ ਬ੍ਰਿਟਿਸ਼ ਲਿਕਰ ਮੇਜਰ ਕੋਲੋਂ ਲਏ 45 ਮਿਲੀਅਨ ਯੂ.ਐਸ. ਡਾਲਰ ਬਾਰੇ ਵੀ ਕੋਈ ਜਾਣਕਾਰੀ ਨਹੀਂ ਦਿੱਤੀ। ਮਾਲਿਆ ਨੂੰ ਇਸ ਲਈ ਚਾਰ ਹਫਤੇ ਦਾ ਸਮਾਂ ਦਿੱਤਾ ਗਿਆ ਸੀ।
ਰੋਹਤਗੀ ਨੇ ਕੋਰਟ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਲਿਆ ਨੇ ਅਦਾਲਤ ਨੂੰ ਆਪਣੇ ਸਾਧਨਾਂ ਬਾਰੇ ਸੁਪਰੀਮ ਕੋਰਟ ਨੂੰ ਗਲਤ ਜਾਣਕਾਰੀ ਦਿੱਤੀ ਹੈ। ਬੈਂਕ ਨੇ ਪਟੀਸ਼ਨ ਜਦੋਂ ਪਾਈ ਸੀ ਤਾਂ ਮਾਲਿਆ ਨੇ ਆਪਣੇ ਸਾਧਨਾਂ ਬਾਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਮਾਲਿਆ ਨੇ ਕਿਹਾ ਸੀ ਕਿ ਉਹ ਇੱਕ ਐਨ.ਆਰ.ਆਈ. ਸੀ। ਇਸ ਲਈ ਵਿਦੇਸ਼ਾਂ ਵਿੱਚਲੇ ਉਸ ਦੇ ਸਾਧਨਾਂ ਬਾਰੇ ਜਾਣਕਾਰੀ ਦੇਣ ਦਾ ਕੋਈ ਮਤਲਬ ਨਹੀਂ ਬਣਦਾ।
ਕਾਬਲੇਗੌਰ ਹੈ ਕਿ ਮਾਲਿਆ 9 ਹਜ਼ਾਰ ਕਰੋੜ ਦੇ ਬੈਂਕਾਂ ਦੇ ਕਰਜ਼ ਵਾਪਸ ਕੀਤੇ ਬਿਨਾ ਹੀ ਯੂ.ਕੇ. ਚਲਾ ਗਿਆ। ਉਸ ਤੋਂ ਬਾਅਦ ਮਾਲਿਆਂ ਨੂੰ ਭਾਰਤ ਲਿਆਉਣ ਵਿੱਚ ਸਰਕਾਰ ਸਫਲ ਨਾ ਹੋ ਸਕੀ। ਇਸ ਤੋਂ ਪਹਿਲਾਂ ਬੈਕਾਂ ਦਾ ਕਰਜ਼ਾ ਵਾਪਸ ਦੇਣ ਵਿੱਚ ਅਸਫਲ ਰਹੇ ਮਾਲਿਆ ਦੀ ਕਿੰਗਫਿਸ਼ਰ ਏਅਰਲਾਈਨ ਨੂੰ ਅਕਤੂਬਰ 2012 ਵਿੱਚ ਬੰਦ ਕਰ ਦਿੱਤਾ ਗਿਆ ਸੀ।