ਸਿੱਖ ਪਛਾਣ ਲਈ ਨਿਊਯਾਰਕ ਵਿਖੇ ਲੱਗੇਗੀ ਪੋਰਟਰੇਟ ਪ੍ਰਦਰਸ਼ਨੀ
ਨਿਊਯਾਰਕ, 31 ਅਗਸਤ (ਪੰਜਾਬ ਮੇਲ)- ਇਕ ਸਿੱਖ ਜਥੇਬੰਦੀ ਵੱਲੋਂ 16 ਸਤੰਬਰ ਤੋਂ 25 ਸਤੰਬਰ ਤੱਕ ਨਿਊਯਾਰਕ ਦੇ ਮੈਨਹਟਨ ਵਿਖੇ ਸਿੱਖ ਪੋਰਟਰੇਟ ਦੀ ਇਕ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ, ਜੋ ਕਿ ਆਮ ਜਨਤਾ ਲਈ ਬਿਲਕੁਲ ਮੁਫਤ ਹੋਵੇਗੀ। ਨਿਊਯਾਰਕ ਵਿਚ ਸਿੱਖਾਂ ਸੰਬੰਧੀ ਇਹ ਅਜਿਹੀ ਪਹਿਲੀ ਪ੍ਰਦਰਸ਼ਨੀ ਹੋਵੇਗੀ। ਇਸ ਪ੍ਰਦਰਸ਼ਨੀ ਵਿਚ 40 ਸਿੱਖਾਂ (ਮਰਦ ਅਤੇ ਬੀਬੀਆਂ) ਦੇ ਪੋਰਟਰੇਟ ਸ਼ਾਮਲ ਕੀਤੇ ਜਾ ਰਹੇ ਹਨ, ਜਿਨ੍ਹਾਂ ਨੇ ਕਿਸੇ ਨਾ ਕਿਸੇ ਖੇਤਰ ਵਿਚ ਮੱਲ੍ਹਾਂ ਮਾਰੀਆਂ ਹਨ ਅਤੇ ਸਿੱਖੀ ਸਰੂਪ ਵਿਚ ਹਨ। ਇਸ ਪ੍ਰਦਰਸ਼ਨੀ ਨਾਲ ਅਮਰੀਕੀ ਲੋਕਾਂ ਨੂੰ ਸਿੱਖਾਂ ਬਾਰੇ ਵੱਡਮੁੱਲੀ ਜਾਣਕਾਰੀ ਪ੍ਰਾਪਤ ਹੋਵੇਗੀ। ਜ਼ਿਕਰਯੋਗ ਹੈ ਕਿ ਇਸ ਵਿਚ ਟਰੰਪ ਹਮਾਇਤੀ ਵੱਲੋਂ ਇਕ ਸਿੱਖ ਕੌਂਸਲ ਮੈਂਬਰ ਰਵਿੰਦਰ ਸਿੰਘ ਭੱਲਾ ਦਾ ਵੀ ਪੋਰਟਰੇਟ ਲਗਾਇਆ ਜਾ ਰਿਹਾ ਹੈ।
ਰਿਪਬਲਿਕਨ ਪਾਰਟੀ ਵੱਲੋਂ ਅਮਰੀਕੀ ਰਾਸ਼ਟਰਪਤੀ ਦੀ ਚੋਣ ਲਈ ਉਮੀਦਵਾਰ ਡੋਨਾਲਡ ਟਰੰਪ ਦੇ ਇਕ ਹਮਾਇਤੀ ਰਾਬਰਟ ਨੇ ਅਮਰੀਕੀ ਮੂਲ ਦੇ ਸਿੱਖ ਕੌਂਸਲ ਮੈਂਬਰ ਨੂੰ ਅੱਤਵਾਦੀ ਕਹਿੰਦਿਆਂ ਕਿਹਾ ਸੀ ਕਿ ਇਸ ਤਰ੍ਹਾਂ ਦੇ ਲੋਕਾਂ ਨੂੰ ਅਮਰੀਕਾ ਵਿਚ ਰਹਿਣ ਦੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਰਾਬਰਟ ਨੇ ਰਵਿੰਦਰ ਸਿੰਘ ਭੱਲਾ ਨੂੰ ਉਸ ਵੇਲੇ ਅੱਤਵਾਦੀ ਕਿਹਾ ਸੀ, ਜਦੋਂ ਭੱਲਾ ਨੇ ਨਿਊਜਰਸੀ ਦੇ ਹੋਬੋਕਨ ਸਿਟੀ ਤੋਂ ਕੌਂਸਲ ਮੈਂਬਰ ਅਤੇ ਕੌਂਸਲ ਪ੍ਰਧਾਨ ਦੀ ਹੈਸੀਅਤ ਵਿਚ ਸਿਟੀ ਕੌਂਸਲ ਵੱਲੋਂ ਵਾਟਰ ਫਰੰਟ ਬਹੁ-ਮੰਤਵੀ ਰਸਤਾ ਬਣਾਉਣ ਦੇ ਫੈਸਲੇ ਨੂੰ ਮਨਜ਼ੂਰੀ ਦੇਣ ਸੰਬੰਧੀ ਇਕ ਟਵੀਟ ਆਪਣੇ ਟਵੀਟਰ ‘ਤੇ ਕੀਤਾ ਸੀ। ਜਿਸ ‘ਤੇ ਟਰੰਪ ਹਮਾਇਤੀ ਰਾਬਰਟ ਨੇ ਰਵਿੰਦਰ ਸਿੰਘ ਭੱਲਾ ਨੂੰ ਸਿੱਖ ਹੋਣ ਕਰਕੇ ਅੱਤਵਾਦੀ ਕਰਾਰ ਦਿੰਦਿਆਂ ਕਿਹਾ ਸੀ ਕਿ ਇਸ ਵਰਗੇ ਵਿਅਕਤੀ ਕੌਂਸਲਮੈਨ ਕਿਵੇਂ ਬਣ ਗਏ। ਰਵਿੰਦਰ ਸਿੰਘ ਭੱਲਾ ਪੇਸ਼ੇ ਵਜੋਂ ਅਟਾਰਨੀ ਹਨ ਅਤੇ 8 ਸਾਲ ਪਹਿਲਾਂ ਨਿਊਜਰਸੀ ਵਿਚ ਕੌਂਸਲਮੈਨ ਦੀ ਚੋਣ ਜਿੱਤਣ ਵਾਲੇ ਉਹ ਪਹਿਲੇ ਸਿੱਖ ਸਨ ਅਤੇ ਉਹ ਹੁਣ ਪਿਛਲੇ 2 ਸਾਲਾਂ ਤੋਂ ਕੌਂਸਲ ਪ੍ਰਧਾਨ ਦੇ ਅਹੁਦੇ ‘ਤੇ ਹਨ।