ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਅਕਾਲੀ ਦਲ ਨੂੰ ਨਹੀਂ ਮਿਲ ਰਿਹਾ ਕੈਪਟਨ ਦੀ ਟੱਕਰ ਦਾ ਉਮੀਦਵਾਰ
ਅਕਾਲੀ ਦਲ ਨੂੰ ਨਹੀਂ ਮਿਲ ਰਿਹਾ ਕੈਪਟਨ ਦੀ ਟੱਕਰ ਦਾ ਉਮੀਦਵਾਰ
Page Visitors: 2451

ਅਕਾਲੀ ਦਲ ਨੂੰ ਨਹੀਂ ਮਿਲ ਰਿਹਾ ਕੈਪਟਨ ਦੀ ਟੱਕਰ ਦਾ ਉਮੀਦਵਾਰ

Posted On 09 Dec 2016
captain-amrinder

ਪਟਿਆਲਾ, 9 ਦਸੰਬਰ (ਪੰਜਾਬ ਮੇਲ)- ਪਟਿਆਲਾ ਸ਼ਹਿਰੀ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਮੁੱਖ ਮੰਤਰੀ ਤੇ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨਾਲ ਸਿਆਸੀ ਟੱਕਰ ਲਈ ਉਮੀਦਵਾਰ ਦੇ ਫ਼ੈਸਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ| ਅਕਾਲੀ ਦਲ ਦੀ ਇੱਛਾ ਹੈ ਕਿ ਇਸ ਸੀਟ ’ਤੇ ਅਜਿਹਾ ਉਮੀਦਵਾਰ ਉਤਾਰਿਆ ਜਾਵੇ ਜੋ ਕੈਪਟਨ ਅਮਰਿੰਦਰ ਸਿੰਘ ਨਾਲ ਤਕੜੇ ਪੈਰੀਂ ਟੱਕਰ ਲੈ ਸਕੇ| ਦੱਸਣਯੋਗ ਹੈ ਕਿ ਪਟਿਆਲਾ ਸ਼ਹਿਰੀ ਸੀਟ ’ਤੇ ਕਾਂਗਰਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਹੀ ਉਮੀਦਵਾਰ ਹੋਣਗੇ|
ਅਕਾਲੀ ਦਲ ਵੱਲੋਂ ਭਾਵੇਂ ਪਟਿਆਲਾ ਜ਼ਿਲ੍ਹੇ ਦੇ ਸਾਰੇ ਉਮੀਦਵਾਰ ਐਲਾਨ ਦਿੱਤੇ ਗਏ ਹਨ ਪਰ ਪਟਿਆਲਾ ਸ਼ਹਿਰੀ ਹਲਕੇ ’ਤੇ ਅਜੇ ਐਲਾਨ ਨਹੀਂ ਹੋਇਆ ਹੈ| ਇਸ ਹਲਕੇ ਤੋਂ ਅਕਾਲੀ ਦਲ ਦੇ ਦੋ ਹਲਕਾ ਇੰਚਾਰਜ ਵਿਚਰੇ ਹਨ ਪਰ ਸੂਤਰਾਂ ਮੁਤਾਬਕ ਦੋਵਾਂ ਹਲਕਾ ਇੰਚਾਰਜਾਂ ਵਿੱਚੋਂ ਹੁਣ ਕੋਈ ਵੀ ਦਾਅਵੇਦਾਰ ਨਹੀਂ ਹੈ| ਲੰਘੀਆਂ ਆਮ ਚੋਣਾਂ ਦੌਰਾਨ ਅਕਾਲੀ ਦਲ ਵੱਲੋਂ ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਨੂੰ ਖੜ੍ਹਾ ਕੀਤਾ ਗਿਆ ਸੀ, ਜਦੋਂਕਿ ਪਟਿਆਲਾ ਦੀ ਜ਼ਿਮਨੀ ਚੋਣ ਦੌਰਾਨ ਕਾਂਗਰਸ ਦੇ ਮੁਕਾਬਲੇ ਭਗਦਾਨ ਦਾਸ ਜੁਨੇਜਾ ਉਮੀਦਵਾਰ ਸਨ| ਸ੍ਰੀ ਕੋਹਲੀ ਨੂੰ ਭਾਵੇਂ ਪਿਛਲੇ ਦਿਨੀਂ ਅਕਾਲੀ ਦਲ ਪਟਿਆਲਾ ਸ਼ਹਿਰੀ ਦਾ ਪ੍ਰਧਾਨ ਥਾਪਿਆ ਗਿਆ ਸੀ ਪਰ ਦੱਸਿਆ ਜਾ ਰਿਹਾ ਹੈ ਕਿ ਉਹ ਕੁਝ ਸਮੇਂ ਤੋਂ ਬਿਮਾਰ ਹਨ। ਉਨ੍ਹਾਂ ਦੇ ਵੱਡੇ ਪੁੱਤਰ ਅਜੀਤਪਾਲ ਸਿੰਘ ਕੋਹਲੀ ਜਿਹੜੇ ਸ਼ਹਿਰ ਦੇ ਪੰਜ ਸਾਲ ਮੇਅਰ ਵੀ ਰਹੇ ਹਨ, ਨੇ ਦੱਸਿਆ ਕਿ ਸ੍ਰੀ ਕੋਹਲੀ ਬਿਮਾਰ ਰਹੇ ਹਨ| ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਕੋਹਲੀ ਪਰਿਵਾਰ ਅਕਾਲੀ ਦਲ ਦੇ ਟਕਸਾਲੀ ਪਰਿਵਾਰਾਂ ਵਿੱਚੋਂ ਇੱਕ ਹੈ ਤੇ ਹੁਣ ਤੱਕ ਪਰਿਵਾਰ ਨੇ ਪਾਰਟੀ ਲਈ ਅੱਠ ਵਾਰ ਚੋਣਾਂ ਲੜੀਆਂ ਹਨ ਤੇ ਐਤਕੀਂ ਵੀ ਪਾਰਟੀ ਵੱਲੋਂ ਜਿਸ ਸ਼ਖ਼ਸ ਨੂੰ ਟਿਕਟ ਦਿੱਤੀ ਜਾਵੇਗੀ, ਉਸ ਲਈ ਕੋਹਲੀ ਪਰਿਵਾਰ ਡਟ ਕੇ ਕੰਮ ਕਰੇਗਾ| ਇਸ ਤੋਂ ਸਮਝਿਆ ਜਾ ਰਿਹਾ ਹੈ ਕਿ ਐਤਕੀਂ ਇਹ ਪਰਿਵਾਰ ਚੋਣ ਲੜਣ ਦੇ ਰੌਂਅ ’ਚ ਨਹੀਂ ਹੈ|
ਉਧਰ ਭਗਵਾਨ ਦਾਸ ਜੁਨੇਜਾ ਬਾਰੇ ਕਹਿਣਾ ਹੈ ਕਿ ਉਹ ਭਾਵੇਂ ਆਪ ਦਾਅਵੇਦਾਰ ਨਹੀਂ ਹਨ ਪਰ ਉਨ੍ਹਾਂ ਦੇ ਪੁੱਤਰ ਹਰਪਾਲ ਜੁਨੇਜਾ, ਜੋ ਯੂਥ ਅਕਾਲੀ ਦਲ ਮਾਲਵਾ ਜ਼ੋਨ 2 ਦੇ ਪ੍ਰਧਾਨ ਵੀ ਹਨ, ਟਿਕਟ ਲਈ ਜ਼ੋਰ-ਅਜ਼ਮਾਈ ਕਰ ਰਹੇ ਹਨ| ਹਰਪਾਲ ਜੁਨੇਜਾ ਦਾ ਕਹਿਣਾ ਹੈ ਕਿ ਉਹ ਪਾਰਟੀ ਦੇ ਵਫ਼ਾਦਾਰ ਸਿਪਾਹੀ ਵਜੋਂ ਸ਼ਹਿਰ ਵਾਸੀਆਂ ਦੀ ਸੇਵਾ ਵਿੱਚ ਲੱਗੇ ਹੋਏ ਹਨ| ਜੇ ਪਾਰਟੀ ਨੇ ਉਨ੍ਹਾਂ ਦੇ ਸਿਰ ’ਤੇ ਹੱਥ ਰੱਖਿਆ ਤਾਂ ਉਹ ਆਪਣੇ ਸਾਥੀਆਂ ਸਮੇਤ ਮੈਦਾਨ ਵਿੱਚ ਡਟ ਜਾਣਗੇ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਸੀਟ ’ਤੇ ਕੈਪਟਨ ਦੇ ਮੁਕਾਬਲੇ ਲਈ ਮਾਹਿਰਾਂ ਨਾਲ ਕਈ ਵਾਰ ਗੱਲਬਾਤ ਚੁੱਕੇ ਹਨ| ਕੱਲ੍ਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪਟਿਆਲਾ ਫੇਰੀ ਦੌਰਾਨ ਇਸ ਸੀਟ ਸਬੰਧੀ ਪਾਰਟੀ ਦੇ ਉਮੀਦਵਾਰ ਬਾਰੇ ਪੁੱਛੇ ਸਵਾਲ ’ਤੇ ਉਨ੍ਹਾਂ ਦਾ ਕਹਿਣਾ ਸੀ ਕਿ ਢੁਕਵਾਂ ਸਮਾਂ ਆਉਣ ’ਤੇ ਤਕੜਾ ਉਮੀਦਵਾਰ ਐਲਾਨ ਦਿੱਤਾ ਜਾਵੇਗਾ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.