ਕੈਟੇਗਰੀ

ਤੁਹਾਡੀ ਰਾਇਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਗੌਰੀ ਲੰਕੇਸ਼ ਦੀ ਆਖਰੀ ਸੰਪਾਦਕੀ ਦਾ ਪੰਜਾਬੀ ਰੂਪ
ਗੌਰੀ ਲੰਕੇਸ਼ ਦੀ ਆਖਰੀ ਸੰਪਾਦਕੀ ਦਾ ਪੰਜਾਬੀ ਰੂਪ
Page Visitors: 81

ਗੌਰੀ ਲੰਕੇਸ਼ ਦੀ ਆਖਰੀ ਸੰਪਾਦਕੀ ਦਾ ਪੰਜਾਬੀ ਰੂਪ
ਪ੍ਰੋ:ਰਾਜਿੰਦਰ ਪਾਲ ਸਿੰਘ ਬਰਾੜ
Published On : Sep 10, 2017 12:00 AM

ਇਸ ਹਫਤੇ ਦੇ ਅੰਕ ਵਿਚ ਮੇਰੇ ਦੋਸਤ ਡਾ.ਵਾਸੂ ਨੇ ਗੋਇਬਲਜ ਵਾਂਗ ਭਾਰਤ ਵਿਚ 'ਫੇਕ ਨਿਊਜ਼' ਬਣਾਉਣ ਦੀ ਫੈਕਟਰੀ ਬਾਰੇ ਲਿਖਿਆ। ਝੂਠ ਦੀਆਂ ਅਜਿਹੀਆਂ ਫੈਕਟਰੀਆਂ ਜਿਆਦਾਤਰ ਮੋਦੀ ਭਗਤ ਹੀ ਚਲਾਉਂਦੇ ਹਨ। ਝੂਠ ਦੀਆਂ ਫੈਕਟਰੀਆਂ  ਨਾਲ ਜੋ ਨੁਕਸਾਨ ਹੋ ਰਿਹਾ ਹੈ,ਮੈਂ ਆਪਣੀ ਸੰਪਾਦਕੀ ਵਿਚ ਦੱਸਣ ਦਾ ਯਤਨ ਕਰਾਂਗੀ। ਅਜੇ ਪਰਸੋਂ ਹੀ ਗਣੇਸ਼ ਚਤੁਰਥੀ ਸੀ। ਉਸ ਦਿਨ ਸ਼ੋਸ਼ਲ ਮੀਡੀਆ ਤੇ ਝੂਠ ਫੈਲਾਇਆ ਗਿਆ। ਫੈਲਾਉਣ ਵਾਲੇ ਸੰਘ ਦੇ ਲੋਕ ਸਨ। ਇਹ ਝੂਠ ਕੀ ਹੈ?
ਝੂਠ ਇਹ ਹੈ ਕਿ ਕਰਨਾਟਕ ਸਰਕਾਰ ਜਿਵੇਂ ਕਹੇਗੀ ਉਥੇ ਹੀ ਗਣੇਸ਼ ਦੀ ਮੂਰਤੀ ਸਥਾਪਤ ਕਰਨੀ ਹੈ, ਉਸ ਤੋਂ ਪਹਿਲਾਂ ਦਸ ਲੱਖ ਜਮਾਂ ਕਰਵਾਉਣਾ ਹੋਵੇਗਾ। ਮੂਰਤੀ ਦੀ ਉਚਾਈ ਕਿੰਨੀ ਹੋਵੇਗੀ, ਇਸ ਦੀ ਅਗਿਆ ਸਰਕਾਰ ਤੋਂ ਲੈਣੀ ਪਵੇਗੀ, ਜਿਥੇ ਦੂਜੇ ਧਰਮਾਂ ਦੇ ਲੋਕ ਰਹਿੰਦੇ ਹਨ ਉਹ ਰਸਤੇ ਮੂਰਤੀ ਵਿਸਰਜਨ ਲਈ ਨਹੀਂ ਜਾ ਸਕਦੇ। ਪਟਾਖੇ ਵਗੈਰਾ ਨਹੀਂ ਚਲਾ ਸਕਦੇ। ਸੰਘ ਦੇ ਲੋਕਾਂ ਨੇ ਇਸ ਝੂਠ ਨੂੰ ਬਹੁਤ ਫੈਲਾਇਆ। ਇਹ ਝੂਠ ਇਨ੍ਹੇ ਜੋਰ ਨਾਲ ਫੈਲਾਇਆ ਗਿਆ ਕਿ ਅੰਤ ਵਿਚ ਕਰਨਾਟਕਾ ਦੇ ਪੁਲਿਸ ਮੁਖੀ ਆਰ.ਕੇ ਦੱਤਾ ਨੂੰ ਪ੍ਰੈਸ ਬੁਲਾਕੇ ਸਫਾਈ ਦੇਣੀ ਪਈ ਕਿ ਸਰਕਾਰ ਨੇ ਅਜਿਹਾ ਕੋਈ ਨਿਯਮ ਨਹੀਂ ਬਣਾਇਆ। ਇਹ ਸਭ ਝੂਠ ਹੈ। ਇਸ ਝੂਠ ਦਾ ਸਰੋਤ ਪਤਾ ਕਰਨ ਦੀ ਜਦੋਂ ਅਸੀਂ ਕੋਸ਼ਿਸ਼ ਕੀਤੀ ਤਾਂ ਇਸ POSTCARD.in ਨਾਂ ਦੀ ਵੈਬਸਾਇਟ ਤੇ ਜਾ ਪਹੁੰਚਿਆ। ਇਹ ਵੈਬਸਾਇਟ ਪੱਕੇ ਹਿੰਦੂਤਵਵਾਦੀਆਂ ਦੀ ਹੈ। ਇਸ ਦਾ ਕੰਮ ਹਰ ਰੋਜ 'ਫੇਕ ਨਿਊਜ' ਬਣਾਕੇ ਸ਼ੋਸ਼ਲ ਮੀਡੀਆ ਤੇ ਫੈਲਾਉਣਾ ਹੈ। 11 ਅਗਸਤ ਨੂੰ POSTCARD.in ਵਿਚ ਇਕ ਸਿਰਲੇਖ ਲਿਖਿਆ ਸੀ – ਕਰਨਾਟਕਾ ਵਿਚ ਤਾਲਿਬਾਨ ਸਰਕਾਰ। ਇਸ ਸਿਰਲੇਖ ਦੇ ਸਹਾਰੇ ਰਾਜ ਵਿਚ ਝੂਠ ਫੈਲਾਉਣ ਦੀ ਕੋਸ਼ਿਸ਼ ਸ਼ੁਰੂ ਹੋਈ। ਸੰਘ ਦੇ ਲੋਕ ਇਸ ਵਿਚ ਕਾਮਯਾਬ ਵੀ ਹੋਏ। ਜੋ ਲੋਕ ਕਿਸੇ ਨਾ ਕਿਸੇ ਕਾਰਨ ਸਰਕਾਰ ਤੋਂ ਨਰਾਜ ਰਹਿੰਦੇ ਸਨ ਉਹਨਾਂ ਨੇ ਇਸ ਫੇਕ ਨਿਊਜ ਨੂੰ ਹਥਿਆਰ ਬਣਾ ਲਿਆ। ਸਭ ਤੋਂ ਹੈਰਾਨੀ ਅਤੇ ਦੁੱਖ ਦੀ ਗੱਲ ਇਹ ਹੈ ਕਿ  ਲੋਕਾਂ ਨੇ ਬਗੈਰ ਸੋਚੇ ਸਮਝੇ ਇਸ ਨੁੰ ਸਹੀ ਮੰਨ ਲਿਆ। ਆਪਣੇ ਕੰਨ, ਨੱਕ ਅਤੇ ਦਿਮਾਗ ਦੀ ਵਰਤੋਂ ਨਹੀਂ ਕੀਤੀ। ਪਿਛਲੇ ਹਫਤੇ ਜਦੋਂ ਅਦਾਲਤ ਨੇ ਰਾਮ ਰਹੀਮ ਨਾਂ ਦੇ  ਢੋਗੀ ਬਾਬੇ ਨੂੰ ਬਲਾਤਕਾਰ ਦੇ ਮਾਮਲੇ ਵਿਚ ਸਜਾ ਸੁਣਾਈ ਉਦੋਂ ਉਸ ਨਾਲ ਬੇ.ਜੇ.ਪੀ ਦੇ ਨੇਤਾਵਾਂ ਦੀਆਂ ਕਈ ਤਸਵੀਰਾਂ ਸ਼ੋਸ਼ਲ ਮੀਡੀਆ ਤੇ ਵਾਈਰਲ ਹੋਣ ਲੱਗੀਆਂ। ਇਸ ਢੋਗੀ ਬਾਬੇ ਦੇ ਨਾਲ ਮੋਦੀ ਦੇ ਨਾਲੋ ਨਾਲ ਹਰਿਆਣਾ ਦੇ ਬੀ.ਜੇ.ਪੀ. ਵਿਧਾਇਕਾਂ ਦੀਆਂ ਫੋਟੋ ਅਤੇ ਵੀਡੀਓ ਵਾਈਰਲ ਹੋਣ ਲੱਗੀਆਂ। ਇਸ ਨਾਲ ਬੀ.ਜੇ.ਪੀ. ਅਤੇ ਸੰਘ ਪਰਿਵਾਰ ਪਰੇਸ਼ਾਨ ਹੋ ਗਿਆ। ਇਸ ਨੂੰ ਕਾਊਂਟਰ ਕਰਨ ਲਈ ਗੁਰਮੀਤ ਬਾਬਾ ਦੇ ਨਾਲ ਕੇਰਲ ਦੇ ਸੀ.ਪੀ ਐਮ.ਦੇ ਮੁਖ ਮੰਤਰੀ  ਪਿਨਰਾਈ ਵਿਜਯਨ ਦੇ ਬੈਠੇ ਦੀ ਤਸਵੀਰ  ਵਾਈਰਲ ਕਰਾ ਦਿੱਤੀ ਗਈ। ਅਸਲ ਤਸਵੀਰ ਵਿਚ ਕਾਂਗਰਸ ਦੇ ਨੇਤਾ ਓਮਨ ਚਾਂਡੀ ਬੈਠੇ ਹਨ। ਪਰ ਉਹਨਾਂ ਦੇ ਧੜ ਤੇ ਵਿਜਯਨ ਦਾ ਸਿਰ ਲਾ ਦਿੱਤਾ ਗਿਆ ਅਤੇ ਸੰਘ ਦੇ ਲੋਕਾਂ ਨੇ ਇਸਨੂੰ ਸ਼ੋਸ਼ਲ ਮੀਡੀਆ ਤੇ ਫੈਲਾ ਦਿੱਤਾ। ਸ਼ੁੱਕਰ ਹੈ, ਸੰਘ ਦਾ ਇਹ ਤਰੀਕਾ ਕਾਮਯਾਬ ਨਹੀਂ ਹੋਇਆ ਕਿਉਂਕਿ ਲੋਕ ਤਰੁੰਤ ਹੀ ਅਸਲ ਤਸਵੀਰ ਕੱਢ ਲਿਆਏ ਅਤੇ ਸ਼ੋਸ਼ਲ ਮੀਡੀੳ ਤੇ ਸਚਾਈ  ਸਾਹਮਣੇ ਰੱਕ ਦਿੱਤੀ।
ਅਸਲ ਵਿਚ ਪਿਛਲੇ ਸਾਲ ਤੱਕ ਰਾਸ਼ਟਰੀ ਸਵੈਮ ਸੇਵਕ ਸੰਘ ਦੇ 'ਫੇਕ ਨਿਊਜ ਪ੍ਰਪੇਗੰਡਾ' ਨੂੰ ਰੋਕਣ ਜਾਂ ਸਾਹਮਣੇ ਲਿਆਉਣ ਵਾਲਾ ਕੋਈ ਨਹੀਂ ਸੀ। ਹੁਣ ਬਹੁਤ ਸਾਰੇ ਲੋਕ  ਇਸ ਤਰਾਂ ਦੇ ਕੰਮ ਵਿਚ ਜੁਟ ਗਏ ਹਨ, ਜੋ ਚੰਗੀ ਗੱਲ ਹੈ। ਪਹਿਲਾ ਇਸ ਤਰਾਂ ਦੀ ਫੇਕ ਨਿਊਜ ਹੀ ਚਲਦੀ ਰਹਿੰਦੀ ਸੀ ਹੁਣ ਫੇਕ ਨਿਊਜ ਦੇ ਨਾਲੋ- ਨਾਲ ਅਸਲੀ ਨਿਊਜ ਵੀ ਆਉਣ ਲੱਗ ਪਈ ਹੈ ਅਤੇ ਲੋਕ ਉਸ ਨੂੰ ਪੜ੍ਹ ਵੀ ਰਹੇ ਹਨ। ਉਦਾਹਰਣ ਵਜੋਂ 15 ਅਗਸਤ ਦੇ ਦਿਨ ਜਦੋਂ ਲਾਲ ਕਿਲੇ ਤੋਂ ਪ੍ਰਧਾਨ ਮੰਤਰੀ ਮੋਦੀ ਨੇ ਭਾਸ਼ਣ ਦਿੱਤਾ  ਉਸਦਾ ਇੱਕ ਵਿਸ਼ਲੇਸ਼ਣ 17 ਅਗਸਤ ਨੂੰ ਖੂਬ ਵਾਈਰਲ ਹੋਇਆ। ਧਰੁਵ ਰਾਠੀ ਨੇ ਉਸਦਾ ਵਿਸ਼ਲੇਸ਼ਣ ਕੀਤਾ। ਧਰੁਵ ਰਾਠੀ ਦੇਖਣ ਨੂੰ ਤਾਂ ਕਾਲਜ ਦੇ ਮੁੰਡਿਆਂ ਵਰਗਾ ਹੈ ਪਰ ਉਹ ਪਿਛਲੇ ਕਈ ਮਹੀਨਿਆਂ ਤੋਂ ਮੋਦੀ ਦੇ ਝੂਠ ਦੀ ਪੋਲ ਸ਼ੋਸ਼ਲ ਮੀਡੀਆ ਤੇ ਖੋਲ੍ਹ ਦਿੰਦਾ ਹੈ। ਪਹਿਲਾ ਇਹ ਵੀਡੀਓ  ਸਾਡੇ ਵਰਗੇ ਲੋਕਾਂ ਨੂੰ ਹੀ ਦਿਸ ਰਿਹਾ ਸੀ, ਆਮ ਆਦਮੀਂ ਤੱਕ ਨਹੀਂ ਪਹੁੰਚ ਰਿਹਾ ਸੀ ਪਰ 17 ਅਗਸਤ ਦਾ ਵੀਡੀਓ ਇਕ ਦਿਨ ਵਿਚ ਇਕ ਲੱਖ ਤੋਂ ਜਿਆਦਾ ਲੋਕਾਂ ਤੱਕ ਪਹੁੰਚ ਗਿਆ। (ਗੌਰੀ ਲੰਕੇਸ਼ ਅਕਸਰ ਮੋਦੀ ਨੂੰ ਬੁਸੀ ਬਸੀਆ ਲਿਖਦੀ ਸੀ, ਜਿਸਦਾ ਅਰਥ ਹੈ ਕਿ ਜਦੋਂ ਵੀ ਮੂੰਹ ਖੋਲੂਗਾ ਝੂਠ ਹੀ ਬੋਲੇਗਾ) ਧਰੁਵ ਰਾਠੀ ਨੇ ਦੱਸਿਆ ਹੈ ਕਿ ਰਾਜ ਸਭਾ ਵਿਚ 'ਬੁਸੀ ਬਸੀਆ' ਦੀ ਸਰਕਾਰ ਨੇ ਮਹੀਨਾ ਪਹਿਲਾ ਕਿਹਾ ਸੀ ਕਿ 33 ਲੱਖ ਨਵੇਂ ਕਰਦਾਤਾ ਆਏ ਹਨ। ਉਸ ਤੋਂ ਪਹਿਲਾਂ  ਮੰਤਰੀ ਅਰੁਣ ਜੇਟਲੀ ਨੇ 91 ਲੱਖ ਨਵੇਂ ਕਰਦਾਤਾ ਦੇ ਜੁੜਨ ਦੀ ਗੱਲ ਆਖੀ ਸੀ। ਆਖਿਰ ਵਿਚ ਆਰਥਿਕ ਸਰਵੇ ਵਿਚ ਕਿਹਾ ਗਿਆ ਹੈ ਕਿ ਕੇਵਲ 5 ਲੱਖ 40 ਹਜਾਰ ਨਵੇਂ ਕਰਦਾਤਾ ਜੁੜੇ ਹਨ। ਤਾਂ ਫਿਰ ਇਸ ਵਿਚ ਕਿਹੜਾ ਸੱਚ ਹੈ, ਇਹ ਸੁਆਲ ਧਰੁਵ ਰਾਠੀ ਨੇ ਆਪਣੀ ਵੀਡੀਓ ਵਿਚ ਉਠਾਇਆ ਹੈ। ਅੱਜ ਦੀ ਮੁੱਖਧਾਰਾ ਮੀਡੀਆ  ਕੇਂਦਰ ਸਰਕਾਰ ਅਤੇ ਬੀ.ਜੇ.ਪੀ. ਦੇ ਦਿਤੇ ਅੰਕੜਿਆਂ ਨੂੰ ਉਵੇਂ ਜਿਵੇਂ ਵੇਦ ਵਾਕ ਵਜੋਂ ਫੈਲਾਉਂਦੀ ਰਹਿੰਦੀ ਹੈ। ਮੇਨਸਟਰੀਮ ਮੀਡੀਆ ਲਈ ਸਰਕਾਰ ਦਾ ਬੋਲਿਆ ਹਰ ਵਾਕ, ਵੇਦ ਵਾਕ ਹੋ ਗਿਆ ਹੈ। ਇਸ ਵਿਚ ਜਿਹੜੇ ਟੀ.ਵੀ. ਨਿਊਜ ਚੈਨਲ ਹਨ, ਉਹ ਇਸ ਵਿਚ ਦਸ ਕਦਮ ਅੱਗੇ ਹਨ। ਉਦਾਹਰਨ ਵਜੋਂ ਜਦੋਂ ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਪਦ ਦੀ ਸਹੁੰ ਚੁਕੀ ਤਾਂ ਉਸ ਦਿਨ ਬਹੁਤ ਸਾਰੇ ਅੰਗਰੇਜੀ ਟੀ.ਵੀ.ਚੈਨਲਾਂ ਨੇ ਖਬਰ ਚਲਾਈ ਕਿ ਸਿਰਫ ਇੱਕ ਘੰਟੇ ਵਿਚ ਟਵਿਟਰ ਤੇ ਰਾਸ਼ਟਰਪਤੀ ਕੋਵਿੰਦ ਦੇ ਫਾਲੋਅਰ ਦੀ ਸੰਖਿਆ ਤੀਹ ਲੱਖ ਤੋਂ ਵੱਧ ਹੋ ਗਈ। ਉਹ ਚਿਲਾਉਂਦੇ ਰਹੇ ਕਿ 30 ਲੱਖ ਵੱਧ ਗਏ ਹਨ,30 ਲੱਖ  ਵੱਧ ਗਏ ਹਨ। ਉਹਨਾਂ ਦਾ ਮਕਸਦ ਇਹ ਦੱਸਣਾ ਸੀ ਕਿ ਕਿੰਨੇ ਲੋਕ ਕੋਵਿੰਦ ਦੇ ਹੱਕ ਵਿਚ ਹਨ। ਬਹੁਤ ਸਾਰੇ ਟੀ.ਵੀ ਚੈਨਲ  ਅੱਜ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਟੀਮ ਵਾਂਗ ਹੋ ਗਏ ਹਨ। ਸੰਘ ਦਾ ਹੀ ਕੰਮ ਕਰਦੇ ਹਨ। ਜਦੋਂ ਕਿ ਸਚਾਈ ਇਹ ਸੀ ਕਿ ਉਸ ਦਿਨ ਪੂਰਵ ਰਾਸ਼ਟਪਤੀ ਪ੍ਰਣਬ ਮੁਖਰਜੀ ਦਾ ਸਰਕਾਰੀ ਅਕਾਊਂਟ ਨਵੇਂ ਰਾਸ਼ਰਪਤੀ ਦੇ ਨਾਮ ਹੋ ਗਿਆ ਸੀ। ਜਦੋਂ  ਇਹ ਤਬਦੀਲੀ ਹੋਈ ਤਾਂ ਰਾਸ਼ਟਰਪਤੀ ਭਵਨ ਦੇ ਫਾਲੋਅਰ ਹੁਣ ਕੋਵਿੰਦ ਦੇ ਫਲੋਅਰ ਹੋ ਗਏ ਹਨ। ਇਸ ਵਿਚ ਇਕ ਹੋਰ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਪ੍ਰਣਬ ਮੁਖਰਜੀ ਨੂੰ ਵੀ ਤੀਹ ਲੱਖ ਤੋਂ ਜਿਆਦਾ ਲੋਕ ਟਵੀਟਰ ਤੇ ਫਾਲੋ ਕਰਦੇ ਸਨ। ਅੱਜ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਇਸ ਤਰਾਂ ਦੇ ਫੈਲਾਏ ਗਏ ਫੇਕ ਨਿਊਜ ਦੀ ਸਚਾਈ ਲਿਆਉਣ ਲਈ ਬਹੁਤ ਸਾਰੇ ਲੋਕ ਅੱਗੇ ਆ ਚੁੱਕੇ ਹਨ। ਧਰੁਵ ਰਾਠੀ ਵੀਡੀਓ ਦੇ ਮਾਧਿਅਮ ਰਾਹੀਂ ਇਹ ਕੰਮ ਕਰ ਰਹੇ ਹਨ। ਪ੍ਰਤੀਕ ਸਿਨਹਾ altnews.in  ਨਾਂ ਦੀ ਵੈਬਸਾਇਟ ਨਾਲ ਇਹੀ ਕੰਮ ਕਰ ਰਹੇ ਹਨ।  ਹੋਕਸ ਸਲੇਯਰ,ਬੂਮ ਅਤੇ ਫੈਕਟ ਚੈੱਕ ਨਾਂ ਦੀਆਂ ਵੈਬਸਾਈਟਾਂ ਵੀ ਇਹੀ ਕੰਮ ਕਰ ਰਹੀਆਂ ਹਨ। ਇਸ ਦੇ ਨਾਲ ਹੀ thewiere.in,scroll.in,newslaundry.com,thequint.com ਵਰਗੀਆਂ ਵੈਬਸਾਈਟਾਂ ਵੀ ਸਰਗਰਮ ਹਨ। ਮੈਂ ਜਿੰਨਾ ਲੋਕਾਂ ਦੇ ਨਾਮ ਦੱਸੇ ਹਨ ਇਹਨਾਂ ਸਾਰਿਆਂ ਨੇ ਹੁਣੇ ਹੀ ਕਈ ਫੇਕ ਨਿਊਜ ਦੀ ਸਚਾਈ ਨੂੰ ਉਜਾਗਰ ਕੀਤਾ ਹੈ।  ਇਹਨਾਂ ਦੇ ਕੰਮ ਤੋਂ ਸੰਘ ਦੇ ਲੋਕ ਕਾਫੀ ਪਰੇਸ਼ਾਨ ਹੋ ਗਏ ਹਨ। ਇਹ ਹੋਰ ਵੀ ਮਹੱਵਤਪੂਰਨ ਹੈ ਕਿ ਇਹ ਲੋਕ ਪੈਸੇ ਲਈ ਨਹੀਂ ਕੰਮ ਕਰ ਰਹੇ। ਇਨ੍ਹਾਂ ਦਾ ਇਕ ਹੀ ਮਕਸਦ ਹੈ ਕਿ ਫਾਸਿਸ਼ਟ ਲੋਕਾਂ ਦੇ ਝੂਠ ਦੀ ਫੈਕਟਰੀ ਨੂੰ ਅੱਗੇ ਲਿਆਉਣਾ ਹੈ। ਕੁਝ ਹਫਤੇ ਪਹਿਲਾਂ ਬੰਗਲੇਰੂ ਵਿਚ ਜੋਰਦਾਰ ਮੀਂਹ ਵਰਿਆ। ਉਸ ਸਮੇਂ ਸੰਘ ਦੇ ਲੋਕਾਂ ਨੇ ਇਕ ਵੀਡੀਓ ਵਾਈਰਲ ਕਰਾਇਆ। ਕੈਪਸ਼ਨ ਵਿਚ ਲਿਖਿਆ ਸੀ 'ਨਾਸਾ ਨੇ ਮੰਗਲ ਗ੍ਰਹਿ ਤੇ ਲੋਕਾਂ ਦੇ ਚੱਲਣ ਦੀ ਤਸਵੀਰ ਜਾਰੀ ਕੀਤੀ ਹੈ।' ਬੰਗਲੇਰੂ ਨਗਰਪਾਲਿਕਾ ਬੀ.ਬੀ.ਐਮ ਸੀ ਨੇ ਬਿਆਨ ਦਿੱਤਾ ਕਿ ਇਹ ਮੰਗਲ ਗ੍ਰਹਿ ਦੀ ਫੋਟੋ ਨਹੀਂ ਹੈ। ਸੰਘ ਦਾ ਮਕਸਦ ਮੰਗਲ ਗ੍ਰਹਿ ਦੱਸ ਕਿ ਬੰਗਲੇਰੂ ਦਾ ਮਜਾਕ ਬਣਾਉਣਾ ਸੀ। ਜਿਸ ਨਾਲ ਲੋਕ ਇਹ ਸਮਝਣ ਕਿ ਬੰਗਲੇਰੂ ਵਿਚ ਸਿਧਰਮਈਆ ਦੀ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ। ਇਥੋਂ ਦੇ ਰਸਤੇ ਖਰਾਬ ਹੋ ਗਏ ਹਨ, ਇਸ ਤਰਾਂ ਦਾ ਪ੍ਰਪੇਗੰਡਾ ਕਰਕੇ ਝੂਠੀ ਖਬਰ ਫੈਲਾਉਣਾ ਸੰਘ ਦਾ ਮਕਸਦ ਸੀ। ਪਰ ਇਹ ਉਹਨਾਂ ਨੂੰ ਉਲਟਾ ਭਾਰੂ ਪੈ ਗਿਆ ਕਿਉਂਕਿ ਇਹ ਤਸਵੀਰ ਬੰਗਲੇਰੂ ਦਾ ਨਹੀਂ ਸੀ, ਮਹਾਂਰਾਸ਼ਟਰ ਦਾ ਸੀ, ਜਿਥੇ ਬੀ.ਜੇ.ਪੀ ਸਰਕਾਰ ਹੈ।
ਹੁਣੇ ਪੱਛਮੀ ਬੰਗਾਲ ਵਿਚ ਦੰਗੇ ਹੋਏ ਤਾਂ ਆਰ.ਐਸ.ਐਸ ਦੇ ਲੋਕਾਂ ਨੇ ਪੋਸਟਰ ਜਾਰੀ ਕੀਤੇ, ਇਕ ਪੋਸਟਰ ਦਾ ਸਿਰਲੇਖ ਸੀ, ਬੰਗਾਲ ਸੜ ਰਿਹਾ ਹੈ, ਉਸ ਵਿਚ ਜਾਇਦਾਦ ਸੜਨ ਦੀ ਤਸਵੀਰ ਸੀ। ਦੂਸਰੇ ਫੋਟੋ ਵਿਚ ਇਕ ਔਰਤ ਦੀ ਸਾੜੀ ਖਿਚੀ ਜਾ ਰਹੀ ਹੈ ਅਤੇ ਸਿਰਲੇਖ ਹੈ ਬੰਗਾਲ ਵਿਚ ਹਿੰਦੂ ਔਰਤਾਂ ਦੇ ਨਾਲ ਅਤਿਆਚਾਰ ਹੋ ਰਿਹਾ ਹੈ। ਬਹੁਤ ਛੇਤੀ ਹੀ ਇਸ ਫੋਟੋ ਦਾ ਸੱਚ ਸਾਹਮਣੇ ਆ ਗਿਆ। ਪਹਿਲੀ ਤਸਵੀਰ 2002 ਦੇ ਗੁਜਰਾਤ ਦੰਗਿਆਂ ਦੀ ਸੀ ਜਦੋਂ ਉਥੇ ਮੋਦੀ ਦੀ ਸਰਕਾਰ ਸੀ। ਦੂਸਰੀ ਫੋਟੋ ਭੋਜਪੁਰੀ ਫਿਲਮ ਦੇ ਇਕ ਸੀਨ ਦੀ ਸੀ। ਸਿਰਫ ਆਰ.ਐਸ.ਐਸ ਹੀ ਨਹੀਂ ਬੀ.ਜੇ.ਪੀ. ਦੇ ਕੇਂਦਰੀ ਮੰਤਰੀ ਵੀ ਇਹੋ ਜਿਹੇ ਫੇਕ ਨਿਊਜ ਫੈਲਾਉਣ ਦੇ ਮਾਹਿਰ ਹਨ। ਉਦਾਰਣ ਵਜੋਂ ਨਿਤਿਨ ਗਡਕਰੀ ਨੇ ਇੱਕ ਫੋਟੋ ਸ਼ੇਅਰ ਕੀਤਾ, ਜਿਸ ਵਿਚ ਕੁਝ ਲੋਕ ਤਿਰੰਗੇ ਨੂੰ ਅੱਗ ਲਾ ਰਹੇ ਹਨ। ਫੋਟੋ ਕੈਪਸ਼ਨ ਵਿਚ ਲਿਖਿਆ ਹੈ ਕਿ ਗਣਤੰਤਰ ਦਿਵਸ ਤੇ ਹੈਦਰਾਬਾਦ ਵਿਚ ਤਿਰੰਗੇ ਨੂੰ ਅੱਗ ਲਾਈ ਜਾ ਰਹੀ ਹੈ। ਹੁਣ ਗੂਗਲ  ਇਮੇਜ ਸਰਚ ਨਾਂ ਦਾ ਇਕ ਨਵਾਂ  ਐਪਲੀਕੇਸ਼ਨ ਆਇਆ ਹੈ। ਇਸ ਵਿਚ ਤੁਸੀਂ ਕੋਈ ਤਸਵੀਰ ਪਾ ਕਿ ਜਾਣ ਸਕਦੇ ਹੋ ਕਿ ਇਹ ਕਿਥੋਂ ਅਤੇ ਕਦੋਂ ਦੀ ਹੈ। ਪ੍ਰਤੀਕ ਸਿਨਹਾ ਨੇ ਇਹੀ ਕੰਮ ਕੀਤਾ ਅਤੇ ਉਸ ਐਪਲੀਕੇਸ਼ਨ ਰਾਹੀਂ ਗਡਕਰੀ ਦੇ ਸ਼ੇਅਰ ਕੀਤੇ ਫੋਟੋ ਦੀ ਸਚਾਈ ਉਜਾਗਰ ਕਰ ਦਿਤੀ। ਪਤਾ ਚਲਿਆ ਕਿ ਇਹ ਫੋਟੋ ਹੈਦਰਾਬਾਦ ਦਾ ਨਹੀਂ ਹੈ। ਪਾਕਿਸਤਾਨ ਦਾ ਹੈ ਜਿਥੇ ਇੱਕ ਪ੍ਰਤੀਬੱਧ ਕੱਟੜਪੰਥੀ ਸੰਗਠਨ ਭਾਰਤ ਦੇ ਵਿਰੋਧ ਵਿਚ ਤਿਰੰਗਾ ਸਾੜ ਰਿਹਾ ਹੈ। ਇਸੇ ਤਰਾਂ ਇਕ ਟੀ.ਵੀ. ਚੈਨਲ  ਦੇ ਪੈਨਲ ਡਿਸਕਸ਼ਨ ਵਿਚ ਬੀ.ਜੇ.ਪੀ.ਦੇ ਪਰਵਕਤਾ ਸੰਬਿਤ ਪਾਤਰਾ ਨੇ ਕਿਹਾ ਕਿ ਸਰਹੱਦ ਤੇ ਸੈਨਿਕਾਂ ਨੂੰ ਤਿਰੰਗਾ ਲਹਿਰਾਉਣ ਵਿਚ ਕਿੰਨੀਆਂ ਮੁਸ਼ਕਲਾਂ ਆਉਂਦੀਆਂ ਹਨ, ਫਿਰ ਜੇ.ਐਨ.ਯੂ ਵਰਗੇ ਵਿਸ਼ਵਵਿਦਿਆਲੇ ਵਿਚ ਤਿਰੰਗਾ ਲਹਿਰਾਉਣ ਵਿਚ ਕੀ ਸਮੱਸਿਆ ਹੈ। ਇਸ ਸਵਾਲ ਪੁੱਛਕੇ  ਸੰਬਿਤ ਪਾਤਰਾ ਨੇ  ਇਕ ਤਸਵੀਰ ਦਿਖਾਈ। ਬਾਅਦ ਵਿਚ ਪਤਾ ਚਲਿਆ ਕਿ ਇਹ ਇਕ ਮਸ਼ਹੂਰ ਤਸਵੀਰ ਹੈ ਪਰ ਇਸ ਵਿਚ ਭਾਰਤੀ ਨਹੀਂ ਅਮਰੀਕੀ ਸੈਨਿਕ ਹਨ। ਦੂਸਰੇ ਵਿਸ਼ਵ ਯੁੱਧ ਸਮੇਂ ਅਮਰੀਕੀ ਸੈਨਿਕਾਂ ਨੇ ਜਦੋਂ ਇਕ ਜਪਾਨ ਦੇ ਟਾਪੂ ਤੇ ਕਬਜਾ ਕੀਤਾ ਸੀ ਤਾਂ ਉਹਨਾਂ ਨੇ ਆਪਣਾ ਝੰਡਾ ਲਹਿਰਾਇਆ ਸੀ। ਪਰ ਫੋਟੋਸ਼ਾਪ ਰਾਹੀਂ ਸੰਬਿਤ ਪਾਤਰਾ  ਲੋਕਾਂ ਨੂੰ ਧੋਖਾਂ ਦੇ ਰਹੇ ਹਨ। ਪਰ ਇਹ ਵੀ ਉਹਨਾਂ ਤੇ ਭਾਰੀ ਪਿਆ। ਟਵੀਟਰ ਤੇ ਲੋਕਾਂ ਨੇ ਪਾਤਰਾ ਦਾ ਕਾਫੀ ਮਜਾਕ ਬਣਾਇਆ।
ਕੇਂਦਰੀ ਮੰਤਰੀ ਪਿਯੂਸ਼ ਗੋਇਲ ਨੇ ਹਾਲ ਵਿਚ ਹੀ ਤਸਵੀਰ ਜਾਰੀ ਕੀਤੀ ਅਤੇ ਲਿਖਿਆ ਕਿ ਭਾਰਤ ਵਿਚ 50,000 ਕਿਲੋਮੀਟਰ ਰਸਤਿਆਂ ਤੇ ਭਾਰਤ ਸਰਕਾਰ ਨੇ ਤੀਹ ਲੱਖ ਐਲ.ਈ.ਡੀ. ਬਲਬ ਲਗਾ ਦਿਤੇ ਹਨ, ਪਰ ਉਹ ਤਸਵੀਰ ਨਕਲੀ ਨਿਕਲੀ। ਉਹ ਭਾਰਤ ਦੀ ਨਹੀਂ ਸਗੋਂ ਜਪਾਨ ਦੀ 2009 ਦੀ ਤਸਵੀਰ ਸੀ।  ਇਸੇ ਗੋਇਲ ਨੇ ਪਹਿਲਾਂ ਇਕ ਟਵੀਟ ਕੀਤਾ ਸੀ ਕਿ ਕੋਇਲੇ ਦੀ ਅਪੂਰਤੀ ਵਿਚ ਸਰਕਾਰ ਨੇ 25,900 ਕਰੋੜ ਦੀ ਬੱਚਤ ਕੀਤੀ। ਉਸ ਟਵੀਟ ਦੀ ਤਸਵੀਰ ਵੀ ਝੂਠੀ ਨਿਕਲੀ ਸੀ।  ਛੱਤੀਸਗੜ੍ਹ ਦੇ ਪੀ. ਡਬਲਿਊ ਮੰਤਰੀ ਰਾਜੇਸ਼ ਮੂਣਤ ਨੇ ਇਕ ਪੁਲ ਦਾ ਫੋਟੋ ਸ਼ੇਅਰ ਕਰਕੇ ਆਪਣੀ ਸਰਕਾਰ ਦੀ ਕਾਮਯਾਬੀ ਦੱਸੀ। ਉਸ ਟਵੀਟ ਨੂੰ 2000 ਲਾਇਕ ਮਿਲੇ। ਬਾਅਦ ਵਿਚ ਪਤਾ ਚਲਿਆ ਕਿ ਉਹ ਤਸਵੀਰ ਛੱਤੀਸਗੜ੍ਹ ਦੀ ਨਹੀਂ ਵੀਅਤਨਾਮ ਦੀ ਹੈ। ਅਜਿਹੇ ਫੇਕ ਨਿਊਜ ਫੈਲਾਉਣ ਵਿਚ ਸਾਡੇ ਕਰਨਾਟਕਾ ਦੇ ਆਰ.ਐਸ.ਐਸ ਅਤੇ ਬੀ.ਜੇ.ਪੀ. ਲੀਡਰ ਵੀ ਕੁਝ ਘੱਟ ਨਹੀਂ ਹਨ। ਕਰਨਾਟਕਾ ਦੇ ਇਕ ਸੰਸਦ ਪ੍ਰਤਾਪ ਸਿਨਹਾ ਨੇ ਇਕ ਰਿਪੋਰਟ ਜਾਰੀ ਕੀਤਾ ਕਿ ਇਹ ਟਾਈਮਜ ਆਫ ਇੰਡੀਆ ਤੋਂ ਹੈ।  ਉਸਦੀ ਹੈਡਲਾਈਨ ਸੀ ਮੁਸਲਮਾਨ ਨੇ ਹਿੰਦੂ ਲੜਕੀ ਦੀ ਚਾਕੂ ਮਾਰ ਕੇ ਹੱਤਿਆ ਕੀਤੀ। ਦੁਨੀਆਂ ਭਰ ਨੂੰ  ਨੈਤਿਕਤਾ ਦਾ ਗਿਆਨ ਦੇਣ ਵਾਲੇ ਪ੍ਰਤਾਪ ਸਿਨਹਾ ਨੇ ਸਚਾਈ ਜਾਨਣ ਦੀ ਜਰਾ ਵੀ ਕੋਸ਼ਿਸ਼ ਨਹੀਂ ਕੀਤੀ। ਕਿਸੇ ਵੀ ਅਖਬਾਰ ਨੇ ਇਹ ਖਬਰ ਛਾਪੀ ਨਹੀਂ ਸੀ ਬਲਕਿ ਫੋਟੋਸ਼ਾਪ ਰਾਹੀਂ  ਕਿਸੇ ਹੋਰ ਖਬਰ ਦੀ ਹੈਡਲਾਇਨ ਲਗਾਕੇ ਹਿੰਦੂ-ਮੁਸਲਿਮ ਰੰਗ ਦਿੱਤਾ ਸੀ। ਇਸ ਲਈ ਟਾਈਮਜ ਆਫ ਇੰਡੀਆ ਦਾ ਨਾਂ ਇਸਤੇਮਾਲ ਕੀਤਾ ਗਿਆ। ਜਦੋਂ ਰੌਲਾ ਪਿਆ ਤਾਂ ਸਾਂਸਦ ਨੇ ਡਿਲੀਟ ਕਰ ਦਿੱਤਾ ਪਰ ਮੁਆਫੀ ਨਹੀਂ ਮੰਗੀ। ਸੰਪਰਦਾਇਕ ਝੂਠ ਫੈਲਾਉਣ ਲਈ ਕੋਈ ਪਛਤਾਵਾ ਨਹੀਂ ਕੀਤਾ। ਜਿਵੇਂ ਮੇਰੇ ਦੋਸਤ ਵਾਸੂ ਨੇ ਇਸ ਵਾਰ ਦੇ ਕਾਲਮ ਵਿਚ ਲਿਖਿਆ ਹੈ, ਮੈਂ ਵੀ ਇਕ ਬਿਨਾ ਸਮਝੇ ਫੇਕ ਨਿਊਜ ਸ਼ੇਅਰ ਕਰ ਦਿਤੀ। ਪਿਛਲੇ ਐਤਵਾਰ ਪਟਨਾ ਦੀ ਆਪਣੀ ਰੈਲੀ ਦੀ ਤਸਵੀਰ ਲਾਲੂ ਯਾਦਵ ਨੇ ਫੋਟੋਸ਼ਾਪ ਕਰਕੇ ਸਾਝੀ ਕਰ ਦਿਤੀ। ਥੋੜੀ ਦੇਰ ਬਾਅਦ ਦੋਸਤ ਸ਼ਸੀਧਰ ਨੇ ਦੱਸਿਆ ਇਹ ਫੋਟੋ ਫਰਜੀ ਹੈ। ਮੈਂ ਤਰੁੰਤ ਹਟਾਈ ਅਤੇ ਗਲਤੀ ਵੀ ਮੰਨੀ। ਇਹ ਹੀ ਨਹੀਂ ਸਗੋਂ ਫੇਕ ਅਤੇ ਅਸਲੀ ਤਸਵੀਰ ਇਕੋ ਵੇਲੇ ਟਵੀਟ ਕੀਤੀਆਂ। ਇਸ ਗਲਤੀ ਦੇ ਪਿਛੇ ਸੰਪਦਾਇਕਤਾ ਭੜਕਾਉਣ ਜਾਂ ਪ੍ਰਪੇਗੰਡੇ ਦੀ ਮਨਸ਼ਾ ਨਹੀਂ ਸੀ।  ਫਾਸਿਸ਼ਟਾਂ ਦੇ ਖਿਲਾਫ ਲੋਕ ਜਾਗ ਰਹੇ ਹਨ। ਇਸਦਾ ਸੰਦੇਸ਼ ਦੇਣਾ ਹੀ ਮੇਰਾ ਕੰਮ ਹੈ। ਆਖਰ ਵਿਚ ਜੋ ਵੀ ਫੇਕ ਨਿਊਜ ਨੂੰ ਐਕਸਪੋਜ ਕਰਦਾ ਹੈ। ਉਸਨੂੰ ਸਲਾਮ। ਮੇਰੀ ਇਛਾ ਹੈ ਕਿ ਉਹਨਾਂ ਦੀ ਸੰਖਿਆ ਹੋਰ ਵੀ ਜਿਆਦਾ ਹੋਵੇ।

  •  

    ਪ੍ਰੋ:ਰਾਜਿੰਦਰ ਪਾਲ ਸਿੰਘ ਬਰਾੜ

    ਪੰਜਾਬੀ ਯੂਨੀਵਰਸਿਟੀ, ਪਟਿਆਲਾ
    ਸੰਪਰਕ : 9815050617

    • ਗੌਰੀ ਲੰਕੇਸ਼ , ਲੇਖਕ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.