ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਨਿਊਜ਼ੀਲੈਂਡ ਵਿਚ ਦੋ ਬੀਬੀਆਂ ਸਮੇਤ ਤਿੰਨ ਐਨ ਆਰ ਆਈ ਚੁਣੇ ਗਏ ਪਾਰਲੀਮੈਂਟ ਮੈਂਬਰ
ਨਿਊਜ਼ੀਲੈਂਡ ਵਿਚ ਦੋ ਬੀਬੀਆਂ ਸਮੇਤ ਤਿੰਨ ਐਨ ਆਰ ਆਈ ਚੁਣੇ ਗਏ ਪਾਰਲੀਮੈਂਟ ਮੈਂਬਰ
Page Visitors: 2374

ਨਿਊਜ਼ੀਲੈਂਡ ਵਿਚ ਦੋ ਬੀਬੀਆਂ ਸਮੇਤ ਤਿੰਨ ਐਨ ਆਰ ਆਈ ਚੁਣੇ ਗਏ ਪਾਰਲੀਮੈਂਟ ਮੈਂਬਰ
By : ਬਾਬੂਸ਼ਾਹੀ ਬਿਊਰੋ
First Published : Sunday, Sep 24, 2017 08:42 AM
Updated : Sunday, Sep 24, 2017 09:29 AM

ਸ. ਕੰਵਲਜੀਤ ਸਿੰਘ ਬਖਸ਼ੀ, ਡਾ. ਪਰਮਜੀਤ ਕੌਰ ਪਰਮਾਰ ਅਤੇ ਪ੍ਰਿਅੰਕਾ ਰਾਧਾ ਕ੍ਰਿਸ਼ਨਨ।

  • ਨਿਊਜ਼ੀਲੈਂਡ ਆਮ ਚੋਣਾਂ-2017-ਤਿੰਨ ਭਾਰਤੀ ਉਮੀਦਵਾਰ ਸੰਸਦ ਮੈਂਬਰ ਬਣੇ
    ਸਿੱਖ ਸੰਸਦ ਮੈਂਬਰ ਸ. ਕੰਵਲਜੀਤ ਸਿੰਘ ਚੌਥੀ ਵਾਰ ਅਤੇ ਡਾ. ਪਰਮਜੀਤ ਕੌਰ ਪਰਮਾਰ ਦੂਜੀ ਵਾਰ ਸੰਸਦ 'ਚ ਪਹੁੰਚੇ
    -ਨੈਸ਼ਨਲ ਪਾਰਟੀ ਦੇ 46% ਵੋਟਾਂ ਨਾਲ 58 ਸੰਸਦ ਮੈਂਬਰ ਬਣੇ
    -ਸਰਕਾਰ ਬਨਾਉਣ ਲਈ 61 ਸੀਟਾਂ ਦੀ ਜਰੂਰਤ
    -ਵਿਰੋਧੀ ਧਿਰ ਲੇਬਰ ਪਾਰਟੀ ਦੇ 35.6% ਵੋਟਾਂ ਨਾਲ 45 ਸੰਸਦ ਮੈਂਬਰ ਬਣੇ
    - ਨਿਊਜ਼ੀਲੈਂਡ ਫਸਟ ਦੇ 7.5% ਨਾਲ 9 ਸੰਸਦ ਮੈਂਬਰ, ਗ੍ਰੀਨ ਪਾਰਟੀ ਦੇ 5.8% ਨਾਲ 7 ਸੰਸਦ ਮੈਂਬਰ ਅਤੇ ਐਕਟ ਪਾਰਟੀ 1 ਸੀਟ 'ਤੇ ਜੇਤੂ
    ਔਕਲੈਂਡ, 23 ਸਤੰਬਰ (ਹਰਜਿੰਦਰ ਸਿੰਘ ਬਸਿਆਲਾ)- ਨਿਊਜ਼ੀਲੈਂਡ ਦੀਆਂ ਆਮ ਚੋਣਾਂ ਲਈ ਵੋਟਾਂ ਪਾਉਣ ਦਾ ਕਾਰਜ ਜੋ ਕਿ 11 ਸਤੰਬਰ ਦਿਨ ਤੋਂ ਜਾਰੀ ਸੀ ਅੱਜ ਸ਼ਾਮ 7 ਵਜੇ ਖਤਮ ਹੋਇਆ। ਇਸਦੇ ਕੁਝ ਸਮੇਂ ਬਾਅਦ ਦੇਸ਼ ਦੀ 52ਵੀਂ ਸੰਸਦ ਦੇ ਲਈ ਚੁਣੇ ਜਾਣ ਵਾਲੇ ਸੰਸਦ ਮੈਂਬਰਾਂ ਦੇ ਰੁਝਾਨ ਨਤੀਜੇ ਆਉਣੇ ਸ਼ੁਰੂ ਹੋ ਗਏ। ਜਿਸ ਦੇ ਵਿਚ ਸੱਤਾਧਾਰ ਨੈਸ਼ਨਲ ਪਾਰਟੀ  ਮੌਜੂਦਾ ਪ੍ਰਧਾਨ ਮੰਤਰੀ ਸ੍ਰੀ ਬਿਲ ਇੰਗਲਿਸ਼ ਦੀ ਅਗਵਾਈ ਵਿਚ ਚੋਣ ਨਤੀਜਿਆਂ ' ਬਹੁਮਤ ਦੇ ਨੇੜੇ ਪਹੁੰਚੀ। ਪਾਰਟੀ ਨੂੰ 58 ਸੀਟਾਂ ਦੀ ਭਾਗੀਦਾਰੀ ਮਿਲੀ ਪਰ ਬਹੁਮਤ ਵਾਸਤੇ 61 ਚਾਹੀਦੀਆਂ ਸਨ।  ਇਨ੍ਹਾਂ ਵਿਚ 41 ਉਮੀਦਵਾਰ ਵੋਟਾਂ ਰਾਹੀਂ ਅਤੇ 17 ਉਮੀਦਵਾਰ ਪਾਰਟੀ ਵੋਟ ਨਾਲ ਸਾਂਸਦ ਬਣੇ। ਨੈਸ਼ਨਲ ਪਾਰਟੀ ਦੇ ਪਿਛਲੀ ਵਾਰ ਵੀ ਕੁੱਲ 58 ਸੰਸਦ ਮੈਂਬਰ ਸਨ ਜਿਨ੍ਹਾਂ ਵਿਚ 39 ਚੁਣੇ ਹੋਏ ਅਤੇ 19 ਪਾਰਟੀ ਲਿਸਟ ਵਜੋਂ ਸਨ। ਭਾਰਤੀਆਂ ਨੂੰ ਇਸ ਗੱਲ ਦੀ ਖੁਸ਼ੀ ਹੋਏਗੀ ਪਹਿਲੇ ਭਾਰਤੀ ਅਤੇ ਸਿੱਖ ਮੈਂਬਰ ਪਾਰਲੀਮੈਂਟ ਸ. ਕੰਵਲਜੀਤ ਸਿੰਘ ਨੇ ਚੌਕਾ ਮਾਰਦਿਆਂ ਇਸ ਵਾਰ ਫਿਰ ਪਾਰਟੀ ਵੋਟ ਉਤੇ ਸੰਸਦ ਦੇ ਵਿਚ ਆਪਣੀ ਪਹੁੰਚ ਬਣਾ ਲਈ ਹੈ। ਸ. ਕੰਵਲਜੀਤ ਸਿੰਘ ਬਖਸ਼ੀ 8 ਨਵੰਬਰ 2008 ਤੋਂ ਸੰਸਦ ਮੈਂਬਰ ਚਲੇ ਆ ਰਹੇ ਹਨ ਅਤੇ ਸੰਸਦ ਦੇ ਵਿਚ ਪਹੁੰਚਣ ਵਾਲੇ ਪਹਿਲੀ ਭਾਰਤ ਜਨਮੇ ਅਤੇ ਪਹਿਲੇ ਦਸਤਾਰਧਾਰੀ  ਉਮੀਦਵਾਰ ਹਨ।  ਉਹ ਜਿੱਥੇ ਕਈ ਪਾਰਲੀਮਾਨੀ ਕਮੇਟੀਆਂ ਦੇ ਮੈਂਬਰ ਰਹੇ ਹਨ ਉਥੇ ਉਹ 'ਲਾਅ ਐਂਡ ਆਰਡਰ' ਸਿਲੈਕਟ ਕਮੇਟੀ ਦੇ 2014 ਦੇ ਵਿਚ ਡਿਪਟੀ ਚੇਅਰਮੈਨ ਬਣੇ ਅਤੇ ਫਿਰ 11 ਫਰਵਰੀ 2015 ਤੋਂ 22 ਅਗਸਤ 2017 ਤੱਕ ਚੇਅਰਮੈਨ ਵੀ ਰਹੇ। ਸੰਨ 2001 ਦੇ ਵਿਚ ਉਹ ਨਿਊਜ਼ੀਲੈਂਡ ਆਏ ਸਨ। ਉਨ੍ਹਾਂ ਦਾ ਪਾਰਟੀ ਲਿਸਟ ਵਿਚ 32ਵਾਂ ਸਥਾਨ ਸੀ। ਅੱਜ ਪਾਰਟੀ ਹਾਲ ਦੇ ਵਿਚ ਸ. ਕੰਵਲਜੀਤ ਸਿੰਘ ਬਖਸ਼ੀ ਦੇ ਨਾਲ ਵੱਡੀ ਗਿਣਤੀ ਦੇ ਵਿਚ ਭਾਰਤੀ ਭਾਈਚਾਰੇ ਦੇ ਲੋਕ ਸ਼ਾਮਿਲ ਸਨ।
    ਇਸੇ ਤਰ੍ਹਾਂ ਡਾ. ਪਰਮਜੀਤ ਕੌਰ ਪਰਮਾਰ ਜੋ ਕਿ ਨੈਸ਼ਨਲ ਪਾਰਟੀ ਲਿਸਟ ਦੇ 34ਵੇਂ ਸਥਾਨ ਉਤੇ ਸਨ ਨੇ ਦੂਜੀ ਵਾਰ ਪਾਰਟੀ ਵੋਟ ਉਤੇ ਸੰਸਦ ਦੇ ਵਿਚ ਆਪਣੀ ਹਾਜ਼ਰੀ ਸੁਨਿਸ਼ਚ ਕੀਤੀ। ਡਾ. ਪਰਮਾਰ ਪਹਿਲੀ ਵਾਰ 20 ਸਤੰਬਰ 2014 ਨੂੰ ਪਾਰਟੀ ਲਿਸਟ 'ਤੇ ਸੰਸਦ ਮੈਂਬਰ ਬਣੇ ਸਨ। ਉਹ ਮੂਲ ਰੂਪ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਹਨ ਅਤੇ 1995 ਦੇ ਵਿਚ ਇਥੇ ਆਏ ਸਨ।  ਉਨ੍ਹਾਂ ਨੇ ਇਥੇ ਆ ਕੇ ਉਚ ਸਿੱਖਿਆ ਪ੍ਰਾਪਤ ਦੇ ਨਾਲ-ਨਾਲ ਪੀ. ਐਚ.ਡੀ. ਵੀ ਕੀਤੀ ਅਤੇ ਇਕ ਸਾਇੰਸਦਾਨ ਵੱਜੋਂ ਇਥੇ ਕੰਮ ਕੀਤਾ। ਇਸ ਤੋਂ ਪਹਿਲਾਂ ਉਹ ਫੈਮਿਲੀਜ਼ ਕਮਿਸ਼ਨਰ ਰਹਿ ਚੁੱਕੇ ਹਨ।
    ਵਰਨਣਯੋਗ ਹੈ ਕਿ ਇਨ੍ਹਾਂ ਚੋਣ ਦੇ ਵਿਚ ਲਗਪਗ 17 ਭਾਰਤੀ ਉਮੀਦਵਾਰ ਵੱਖ-ਵੱਖ ਰਾਜਸੀ ਪਾਰਟੀਆਂ ਤੋਂ ਆਪਣੀ ਕਿਸਮਤ ਅਜ਼ਮਾਈ ਕਰ ਰਹੇ ਸਨ। 
    ਵਿਰੋਧੀ ਧਿਰ ਲੇਬਰ ਪਾਰਟੀ ਨੇ  35.6% ਵੋਟਾਂ ਦੇ ਨਾਲ 45 ਉਮੀਦਵਾਰਾਂ ਨੂੰ ਸੰਸਦ ਦੇ ਵਿਚ ਜਗ੍ਹਾ ਦਿਵਾਈ ਲਈ ਇਸੇ ਤਰ੍ਹਾਂ ਨਿਊਜ਼ੀਲੈਂਡ ਫਸਟ ਦੇ 7.5% ਨਾਲ 9 ਸੰਸਦ ਮੈਂਬਰ, ਗ੍ਰੀਨ ਪਾਰਟੀ ਦੇ 5.8% ਨਾਲ 7 ਸੰਸਦ ਮੈਂਬਰ ਅਤੇ ਐਕਟ ਪਾਰਟੀ 1 ਸੀਟ 'ਤੇ ਜੇਤੂ ਰਹੇ। ਇਨ੍ਹਾਂ ਚੋਣਾਂ ਵਿਚ 17 ਰਾਜਸੀ ਪਾਰਟੀਆਂ ਦੇ ਉਮੀਦਵਾਰ ਆਪਣੀ ਕਿਸਮਤ ਅਜਮਾਈ ਕਰ ਰਹੇ ਸਨ ਅਤੇ 500 ਤੋਂ ਉਪਰ ਉਮੀਦਵਾਰ ਸਨ। ਲੇਬਰ ਪਾਰਟੀ ਤੋਂ ਪਹਿਲੀ ਵਾਰ ਇਕ ਭਾਰਤੀ ਉਮਦੀਵਾਰ ਪ੍ਰਿਅੰਕਾ ਰਾਧਾਕ੍ਰਿਸ਼ਨਨ ਵੀ ਪਾਰਟੀ ਵੋਟ ਉਤੇ ਸਾਂਸਦ ਬਣ ਗਈ ਹੈ।
    ਭਾਰਤੀ ਉਮੀਦਵਾਰ ਜੋ ਨਹੀਂ ਹੋ ਸਕੇ ਕਾਮਯਾਬ: ਨੈਸ਼ਨਲ ਪਾਰਟੀ ਦੇ ਬੀਰਾਮ ਬਾਲਾ, ਲੇਬਰ ਪਾਰਟੀ ਤੋਂ, ਸਰਬ ਜੌਹਲ, ਜੈਸੀ ਪਾਬਲਾ,  ਬਲਜੀਤ ਕੌਰ, ਤੇ ਗੌਰਵ ਸ਼ਰਮਾ, ਨਿਊਜ਼ੀਲੈਂਡ ਫਸਟ ਪਾਰਟੀ ਤੋਂ ਸ੍ਰੀ ਮਹੇਸ਼ ਬਿੰਦਰਾ, ਐਕਟ ਤੋਂ ਸ. ਭੁਪਿੰਦਰ ਸਿੰਘ, ਸੈਮ ਸਿੰਘ, ਗ੍ਰੀਨ ਤੋਂ ਸ੍ਰੀ ਰਾਜ ਸਿੰਘ, ਨਿਊਜ਼ੀਲੈਂਡ ਪੀਪਲ ਪਾਰਟੀ, ਸ੍ਰੀ ਰੌਸ਼ਨ ਨੌਹਰੀਆ, ਅਨਿਲ ਸ਼ਰਮਾ ਅਤੇ ਸ੍ਰੀਮਤੀ ਸਿਰੀ ਨੈਪਾਲੀ ਸਾਂਸਦ ਕਹਾਉਣ ਤੋਂ ਵਾਂਝੇ ਰਹਿ ਗਏ।  ਪਹਿਲੀ ਸੰਸਦ ਦੀ ਮਿਆਦ 10 ਅਕਤੂਬਰ 2017 ਤੱਕ ਹੈ। ਇਨ੍ਹਾਂ ਚੋਣਾਂ ਦੇ ਨਤੀਜਿਆਂ ਦਾ ਸਰਕਾਰੀ ਨਤੀਜਾ 7 ਅਕਤੂਬਰ ਨੂੰ ਐਲਾਨਿਆ ਜਾਵੇਗਾ 11 ਅਕਤੂਬਰ ਤੱਕ ਦੁਬਾਰਾ ਗਿਣਤੀ ਕਰਨ ਦੀ ਅਪੀਲ ਕੀਤੀ ਜਾ ਸਕਦੀ ਹੈ। 12 ਅਕਤੂਬਰ ਨੂੰ ਸਰਕਾਰੀ ਪਰਵਾਨਾ ਜਾਰੀ ਹੋਵੇਗਾ ਜੋ ਕਿ ਸੰਸਦ ਮੈਂਬਰਾਂ ਨੂੰ ਮਾਨਤਾ ਦੇ ਦੇਵੇਗਾ। ਇਸ ਵੇਲੇ ਬਹੁਮਤ ਨਾ ਹੋਣ ਕਰਕੇ ਇਕ ਦੂਜੀ ਪਾਰਟੀ ਦੇ ਨਾਲ ਗੱਠਜੋੜ ਕਰਨਾ ਹੋਏਗਾ ਇਸ ਤੋਂ ਬਾਅਦ ਹੀ ਫੈਸਲਾ ਹੋਵੇਗਾ ਕਿ ਕਿਹੜੀ ਪਾਰਟੀ ਕਿਸ ਨਾਲ ਮਿਲ ਕੇ ਸਰਕਾਰ ਬਣਾਉਂਦੀ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.