ਕੈਟੇਗਰੀ

ਤੁਹਾਡੀ ਰਾਇ

New Directory Entries


ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਯੂਪੀ ਸ਼ਹਿਰੀ ਚੋਣਾਂ : ਭਾਰਤੀ ਜਨਤਾ ਪਾਰਟੀ ਦੀ ਹੂੰਝਾ ਫੇਰੂ ਜਿੱਤ
ਯੂਪੀ ਸ਼ਹਿਰੀ ਚੋਣਾਂ : ਭਾਰਤੀ ਜਨਤਾ ਪਾਰਟੀ ਦੀ ਹੂੰਝਾ ਫੇਰੂ ਜਿੱਤ
Page Visitors: 24

ਯੂਪੀ ਸ਼ਹਿਰੀ ਚੋਣਾਂ : ਭਾਰਤੀ ਜਨਤਾ ਪਾਰਟੀ ਦੀ ਹੂੰਝਾ ਫੇਰੂ ਜਿੱਤ
December 01  21:22 2017
ਲਖਨਊ, 1 ਦਸੰਬਰ (ਪੰਜਾਬ ਮੇਲ)- ਉੱਤਰ ਪ੍ਰਦੇਸ਼ ਵਿੱਚ ਸਥਾਨਕ ਸੰਸਥਾਵਾਂ ਦੀਆਂ ਚੋਣਾਂ ’ਚ ਹਾਕਮ ਧਿਰ ਭਾਰਤੀ ਜਨਤਾ ਪਾਰਟੀ ਨੇ ਹੂੰਝਾ ਫੇਰੂ ਜਿੱਤ ਦਰਜ ਕਰਦਿਆਂ 16 ’ਚੋਂ 14 ਸ਼ਹਿਰਾਂ ਵਿੱਚ ਮੇਅਰ ਦੇ ਅਹੁਦਿਆਂ ’ਤੇ ਕਬਜ਼ਾ ਕਰ ਲਿਆ ਹੈ ਤੇ ਦੋ ਥਾਈਂ ਬਹੁਜਨ ਸਮਾਜਵਾਦੀ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ। ਇਨ੍ਹਾਂ ਚੋਣਾਂ ’ਚ ਕਾਂਗਰਸ ਦੀ ਕਾਰਗੁਜ਼ਾਰੀ ਇੱਕ ਵਾਰ ਫਿਰ ਨਿਰਾਸ਼ ਕਰਨ ਵਾਲੀ ਹੀ ਰਹੀ ਤੇ ਉਹ ਆਪਣਾ ਗੜ੍ਹ ਕਹਾਈ ਜਾਣ ਵਾਲੀ ਅਮੇਠੀ ਵਿੱਚ ਵੀ ਹਾਰ ਗਈ ਹੈ । ਯੂਪੀ ਵਿੱਚ 16 ਨਗਰ ਨਿਗਮਾਂ, 198 ਨਗਰ ਕੌਂਸਲਾਂ ਤੇ 438 ਨਗਰ ਪੰਚਾਇਤਾਂ ਲਈ ਵੋਟਾਂ ਪਈਆਂ ਸਨ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਮਗਰੋਂ ਯੋਗੀ ਅਦਿੱਤਿਆਨਾਥ ਲਈ ਇਹ ਚੋਣਾਂ ਵੱਕਾਰ ਦਾ ਸਵਾਲ ਬਣੀਆਂ ਹੋਈਆਂ ਸਨ ਤੇ ਇਨ੍ਹਾਂ ਚੋਣਾਂ ’ਚ ਭਾਜਪਾ ਨੇ ਅਯੁੱਧਿਆ, ਵਾਰਾਣਸੀ, ਲਖਨਊ, ਗੋਰਖਪੁਰ ਸਮੇਤ ਕਈ ਹੋਰ ਸ਼ਹਿਰਾਂ ਵਿੱਚ ਜਿੱਤ ਦਰਜ ਕੀਤੀ ਹੈ, ਜਦਕਿ ਮੇਰਠ ਤੇ ਅਲੀਗੜ੍ਹ ਵਿੱਚ ਬਸਪਾ ਨੇ ਜਿੱਤ ਹਾਸਲ ਕੀਤੀ। ਅਯੁੱਧਿਆ ’ਚ ਭਾਜਪਾ ਦੇ ਰਿਸ਼ੀਕੇਸ਼ ਉਪਾਧਿਆਏ ਨੇ 44,642 ਵੋਟਾਂ ਹਾਸਲ ਕਰਕੇ ਆਪਣੇ ਨੇੜਲੇ ਵਿਰੋਧੀ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਗੁਲਸ਼ਨ ਬਿੰਦੂ (ਕਿੰਨਰ) ਨੂੰ 3,601 ਦੇ ਫਰਕ ਨਾਲ ਮਾਤ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੋਕ ਸਭਾ ਹਲਕੇ ਵਾਰਾਣਸੀ ’ਚ ਭਾਜਪਾ ਉਮੀਦਵਾਰ ਮ੍ਰਿਦੁਲਾ ਜੈਸਵਾਲ ਨੇ ਕਾਂਗਰਸ ਦੀ ਸ਼ਾਲਿਨੀ ਨੂੰ 78,843 ਵੋਟਾਂ ਦੇ ਫਰਕ ਨਾਲ ਹਰਾਇਆ।
 ਲਖਨਊ ਵਿੱਚ ਭਾਜਪਾ ਉਮੀਦਵਾਰ ਸੰਯੁਕਤਾ ਭਾਟੀਆ ਨੇ ਸਮਾਜਵਾਦੀ ਪਾਰਟੀ ਦੀ ਮੀਰਾ ਵਰਧਨ ਨੂੰ 1,31,356 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਸੂਬੇ ਦੀ ਰਾਜਧਾਨੀ ਦੀ ਪਹਿਲਾ ਮਹਿਲਾ ਮੇਅਰ ਬਣਨ ਦਾ ਮਾਣ ਹਾਸਲ ਕੀਤਾ। ਮੁੱਖ ਮੰਤਰੀ ਅਦਿੱਤਿਆਨਾਥ ਦੇ ਘਰੇਲੂ ਹਲਕੇ ਗੋਰਖਪੁਰ ’ਚ ਭਾਜਪਾ ਉਮੀਦਵਾਰ ਸੀਤਾਰਾਮ ਜੈਸਵਾਲ ਨੇ ਸਮਾਜਵਾਦੀ ਪਾਰਟੀ ਦੇ ਰਾਹੁਲ ਗੁਪਤਾ ਨੂੰ 75,823 ਵੋਟਾਂ ਦੇ ਫਰਕ ਨਾਲ ਹਰਾਇਆ। ਇਸ ਤੋਂ ਇਲਾਵਾ ਮੋਰਾਦਾਬਾਦ ’ਚ ਭਾਜਪਾ ਦੇ ਵਿਨੋਦ ਅਗਰਵਾਲ, ਸਹਾਰਨਪੁਰ ’ਚ ਭਾਜਪਾ ਦੇ ਮਦਨ ਵਾਲੀਆ, ਮਥੁਰਾ-ਵ੍ਰਿੰਦਾਵਨ ’ਚ ਭਾਜਪਾ ਦੇ ਮੁਕੇਸ਼, ਝਾਂਸੀ ’ਚ ਭਾਜਪਾ ਦੇ ਰਾਮਤੀਰਥ ਸਿੰਘਲ ਨੇ ਜਿੱਤ ਦਰਜ ਕੀਤੀ। ਇਸੇ ਤਰ੍ਹਾਂ ਫਿਰੋਜ਼ਾਬਾਦ ’ਚ ਭਾਜਪਾ ਦੀ ਨੂਤਨ ਰਾਠੌੜ ਨੇ ਆਲ ਇੰਡੀਆ ਮਜਲਿਸ-ਏ-ਇੱਤੇਹਾਦ-ਉੱਲ ਮੁਸਲਮੀਨ ਨੂੰ 42,396 ਵੋਟਾਂ ਨਾਲ ਮਾਤ ਦਿੱਤੀ ਤੇ ਬਰੇਲੀ ਦੀ ਸੀਟ ਭਾਜਪਾ ਦੇ ਉਮੇਸ਼ ਗੌਤਮ ਨੇ ਜਿੱਤੀ। ਅਲੀਗੜ੍ਹ ’ਚ ਬਸਪਾ ਦੇ ਮੁਹੰਮਦ ਫੁਰਕਾਨ ਅਤੇ ਮੇਰਠ ’ਚ ਬਸਪਾ ਦੇ ਸੁਨੀਤਾ ਵਰਮਾ ਨੇ ਜਿੱਤ ਦਰਜ ਕੀਤੀ।
ਇਨ੍ਹਾਂ ਚੋਣਾਂ ਲਈ ਸੂਬੇ ਵਿੱਚ ਪ੍ਰਚਾਰ ਦੀ ਕਮਾਨ ਸਾਂਭਣ ਵਾਲੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਇਸ ਜਿੱਤ ਨੂੰ ਇਤਿਹਾਸਕ ਕਰਾਰ ਦਿੰਦਿਆਂ ਇਸ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਜ਼ਰੀਏ ਅਤੇ ਭਾਜਪਾ ਮੁਖੀ ਅਮਿਤ ਸ਼ਾਹ ਦੀ ਯੋਗ ਅਗਵਾਈ ਨੂੰ ਦਿੱਤਾ।
 ਉਨ੍ਹਾਂ ਕਿਹਾ ਕਿ ਹੁਣ ਪਾਰਟੀ ਦਾ ਟੀਚਾ ਸਾਲ 2019 ਦੀਆਂ ਲੋਕ ਸਭਾ ਚੋਣਾਂ ’ਚ ਸੌ ਫੀਸਦੀ ਜਿੱਤ ਦਰਜ ਕਰਨ ਦਾ ਹੈ। ਮੁਸਾਫਰਖਾਨਾ ਸੀਟ ਆਜ਼ਾਦ ਉਮੀਦਵਾਰ ਬ੍ਰਿਜੇਸ਼ ਅਗਰੀਹਰੀ ਜਦਕਿ ਅਮੇਠੀ ਸੀਟ ਭਾਜਪਾ ਉਮੀਦਵਾਰ ਚੰਦਰਾ ਦੇਵੀ ਨੇ ਜਿੱਤੀ ਹੈ। ਇਸੇ ਦੌਰਾਨ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਯੂਪੀ ਦੀਆਂ ਸਥਾਨਕ ਸਰਕਾਰਾਂ ਚੋਣਾਂ ’ਚ ਲੋਕਾਂ ਨੇ ਜੀਐੱਸਟੀ ਦੇ ਫ਼ੈਸਲੇ ’ਤੇ ਮੋਹਰ ਲਾਈ ਹੈ ਕਿਉਂਕਿ ਇਸ ਨਾਲ ਵਪਾਰੀਆਂ ਨੂੰ ਕਾਰੋਬਾਰ ਕਰਨ ’ਚ ਸੌਖ ਹੋਈ ਹੈ। ਸੂਬੇ ਦੇ ਉੱਪ ਮੁੱਖ ਮੰਤਰੀ ਦਿਨੇਸ਼ ਸ਼ਰਮਾ ਨੇ ਕਿਹਾ ਕਿ ਇਨ੍ਹਾਂ ਚੋਣਾਂ ’ਚ ਸੂਬੇ ਦੇ ਲੋਕਾਂ ਨੇ ਭਾਜਪਾ ’ਚ ਪੂਰਾ ਵਿਸ਼ਵਾਸ ਪ੍ਰਗਟਾਇਆ ਹੈ ਤੇ ਸਮਾਜਵਾਦੀ ਪਾਰਟੀ, ਬਸਪਾ ਤੇ ਕਾਂਗਰਸ ਸਮੇਤ ਬਾਕੀ ਸਾਰੀਆਂ ਪਾਰਟੀਆਂ ਨੂੰ ਨਕਾਰ ਦਿੱਤਾ ਹੈ।
 ਐਸਪੀ ਆਗੂ ਰਾਜਪਾਲ ਕਸ਼ਯਪ ਨੇ ਕਿਹਾ ਕਿ ਜਿੱਥੇ ਵੀ ਈਵੀਐੱਮਜ਼ ਦੀ ਵਰਤੋਂ ਹੋਈ ਹੈ, ਉੱਥੇ ਭਾਜਪਾ ਨੂੰ ਲੀਡ ਮਿਲੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਆਪਣੇ ਹਾਰ ਦੇ ਕਾਰਨਾਂ ਦੀ ਘੋਖ ਕਰ ਰਹੀ ਹੈ। ਇਸ ਤੋਂ ਇਲਾਵਾ ਗੌਰੀਗੰਜ ਤੋਂ ਐਸਪੀ ਉਮੀਦਵਾਰ ਰਾਜਪਤੀ ਦੇਵੀ ਨੇ ਜਿੱਤ ਦਰਜ ਕੀਤੀ ਹੈ।
....................
ਟਿੱਪਣੀ:-  ਹਾਲਾਤ ਦੱਸ ਰਹੇ ਹਨ ਕਿ ਭਾਰਤ ਦਾ ਭਵਿੱਖ ਕੀ ਹੋਵੇਗਾ।
                       ਅਮਰ ਜੀਤ ਸਿੰਘ ਚੰਦੀ


 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.