December 06
10:17 2017
ਇਸ ਮੌਕੇ ਜਿੱਥੇ ਅਮਰੀਕੀ ਲੋਕ ਭਾਰੀ ਗਿਣਤੀ ਵਿਚ ਹਾਜ਼ਰ ਸਨ, ਉਥੇ ਸਿੱਖ ਭਾਈਚਾਰੇ ਨੇ ਵੀ ਇਸ ਵਿਚ ਭਰਵੀਂ ਸ਼ਮੂਲੀਅਤ ਕੀਤੀ। ਪ੍ਰੀਤ ਡਿਡਬਾਲ 2014 ‘ਚ ਯੂਬਾ ਸਿਟੀ ਦੀ ਕੌਂਸਲ ਮੈਂਬਰ ਚੁਣੀ ਗਈ ਸੀ। ਉਸ ਤੋਂ ਪਹਿਲਾਂ ਉਹ ਲੰਮਾ ਸਮਾਂ ਪਲੈਨਿੰਗ ਕਮਿਸ਼ਨ ਦੀ ਮੈਂਬਰ ਵੀ ਰਹੀ।
ਪ੍ਰੀਤ ਡਿਡਬਾਲ ਯੂਬਾ ਸਿਟੀ ਦੀ ਵਾਈਸ ਮੇਅਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਚੁੱਕੀ ਹੈ। ਹੁਣ ਮੇਅਰ ਚੁਣੇ ਜਾਣ ‘ਤੇ ਦੁਨੀਆਂ ਭਰ ‘ਚ ਬੈਠੇ ਸਿੱਖ ਭਾਈਚਾਰੇ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ। ਪ੍ਰੀਤ ਡਿਡਬਾਲ ਦਾ ਪਰਿਵਾਰ 1968 ‘ਚ ਕੈਲੀਫੋਰਨੀਆ ਦੇ ਸ਼ਹਿਰ ਯੂਬਾ ਸਿਟੀ ਵਿਖੇ ਆਣ ਕੇ ਵਸ ਗਿਆ ਸੀ। ਉਸ ਦਾ ਬਚਪਨ ਇਥੋਂ ਦੇ ਖੇਤਾਂ ਵਿਚ ਬੀਤਿਆ। ਉਸ ਨੇ ਦੱਸਿਆ ਕਿ ਮੇਰੇ ਮਾਤਾ-ਪਿਤਾ ਨੇ ਮੈਨੂੰ ਪੜ੍ਹਾਉਣ ਲਈ ਕਾਫੀ ਮਿਹਨਤ ਕੀਤੀ ਅਤੇ ਉਹ ਆਪਣੇ ਪਰਿਵਾਰ ਵਿਚ ਪੜ੍ਹਾਈ ‘ਚ ਮਾਸਟਰ ਦੀ ਡਿਗਰੀ ਲੈਣ ਵਾਲੀ ਪਹਿਲੀ ਲੜਕੀ ਸੀ।
ਪ੍ਰੀਤ ਡਿਡਬਾਲ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ, ਸੈਕਰਾਮੈਂਟੋ ਤੋਂ 1998 ਵਿਚ ਮਾਸਟਰ ਦੀ ਡਿਗਰੀ ਹਾਸਲ ਕੀਤੀ ਅਤੇ 2012 ‘ਚ ਉਸ ਨੇ ਯੂਨੀਵਰਸਿਟੀ ਆਫ ਸਾਨ ਫਰਾਂਸਿਸਕੋ ਤੋਂ ਪਬਲਿਕ ਐਡਮਿਨਿਸਟ੍ਰੇਸ਼ਨ ਮਾਸਟਰ ਦੀ ਡਿਗਰੀ ਹਾਸਲ ਕੀਤੀ। ਪ੍ਰੀਤ ਡਿਡਬਾਲ ਨੇ ਲੰਬਾ ਸਮਾਂ ਕੈਲੀਫੋਰਨੀਆ ਕੋਰੈਕਸ਼ਨਲ ਹੈਲਥ ਕੇਅਰ ਸਰਵਿਸਿਜ਼ ਵਿਚ ਨੌਕਰੀ ਕੀਤੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਇਕ ਹੋਰ ਸਿੱਖ ਕਸ਼ਮੀਰ ਸਿੰਘ ਗਿੱਲ ਯੂਬਾ ਸਿਟੀ ਦੇ ਮੇਅਰ ਰਹਿ ਚੁੱਕੇ ਹਨ। ਹੁਣ ਪਿੱਛੇ ਜਿਹੇ ਰਵੀ ਭੱਲਾ ਨੇ ਨਿਊਜਰਸੀ ਦੇ ਇਕ ਸ਼ਹਿਰ ਤੋਂ ਮੇਅਰ ਦੀ ਚੋਣ ਜਿੱਤੀ ਹੈ, ਜੋ ਕਿ ਦਸਤਾਰਧਾਰੀ ਹਨ। ਇਸੇ ਤਰ੍ਹਾਂ ਇਕ ਹੋਰ ਦਸਤਾਰਧਾਰੀ ਸਤਿੰਦਰਾ ਸਿੰਘ ਹੂਜਾ ਵੀ ਵਰਜੀਨੀਆ ਦੇ ਇਕ ਸ਼ਹਿਰ ‘ਚ ਮੇਅਰ ਦੀ ਸੇਵਾ ਨਿਭਾਅ ਚੁੱਕੇ ਹਨ।