ਚੰਡੀਗੜ੍ਹ, 10 ਜਨਵਰੀ (ਪੰਜਾਬ ਮੇਲ)- ਆਮ ਆਦਮੀ ਪਾਰਟੀ (ਆਪ) ਅਤੇ ਲੋਕ ਇਨਸਾਫ ਪਾਰਟੀ ਦੇ ਗੱਠਜੋੜ ਵੱਲੋਂ ਆਉਂਦੀਆਂ ਲੁਧਿਆਣਾ ਨਿਗਮ ਚੋਣਾਂ ਸਾਂਝੇ ਤੌਰ ‘ਤੇ ਲੜਨ ਦਾ ਫੈਸਲਾ ਲਿਆ ਹੈ। ਉਮੀਦਵਾਰਾਂ ਦੀ ਚੋਣ ਹਲਕਿਆਂ ਦੀ ਵੰਡ ਤੇ ਮੁਕੰਮਲ ਤਾਲਮੇਲ ਲਈ ਦੋਵਾਂ ਪਾਰਟੀਆਂ ਦੇ ਨੁਮਾਇੰਦਿਆਂ ‘ਤੇ ਆਧਾਰਿਤ 13 ਮੈਂਬਰੀ ਤਾਲਮੇਲ ਕਮੇਟੀ ਵੀ ਬਣਾਈ ਗਈ ਹੈ, ਜਿਸ ਦੀ ਕਨਵੀਨਰ ਵਿਰੋਧੀ ਧਿਰ ਦੀ ਨੇਤਾ ਤੇ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਨੂੰ ਬਣਾਇਆ ਗਿਆ ਹੈ। ਤਾਲਮੇਲ ਕਮੇਟੀ ਵਿਚ ‘ਆਪ’ ਵੱਲੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਦਲਜੀਤ ਸਿੰਘ ਗਰੇਵਾਲ, ਅਹਿਬਾਬ ਸਿੰਘ ਗਰੇਵਾਲ, ਦਰਸ਼ਨ ਸਿੰਘ ਸ਼ੰਕਰ, ਸੁਰੇਸ਼ ਗੋਇਲ ਤੇ ਰਾਜਿੰਦਰਪਾਲ ਕੌਰ ਤੇ ਇਸੇ ਤਰ੍ਹਾਂ ‘ਲਿਪ’ ਵੱਲੋਂ ਪਰਮਿੰਦਰ ਸਿੰਘ ਸੋਮਾ, ਰਣਧੀਰ ਸਿੰਘ ਸਿਵੀਆ, ਵਿੱਪਨ ਸੂਦ ਕਾਕਾ, ਬਲਦੇਵ ਸਿੰਘ ਪ੍ਰਧਾਨ, ਅਰਜਨ ਸਿੰਘ ਚੀਮਾ ਅਤੇ ਜਸਵਿੰਦਰ ਸਿੰਘ ਖ਼ਾਲਸਾ ਸ਼ਾਮਲ ਕੀਤੇ ਗਏ ਹਨ। ਦੋਵਾਂ ਪਾਰਟੀਆਂ ਦੇ ਸੀਨੀਅਰ ਨੇਤਾਵਾਂ ਦੀ ਹੋਈ ਉੱਚ ਪੱਧਰੀ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ ਹੈ। ਮੀਟਿੰਗ ‘ਚ ਵਿਸ਼ੇਸ਼ ਤੌਰ ‘ਤੇ ‘ਆਪ’ ਦੇ ਸਹਿ ਪ੍ਰਧਾਨ ਤੇ ਵਿਧਾਇਕ ਅਮਨ ਅਰੋੜਾ, ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ, ਵਿਰੋਧੀ ਧਿਰ ਦੀ ਉਪ-ਨੇਤਾ ਸਰਵਜੀਤ ਕੌਰ ਮਾਣੂਕੇ, ‘ਲਿਪ’ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਅਤੇ ਵਿਧਾਇਕ ਕੰਵਰ ਸੰਧੂ ਸ਼ਾਮਲ ਹੋਏ। ਦੋਵੇਂ ਪਾਰਟੀਆਂ ਦੇ ਆਗੂਆਂ ਨੇ ਕਿਹਾ ਕਿ ਗਠਜੋੜ ਪੂਰੀ ਸ਼ਕਤੀ ਨਾਲ ਨਗਰ ਨਿਗਮ ਚੋਣਾਂ ਲੜ ਕੇ ਜਿੱਤ ਹਾਸਲ ਕਰੇਗਾ।