ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਦੁਨੀਆ ਭਰ ’ਚ ਟਰੰਪ ਵਿਰੁੱਧ ਔਰਤਾਂ ਨੇ ਕੱਢੀਆਂ ਰੈਲੀਆਂ
ਦੁਨੀਆ ਭਰ ’ਚ ਟਰੰਪ ਵਿਰੁੱਧ ਔਰਤਾਂ ਨੇ ਕੱਢੀਆਂ ਰੈਲੀਆਂ
Page Visitors: 2323

ਦੁਨੀਆ ਭਰ ’ਚ ਟਰੰਪ ਵਿਰੁੱਧ ਔਰਤਾਂ ਨੇ ਕੱਢੀਆਂ ਰੈਲੀਆਂ

 

 

ਦੁਨੀਆ ਭਰ ’ਚ ਟਰੰਪ ਵਿਰੁੱਧ ਔਰਤਾਂ ਨੇ ਕੱਢੀਆਂ ਰੈਲੀਆਂ
January 21
19:51 2018
ਸਿੱਖ ਵਲੰਟੀਅਰਾਂ ਨੇ ਪ੍ਰਦਰਸ਼ਨਕਾਰੀਆਂ ਲਈ ਲਾਇਆ ‘ਲੰਗਰ’
ਵੈਨਕੁਵਰ, 21 ਜਨਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਲੱਗ ਰਹੇ ਜਿਸਮਾਨੀ ਸ਼ੋਸ਼ਣ ਸਮੇਤ ਕਈ ਹੋਰ ਦੋਸ਼ਾਂ ਨੂੰ ਲੈ ਕੇ ਕੈਨੇਡਾ, ਅਮਰੀਕਾ ਸਮੇਤ ਦੁਨੀਆ ਭਰ ਵਿੱਚ ਔਰਤਾਂ ਨੇ 250 ਤੋਂ ਵੱਧ ਰੈਲੀਆਂ ਕੱਢੀਆਂ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਕੈਨੇਡਾ ਅਤੇ ਅਮਰੀਕਾ ਵਿੱਚ ਇਨ੍ਹਾਂ ਰੈਲੀਆਂ ਦੌਰਾਨ ਔਰਤਾਂ ਵਿੱਚ ਜਿਆਦਾ ਜੋਸ਼ ਦੇਖਣ ਨੂੰ ਮਿਲਿਆ। ਇਨ੍ਹਾਂ ਰੈਲੀਆਂ ਨੂੰ ਟਰੰਪ ਸਰਕਾਰ ਦੇ ਸੱਤਾ ਸੰਭਾਲਣ ਬਾਅਦ ਹੋਏ ਔਰਤਾਂ ਦੇ ਮਾਰਚ ਦੀ ਦੂਜੀ ਵਰ੍ਹੇਗੰਢ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਇਕ ਸਾਲ ਪਹਿਲਾਂ ਜਦੋਂ ਟਰੰਪ ਨੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਸੀ, ਉਦੋਂ ਔਰਤਾਂ ਦੀਆਂ ਰੈਲੀਆਂ ਵਿੱਚ ਕੈਨੇਡਾ ਦੀਆਂ 38 ਕਮਿਊਨੀਟੀਜ਼ ਸਮੇਤ ਲੱਖਾਂ ਲੋਕਾਂ ਨੇ ਹਿੱਸਾ ਲਿਆ ਸੀ। ਰੈਲੀਆਂ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਹ ਔਰਤਾਂ, ਪ੍ਰਵਾਸੀਆਂ ਅਤੇ ਹੋਰਨਾਂ ਲੋਕਾਂ ਦੇ ਬੁਨਿਆਦੀ ਹੱਕਾਂ ਲਈ ਲੜ ਰਹੇ ਹਨ। ਇਸੇ ਦੌਰਾਨ ਵੈਨਕੁਵਰ ਦੇ ਡਾਊਨਟਾਉਨ ਦੀਆਂ ਗਲੀਆਂ ਵਿੱਚ ਕੱਢੇ ਗਏ ਔਰਤਾਂ ਦੇ ਮਾਰਚ ਵਿੱਚ ਹਜਾਰਾਂ ਲੋਕਾਂ ਨੇ ਹਿੱਸਾ ਲਿਆ। ਇਹ ਰੈਲੀ ਜੈਕ ਪੂਲੇ ਪਲਾਜਾ ਤੋਂ ਸ਼ੁਰੂ ਹੋ ਕੇ ਜਿਉਰਜੀਆ ਸਟਰੀਟ ’ਤੇ ਸਥਿਤ ਟਰੰਪ ਇੰਟਰਨੈਸ਼ਨਲ ਹੋਟਲ ਅਤੇ ਟਾਵਰ ਦੇ ਅੱਗੇ ਜਾ ਕੇ ਸਮਾਪਤ ਹੋਈ।

ਅਮਰੀਕਾ ਦੇ ਵਾਸ਼ਿੰਗਟਨ ਡੀਸੀ ਵਿੱਚ ਕੱਢੀ ਗਈ ਰੈਲੀ ਇੱਕ ਸਿਆਸੀ ਰੈਲੀ ਦੀ ਤਰ੍ਹਾਂ ਲੱਗ ਰਹੀ ਸੀ, ਜਿਸ ਵਿੱਚ ਅਮਰੀਕੀ ਸੈਨੇਟ ਕਿਰਸਟਨ ਗਿੱਲੀਬਰੈਂਡ ਅਤੇ ਅਮਰੀਕੀ ਰਿਪ੍ਰਜੈਂਟੇਟਿਵ ਨੈਨਸੀ ਪਿਲੋਸੀ, ਦੋਵੇਂ ਡੈਮੋਕਰੇਟਸ ਨੇ ਔਰਤਾਂ ਨੂੰ ਟਰੰਪ ਅਤੇ ਰਿਪਬਲੀਕਨ ਏਜੰਡੇ ਵਿਰੁੱਧ ਵੋਟ ਪਾਉਣ ਲਈ ਹੱਲਾਸ਼ੇਰੀ ਦਿੱਤੀ। ਇਸੇ ਦੌਰਾਨ ਨਿਊਯਾਰਕ ਦੇ ਸੈਂਟਰਲ ਪਾਰਕ ਵੈਸਟ ਵਿਖੇ ਟਰੰਪ ਇੰਟਰਨੈਸ਼ਨਲ ਹੋਟਲ ਅਤੇ ਟਾਵਰ ਅੱਗੇ ਮਾਰਚ ਵਿੱਚ ਸ਼ਾਮਲ ਲੋਕਾਂ ਨੇ ਔਰਤਾਂ ਲਈ ਬਰਾਬਰ ਅਧਿਕਾਰਾਂ ਦੀ ਮੰਗ ਕੀਤੀ।
ਕੈਨੇਡਾ ਵਿੱਚ ਸਾਰੇ ਉਮਰ ਵਰਗਾਂ ਦੇ ਸੈਂਕੜੇ ਲੋਕਾਂ ਨੇ ਔਰਤਾਂ ਦੀਆਂ ਰੈਲੀਆਂ ਵਿੱਚ ਹਿੱਸਾ ਲਿਆ। ਮੌਂਟਰੀਅਲ ਦੇ ਪਲੇਸ-ਡੇਸ-ਆਰਟਸ ਦੇ ਬਾਹਰ ਹੋਈ ਰੈਲੀ ਵਿੱਚ 500 ਲੋਕ ਇਕੱਠੇ ਹੋਏ। ਰੂਰਲ ਨੋਵਾ ਸਕੋਸ਼ੀਆ ਵਿਖੇ ਪਿਛਲੇ ਸਾਲ ਨਾਲੋਂ ਦੁੱਗਣੇ ਲੋਕਾਂ ਨੇ ਮਾਰਚ ਵਿੱਚ ਹਿੱਸਾ ਲਿਆ। ਸਿਡਨੀ ਵਿੱਚ ਮਾਰਚ ਦਾ ਪ੍ਰਬੰਧ ਕਰਨ ਵਾਲੀ ਹੈਲਨ ਮੋਰੀਸਨ ਨੇ ਕਿਹਾ ਕਿ ਇਸ ਅੰਦੋਲਨ ਨਾਲ ਉਨ੍ਹਾਂ ਲੋਕਾਂ ਦੀਆਂ ਅੱਖਾਂ ਖੁੱਲਣਗੀਆਂ, ਜਿਹੜੇ ਔਰਤਾਂ ਨੂੰ ਬੁਰੀ ਨਜ਼ਰ ਨਾਲ ਦੇਖਦੇ ਹਨ। ਹੈਲੀਫੈਕਸ ਵਿਖੇ ਕੱਢੇ ਗਏ ਮਾਰਚ ਦੌਰਾਨ ਰਾਣਾ ਜੈਮਨ ਨੇ ਕਿਹਾ ਕਿ ਅਸੀਂ ਸਾਰੇ ਔਰਤਾਂ ਦੇ ਅਧਿਕਾਰਾਂ, ਟਰਾਂਸਜੈਂਡਰ ਔਰਤਾਂ ਅਤੇ ਐਲਜੀਬੀਟੀਕਿਊ ਕਮਿਊਨਿਟੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਾਂ।
ਵਿਨੀਪੈਗ ਵਿੱਚ ਔਰਤਾਂ ਦੇ ਮਾਰਚ ਲਈ ਸਿਟੀ ਹਾਲ ਵਿਖੇ ਇਕੱਠੇ ਹੋਏ ਸੈਂਕੜੇ ਲੋਕਾਂ ਨੇ ਮੈਨੀਟੋਬਾ ਵਿੱਚ ਔਰਤਾਂ ਨੂੰ ਆ ਰਹੀਆਂ ਮੁਸ਼ਕਲਾਂ ’ਤੇ ਚਾਨਣਾ ਪਾਇਆ। ਇਸ ਤੋਂ ਇਲਾਵਾ ਔਟਵਾ ਵਿਖੇ ਔਰਤਾਂ ਦੇ ਮਾਰਚ ਲਈ ਇਕੱਠੇ ਹੋਏ ਸੈਂਕੜੇ ਲੋਕਾਂ ਨੇ ਵਧੀਆ ਸੰਸਾਰ ਦੀ ਮੰਗ ਕੀਤੀ।
ਨਿਊਯਾਰਕ ਵਿਖੇ ਕੱਢੀ ਰੈਲੀ ਦੌਰਾਨ ਮੇਅਰ ਬਿੱਲ ਦੀ ਬਲਾਸੀਓ ਨੇ ਕਿਹਾ ਕਿ ਰੈਲੀ ਵਿੱਚ 2 ਲੱਖ ਦੇ ਕਰੀਬ ਲੋਕਾਂ ਨੇ ਭਾਗ ਲਿਆ। ਉੱਥੇ ਹੀ ਇਸ ਮੌਕੇ ਤੇ ਸਿੱਖਾਂ ਵੱਲੋਂ ਪ੍ਰਦਰਸ਼ਨਕਾਰੀਆਂ ਲਈ ਕੜੀ ਅਤੇ ਚੌਲ ਦਾ ਲੰਗਰ ਲਗਾਇਆ ਗਿਆ, ਜਿਸ ਨੇ ਸਭ ਦਾ ਦਿੱਲ ਜਿੱਤ ਲਿਆ। ਅਜਿਹੀਆਂ ਹੀ ਰੈਲੀਆਂ ਵਾਸ਼ਿੰਗਟਨ, ਨਿਊਯਾਰਕ, ਲਾਸ ਏਂਜਲਸ, ਸ਼ਿਕਾਗੋ ਅਤੇ ਹੋਰਨਾਂ ਸ਼ਹਿਰਾਂ ਵਿੱਚ ਆਯੋਜਿਤ ਹੋਈਆਂ ਸਨ ਹੋ ਸਾਂਝੇ ਤੌਰ ਤੇ ਡੋਨਾਲਡ ਟਰੰਪ ਪ੍ਰਸ਼ਾਸਨ ਦੇ ਵਿਰੁੱਧ ਵਿਰੋਧ ਜਤਾਉਣ ਦਾ ਜ਼ਰੀਆ ਸੀ। ਅਜਿਹੀਆਂ ਹੀ ਰੈਲੀਆਂ ਜਾਪਾਨ, ਬ੍ਰਿਟੇਨ ਅਤੇ ਹੋਰ ਦੇਸ਼ਾਂ ਵਿੱਚ ਵੀ ਆਯੋਜਿਤ ਕੀਤੀਆਂ ਗਈਆਂ ਸਨ। ਰੈਲੀ ਦੀ ਆਯੋਜਨਕਰਤਾ ਐਮਿਲੀ ਪੈਟੋਨ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਵੋਟ ਪਾਉਣ ਲਈ ਰਜਿਸਟਰ ਕਰਨ ਦੀ ਅਪੀਲ ਕਰ ਰਹੇ ਹਾਂ।
ਇਹ ਰੈਲੀਆਂ ਔਰਤਾਂ ਦੇ ਅਧਿਕਾਰਾਂ ਦੇ ਖਾਸ ਸਾਲ ਦੇ ਦੌਰਾਨ ਆਯਜਿਤ ਹੋਈਆਂ ਹਨ ਜਦ ਸੋਸ਼ਲ ਮੀਡੀਆ ’ਤੇ ਵੀ ਸਰੀਰਕ ਸ਼ੋਸ਼ਣ ਵਿਰੁੱਧ “ਟਾਈਮਜ਼ ਅੱਪ” ਵਰਗੀਆਂ ਮੁਹਿੰਮਾਂ ਚੱਲੀਆਂ ਜੋ ਕਿ ਵਾਸ਼ਿੰਗਟਨ ਅਤੇ ਹੋਰ ਥਾਵਾਂ ਤੇ ਔਰਤਾਂ ਦੇ ਜਿਣਸੀ ਸ਼ੋਸ਼ਣ ਦੇ ਵਿਰੁੱਧ ਆਵਾਜ਼ ਬੁਲੰਦ ਕਰਦੀਆਂ ਹਨ। ਸ਼ਿਕਾਗੋ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਔਰਤਾਂ ਗ੍ਰੈਂਡ ਪਾਰਕ ਵਿਖੇ ਇਕੱਠੀਆਂ ਹੋਈਆਂ, ਜਿਹਨਾਂ ਨੇ ਹੱਥਾਂ ਵਿੱਚ ਤਖਤੀਆਂ ਫੜੀਆਂ ਹੋਈਆਂ ਸਨ ਕਿ ‘ਇੱਕ ਮਜ਼ਬੂਤ ਕੁੜੀ ਹੀ ਮਜ਼ਬੂਤ ਔਰਤ ਬਣਦੀ ਹੈ’ ਅਤੇ ‘ਤੁਸੀਂ ਮੂਰਖ ਦਾ ਇਲਾਜ ਨਹੀਂ ਕਰ ਸਕਦੇ ਪਰ ਉਸ ਵਿਰੁੱਧ ਵੋਟ ਜ਼ਰੂਰ ਪਾ ਸਕਦੇ ਹੋ।’
ਡੇਸ ਪਲੇਨਸ ਤੋਂ ਆਪਣੀ 14 ਸਾਲਾ ਬੇਟੀ ਨਾਲ ਇਸ ਰੈਲੀ ਵਿੱਚ ਪੁੱਜੀ 41 ਸਾਲਾ ਮੀਸ਼ੇਲ ਸੌਂਡਰਸ ਨੇ ਦੱਸਿਆ ਕਿ ਉਹ ਪਿਛਲੇ ਸਾਲ ਦੇ ਮਾਰਚ ਵਿੱਚ ਵੀ ਸ਼ਾਮਲ ਹੋਏ ਸਨ ਅਤੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੋਵੇਗਾ ਕਿ ਇਸ ਸਾਲ ਦੀ ਭੀੜ ਪਿਛਲੇ ਸਾਲ ਦੀ 2 ਲੱਖ 50 ਹਜ਼ਾਰ ਲੋਕਾਂ ਦੀ ਭੀੜ ਨਾਲ ਮੇਲ ਨਹੀਂ ਖਾਂਦੀ ਹੋਵੇਗੀ ਪਰ ਉਹਨਾਂ ਲਈ ਸੰਦੇਸ਼ ਬਹੁਤ ਹੀ ਮਜ਼ਬੂਤ ਹੈ। ਘੱਟ ਭੀੜ ਦਾ ਮਤਲਬ ਇਹ ਨਹੀਂ ਕਿ ਲੋਕਾਂ ਵਿੱਚ ਘੱਟ ਗੁੱਸਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਮੌਜੂਦਾ ਪ੍ਰਸ਼ਾਸਨ ਤੋਂ ਨਾਖੁਸ਼ ਹਾਂ ਅਤੇ ਸਾਡੀ ਅਵਾਜ਼ ਸੁਣੀ ਜਾਣੀ ਚਾਹੀਦੀ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.