ਨੀਰਜਾ ਭਨੋਟ ਦੇ ਕਾਤਲਾਂ ‘ਤੇ ਐਫਬੀਆਈ ਨੇ 31.91 ਕਰੋੜ ਰੁਪਏ ਦਾ ਰੱਖਿਆ ਇਨਾਮ
ਵਾਸ਼ਿੰਗਟਨ, 20 ਜਨਵਰੀ (ਪੰਜਾਬ ਮੇਲ)- ਚੰਡੀਗੜ੍ਹ ਦੀ ਏਅਰ ਹੋਸਟੇਸ 23 ਸਾਲਾ ਨੀਰਜਾ ਭਨੋਟ ਸਮੇਤ 20 ਯਾਤਰੀਆਂ ਨੂੰ ਕਰਾਚੀ ਵਿਚ ਜਹਾਜ਼ ਅਗਵਾ ਕਰਕੇ ਗੋਲੀ ਮਾਰਨ ਵਾਲੇ ਅੱਤਵਾਦੀਆਂ ਦੀ ਅਮਰੀਕੀ ਜਾਂਚ ਏਜੰਸੀ ਐਫਬੀਆਈ ਨੇ ਮੁੜ ਜਾਂਚ ਸ਼ੁਰੂ ਕਰ ਦਿੱਤੀ ਹੈ। ਐਫਬੀਆਈ ਨੇ ਅੱਤਵਾਦੀਆਂ ਬਾਰੇ ਸੂਚਨਾ ਦੇਣ ‘ਤੇ 31.91 ਕਰੋੜ ਰੁਪਏ ਦਾ ਇਨਾਮ ਵੀ ਐਲਾਨਿਆ ਹੈ।
32 ਸਾਲ ਪਹਿਲਾਂ ਪੰਜ ਸਤੰਬਰ, 1986 ਨੂੰ ਪੈਨ ਅਮਰੀਕਨ ਏਅਰਵੇਜ਼ ਦਾ ਜਹਾਜ਼ ਮੁੰਬਈ ਤੋਂ ਨਿਊਯਾਰਕ ਜਾ ਰਿਹਾ ਸੀ। ਜਹਾਜ਼ ਜਦ ਕਰਾਚੀ ਏਅਰਪੋਰਟ ‘ਤੇ ਉਤਰਿਆ ਤਾਂ ਹਥਿਆਰਾਂ ਨਾਲ ਲੈਸ ਪੰਜ ਅੱਤਵਾਦੀਆਂ ਨੇ ਜਹਾਜ਼ ਅਗਵਾ ਕਰ ਲਿਆ। ਅੱਤਵਾਦੀਆਂ ਨੇ ਜਹਾਜ਼ ‘ਤੇ ਗੋਲੀਆਂ ਚਲਾਉਣੀ ਸ਼ੁਰੂ ਕਰ ਦਿੱਤੀਆਂ। ਨੀਰਜਾ ਭਨੋਟ ਨੇ ਯਾਤਰੀਆਂ ਦੀ ਜਾਨ ਬਚਾਉਂਦੇ ਹੋਏ ਅਪਣੀ ਜਾਨ ਦੇ ਦਿੱਤੀ। ਅੱਤਵਾਦੀਆਂ ਦੀ ਗੋਲੀਬਾਰੀ ਵਿਚ ਜਹਾਜ਼ ਦੇ ਕਰੂ ਮੈਂਬਰਾਂ ਸਮੇਤ 20 ਯਾਤਰੀਆਂ ਦੀ ਮੌਤ ਹੋਈ ਸੀ। ਐਫਬੀਆਈ ਨੂੰ ਜਹਾਜ਼ ਅਗਵਾ ਦੀ ਕੋਸ਼ਿਸ਼ ਕਰਨ ਵਾਲੇ ਫਲਸਤੀਨੀ ਮੂਲ ਦੇ ਪੰਜ ਲੋਕਾਂ ਵਿਚੋਂ ਚਾਰ ਦੇ ਹੁਣ ਵੀ ਜ਼ਿੰਦਾ ਹੋਣ ਦੀ ਸੂਚਨਾ ਮਿਲੀ ਹੈ। Îਇਹ ਹੁਣ ਬੁੱਢੇ ਹੋ ਚੁੱਕੇ ਹਨ। ਇਸੇ ਆਧਾਰ ‘ਤੇ ਐਫਬੀਆਈ ਨੇ ਚਾਰਾਂ ਦੀ ਤਸਵੀਰਾਂ ਜਾਰੀ ਕੀਤੀਆਂ ਹਨ। ਇਨ੍ਹਾਂ ਵਿਚ ਬਗਦਾਦ ਦਾ ਵਦਾਉਦ ਮੁਹੰਮਦ ਹਾਫਿਜ਼ ਅਲ-ਤੁਰਕੀ ਅਤੇ ਲੈਬਨਾਨ ਦੇ ਜਮਾਲ ਸਈਦ ਅਬਦੁਲ ਰਹੀਮ, ਮੁਹੰਮਦ ਅਬਦੁੱਲਾ ਖਲੀਲ ਅਤੇ ਮੁਹੰਮਦ ਅਹਿਮਦ ਅਲ ਮੁਨਵਰ ਸ਼ਾਮਲ ਹੈ। ਸ਼ੱਕੀਆਂ ਦੇ ਸਬੰਧ ਵਿਚ ਸੂਚਨਾ ਦੇਣ ਵਾਲਿਆਂ ਨੂੰ ਅਮਰੀਕੀ ਜਾਂਚ ਏਜੰਸੀ ਲਗਭਗ 31.91 ਕਰੋੜ ਦਾ ਇਨਾਮ ਦੇਵੇਗੀ।