ਕੈਟੇਗਰੀ

ਤੁਹਾਡੀ ਰਾਇਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਮੁਕੰਮਲ ਕਰਜ਼ਾ- ਮੁਕਤੀ ਤੇ ਹੋਰ ਭਖਵੀਆਂ ਮੰਗਾਂ ਮੰਨਾਉਣ ਲਈ ਸੰਘਰਸ਼ ਪ੍ਰਚੰਡ ਕਰਨ ਦਾ ਕੀਤਾ ਅਹਿਦ
ਮੁਕੰਮਲ ਕਰਜ਼ਾ- ਮੁਕਤੀ ਤੇ ਹੋਰ ਭਖਵੀਆਂ ਮੰਗਾਂ ਮੰਨਾਉਣ ਲਈ ਸੰਘਰਸ਼ ਪ੍ਰਚੰਡ ਕਰਨ ਦਾ ਕੀਤਾ ਅਹਿਦ
Page Visitors: 50

ਮੁਕੰਮਲ ਕਰਜ਼ਾ- ਮੁਕਤੀ ਤੇ ਹੋਰ ਭਖਵੀਆਂ ਮੰਗਾਂ ਮੰਨਾਉਣ ਲਈ ਸੰਘਰਸ਼ ਪ੍ਰਚੰਡ ਕਰਨ ਦਾ ਕੀਤਾ ਅਹਿਦ
ਹਜ਼ਾਰਾਂ ਔਰਤਾਂ ਸਣੇ ਬਰਨਾਲੇ ਵਿੱਚ ਕਿਸਾਨਾਂ ਦਾ ਲਾ-ਮਿਸਾਲ ਇੱਕਠ ਹੋ ਨਿਬੜਿਆ ਸਰਕਾਰ ਨੂੰ ਲਲਕਾਰ
By : ਬਾਬੂਸ਼ਾਹੀ ਬਿਊਰੋ
Thursday, Mar 08, 2018 05:43 PM

 •  

 •  

 • ਬਰਨਾਲਾ 08 ਮਾਰਚ 2018: ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੱਦੇ 'ਤੇ ਮੁਕੰਮਲ ਕਰਜ਼ਾ ਮੁਕਤੀ ਸਮੇਤ ਹੋਰ ਭਖਵੀਆਂ ਮੰਗਾਂ ਦੇ ਫੌਰੀ ਹੱਲ ਨੂੰ ਲੈ ਕੇ ਅੱਜ ਇੱਥੇ ਦਾਣਾ ਮੰਡੀ ਵਿਖੇ ਕੀਤੀ ਗਈ ਸੁਬਾਈ ਲਲਕਾਰ ਰੈਲੀ ਵਿੱਚ ਹਜ਼ਾਰਾਂ ਔਰਤਾਂ ਸਮੇਤ ਜੁੜਿਆਂ ਕਿਸਾਨਾਂ, ਮਜ਼ਦੂਰਾਂ ਦਾ ਲਾ-ਮਿਸਾਲ ਇੱਕਠ ਚੋਣ- ਵਾਅਦਿਆਂ ਤੋਂ ਭੱਜੀ ਕੈਪਟਨ ਤੇ ਮੋਦੀ ਸਰਕਾਰਾਂ ਲਈ ਸੱਚੀ-ਮੁੱਚੀ ਗਰਜਵੀਂ ਲਲਕਾਰ ਹੋ ਨਿਬੜਿਆਂ। ਕਾਫ਼ੀ ਗਿਣਤੀ ਵਿੱਚ ਨੌਜਵਾਨ ਵੀ ਜੋਸ਼ੀਲੇ ਨਾਅਰੇ ਲਾਉਦੇ ਦੇਖੇ ਗਏ। 
    ਨਾਮ-ਨਿਹਾਦ ਕਰਜ਼ਾ ਮੁਕਤੀ ਦੇ ਸਰਕਾਰੀ ਦਾਇਰੇ ਵਿੱਚੋਂ ਬਾਹਰ ਰੱਖੇ ਗਏ ਬੇਜ਼ਮੀਨੇ ਕਿਸਾਨ ਤੇ ਖੇਤ ਮਜ਼ਦੂਰ ਵੀ ਸੰਗਰਾਮੀ ਜੋਟੀ ਦੀ ਲਲਕਾਰ ਹੋਰ ਉੱਚੀ ਕਰ ਰਹੇ ਸਨ।
  ਸੂਬਾ ਆਗੂਆਂ ਦੇ ਅੰਦਾਜ਼ਿਆਂ ਮੁਤਾਬਕ ਕੀਤੇ ਹੋਏ ਖੁੱਲੇ-ਡੁੱਲੇ ਪੰਡਾਲ ਦੇ ਪ੍ਰਬੰਧ ਇਸ ਹੜ ਬਣੇ ਇਕੱਠ ਸਾਹਵੇਂ ਬੌਣੇ ਲੱਗ ਰਹੇ ਸਨ।
  ਸੈਂਕੜੇ ਵੱਡੀਆਂ ਤੇ ਮਿੰਨੀ ਬੱਸਾਂ ਸਣੇ ਅਣਗਿਣਤ ਵਹੀਕਲਾਂ ਦੀ ਪਾਰਕਿੰਗ ਲਈ ਲੰਮੀ-ਚੌੜੀ ਮੰਡੀ ਭੀੜੀ ਜਾਪ ਰਹੀ ਸੀ।
  ਇਕੱਠ ਨੂੰ ਸੰਬੋਧਨ ਕਰਨ ਵਾਲੇ ਮੁਖ ਬੁਲਾਰਿਆ ਵਿੱਚ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਪ੍ਰੈਸ ਸਕੱਤਰ ਹਰਦੀਪ ਸਿੰਘ ਟੱਲੇਵਾਲ, ਔਰਤ ਆਗੂ ਹਰਿੰਦਰ ਕੌਰ (ਬਿੰਦੂ) ਤੋਂ ਇਲਾਵਾ ਜਿਲਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ (ਸੰਗਰੂਰ), ਰਾਮ ਸਿੰਘ ਭੈਣੀਬਾਘਾ (ਮਾਨਸਾ), ਬੁੱਕਣ ਸਿੰਘ ਸੱਦੋਵਾਲ (ਬਰਨਾਲਾ) ਅਤੇ ਅਮਰਜੀਤ ਸਿੰਘ ਸੈਦੋਕੇ (ਮੋਗਾ) ਸ਼ਾਮਲ ਸਨ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੂਬਾ ਸੰਗਠਨ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਨਿਭਾਈ।
      ਜਿੱਥੇ ਸਮੂਹ ਬੁਲਾਰਿਆ ਨੇ ਮਾਰਚ ਮਹੀਨੇ ਦੇ ਸ਼ਹੀਦਾਂ ਭਗਤ ਸਿੰਘ,ਰਾਜਗੁਰੂ ਤੇ ਸੁਖਦੇਵ ਦੇ ਵਿਚਾਰਾਂ ਤੇ ਕੁਰਬਾਨੀ ਤੋਂ ਪ੍ਰੇਰਣਾ ਲੈਣ ਦਾ ਸੱਦਾ ਦਿੱਤਾ ਉੱਥੇ ਔਰਤ ਆਗੂ ਬਿੰਦੂ ਨੇ ਵਿਸ਼ੇਸ਼ ਤੌਰ ਤੇ ਅੱਜ ਦੇ ਕੌਮਾਂਤਰੀ ਔਰਤ ਦਿਵਸ ਦੀ ਮਹੱਤਤਾ ਤੇ ਚਾਨਣ ਪਾਉਂਦੇ ਹੋਏ ਮਹਾਨ ਔਰਤ ਕਲਾਰਾ ਜ਼ੈਟਕਿਨ ਵੱਲੋਂ ਔਰਤ ਅਜ਼ਾਦੀ ਲਈ ਜ਼ਿੰਦਗੀ ਭਰ ਕੀਤੀ ਘਾਲਣਾ ਤੋਂ ਔਰਤਾਂ ਨੂੰ ਪ੍ਰੇਰਣਾ ਲੈਣ ਦਾ ਸੱਦਾ ਦਿੱਤਾ। ਕਰਜ਼ਿਆਂ ਨਾਲ ਵਿੰਨੇ ਅਤੇ ਵਾਰ-ਵਾਰ ਮੁੱਕਰਦੀਆਂ ਸਰਕਾਰਾਂ ਤੋਂ ਕਰਜ਼ਾ-ਮੁਕਤੀ ਦੀ ਆਸ ਮੁਕਾ ਚੁੱਕੇ ਕਿਸਾਨ ਤੇ ਖੇਤ ਮਜ਼ਦੂਰ ਧੜਾ-ਧੜ ਖੁਦਕਸ਼ੀਆਂ ਦਾ ਸ਼ਿਕਾਰ ਹੋ ਰਹੇ ਹਨ।
      ਇਹਨਾਂ ਅਣ-ਆਈਆਂ ਲੱਖਾਂ ਮੌਤਾਂ ਲਈ ਬੁਲਾਰਿਆਂ ਨੇ ਸਰਕਾਰਾਂ ਨੂੰ ਦੋਸ਼ੀ ਠਹਿਰਾਇਆ, ਜਿਹਨਾਂ ਦੀਆਂ ਕਿਸਾਨ-ਵਿਰੋਧੀ ਨੀਤੀਆਂ ਨੇ ਖੇਤੀ ਨੂੰ ਬੇਹੱਦ ਘਾਟੇਵੰਦ ਕਿੱਤਾ ਬਣਾ ਧਰਿਆ ਹੈ। ਉਹਨਾਂ ਕਿਹਾ ਕਿ ਵੋਟਾਂ ਲੈਕੇ ਗੱਦੀਆਂ ਹਥਿਆਉਣ ਲਈ ਸਹੁੰਆਂ ਚੁੱਕ-ਚੁੱਕ ਕੀਤੇ ਮੁਕੰਮਲ ਕਰਜ਼ਾ-ਮੁਕਤੀ ਤੇ ਹਰ ਘਰ ਰੁਜ਼ਗਾਰ ਵਰਗੇ ਵਾਅਦਿਆਂ ਤੋ ਮੁੱਕਰਨ ਖਾਤਰ ਖਜ਼ਾਨਾ ਖਾਲੀ ਹੋਣ ਦੀ ਰਟ ਲਾ ਰਹੇ ਇਹ
  ਮੱਕਾਰ ਹੁਕਮਰਾਨ ਉਸੇ ਖਜ਼ਾਨੇ ਵਿੱਚੋਂ ਦੇਸੀ-ਬਦੇਸੀ ਸਾਮਰਾਜੀ ਕੰਪਨੀਆਂ ਦੇ ਅਰਬਾਂ-ਖਰਬਾਂ ਦੇ ਕਰਜ਼ੇ ਆਏ ਸਾਲ ਵੱਟੇ ਖਾਤੇ ਪਾਉਂਦੇ ਹਨ ਅਤੇ ਹੋਰ ਅਰਬਾਂ-ਖਰਬਾਂ ਦੀਆਂ ਟੈਕਸ-ਛੋਟਾਂ ਵੀ ਦਿੰਦੇ ਹਨ।
     ਉਲਟਾ ਕਿਸਾਨਾਂ ਮਰਦੂਰਾਂ ਸਣੇ ਸਾਰੇ ਕਿਰਤੀਆਂ ਉੱਤੇ ਜੀ.ਐਸ.ਟੀ. ਵਰਗੇ ਭਾਰੀ ਟੈਕਸ ਮੜੇ ਜਾਂਦੇ ਹਨ। ਖੇਤੀ ਮੋਟਰਾਂ 'ਤੇ ਮੀਟਰ ਲਾ ਕੇ ਮੁਫ਼ਤ ਬਿਜਲੀ ਸਬਸਿਡੀ ਖੋਹਣ ਦਾ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਲੋਕ-ਸਭਾ ਵਿੱਚ ਕੀਤਾ ਗਿਆ ਫ਼ਸਲੀ ਲਾਗਤ ਖਰਚਿਆਂ ਨਾਲੋਂ ਡੂਢੇ ਭਾਅ ਦੇਣ ਦਾ ਐਲਾਨ ਨਿਰਾ ਫਰੇਬ ਸਾਬਤ ਹੋਇਆ ਜਦੋਂ ਖਜ਼ਾਨਾ ਮੰਤਰੀ ਨੇ ਦਾਅਵਾ ਕੀਤਾ ਕਿ ਲਾਗਤ ਖਰਚੇ ਗਿਣਨ ਦੇ ਸਰਕਾਰੀ ਫਾਰਮੂਲੇ (ਏ2+ਪਰਵਾਰਕ ਕਿਰਤ) ਮੁਤਾਬਕ ਲਗਭਗ ਸਾਰੀਆਂ ਫਸਲਾਂ ਦੇ ਡੂਢੇ ਭਾਅ ਪਹਿਲਾਂ ਹੀ ਦਿੱਤੇ ਜਾ ਰਹੇ ਹਨ। ਬਲਕਿ ਕਣਕ ਦਾ ਭਾਅ ਤਾਂ ਦੁੱਗਣਾ ਦਿੱਤਾ ਜਾ ਰਿਹਾ, ਯਾਨੀ ਇਸਨੂੰ ਡੂਢਾ ਕਰਨ ਲਈ 25% ਕਾਟ ਲਾਉਣੀ ਪਵੇਗੀ। ਇਸ ਫਾਰਮੂਲੇ ਨੂੰ ਜਥੇਬੰਦੀ ਰੱਦ ਕਰਦੀ ਹੈ ਅਤੇ ਸੀ3 ਫਾਰਮੂਲਾ ਲਾਗੂ ਕਰਨ ਦੀ ਮੰਗ ਕਰਦੀ ਹੈ।
    ਗਊ-ਸੈਸੱ ਰਾਹੀਂ ਅਰਬਾਂ-ਖਰਬਾਂ ਦੇ ਟੈਕਸ ਬਟੋਰ ਕੇ ਵੀ ਫਸਲਾਂ ਲਤਾੜਦੀਆਂ ਫਿਰਦੀਆਂ ਅਵਾਰਾਂ ਗਊਆਂ ਦਾ ਕੋਈ ਇੰਤਜ਼ਾਮ ਨਹੀਂ ਕੀਤਾ ਜਾ ਰਿਹਾ। ਵਿੱਦਿਆ,ਸਿਹਤ, ਬਿਜਲੀ, ਆਵਾਜਾਈ ਆਦਿ ਸਾਰੀਆਂ ਜਨਤਕ ਸੇਵਾਵਾਂ ਨਿੱਜੀ ਕੰਪਨੀਆਂ ਹਵਾਲੇ ਕਰਕੇ ਕਿਸਾਨਾਂ ਮਜ਼ਦੂਰਾਂ ਤੇ ਹੋਰ ਕਿਰਤੀਆਂ ਦੀ ਪਹੁੰਚ ਤੋਂ ਦੂਰ ਕੀਤੀਆਂ ਜਾ ਰਹੀਆਂ ਹਨ। ਕਰਜ਼ੇ ਚੜਨ ਦੇ ਮੂਲ ਕਾਰਨਾਂ ਵਿੱਚੋਂ ਇੱਕ ਵੱਡਾ ਕਾਰਨ ਕਿਸਾਨਾਂ ਮਜ਼ਦੂਰਾਂ ਦੀ ਜ਼ਮੀਨੀ ਤੋਟ ਨੂੰ ਜ਼ਮੀਨੀ ਹੱਦ ਬੰਦੀ ਕਾਨੂੰਨ ਸਖਤੀ ਨਾਲ ਲਾਗੂ ਕਰਕੇ ਪੂਰਾ ਕਰਨ ਦੀ ਬਜਾਏ ਠੇਕਾ ਖੇਤੀ ਰਾਹੀਂ ਕੰਪਨੀਆਂ ਦੇ ਵੱਡੇ ਖੇਤੀ- ਫਾਰਮਾਂ ਵਾਲੀ ਨੀਤੀ ਰਾਹੀਂ ਅਤੇ ਕਰਜ਼ਿਆਂ ਬਦਲੇ ਕੁਰਕੀਆਂ/ਨਿਲਾਮੀਆਂ ਰਾਹੀਂ ਛੋਟੇ ਦਰਮਿਆਨੇ ਕਿਸਾਨਾਂ ਤੋਂ ਜ਼ਮੀਨਾਂ ਖੋਹਣ ਦੇ ਜੁਗਾੜ ਬਣਾਏ ਜਾ ਰਹੇਹਨ।       ਨਵੇਂ ਰੁਜ਼ਗਾਰ ਦਾ ਕਾਲ.ਪਾਉਣ ਤੋਂ ਇਲਾਵਾ ਪੱਕੇ ਮੁਲਾਜਮਾਂ ਦੀਆਂ ਤਨਖਾਹਾਂ ਵਿੱਚ 75% ਤੱਕ ਕਟੌਤੀਆਂ ਅਤੇ ਛਾਂਟੀਆਂ ਕੀਤੀਆਂ ਜਾ ਰਹੀਆਂ ਹਨ। ਨੌਜਵਾਨਾਂ ਨੂੰ ਕੁਰਾਹੇ ਪਾਉਣ ਲਈ ਨਸ਼ਿਆਂ ਤੇ ਗੁੰਡਾਗਰਦੀ ਵਰਗੇ ਸਮਾਜ-ਵਿਰੋਧੀ ਧੰਦਿਆਂ ਨੂੰ ਸਿਆਸੀ ਸਰਪ੍ਰਸਤੀ ਦਿੱਤੀ ਜਾ ਰਹੀ ਹੈ। ਔਰਤ- ਵਿਰੋਧੀ ਲੱਚਰ ਸੱਭਿਆਚਾਰ ਨੂੰ ਮੀਡੀਆ ਨੇ ਮੋਟੀ ਕਮਾਈ ਦਾ ਸਾਧਨ ਬਣਾ ਰੱਖਿਆ ਹੈ। ਜਿਸ ਵਿੱਚੋ ਰਾਜਨੀਤਿਕ ਪਾਰਟੀਆਂ ਨੂੰ ਚੋਣ ਫੰਡ ਦਿੱਤੇ ਜਾਦੇ ਹਨ। ਪਾੜੋ ਤੇ ਰਾਜ ਕਰੋ ਦੀ ਨੀਤੀ ਤਹਿਤ ਹਿੰਸਕ ਹਿੰਦੂ ਫਿਰਕਾਪ੍ਰਸਤੀ ਨੂੰ ਹਵਾ ਦਿੱਤੀ ਜਾ ਰਹੀ ਹੈ ਵੱਖਰੇ ਵਿਚਾਰਾਂ ਵਾਲੇ ਮਰਹੂਮ ਆਗੂਆਂ ਦੇ ਬੁੱਤ ਤੋੜੇ ਜਾ ਰਹੇ ਹਨ। ਇਹਨਾਂ ਸਾਰੀਆਂ ਲੋਕ-ਵਿਰੋਧੀ ਤੇ ਸਾਮਰਾਜ ਜਗੀਰਦਾਰ ਪੱਖੀ ਨੀਤੀਆਂ ਦੀ ਜ਼ੋਰਦਾਰ ਨਿਖੇਧੀ ਕਰਦੇ ਹੋਏ ਬੁਲਾਰਿਆਂ ਨੇ ਇਹਨਾਂ ਨੀਤੀਆਂ ਦਾ ਫਸਤਾ ਵੱਢਣ ਲਈ ਕਿਸਾਨਾਂ ਮਜ਼ਦੂਰਾਂ ਨੂੰ ਸੰਘਰਸ਼ਾਂ ਦੇ ਮੈਦਾਨ ਵਿੱਚ ਕੁੱਦਣ ਦਾ ਸੱਦਾ ਦਿੱਤਾ।
       ਅੱਜ ਦੇ ਇਕੱਠ ਵੱਲੋਂ ਬੁਲਾਰਿਆਂ ਨੇ ਮੰਗ ਕੀਤੀ ਕਿ ਖ਼ੁਦਕੁਸ਼ੀਆਂ ਠੱਲਣ ਲਈ ਫ਼ੌਰੀ ਰਾਹਤ ਵਜੋਂ ਕਰਜ਼ੇ ਮੋੜਨੋਂ ਅਸਮਰਥ ਕਿਸਾਨਾਂ ਮਜ਼ਦੂਰਾਂ ਦੇ ਸਮੁੱਚੇ ਕਰਜ਼ਿਆਂ 'ਤੇ ਲਕੀਰ ਮਾਰੀ ਜਾਵੇ ਪ੍ਰੰਤੂ ਵੱਡੇ ਜਗੀਰਦਾਰਾਂ ਤੋਂ ਕਰਜ਼ੇ ਸਖਤੀ ਨਾਲ ਵਸੂਲੇ ਜਾਣ, ਆਮਦਨ ਟੈਕਸ ਵੀ ਲਿਆ ਜਾਵੇ ਅਤੇ ਖੇਤੀ ਸਬਸਿਡੀਆਂ ਵੀ ਖਤਮ ਕੀਤੀਆਂ ਜਾਣ। ਖੁਦਕੁਸ਼ੀ- ਪੀੜਤ ਕਿਸਾਨ ਮਜ਼ਦੂਰ ਪਰਵਾਰਾਂ ਨੂੰ 10-10 ਲੱਖ ਦੀ ਸਹਾਇਤਾ ਅਤੇ 1-1 ਪੱਕੀ ਨੌਕਰੀ ਦਿੱਤੀ ਜਾਵੇ। ਮੁੜ ਕਰਜ਼ੇ ਚੜਨੋਂ ਰੋਕਣ ਲਈ ਜ਼ਮੀਨੀ ਹੱਦਬੰਦੀ ਕਾਨੂੰਨ ਸਖਤੀ ਨਾਲ ਲਾਗੂ ਕਰਕੇ ਫਾਲਤੂ ਜ਼ਮੀਨਾਂ ਬੇਜ਼ਮੀਨੇ/ ਥੁੜਜ਼ਮੀਨੇ ਕਿਸਾਨਾਂ ਮਜ਼ਦੂਰਾਂ 'ਚ ਵੰਡੀਆਂ ਜਾਣ। ਸਹੀ ਅਰਥਾਂ 'ਚ ਕਿਸਾਨ ਮਜ਼ਦੂਰ ਪੱਖੀ ਸੂਦਖੋਰੀ ਕਰਜ਼ਾ ਕਾਨੂੰਨ ਬਣਾ ਕੇ ਕੁਰਕੀਆਂ ਨਿਲਾਮੀਆਂ ਖਤਮ ਕੀਤੀਆਂ ਜਾਣ। ਦਸਖਤਾਂ ਵਾਲੇ ਖਾਲੀ ਚੈੱਕ, ਪ੍ਰਨੋਟ, ਅਸ਼ਟਾਮ ਲੈਣੇ ਸਜ਼ਾਯੋਗ ਜੁਰਮ ਕਰਾਰ ਦਿੱਤੇ ਜਾਣ ਅਤੇ ਪਹਿਲਾਂ ਲਏ ਵਾਪਸ ਦਿਵਾਏ ਜਾਣ।
       ਖੇਤੀ ਮੋਟਰਾਂ 'ਤੇ ਮੀਟਰ ਲਾ ਕੇ ਬਿੱਲ ਵਸੂਲਣ ਸੰਬੰਧੀ ਚਲਾਕੀ ਭਰੇ ਫੈਸਲੇ ਰੱਦ ਕੀਤੇ ਜਾਣ। ਸਰਕਾਰੀ ਥਰਮਲ ਬੰਦ ਕਰਨ ਦਾ ਫੈਸਲਾ ਵੀ ਰੱਦ ਕੀਤਾ ਜਾਵੇ। ਅਵਾਰਾ ਪਸ਼ੂਆਂ ਤੇ ਕੁੱਤਿਆਂ ਦਾ ਪੱਕਾ ਬੰਦੋਬਸਤ ਕੀਤਾ ਜਾਵੇ। ਕੰਪਨੀਆਂ ਵਾਲੀ ਠੇਕਾ-ਖੇਤੀ ਤੇ ਹੋਰ ਢੰਗਾਂ ਰਾਹੀਂ ਆਮ ਕਿਸਾਨਾਂ ਦੀਆਂ ਜ਼ਮੀਨਾਂ ਹਥਿਆਉਣ ਵਾਲੀਆਂ ਨੀਤੀਆਂ ਰੱਦ ਕੀਤੀਆਂ ਜਾਣ। ਖੇਤੀ ਲਾਗਤ ਖਰਚੇ ਘਟਾਉਣ ਲਈ ਕਾਰਪੋਰੇਟਾਂ ਦੇ ਅੰਨੇ ਮੁਨਾਫ਼ੇ ਛਾਂਗੇ ਜਾਣ। ਸਾਰੀਆਂ ਫਸਲਾਂ ਦੇ ਲਾਗਤ ਖਰਚੇ ਸੀ3 ਫਾਰਮੂਲੇ ਅਨੁਸਾਰ ਗਿਣ ਕੇ 50% ਵੱਧ ਸਮਰਥਨ ਮੁੱਲ ਦਿੱਤੇ ਜਾਣ ਅਤੇ ਖਰੀਦ ਦੀ ਗਰੰਟੀ ਕੀਤੀ ਜਾਵੇ।
     ਘਟੀਆ ਬੀਜਾਂ/ ਖਾਦਾਂ/ ਦਵਾਈਆਂ ਜਾਂ ਬਿਜਲੀ- ਖਰਾਬੀ ਜਾਂ ਕੁਦਰਤੀ ਆਫਤਾਂ ਜਾਂ ਅਵਾਰਾ ਪਸ਼ੂਆਂ ਰਾਹੀਂ ਤਬਾਹ ਹੋਈਆਂ ਫਸਲਾਂ ਦੇ ਔਸਤ ਝਾੜ ਮੁਤਾਬਕ ਪੂਰਾ- ਪੂਰਾ ਮੁਆਵਜ਼ਾ ਦਿੱਤਾ ਜਾਵੇ। ਸਾਰੇ ਆਬਾਦਕਾਰ ਤੇ ਮੁਜ਼ਾਰਾ ਕਿਸਾਨਾਂ ਮਜ਼ਦੂਰਾਂ ਨੂੰ ਕਾਬਜ਼ ਜ਼ਮੀਨਾਂ ਦੇ ਮਾਲਕੀ ਹੱਕ ਤੁਰੰਤ ਦਿੱਤੇ ਜਾਣ। ਖੇਤੀ ਰਹਿੰਦ- ਖੂੰਹਦ ਨੂੰ ਬਿਨਾਂ ਜਲਾਏ ਸਾਂਭਣ ਲਈ ਕਣਕ ਅਤੇ ਝੋਨੇ ਉੱਪਰ 200 ਰੁ:/ ਕੁਇੰਟਲ ਬੋਨਸ ਦਿੱਤਾ ਜਾਵੇ। 'ਪੰਜਾਬ ਜਨਤਕ ਤੇ ਨਿਜੀ ਜਾਇਦਾਦ ਭੰਨਤੋੜ ਰੋਕੂ ਕਾਨੂੰਨ 2016' ਅਤੇ 'ਪਕੋਕਾ' ਦੀ ਤਜਵੀਜ਼ ਦੋਨੋਂ ਰੱਦ ਕੀਤੇ ਜਾਣ। ਦਫਾ 144 ਅਤੇ 107/151 ਆਦਿ ਦੀ ਦੁਰਵਰਤੋਂ ਰੋਕੀ ਜਾਵੇ। ਇਕੱਠ ਵੱਲੋਂ ਮਤਾ ਪਾਸ ਕਰਕੇ ਪੱਕੇ ਰੁਜ਼ਗਾਰ ਲਈ ਜੂਝ ਰਹੇ ਠੇਕਾ ਕਾਮਿਆਂ, ਨੌਕਰੀਓ ਕੱਢੇ ਥਰਮਲ ਕਾਮਿਆਂ ਅਤੇ ਬਿਜਲੀ ਕਾਮਿਆਂ ਦੇ ਸਾਂਝੇ ਸੰਘਰਸ਼ ਦਾ ਜ਼ੋਰਦਾਰ ਸਮਰਥਨ ਕੀਤਾ ਗਿਆ ਅਤੇ 15 ਮਾਰਚ ਦੇ ਪਟਿਆਲਾ ਧਰਨੇ 'ਚ ਵਧ ਚੜ ਕੇ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ।
         ਇੱਕ ਹੋਰ ਮਤੇ ਰਾਹੀਂ ਇਕੱਠ ਵੱਲੋਂ ਜਥੇਬੰਦੀ ਦੇ ਉਸ ਪੈਂਤੜੇ ਦੀ ਗੱਜ ਵੱਜ ਕੇ ਪ੍ਰੋੜਤਾ ਕੀਤੀ ਗਈ ਜਿਸ ਮੁਤਾਬਕ ਵੱਡੇ ਜਗੀਰਦਾਰਾਂ ਤੇ ਆਮ ਕਿਸਾਨਾਂ ਮਜ਼ਦੂਰਾਂ ਦਰਮਿਆਨ ਦੁਸ਼ਮਣੀ ਵਾਲੀ ਜਮਾਤੀ ਲਕੀਰ ਨੂੰ ਮੇਸ ਕੇ ਵੀ.ਐਮ.ਸਿੰਘ ਵਰਗੇ ਵੱਡੇ ਜਗੀਰਦਾਰਾਂ ਦੀ ਅਗਵਾਈ ਹੇਠ ਕਰਜ਼ਾ- ਮੁਕਤੀ ਸੰਘਰਸ਼ ਦੇ ਪਰਦੇ ਓਹਲੇ ਲੁਟੇਰੇ ਪ੍ਰਬੰਧ ਦੇ ਖਾਤਮੇ ਲਈ ਤਾਂਘ ਰਹੇ ਕਿਸਾਨ-ਰੋਹ ਨੂੰ ਕੁਰਾਹੇ ਪਾ ਕੇ ਖਾਰਜ ਕਰਨ ਵੱਲ ਸੇਧਤ ਦੋ ਸੌ ਜਥੇਬੰਦੀਆਂ ਦੇ ਮੰਚ ਤੋਂ ਪਾਸੇ ਰਹਿ ਕੇ ਦੋਸਤਾਂ-ਦੁਸ਼ਮਣਾਂ ਦੀ ਸਹੀ ਪਛਾਣ 'ਤੇ ਆਧਰਾਤ ਕਰਜ਼ਾ ਮੁਕਤੀ ਸੰਘਰਸ਼ ਨੂੰ ਹੋਰ ਵਿਸ਼ਾਲ ਤੇ ਮਜ਼ਬੂਤ ਕਰਨ ਦਾ ਫੈਸਲਾ ਜਥੇਬੰਦੀ ਨੇ ਲਿਆ ਹੈ। ਅਗਲੇ ਪੜਾਅ  'ਤੇ ਤਿੰਨ ਅਪ੍ਰੈਲ ਨੂੰ ਚੰਡੀਗੜ  'ਚ 7 ਜਥੇਬੰਦੀਆਂ ਦੀ ਸਾਂਝੀ ਕਰਜ਼ਾ  ਮੁਕਤੀ ਰੈਲੀ 'ਚ ਵਧ ਚੜ ਕੇ ਸ਼ਾਮਲ ਹੋਣ ਦਾ ਸੱਦਾ ਪੰਜਾਬ ਭਰ ਦੇ ਕਿਸਾਨਾਂ ਮਜ਼ਦੂਰਾਂ ਨੂੰ ਦਿੱਤਾ ਗਿਆ। ਉਸ ਤੋਂ ਅਗਲੇ ਪੜਾਅ 'ਤੇ ਫੈਸਲਾਕੁੰਨ ਸੰਘਰਸ਼ ਦੀ ਤਿਆਰੀ ਲਈ ਕਮਰਕੱਸੇ ਕੱਸਣ ਦਾ ਹੋਕਾ ਕਿਸਾਨਾਂ ਮਜ਼ਦੂਰਾਂ ਨੂੰ ਦਿੱਤਾ ਗਿਆ ਅਤੇ ਉਕਤ ਮੰਗਾਂ ਨਾ ਮੰਨਣ ਵਾਲੀ ਸਰਕਾਰ ਨੂੰ ਕਿਸਾਨਾਂ ਮਜ਼ਦੂਰਾਂ ਦੇ ਪ੍ਰਚੰਡ ਰੋਹ ਦਾ ਸਿਆਸੀ ਸੇਕ ਝੱਲਣ ਦੀ ਚਿਤਾਵਨੀ ਦਿੱਤੀ ਗਈ।
     ਇਕੱਠ ਨੂੰ ਇਨਕਲਾਬੀ ਨਾਟਕਕਾਰ ਗੁਰਸ਼ਰਨ ਭਾਜੀ ਦੀ ਬੇਟੀ ਨਵਸ਼ਰਨ ਕੌਰ ਨੇ ਵੀ ਸੰਬੋਧਨ ਕੀਤਾ ਅਤੇ ਔਰਤਾਂ ਨੂੰ ਮਰਦਾਂ ਦੇ ਬਰਾਬਰ ਮੋਢਾ ਲਾ ਕੇ ਸੰਘਰਸ਼ ਲਈ ਪ੍ਰੇਰਿਆ। ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਦੀ ਅਗਵਾਈ 'ਚ ਇਨਕਲਾਬੀ ਕੋਰੀਓਗ੍ਰਾਫੀ 'ਚੱਲ ਰਿਹੈ ਸੰਗਰਾਮ' ਚੇਤਨਾ ਕਲਾ ਕੇਂਦਰ ਬਰਨਾਲਾ ਵੱਲੋਂ ਪੇਸ਼ ਕੀਤੀ ਗਈ। ਇਨਕਲਾਬੀ ਗੀਤਕਾਰਾਂ ਜੁਗਰਾਜ ਧੌਲਾ, ਅਜ਼ਮੇਰ ਅਕਾਲੀਆ, ਮਿੱਠੂ ਕਿਲਾਭਰੀਆਂ ਅਤੇ ਪ੍ਰਭਜੋਤ ਕੌਰ ਨੇ ਇਨਕਲਾਬੀ ਗੀਤ ਪੇਸ਼ ਕੀਤੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.