ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਡਰੱਗ ਮਾਮਲਾ – ਸਿੱਧੂ ਵੱਲੋਂ ਮਜੀਠੀਆ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ
ਡਰੱਗ ਮਾਮਲਾ – ਸਿੱਧੂ ਵੱਲੋਂ ਮਜੀਠੀਆ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ
Page Visitors: 2333

ਡਰੱਗ ਮਾਮਲਾ – ਸਿੱਧੂ ਵੱਲੋਂ ਮਜੀਠੀਆ ਨੂੰ ਗ੍ਰਿਫ਼ਤਾਰ ਕਰਨ ਦੀ ਮੰਗਡਰੱਗ ਮਾਮਲਾ – ਸਿੱਧੂ ਵੱਲੋਂ ਮਜੀਠੀਆ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ

March 16
21:38 2018
ਚੰਡੀਗੜ੍ਹ, 16 ਮਾਰਚ (ਪੰਜਾਬ ਮੇਲ)- ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਕਥਿਤ ਤੌਰ ’ਤੇ ਨਸ਼ਿਆਂ ਦੀ ਸਮਗਲਿੰਗ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਸ੍ਰੀ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਸਾਬਕਾ ਵਿਧਾਇਕ ਡਾ. ਨਵਜੋਤ ਕੌਰ ਨੇ ਸਰਕਾਰ ਵੱਲੋਂ ਨਸ਼ਿਆਂ ਦੀ ਸਮਗਲਿੰਗ ਰੋਕਣ ਲਈ ਬਣਾਈ ਗਈ ਵਿਸ਼ੇਸ਼ ਟਾਸਕ ਫੋਰਸ (ਐਸਟੀਐਫ) ਦੀ ਰਿਪੋਰਟ ਦਾ ਹਵਾਲਾ ਦਿੱਤਾ। ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਐਸਟੀਐਫ ਵੱਲੋਂ ਸੌਂਪੀ ਗਈ 24 ਪੰਨਿਆਂ ਦੀ ਰਿਪੋਰਟ ਵਿਚਲੇ ਤੱਥਾਂ ਦਾ ਖ਼ੁਲਾਸਾ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਇਸ ਰਿਪੋਰਟ ਦੇ ਆਧਾਰ ’ਤੇ ਸਾਬਕਾ ਮਾਲ ਮੰਤਰੀ ਦੀ ਬਕਾਇਦਾ ਪੜਤਾਲ ਹੋਣੀ ਚਾਹੀਦੀ ਹੈ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ 40 ਵਿਧਾਇਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਦਬਾਅ ਪਾਇਆ ਸੀ ਕਿ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਉਸ ਸਮੇਂ ਮੁੱਖ ਮੰਤਰੀ ਵੱਲੋਂ ਇਹੋ ਦਲੀਲ ਦਿੱਤੀ ਗਈ ਸੀ ਕਿ ਸ੍ਰੀ ਮਜੀਠੀਆ ਦੀ ਸ਼ਮੂਲੀਅਤ ਸਬੰਧੀ ਪੁਖ਼ਤਾ ਸਬੂਤਾਂ ਦੀ ਕਮੀ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਐਸਟੀਐਫ ਦੀ ਰਿਪੋਰਟ ਨੂੰ ਅਣਗੌਲਿਆ ਕਰਨਾ ਹੁਣ ਮੁਸ਼ਕਿਲ ਹੋ ਜਾਵੇਗਾ ਅਤੇ ਰਾਜ ਸਰਕਾਰ ਨੂੰ ਇਸ ਰਿਪੋਰਟ ਦੇ ਆਧਾਰ ’ਤੇ ਕਾਰਵਾਈ ਕਰਨੀ ਪਏਗੀ। ਉਨ੍ਹਾਂ ਦਾਅਵਾ ਕੀਤਾ ਕਿ ਨਸ਼ਿਆਂ ਦੀ ਸਮਗਲਿੰਗ ਦੇ ਮਾਮਲੇ ਵਿੱਚ ਨਾਮਜ਼ਦ ਜਗਜੀਤ ਸਿੰਘ ਚਾਹਲ ਅਤੇ ਮਨਿੰਦਰ ਸਿੰਘ ਬਿੱਟੂ ਆਦਿ ਨੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਤੱਥਾਂ ’ਤੇ ਅਾਧਾਰਿਤ ਬਿਆਨ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਬਿਆਨਾਂ ਦੀ ਪੁਣ-ਛਾਣ ਮਗਰੋਂ ਹੀ ਐਸਟੀਐਫ ਦੇ ਮੁਖੀ ਏਡੀਜੀਪੀ ਹਰਪ੍ਰੀਤ ਸਿੰਘ ਸਿੱਧੂ ਨੇ ਆਪਣੀ ਰਿਪੋਰਟ ਵਿੱਚ ਇਸ ਦਾ ਖ਼ੁਲਾਸਾ ਕੀਤਾ ਹੈ। ਸ੍ਰੀ ਸਿੱਧੂ ਨੇ ਕਿਹਾ ਕਿ ਜਗਜੀਤ ਸਿੰਘ ਚਾਹਲ ਨੇ ਬਿਕਰਮ ਸਿੰਘ ਮਜੀਠੀਆ ਨੂੰ 35 ਲੱਖ ਰੁਪਏ ਦੇਣ ਦਾ ਬਿਆਨ ਦਿੱਤਾ ਸੀ। ਉਨ੍ਹਾਂ ਕਿਹਾ ਕਿ ਜੇਕਰ ਚਾਹਲ, ਅੌਲਖ ਜਾਂ ਹੋਰ ਵਿਅਕਤੀਆਂ ਨੂੰ ਸਮਗਲਿੰਗ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ ਤਾਂ ਐਸਟੀਐਫ ਦੀ ਰਿਪੋਰਟ ਦੇ ਅਾਧਾਰ ’ਤੇ ਮਜੀਠੀਆ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਜਾ ਸਕਦਾ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕੈਨੇਡਾ ਰਹਿੰਦੇ ਵਿਅਕਤੀਆਂ ਸੱਤਾ, ਲਾਡੀ ਅਤੇ ਪਿੰਦਾ ਨਾਲ ਮਜੀਠੀਆ ਦੇ ਨੇੜਲੇ ਸਬੰਧਾਂ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ ਕਿ ਰਿਪੋਰਟ ਵਿੱਚ ਅਕਾਲੀ ਹਕੂਮਤ ਸਮੇਂ ਸੂਬੇ ਵਿੱਚ ਰੇਤ ਦੇ ਧੰਦੇ ’ਚ ਸਾਬਕਾ ਮੰਤਰੀ, ਮੁਕਤਸਰ ਤੋਂ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਅਤੇ ਹੋਰਨਾਂ ਦੀ ਸ਼ਮੂਲੀਅਤ ਦਾ ਜ਼ਿਕਰ ਵੀ ਕੀਤਾ ਗਿਆ ਹੈ।
ਮੈਂ ਸਿੱਧੂ ਅੱਗੇ ਜਵਾਬਦੇਹ ਨਹੀਂ: ਬਿਕਰਮ ਮਜੀਠੀਆ
ਅਕਾਲੀ ਆਗੂ ਬਿਕਰਮ ਸਿੰਘ ਮਰਜੀਠੀਆ ਦਾ ਕਹਿਣਾ ਹੈ ਕਿ ਐਸਟੀਐਫ ਦੀ ਰਿਪੋਰਟ ਫਿਲਹਾਲ ਅਦਾਲਤੀ ਪ੍ਰਕਿਰਿਆ ਦਾ ਹਿੱਸਾ ਹੈ ਅਤੇ ਬੰਦ ਲਿਫਾਫੇ ਵਿੱਚ ਹੈ। ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਇਸ ਰਿਪੋਰਟ ਨੂੰ ਜਨਤਕ ਕਰਕੇ ਅਦਾਲਤੀ ਤੌਹੀਨ ਕੀਤੀ ਹੈ। ਮਜੀਠੀਆ ਨੇ ਇਹ ਵੀ ਕਿਹਾ ਕਿ ਉਹ ਨਵਜੋਤ ਸਿੰਘ ਸਿੱਧੂ ਨੂੰ ਜਵਾਬਦੇਹ ਨਹੀਂ ਹਨ ਤੇ ਈਡੀ ਦੀ ਰਿਪੋਰਟ ਨੂੰ ਅਜੇ ਤੱਕ ਕਿਸੇ ਵੀ ਅਦਾਲਤ ਨੇ ਸਹੀ ਨਹੀਂ ਮੰਨਿਆ ਹੈ ਅਤੇ ਐਸਟੀਐਫ ਨੇ ਈਡੀ ਦੇ ਦਸਤਾਵੇਜ਼ਾਂ ’ਤੇ ਹੀ ਮੋਹਰ ਲਾਈ ਹੈ।
.............................................
ਟਿੱਪਣੀ:- ਨਿਰੀ ਡਰਾਮੇਬਾਜ਼ੀ, ਆਪ ਦੇ ਲੀਡਰਾਂ ਨੂੰ ਭੜਕਾ ਕੇ ਆਪ ਨੂੰ ਤੋੜਨ ਦੀ ਸਾਜ਼ਿਸ਼।  ਅੱਜ ਤਕ ਸਿੱਧੂ ਕਿੱਥੇ ਸੀ ? ਕੀ ਪੰਜਾਬ ਸਰਕਾਰ, ਕੈਪਟਨ , ਮਜੀਠੀਆ ਨੂੰ ਗ੍ਰਿਫਤਾਰ ਕਰਨਗੇ ? ਕਦੇ ਨਹੀਂ। ਆਪ ਵਾਲਿਆਂ ਨੂੰ ਇਨ੍ਹਾਂ ਚਲਾਕੀਆਂ ਨੂੰ ਸਮਝਣ ਦੀ ਵੀ ਲੋੜ ਹੈ। ਦੂਸਰਿਆਂ ਦੀਆਂ ਤੁਖਣਾਂ ਨਾਲ ਘਰ ਨੂੰ ਅੱਗ ਨਹੀਂ ਲਾਈਦੀ।          ਅਮਰ ਜੀਤ ਸਿੰਘ ਚੰਦੀ

 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.