ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਮਾਨ ਤੇ ਅਰੋਡ਼ਾ ਦੇ ਅਸਤੀਫੇ ਕੇਜਰੀਵਾਲ ਨੇ ਕੀਤੇ ਨਾਮਨਜ਼ੂਰ
ਮਾਨ ਤੇ ਅਰੋਡ਼ਾ ਦੇ ਅਸਤੀਫੇ ਕੇਜਰੀਵਾਲ ਨੇ ਕੀਤੇ ਨਾਮਨਜ਼ੂਰ
Page Visitors: 2321
 

ਮਾਨ ਤੇ ਅਰੋਡ਼ਾ ਦੇ ਅਸਤੀਫੇ ਕੇਜਰੀਵਾਲ ਨੇ ਕੀਤੇ ਨਾਮਨਜ਼ੂਰਮਾਨ ਤੇ ਅਰੋਡ਼ਾ ਦੇ ਅਸਤੀਫੇ ਕੇਜਰੀਵਾਲ ਨੇ ਕੀਤੇ ਨਾਮਨਜ਼ੂਰ

March 18
20:18 2018

ਚੰਡੀਗਡ਼੍ਹ, 18 ਮਾਰਚ (ਪੰਜਾਬ ਮੇਲ)- ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਮਾਣਹਾਨੀ ਕੇਸ ਵਿਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਕੋਲੋਂ ਮੁਆਫੀ ਮੰਗਣ ਕਾਰਨ ਆਏ ਭੂਚਾਲ ਨੂੰ ਠੱਲ੍ਹਣ ਲਈ ਪਾਰਟੀ ਹਾਈ ਕਮਾਂਡ ਨੇ ਅੱਜ ਸ਼ਾਮ ਦਿੱਲੀ ਵਿਚ ਮੀਟਿੰਗ ਕੀਤੀ। ਇਸ ਵਿਚ ਪੰਜਾਬ ਦੇ 20 ਵਿਚੋਂ 10 ਵਿਧਾਇਕ ਪੁੱਜੇ, ਜਿਨ੍ਹਾਂ ਵਿੱਚ ਰੋਸ ਵਜੋਂ ਪੰਜਾਬ ਦੇ ਸਹਿ ਪ੍ਰਧਾਨ ਦਾ ਅਹੁਦਾ ਛੱਡ ਚੁੱਕੇ ਅਮਨ ਅਰੋਡ਼ਾ ਵੀ ਸ਼ਾਮਲ ਹਨ। ਸੂਬੇ ਦੇ ਮੀਤ ਪ੍ਰਧਾਨ ਡਾ. ਬਲਬੀਰ ਸਿੰਘ ਨੇ ਵੀ ਮੀਟਿੰਗ ’ਚ ਹਾਜ਼ਰੀ ਭਰੀ।
ਬੀਤੇ ਦਿਨ ਤੋਂ ਪਾਰਟੀ ਦਾ ਡੈਮੇਜ ਕੰਟਰੋਲ ਕਰ ਰਹੇ 5 ਜ਼ੋਨ ਪ੍ਰਧਾਨ – ਕੁਲਦੀਪ ਸਿੰਘ ਧਾਲੀਵਾਲ, ਗੁਰਦਿੱਤ ਸਿੰਘ ਸੇਖੋਂ, ਦਲਬੀਰ ਸਿੰਘ ਢਿੱਲੋਂ, ਪਰਮਜੀਤ ਸਿੰਘ ਸਚਦੇਵਾ ਅਤੇ ਅਨਿਲ ਠਾਕੁਰ ਵੀ ਮੀਟਿੰਗ ਵਿਚ ਹਾਜ਼ਰ ਸਨ। ਮੀਟਿੰਗ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰੇ ਹੋਈ। ਮੀਟਿੰਗ ਦੌਰਾਨ ਸ੍ਰੀ ਕੇਜਰੀਵਾਲ ਨੇ ਭਗਵੰਤ ਮਾਨ ਅਤੇ ਅਮਨ ਅਰੋਡ਼ਾ ਦੇ ਅਸਤੀਫੇ ਨਾਮਨਜ਼ੂਰ ਕਰ ਦਿੱਤੇ ਅਤੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨਾਲ ਵੱਖਰੀ ਮੀਟਿੰਗ ਕਰਨ ਦਾ ਫੈਸਲਾ ਕੀਤਾ ਹੈ। ਸੂਤਰਾਂ ਅਨੁਸਾਰ ਮੀਟਿੰਗ ਵਿਚ ਖੁਦ ਪੰਜਾਬ ਦੀ ਲੀਡਰਸ਼ਿਪ ਨੇ ਸਾਫ ਕੀਤਾ ਕਿ ਪੰਜਾਬ ਇਕਾਈ ਨੂੰ ਖੁਦਮੁਖਤਾਰ ਕਰ ਕੇ ਵੱਖਰਾ ਸੰਵਿਧਾਨ ਬਣਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਗ਼ੌਰਤਲਬ ਹੈ ਕਿ ਅੱਜ ਵਿਧਾਇਕ ਕੰਵਰ ਸੰਧੂ ਕਿਹਾ ਸੀ ਕਿ ਉਹ ਵੱਖਰੀ ਪਾਰਟੀ ਨਹੀਂ ਬਣਾਉਣਾ ਚਾਹੁੰਦੇ ਪਰ ਪੰਜਾਬ ਇਕਾਈ ਨੂੰ ਖ਼ੁਦਮੁਖ਼ਤਾਰ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਪੰਜਾਬ ਲੀਡਰਸ਼ਿਪ ਵੱਲੋਂ ਦਿੱਤੇ ਸੁਝਾਅ ਤੋਂ ਬਾਅਦ ਫੈਸਲਾ ਹੋਇਆ ਕਿ ਸ੍ਰੀ ਮਜੀਠੀਆ ਵਿਰੁੱਧ ਡਰੱਗ ਮਾਮਲੇ ਵਿਚ ਸੰਘਰਸ਼ ਜਾਰੀ ਰਹੇਗਾ। ਸ੍ਰੀ ਕੇਜਰੀਵਾਲ ਨੇ ਪੰਜਾਬ ਦੀ ਲੀਡਰਸ਼ਿਪ ਨੂੰ ਮੁਆਫੀ ਮੰਗਣ ਦੇ ਮਾਮਲੇ ਵਿਚ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਮੁਆਫੀ ਮੰਗਣਾ ਮਹਿਜ਼ ਸਿਆਸੀ ਦਾਅਪੇਚ ਹੈ, ਕਿਉਂਕਿ ਉਹ ਅਦਾਲਤੀ ਪ੍ਰਕਿਰਿਆ ਵਿਚ ਜ਼ਾਇਆ ਜਾ ਰਹੇ ਸਮੇੇਂ ਨੂੰ ਬਚਾਉਣਾ ਚਾਹੁੰਦੇ ਸਨ।
ਗ਼ੌਰਤਲਬ ਹੈ ਕਿ 16 ਮਾਰਚ ਨੂੰ ਸ੍ਰੀ ਖਹਿਰਾ ਵੱਲੋਂ ਪਾਰਟੀ ਦੇ ਵਿਧਾਇਕਾਂ ਦੀ ਬੁਲਾਈ ਮੀਟਿੰਗ ਵਿਚ ਐਲਾਨ ਕੀਤਾ ਗਿਆ ਸੀ ਕਿ ਕੋਈ ਵੀ ਵਿਧਾਇਕ ਇਸ ਮੀਟਿੰਗ ਵਿਚ ਸ਼ਾਮਲ ਨਹੀਂ ਹੋਵੇਗਾ। ਅੱਜ ਮੀਟਿੰਗ ਵਿਚ ਪੁੱਜਣ ਵਾਲੇ ਵਿਧਾਇਕਾਂ ਵਿਚ ਅਮਨ ਅਰੋਡ਼ਾ, ਸਰਵਜੀਤ ਕੌਰ ਮਾਣੂੰਕੇ, ਕੁਲਤਾਰ ਸਿੰਘ ਸੰਧਵਾਂ, ਅਮਰਜੀਤ ਸਿੰਘ ਸੰਦੋਆ, ਪ੍ਰੋ. ਬਲਜਿੰਦਰ ਕੌਰ, ਹਰਪਾਲ ਸਿੰਘ ਚੀਮਾ, ਪ੍ਰਿੰ. ਬੁੱਧ ਰਾਮ, ਰੁਪਿੰਦਰ ਕੌਰ ਰੂਬੀ, ਜੈ ਕ੍ਰਿਸ਼ਨ ਸਿੰਘ ਰੋਡ਼ੀ ਅਤੇ ਮਨਜੀਤ ਸਿੰਘ ਬਿਲਾਸਪੁਰ ਸ਼ਾਮਲ ਹਨ, ਜਦੋਂਕਿ ਸ੍ਰੀ ਖਹਿਰਾ, ਕੰਵਰ ਸੰਧੂ, ਐਚ.ਐਸ. ਫੂਲਕਾ, ਮੀਤ ਹੇਅਰ, ਨਾਜ਼ਰ ਸਿੰਘ ਮਾਨਸ਼ਾਹੀਆ, ਪਿਰਮਲ ਸਿੰਘ ਖਾਲਸਾ, ਕੁਲਵੰਤ ਪੰਡੋਰੀ, ਮਾਸਟਰ ਬਲਦੇਵ ਸਿੰਘ, ਜਗਦੇਵ ਸਿੰਘ ਮੌਡ਼ ਅਤੇ ਜਗਤਾਰ ਸਿੰਘ ਜੱਗਾ ਮੀਟਿੰਗ ’ਚੋਂ ਗ਼ੈਰਹਾਜ਼ਰ ਰਹੇ। ਇਸ ਤਰ੍ਹਾਂ ਪਾਰਟੀ ਵਿਚ ਦਰਾਡ਼ ਵਧਦੀ ਜਾ ਰਹੀ ਹੈ।
ਸ੍ਰੀ ਖਹਿਰਾ ਨੇ ਦਾਅਵਾ ਕੀਤਾ ਕਿ ਚਾਰ ਵਿਧਾਇਕ ਸ੍ਰੀ ਬੁੱਧ ਰਾਮ, ਸ੍ਰੀ ਬਿਲਾਸਪੁਰ, ਬੀਬੀ ਰੂਬੀ ਅਤੇ ਸ੍ਰੀ ਰੋਡ਼ੀ ਉਨ੍ਹਾਂ ਦੀ ਨੁਮਾਇੰਦਗੀ ਲਈ ਮੀਟਿੰਗ ਵਿਚ ਗਏ ਅਤੇ 14 ਵਿਧਾਇਕ ਉਨ੍ਹਾਂ ਨਾਲ ਖਡ਼੍ਹੇ ਹਨ। ਦੱਸਣਯੋਗ ਹੈ ਕਿ 16 ਮਾਰਚ ਨੂੰ ਇਥੇ ਹੋਈ ਮੀਟਿੰਗ ਦੌਰਾਨ ਸ੍ਰੀ ਖਹਿਰਾ ਸਮੇਤ ਬਹੁਤੇ ਵਿਧਾਇਕ ਵੱਖਰੀ ਪਾਰਟੀ ਬਣਾਉਣ ਲਈ ਕਾਹਲੇ ਸਨ। ੲਿਸ ਦੌਰਾਨ ਰੋਪਡ਼ ਤੋਂ ਵਿਧਾਇਕ ਸ੍ਰੀ ਸੰਦੋਆ ਵੱਲੋਂ ਇਸ ਦਾ ਵਿਰੋਧ ਕਰਨ ਅਤੇ ਬਾਅਦ ਵਿਚ ਸ੍ਰੀ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਸ੍ਰੀ ਅਰੋਡ਼ਾ ਅਤੇ ਇਕ-ਦੋ ਹੋਰ ਵਿਧਾਇਕਾਂ ਨੇ ਕਾਹਲੀ ਨਾ ਕਰਨ ਦੀ ਗੱਲ ਕਹਿ ਕਿ ਇਹ ਫੈਸਲਾ ਰੋਕ ਦਿੱਤਾ ਸੀ। ਅੱਜ ਦਿੱਲੀ ਵਾਲੀ ਮੀਟਿੰਗ ਤੋਂ ਬਾਅਦ ਸ੍ਰੀ ਖਹਿਰਾ ਨੇ ਕਿਹਾ ਕਿ ਉਹ ਅਗਲੀ ਰਣਨੀਤੀ ਆਪਣੇ ਸਹਿਯੋਗੀਆਂ ਨਾਲ ਸਲਾਹ ਮਸ਼ਵਰਾ ਕਰ ਕੇ ਬਣਾਉਣਗੇ। ਅੱਜ ਦਿੱਲੀ ਜਾਣ ਤੋਂ ਪਹਿਲਾਂ ਵੀ ਜ਼ੋਨ ਪ੍ਰਧਾਨਾਂ ਨੇ ਚੰਡੀਗਡ਼੍ਹ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਪਾਰਟੀ ਨੂੰ ਸੰਕਟ ਵਿਚੋਂ ਕੱਢਣ ਦੀ ਅਪੀਲ ਕੀਤੀ।
ਸ੍ਰੀ ਧਾਲੀਵਾਲ ਨੇ ਦੱਸਿਆ ਕਿ ਮੀਟਿੰਗ ਹਾਂਪੱਖੀ ਰਹੀ ਅਤੇ ਆਸ ਹੈ ਕਿ ਪਾਰਟੀ ਜਲਦ ਹੀ ਸੰਕਟ ਵਿਚੋਂ ਨਿਕਲ ਆਵੇਗੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.