ਭਾਰਤੀ-ਅਮਰੀਕੀਆਂ ਨੇ ਕਠੂਆ ਅਤੇ ਉਨਾਵ ਮਾਮਲਿਆਂ ‘ਚ ਭਾਰਤੀ ਦੂਤਘਰ ਦੇ ਸਾਹਮਣੇ ਕੀਤਾ ਪ੍ਰਦਰਸ਼ਨ ; ਕੀਤੀ ਨਿਆਂ ਦੀ ਮੰਗ
ਵਾਸ਼ਿੰਗਟਨ, 19 ਅਪ੍ਰੈਲ (ਪੰਜਾਬ ਮੇਲ)-ਔਰਤਾਂ ਅਤੇ ਬੱਚਿਆਂ ਸਮੇਤ ਵੱਡੀ ਗਿਣਤੀ ਵਿਚ ਭਾਰਤੀ-ਅਮਰੀਕੀਆਂ ਨੇ ‘ਨਫਰਤ ਹੱਤਿਆ, ਨਫਰਤ ਅਪਰਾਧ: ਹੁਣ ਹੋਰ ਨਹੀਂ, ਹੋਰ ਨਹੀਂ’ ਦੇ ਨਾਅਰੇ ਲਗਾਉਂਦੇ ਹੋਏ ਭਾਰਤੀ ਦੂਤਘਰ ਦੇ ਸਾਹਮਣੇ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਅਤੇ ਕਠੂਆ ਅਤੇ ਉਨਾਵ ਮਾਮਲਿਆਂ ਵਿਚ ਨਿਆਂ ਦੀ ਮੰਗ ਕੀਤੀ ਗਈ। ਜੰਮੂ-ਕਸ਼ਮੀਰ ਦੇ ਕਠੂਆ ਜ਼ਿਲੇ ਵਿਚ ਸਮੂਹਕ ਬਲਾਤਕਾਰ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ ਬੱਚੀ ਲਈ ਨਿਆਂ ਦੀ ਮੰਗ ਕਰਦੇ ਹੋਏ ਉਨ੍ਹਾਂ ਨੇ ਬੈਨਰ ਅਤੇ ਪੋਸਟਰ ਦਿਖਾਏ। ਉਨ੍ਹਾਂ ਲੋਕਾਂ ਨੇ ਉਤਰ ਪ੍ਰਦੇਸ਼ ਦੇ ਉਨਾਵ ਵਿਚ ਨਾਬਲਾਗ ਨਾਲ ਹੋਏ ਬਲਾਤਕਾਰ ਅਤੇ ਉਸ ਦੇ ਪਿਤਾ ਦੀ ਹੱਤਿਆ ਵਿਰੁੱਧ ਵੀ ਪ੍ਰਦਰਸ਼ਨ ਕੀਤਾ। ਇਸ ਨਾਬਾਲਗ ਨਾਲ ਇਕ ਵਿਧਾਇਕ ਨੇ ਪਿਛਲੇ ਸਾਲ ਕਥਿਤ ਰੂਪ ਨਾਲ ਬਲਾਤਕਾਰ ਕੀਤਾ।
ਔਰਤਾਂ ਅਤੇ ਬੱਚਿਆਂ ਸਮੇਤ ਵੱਡੀ ਗਿਣਤੀ ਵਿਚ ਭਾਰਤੀ-ਅਮਰੀਕੀ ਲੋਕ ਦੂਤਘਰ ਦੇ ਸਾਹਮਣੇ ਸਥਾਪਿਤ ਗਾਂਧੀ ਮੂਰਤੀ ਦੇ ਸਾਹਮਣੇ ਇਕੱਠੇ ਹੋਏ ਅਤੇ ਕਠੂਆ ਅਤੇ ਉਨਾਵ ਘਟਨਾਵਾਂ ਨੂੰ ਲੈ ਕੇ ਰੋਸ ਜਤਾਇਆ। ਵਾਸ਼ਿੰਗਟਨ ਵਿਚ ਦੂਤਘਰ ਦੇ ਬਾਹਰ ਪ੍ਰਦਸ਼ਨ ਦਾ ਆਯੋਜਨ ਕਰਨ ਵਾਲੇ ਅਲਾਇੰਜ ਫਾਰ ਜਸਟਿਸ ਐਂਡ ਅਕਾਊਂਟਿਬਲਿਟੀ ਵੱਲੋਂ ਸੈਯਦ ਅਸ਼ਰਫ ਨੇ ਕਿਹਾ, ‘ਜਿਵੇਂ ਕਿ ਨਾਬਾਲਗ ਕੁੜੀ ਦੇ ਪਿਤਾ ਨੇ ਮੰਗ ਕੀਤੀ ਹੈ ਕਿ ਮੁਕੱਦਮੇ ਨੂੰ ਜੰਮੂ-ਕਸ਼ਮੀਰ ਹਾਈ ਕੋਰਟ ਤੋਂ ਬਾਹਰ ਟਰਾਂਸਫਰ ਕਰਨਾ ਚਾਹੀਦਾ ਹੈ, ਕਿਉਂਕਿ ਉਥੇ ਨਿਰਪੱਖ ਸੁਣਵਾਈ ਲਈ ਸਹੀ ਵਾਤਾਵਰਨ ਨਹੀਂ ਹੈ।’ ਪ੍ਰਦਰਸ਼ਨਕਾਰੀਆਂ ਨੇ ਨਾਅਰੇ ਲਗਾਏ ‘ਨਫਰਤ ਹੱਤਿਆ, ਨਫਰਤ ਅਪਰਾਧ: ਹੁਣ ਹੋਰ ਨਹੀਂ, ਹੋਰ ਨਹੀ।’ ਇੱਥੇ ਇਹ ਦੱਸਣਯੋਗ ਹੈ ਕਿ ਇਸ ਸਬੰਧ ਵਿਚ ਪੀ.ਐਮ ਮੋਦੀ ਦੀ ਪ੍ਰਤੀਕਿਰਿਆ ਥੋੜ੍ਹੀ ਦੇਰੀ ਨਾਲ ਆਈ ਸੀ। ਅਸ਼ਰਫ ਨੇ ਕਿਹਾ, ‘ਭਾਰਤ ਨੂੰ ਨਾਬਲਗਾਂ ਅਤੇ ਔਰਤਾਂ ਵਿਰੁੱਧ ਬਲਾਤਕਾਰ ਦੇ ਕਾਨੂੰਨਾਂ ਨੂੰ ਮਜ਼ਬੂਤ ਬਣਾਉਣਾ ਚਾਹੀਦਾ ਹੈ। ਉਨ੍ਹਾਂ ਨੂੰ ਨਫਰਤ ਅਪਰਾਧ ਵਿਰੁੱਧ ਵੀ ਮਜ਼ਬੂਤ ਕਾਨੂੰਨ ਬਣਾਉਣ ਚਾਹੀਦਾ ਹੈ।’ ਉਨ੍ਹਾਂ ਅੱਗੇ ਕਿਹਾ, ‘ਜਦੋਂ ਦੇਸ਼ ਸੜ ਰਿਹਾ ਹੋਵੇ ਅਤੇ ਲੋਕ ਸਦਮੇ ਵਿਚ ਹੋਣ ਉਦੋਂ ਚੁੱਪੀ ਮਦਦਗਾਰ ਨਹੀਂ ਹੁੰਦੀ।’