ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
‘ਆਪ’ ਵਿਧਾਇਕ ਸੰਦੋਆ ’ਤੇ ਮਾਈਨਿੰਗ ਮਾਫੀਆ ਨੇ ਕੀਤਾ ਹਮਲਾ
‘ਆਪ’ ਵਿਧਾਇਕ ਸੰਦੋਆ ’ਤੇ ਮਾਈਨਿੰਗ ਮਾਫੀਆ ਨੇ ਕੀਤਾ ਹਮਲਾ
Page Visitors: 2387

‘ਆਪ’ ਵਿਧਾਇਕ ਸੰਦੋਆ ’ਤੇ ਮਾਈਨਿੰਗ ਮਾਫੀਆ ਨੇ ਕੀਤਾ ਹਮਲਾ‘ਆਪ’ ਵਿਧਾਇਕ ਸੰਦੋਆ ’ਤੇ ਮਾਈਨਿੰਗ ਮਾਫੀਆ ਨੇ ਕੀਤਾ ਹਮਲਾ

June 21
21:45 2018
ਬੇਈਂਹਾਰਾ, 21 ਜੂਨ (ਪੰਜਾਬ ਮੇਲ)- ਨੂਰਪੁਰ ਬੇਦੀ ਖੇਤਰ ’ਚ ਲੰਬੇ ਸਮੇਂ ਤੋਂ ਚੱਲ ਰਹੀ ਨਾਜਾਇਜ਼ ਮਾਈਨਿੰਗ ਪ੍ਰਤੀ ਪੁਲੀਸ ਤੇ ਪ੍ਰਸ਼ਾਸਨ ਦੀ ਸੁਸਤ ਤੇ ਢਿੱਲੀ ਕਾਰਗੁਜ਼ਾਰੀ ਦਾ ਖਾਮਿਆਜਾ ਅੱਜ ਆਮ ਆਦਮੀ ਪਾਰਟੀ ਦੇ ਹਲਕਾ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਉਦੋਂ ਭੁਗਤਣਾ ਪਿਆ ਜਦੋਂ ਉਹ ਸਤਲੁਜ ਦਰਿਆ ’ਚ ਆਪਣੇ ਸਮਰਥਕਾਂ ਸਹਿਤ ਮਾਈਨਿੰਗ ਗਤੀਵਿਧੀਆਂ ਦਾ ਜਾਇਜ਼ਾ ਲੈਣ ਪਹੁੰਚੇ। ਵਿਧਾਇਕ ’ਤੇ ਮਾਫੀਆ ਵੱਲੋਂ ਲਾਠੀਆਂ ’ਤੇ ਹੋਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ’ਚ ਗੰਭੀਰ ਰੂਪ ’ਚ ਜ਼ਖ਼ਮੀ ਹੋਏ ਵਿਧਾਇਕ ਸੰਦੋਆ ਨੂੰ ਆਨੰਦਪੁਰ ਸਾਹਿਬ ਦੇ ਭਾਈ ਜੀ ਸਿਵਲ ਹਸਪਤਾਲ ਵਿੱਚ ਮੁੱਢਲੇ ਇਲਾਜ ਉਪਰੰਤ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਅੱਜ ਦੁਪਹਿਰ ਸਮੇਂ ਮਾਈਨਿੰਗ ਮਾਫੀਆ ਦੀਆਂ ਗਤੀਵਿਧੀਆਂ ਦਾ ਪਤਾ ਚੱਲਣ ’ਤੇ ਵਿਧਾਇਕ ਸੰਦੋਆ ਆਪਣੇ ਸਮਰਥਕਾਂ ਤੇ ਮੀਡੀਆ ਕਰਮੀਆਂ ਨੂੰ ਨਾਲ ਲੈ ਕੇ ਬੇਈਂਹਾਰਾ ਖੱਡ ’ਚ ਪਹੁੰਚੇ। ਜਦੋਂ ਇਸ ਦੀ ਭਿਣਕ ਖਣਨ ਕਾਰਿੰਦਿਆਂ ਨੂੰ ਲੱਗੀ ਤਾਂ ਉਨ੍ਹਾਂ ਇਸ ਸਬੰਧੀ ਆਪਣੇ ਮਾਲਿਕਾਂ ਨੂੰ ਇਤਲਾਹ ਦਿੱਤੀ ਤੇ ਦਰਜਨ ਭਰ ਵਿਅਕਤੀਆਂ ਨੇ ਵਿਧਾਇਕ ਤੇ ਉਨ੍ਹਾਂ ਦੇ ਸਾਥੀਆਂ ’ਤੇ ਹਮਲਾ ਬੋਲ ਦਿੱਤਾ। ਇਸ ਦੌਰਾਨ, ਵਿਧਾਇਕ ਦੀ ਪੱਗ ਵੀ ਲੱਥ ਗਈ। ਭਾਵੇਂ ਉਨ੍ਹਾਂ ਦੇ ਗੰਨਮੈਨ ਨੇ ਹੌਸਲਾ ਦਿਖਾਉਂਦੇ ਹੋਏ ਹਮਲਾਵਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰਾਂ ਨੇ ਇਕੱਲੇ ਗੰਨਮੈਨ ਦੀ ਪੇਸ਼ ਨਾ ਜਾਣ ਦਿੱਤੀ ਤੇ ਮਾਰਕੁੱਟ ਕਰ ਕੇ ਉਸ ਨੂੰ ਵੀ ਜ਼ਖ਼ਮੀ ਕਰ ਦਿੱਤਾ।
ਇਸ ਤੋਂ ਇਲਾਵਾ ਹਮਲਾਵਰਾਂ ਨੇ ਵਿਧਾਇਕ ਦੇ ਪੀ.ਏ. ਨੂੰ ਬੁਰੀ ਤਰ੍ਹਾਂ ਕੁੱਟਿਆ। ਕੁਝ ਦਿਨ ਪਹਿਲਾਂ ਸ੍ਰੀ ਸੰਦੋਆ ਵੱਲੋਂ ਸਤਲੁਜ ਦਰਿਆ ’ਚ ਛਾਪਾ ਮਾਰ ਕੇ ਦਰਜਨ ਦੇ ਕਰੀਬ ਜੇ.ਸੀ.ਬੀ. ਮਸ਼ੀਨਾਂ ਤੇ ਟਿੱਪਰਾਂ ਨੂੰ ਕਾਬੂ ਕਰ ਕੇ ਪੁਲੀਸ ਪ੍ਰਸ਼ਾਸਨ ਹਵਾਲੇ ਕੀਤਾ ਸੀ। ਇਸ ਦੌਰਾਨ ਸ੍ਰੀ ਸੰਦੋਆ ਨੇ ਪੁਲੀਸ ’ਤੇ ਢਿੱਲੀ ਕਾਰਗੁਜ਼ਾਰੀ ਦਿਖਾਉਣ ਦਾ ਦੋਸ਼ ਲਾਇਆ ਸੀ।
ਹਮਲਾਵਰਾਂ ’ਚੋਂ ਕੁਝ ’ਤੇ ਕਤਲ ਤੇ ਇਰਾਦਾ ਕਤਲ ਸਹਿਤ ਦਰਜਨ-ਦਰਜਨ ਦੇ ਕਰੀਬ ਅਪਰਾਧਿਕ ਮਾਮਲੇ ਦਰਜ ਹਨ। ਵਿਧਾਇਕ ਦੇ ਨਾਲ ਜਾ ਰਹੇ ਰੂਪਨਗਰ, ਆਨੰਦਪੁਰ ਸਾਹਿਬ ਤੇ ਨੰਗਲ ਦੇ ਮੀਡੀਆ ਕਰਮੀਆਂ ਦੀ ਗੱਡੀ ਰੇਤਲੀ ਜ਼ਮੀਨ ’ਚ ਧਸ ਜਾਣ ਕਰ ਕੇ ਕੁਝ ਸਮੇਂ ਬਾਅਦ ਪੁੱਜੀ। ਸੂਚਨਾ ਮਿਲਣ ’ਤੇ ਪਹੁੰਚੀ ਨੂਰਪੁਰ ਬੇਦੀ ਦੀ ਪੁਲੀਸ ਨੇ ਉਨ੍ਹਾਂ ਨੂੰ ਸੁਰੱਖਿਅਤ ਸਤਲੁਜ ਦਰਿਆ ਦੇ ਮਾਈਨਿੰਗ ਖੇਤਰ ’ਚੋਂ ਬਾਹਰ ਭੇਜਿਆ। ਇਸ ਦੌਰਾਨ, ਹਮਲਾਵਰਾਂ ਵੱਲੋਂ ਮੀਡੀਆ ਕਰਮੀਆਂ ਤੋਂ ਫੁਟੇਜ ਨੂੰ ਡਿਲੀਟ ਕਰਨ ਤੇ ਸਮੁੱਚਾ ਰਿਕਾਰਡ ਨਸ਼ਟ ਕਰਨ ਨੂੰ ਲੈ ਕੇ ਕਾਫੀ ਦਬਾਅ ਪਾਇਆ ਗਿਆ। ਇੱਥੋਂ ਤੱਕ ਕੇ ਉਨ੍ਹਾਂ ਨੂੰ ਡਰਾ-ਧਮਕਾ ਕੇ ਕੈਮਰੇ ਖੋਹਣ ਦਾ ਵੀ ਯਤਨ ਕੀਤਾ ਗਿਆ।
ਇਸ ਘਟਨਾ ਸਬੰਧੀ ਪੁਲੀਸ ਥਾਣਾ ਨੂਰਪੁਰ ਬੇਦੀ ਦੇ ਐਸਐਚਓ ਦੇਸਰਾਜ ਨੇ ਦੱਸਿਆ ਕਿ ਇਸ ਘਟਨਾ ਲਈ ਜ਼ਿੰਮੇਵਾਰ ਪੰਜ ਵਿਅਕਤੀਆਂ ’ਚ ਸ਼ਾਮਲ ਅਜਵਿੰਦਰ ਸਿੰਘ, ਮਨਜੀਤ ਸਿੰਘ, ਅਮਰਜੀਤ ਸਿੰਘ, ਕੁਲਵਿੰਦਰ ਸਿੰਘ ਗੋਲਡੀ ਵਾਸੀ ਬੇਈਂਹਾਰਾ ਤੇ ਬਚਿੱਤਰ ਸਿੰਘ ਵਾਸੀ ਭਾਓਵਾਲ ਸਹਿਤ ਦਰਜਨ ਭਰ ਅਣਪਛਾਤੇ ਹਮਲਾਵਰਾਂ ਖ਼ਿਲਾਫ਼ ਇਰਾਦਾ ਕਤਲ ਸਮੇਤ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਐਸਐਸਪੀ ਰੂਪਨਗਰ ਰਾਜਬਚਨ ਸਿੰਘ ਸੰਧੂ ਨੇ ਕਿਹਾ ਕਿ ਅਜੇ ਤਾਈਂ 3 ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿਛ ਕੀਤੀ ਜਾ ਰਹੀ ਹੈ। ਪੁਲੀਸ ਦੀਆਂ ਟੀਮਾਂ ਵੱਲੋਂ ਫਰਾਰ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.