ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਫਿਰੋਜ਼ਪੁਰ ‘ਚ ਕਾਂਗਰਸ ਦੇ ਦੋ ਧੜੇ ਹੋਏ ਆਹਮੋ ਸਾਹਮਣੇ
ਫਿਰੋਜ਼ਪੁਰ ‘ਚ ਕਾਂਗਰਸ ਦੇ ਦੋ ਧੜੇ ਹੋਏ ਆਹਮੋ ਸਾਹਮਣੇ
Page Visitors: 2337

ਫਿਰੋਜ਼ਪੁਰ ‘ਚ ਕਾਂਗਰਸ ਦੇ ਦੋ ਧੜੇ ਹੋਏ ਆਹਮੋ ਸਾਹਮਣੇ
ਕੈਬਨਿਟ ਮੰਤਰੀ 'ਤੇ ਕੌਮੀ ਯੂਥ ਆਗੂ ਦੇ ਕਾਗਜ਼ ਰੱਦ ਕਰਵਾਉਣ ਦੇ ਦੋਸ਼
ਜ਼ਿਲ੍ਹਾ ਪ੍ਰੀਸ਼ਦ ਤੇ ਪੰਚਇਤ ਸੰਮਤੀ ਚੋਣਾਂ
ਹਥਿਆਰਾਂ ਸਮੇਤ ਕਾਂਗਰਸੀ ਵੜੇ ਰਿਟਰਨਿੰਗ ਅਫ਼ਸਰ ਦੇ ਕਮਰੇ 'ਚ : ਇੱਕ ਕਾਬੂ
By : ਗੁਰਿੰਦਰ ਸਿੰਘ
Monday, Sep 10, 2018 10:18 PMਫ਼ਿਰੋਜ਼ਪੁਰ 6 ਸਤੰਬਰ (ਗੁਰਿੰਦਰ ਸਿੰਘ)
19 ਸਤੰਬਰ ਨੂੰ ਹੋਣ ਜਾ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਦੀ ਚੱਲ ਰਹੀ ਚੋਣ ਪ੍ਰੀਕ੍ਰਿਆ ਦੌਰਾਨ ਅੱਜ ਨਾਮਜ਼ਦਗੀਆਂ ਦੀ ਪੜਤਾਲ ਮੌਕੇ ਜ਼ਿਲ੍ਹਾ ਪ੍ਰੀਸ਼ਦ ਫ਼ਿਰੋਜ਼ਪੁਰ ਦੇ ਜੋਨ ਜੋਧਪੁਰ ਸੀਟ ਤੋਂ ਦੋ ਕਾਂਗਰਸੀ ਧੜੇ ਹੀ ਆਹਮੋ ਸਾਹਮਣੇ ਹੋ ਗਏ। ਇਥੇ ਹੀ ਬੱਸ ਨਹੀ ਸਤਾ ਦੇ ਨਸ਼ੇ ਵਿੱਚ ਚੂਰ ਹੋਏ ਕਾਂਗਰਸੀ ਚੋਣ ਨਿਯਮਾਂ ਨੂੰ ਠੇਂਗਾ ਦਿਖਾਉਂਦਿਆਂ ਆਪਣੇ ਹਥਿਆਰ ਲੈ ਕੇ ਰਿਟਰਨਿੰਗ ਅਫ਼ਸਰ ਦੇ ਕੈਬਿਨ ਵਿੱਚ ਵੜ ਗਏ ਜਿਹਨਾਂ ਨੂੰ ਉੱਥੇ ਮੌਜੂਦ ਭਾਰੀ ਪੁਲਿਸ ਬਲ ਜਿਹਨਾਂ ਦੀ ਅਗਵਾਈ ਇੱਕ ਡੀ.ਐਸ.ਪੀ ਅਤੇ ਤਿੰਨ ਥਾਣਾ ਮੁੱਖੀ ਕਰ ਰਹੇ ਸਨ, ਨੇ ਵੀ ਰੋਕਣ ਦੀ ਹਿੰਮਤ ਨਾ ਦਿਖਾਈ ਜਦ ਕਿ ਕਵਰੇਜ਼ ਕਰਨ ਗਏ ਪੱਤਰਕਾਰਾਂ ਦੇ ਸ਼ਨਾਖਤੀ ਕਾਰਡ ਤੱਕ ਚੈੱਕ ਕੀਤੇ ਗਏ। ਇਸ ਦੌਰਾਨ ਪੁਲਿਸ ਨੇ ਵਧੀਕ ਡਿਪਟੀ ਕਮਿਸ਼ਨਰ ਦੇ ਕੈਬਿਨ ਵਿੱਚ ਹਥਿਆਰ ਸਮੇਤ ਵੜੇ ਇੱਕ ਕਾਂਗਰਸੀ ਵਰਕਰ ਨੂੰ ਕਾਬੂ ਕਰਕੇ ਉਸ ਪੁਲਿਸ ਹਿਰਾਸਤ ਵਿੱਚ ਲੈ ਕੇ ਜੰਮ ਕੇ ਕੁਟਾਪਾ ਚਾੜਿਆ, ਪੁਲਿਸ ਮੁਤਾਬਕ ਉਸ ਕਾਂਗਰਸੀ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਚੋਣ ਜਾਬਤੇ ਦੌਰਾਨ ਲਾਇਸੰਸੀ ਹਥਿਆਰ ਪੁਲਿਸ ਥਾਣੇ ਜਮਾਂ ਨਾ ਕਰਵਾ ਕੇ ਅਤੇ ਪੁਲਿਸ ਦੀਆਂ ਅਨੇਕਾਂ ਰੋਕਾਂ ਦੇ ਬਾਵਜੂਦ ਰਿਟਰਨਿੰਗ ਅਫ਼ਸਰ ਦੇ ਕਮਰੇ ਵਿੱਚ ਹਥਿਆਰ ਲੈ ਜਾਣ 'ਤੇ ਕਾਨੂੰਨ ਦੀ ਹੋਈ ਉਲੰਘਣਾ ਸਬੰਧੀ ਮੌਕੇ 'ਤੇ ਮੌਜੂਦ ਡੀ.ਐਸ.ਪੀ ਜਸਪਾਲ ਸਿੰਘ ਤੋਂ ਪੁੱਛੇ ਜਾਣ 'ਤੇ ਉਹਨਾਂ ਮੀਡੀਆ ਦੀ ਗੱਲ ਦਾ ਜੁਆਬ ਦੇਣਾ ਮੁਨਾਸਬ ਨਾ ਸਮਝਿਆ।
ਜੋਧਪੁਰ ਜੋਨ ਸੀਟ ਤੋਂ ਉਮੀਦਵਾਰੀ ਨੂੰ ਲੈ ਕੇ ਕਾਂਗਰਸੀਆਂ ਦੇ ਦੋ ਧੜਿਆਂ ਵਿਚਾਲੇ ਅੱਜ ਸਾਰਾ ਦਿਨ ਚੱਲੀ ਕਸਮਕਸ਼ ਦੌਰਾਨ ਰਿਟਰਨਿੰਗ ਅਫ਼ਸਰ ਵੱਲੋਂ ਕੈਬਨਿਟ ਮੰਤਰੀ ਦੇ ਕਥਿਤ ਇਸ਼ਾਰੇ 'ਤੇ ਕੁੱਲ ਹਿੰਦ ਯੂਥ ਕਾਂਗਰਸ ਦੇ ਸਕੱਤਰ ਦੇ ਕਾਗਜ਼ਾਂ 'ਤੇ ਇਤਰਾਜ਼ ਲਗਵਾ ਕੇ ਰੱਦ ਕਰ ਦੇਣ ਨਾਲ ਮਾਹੌਲ ਤਨਾਅ ਪੂਰਨ ਹੋ ਗਿਆ ਜਿਸ 'ਤੇ ਪੁਲਿਸ ਨੇ ਦੋਹਾਂ ਧੜਿਆਂ ਨੂੰ ਕੰਪਲੈਕਸ ਤੋਂ ਬਾਹਰ ਕਰ ਦਿੱਤਾ।  ਇਸ ਦੌਰਾਨ ਕੌਮੀ ਯੂਥ ਆਗੂ ਦੇ ਨਜ਼ਦੀਕੀਆਂ ਵੱਲੋਂ ਦੂਸਰੇ ਧੜੇ ਅਤੇ ਕੈਬਨਿਟ ਮੰਤਰੀ ਖਿਲਾਫ ਰੱਜ ਕੇ ਭੜਾਸ ਕੱਢੀ। ਜਿਹਨਾਂ ਨੂੰ ਬਾਅਦ ਵਿੱਚ ਪੁਲਿਸ ਨੇ ਖੰਦੇੜ ਦਿੱਤਾ। ਇਹ ਭੜਾਸ ਇਥੇ ਹੀ ਖਤਮ ਨਹੀ ਹੋਈ ਬਲਕਿ ਦੋਵੇਂ ਧੜੇ ਕੈਬਨਿਟ ਮੰਤਰੀ ਦੀ ਕੋਠੀ ਪਹੁੰਚ ਗਏ ਜਿੱਥੇ ਫਿਰ ਦੋਹਾਂ ਧੜਿਆਂ ਵਿਚਾਲੇ ਗਾਲੀ ਗਲੋਚ ਹੋਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਪ੍ਰੀਸ਼ਦ ਦੇ ਜੋਨ ਜੋਧਪੁਰ ਤੋਂ ਨਾਮਜ਼ਦਗੀਆਂ ਦੇ ਆਖਰੀ ਦਿਨ ਕੁੱਲ ਹਿੰਦ ਯੂਥ ਕਾਂਗਰਸ ਦੇ ਸਕੱਤਰ ਗੁਰਭੇਜ ਸਿੰਘ ਟਿੱਬੀ ਵੱਲੋਂ ਬਕਾਇਦਾ ਪਾਰਟੀ ਟਿਕਟ ਹਾਸਲ ਕਰਨ ਉਪਰੰਤ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ ਜਦ ਕਿ ਇਸੇ ਜੋਨ ਤੋਂ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਨਿੱਜੀ ਸਕੱਤਰ ਨਸੀਬ ਸਿੰਘ ਸੰਧੂ ਵੱਲੋਂ ਆਜ਼ਾਦ ਉਮੀਦਵਾਰ ਵੱਲੋਂ ਕਾਗਜ਼ ਦਾਖਲ ਕਰਵਾਏ ਗਏ ਸਨ। ਨਾਮਜ਼ਦਗੀਆਂ ਦੀ ਪੜ•ਤਾਲ ਮੌਕੇ ਅੱਜ ਨਸੀਬ ਸਿੰਘ ਵੱਲੋਂ ਗੁਰਭੇਜ ਟਿੱਬੀ ਦੇ ਕਾਗਜ਼ਾਂ 'ਤੇ ਇਤਰਾਜ਼ ਲਗਾਉਂਦਿਆਂ ਆਪਣੇ ਆਪ ਨੂੰ ਪਾਰਟੀ ਉਮੀਦਵਾਰ ਐਲਾਨਦਾ ਅਥਾਰਟੀ ਲੈਟਰ ਰਿਟਰਨਿੰਗ ਅਫ਼ਸਰ ਅੱਗ ਪੇਸ਼ ਕਰ ਦਿੱਤਾ ਜਿਸ ਨਾਲ ਮਾਹੌਲ ਤਨਾਅ ਵਿੱਚ ਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਕੌਮੀ ਯੂਥ ਆਗੂ ਗੁਰਭੇਜ ਸਿੰਘ ਟਿੱਬੀ ਨੇ ਕਿਹਾ ਕਿ ਨਸੀਬ ਸਿੰਘ ਵੱਲੋ ਲਗਾਈ ਗਈ ਅਥਾਰਟੀ ਬੋਗਸ ਹੈ ਜਦ ਕਿ ਉਹਨਾਂ ਨੂੰ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਅਤੇ ਪ੍ਰਦੇਸ਼ ਇੰਚਾਰਜ ਵੱਲੋਂ ਬਕਾਇਦਾ ਯੂਥ ਕੋਟੇ ਵਿੱਚੋਂ ਪਾਰਟੀ ਟਿਕਟ ਦਿੱਤੀ ਗਈ ਹੈ। ਜਿਸ ਸਬੰਧੀ ਅੱਜ ਉਹਨਾਂ ਵੱਲੋਂ ਪ੍ਰਦੇਸ਼ ਇੰਚਾਰਜ ਨਾਲ ਰਿਟਰਨਿੰਗ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਨਾਲ ਫੋਨ 'ਤੇ ਗੱਲ ਵੀ ਕਰਵਾਈ ਗਈ। ਉਨ੍ਹਾਂ ਦੋਸ਼ ਲਾਇਆ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਕੈਬਨਿਟ ਮੰਤਰੀ ਦੇ ਕਥਿਤ ਇਸ਼ਾਰੇ 'ਤੇ ਉਸ ਨਾਲ ਧੱਕੇਸ਼ਾਹੀ ਕਰਦਿਆਂ ਉਹਨਾਂ ਦੇ ਕਾਗਜ਼ਾਂ 'ਤੇ ਇਤਰਾਜ ਲਗਵਾ ਕੇ ਨਾਮਜਦਗੀ ਰੱਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਸਬੰਧੀ ਉਹ ਚੋਣ ਕਮਿਸ਼ਨ ਨੂੰ ਅਪੀਲ ਵੀ ਕਰਨਗੇ।
ਇਸ ਸਬੰਧੀ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਸੰਪਰਕ ਨਾ ਹੋਣ 'ਤੇ ਉਹਨਾਂ ਦੇ ਬੇਟੇ ਅਤੇ ਯੂਥ ਕਾਂਗਰਸ ਆਗੂ ਅਨੁਮੀਤ ਸਿੰਘ ਹੀਰਾ ਸੋਢੀ ਨੇ ਕਿਹਾ ਕਿ ਅੱਜ ਦੀ ਘਟਨਾ ਮੰਦਭਾਗੀ ਹੈ, ਦੋਵੇਂ ਉਮੀਦਵਾਰ ਉਹਨਾਂ ਦੇ ਆਪਣੇ ਹਨ ਅਤੇ ਪਾਰਟੀ ਦੇ ਜੁਝਾਰੂ ਵਰਕਰ ਹਨ। ਉਨ੍ਹਾਂ ਕਿਹਾ ਕਿ ਇਹ ਪਾਰਟੀ ਦਾ ਅੰਦਰੂਨੀ ਮਾਮਲੇ ਹੈ ਅਤੇ ਇਸ ਨੂੰ ਪਾਰਟੀ ਅੰਦਰ ਹੀ ਸੁਲਝਾ ਲਿਆ ਜਾਵੇਗਾ।

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.