ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਦਿੱਲੀ ’ਚ ਸਥਾਪਤ ਹੋਣਗੇ ਤਿੰਨ ਸਿੱਖ ਜਰਨੈਲਾਂ ਦੇ ਬੁੱਤ
ਦਿੱਲੀ ’ਚ ਸਥਾਪਤ ਹੋਣਗੇ ਤਿੰਨ ਸਿੱਖ ਜਰਨੈਲਾਂ ਦੇ ਬੁੱਤ
Page Visitors: 2320
 

ਦਿੱਲੀ ’ਚ ਸਥਾਪਤ ਹੋਣਗੇ ਤਿੰਨ ਸਿੱਖ ਜਰਨੈਲਾਂ ਦੇ ਬੁੱਤਦਿੱਲੀ ’ਚ ਸਥਾਪਤ ਹੋਣਗੇ ਤਿੰਨ ਸਿੱਖ ਜਰਨੈਲਾਂ ਦੇ ਬੁੱਤ

September 20
21:51 2018
ਚੰਡੀਗੜ੍ਹ, 20 ਸਤੰਬਰ (ਪੰਜਾਬ ਮੇਲ)- ਸਿੱਖ ਇਤਿਹਾਸ ਦੇ ਭੁੱਲੇ-ਵਿੱਸਰੇ ਅਧਿਆਏ ਬਾਰੇ ਦਿੱਲੀ ਦੇ ਲੋਕਾਂ ਨੂੰ ਜਾਣੂ ਕਰਾਉਣ ਲਈ ਗਵਾਲੀਅਰ ਆਧਾਰਤ ਪ੍ਰਭਾਤ ਮੂਰਤੀ ਕਲਾ ਕੇਂਦਰ ਵੱਲੋਂ ਤਿੰਨ ਸਿੱਖ ਜਰਨੈਲਾਂ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ ਤੇ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੇ ਕਾਂਸੀ ਦੇ ਬੁੱਤਾਂ ਨੂੰ ਆਖਰੀ ਛੋਹਾਂ ਦਿੱਤੀਆਂ ਜਾ ਰਹੀਆਂ, ਜੋ ਇੱਥੇ ਸਥਾਪਤ ਕੀਤੇ ਜਾਣੇ ਹਨ। ਇਨ੍ਹਾਂ ਤਿੰਨਾਂ ਜਰਨੈਲਾਂ ਦੀ ਅਗਵਾਈ ਹੇਠਲੀਆਂ ਸਿੱਖ ਫੌਜਾਂ ਨੇ 1783 ’ਚ ਮੁਗਲ ਬਾਦਸ਼ਾਹ ਸ਼ਾਹ ਆਲਮ-ਦੂਜੇ ਨੂੰ ਹਰਾ ਕੇ ਦਿੱਲੀ ’ਤੇ ਕਬਜ਼ਾ ਕੀਤਾ ਸੀ ਤੇ ਲਾਲ ਕਿਲ੍ਹੇ ’ਤੇ ਨਿਸ਼ਾਨ ਸਾਹਿਬ ਝੁਲਾਇਆ ਸੀ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐੱਸਜੀਐੱਮਸੀ) ਵੱਲੋਂ ਇਹ ਬੁੱਤ ਬਣਾਉਣ ਦਾ ਆਰਡਰ ਦਿੱਤਾ ਗਿਆ ਹੈ ਤੇ ਕਮੇਟੀ ਵੱਲੋਂ ਪਿਛਲੇ ਚਾਰ ਸਾਲਾਂ ਤੋਂ ਦਿੱਲੀ ਫਤਹਿ ਦਿਵਸ ਸਮਾਗਮ ਵੀ ਮਨਾਏ ਜਾ ਰਹੇ ਹਨ। ਕਮੇਟੀ ਦੇ ਜਨਰਲ ਸਕੱਤਰ ਅਤੇ ਅਕਾਲੀ ਆਗੂ ਮਨਜਿੰਦਰ ਸਿਘ ਸਿਰਸਾ ਨੇ ਕਿਹਾ, ‘ਤਿੰਨਾਂ ਬੁੱਤਾਂ ’ਚੋਂ ਹਰ ਇੱਕ ਦੀ ਉਚਾਈ 12 ਫੁੱਟ ਤੇ ਭਾਰ 1200 ਤੋਂ 1400 ਕਿਲੋ ਹੈ। ਇਹ ਬੁੱਤ ਅਗਲੇ ਮਹੀਨੇ ਪੱਛਮੀ ਦਿੱਲੀ ਦੇ ਸੁਭਾਸ਼ ਨਗਰ ਮੈਟਰੋ ਸਟੇਸ਼ਨ ਅਤੇ ਨਜਫਗੜ੍ਹ ਰੋਡ ਦੇ ਸਾਹਮਣੇ ਪਾਰਕ ’ਚ ਸਥਾਪਤ ਕੀਤੇ ਜਾਣਗੇ। ਇੱਥੋਂ ਰੋਜ਼ਾਨਾ 20 ਲੱਖ ਦੇ ਕਰੀਬ ਲੋਕ ਲੰਘਦੇ ਹਨ। ਸਾਨੂੰ ਆਸ ਹੈ ਕਿ ਸਾਡਾ ਪ੍ਰਾਜੈਕਟ ਇਨ੍ਹਾਂ ਸਿੱਖ ਜਰਨੈਲਾਂ ਦੇ ਸ਼ਾਨਾਮੱਤੇ ਇਤਿਹਾਸ ਅਤੇ ਉਨ੍ਹਾਂ ਦੇ ਸਿੱਖਾਂ ਤੇ ਦੇਸ਼ ਦੇ ਲੋਕਾਂ ਲਈ ਕੀਤੇ ਕੰਮਾਂ ਨੂੰ ਲੋਕਾਂ ਤੱਕ ਪਹੁੰਚਾ ਸਕੇਗਾ।’
ਰਾਜੌਰੀ ਗਾਰਡਨ ਦੇ ਵਿਧਾਇਕ ਨੇ ਕਿਹਾ, ‘ਦਿੱਲੀ ਦੇ ਬਹੁਤੇ ਲੋਕ ਸਿੱਖ ਵਿਰਾਸਤ ਤੋਂ ਅਣਜਾਣ ਹਨ। ‘ਤੀਸ ਹਜ਼ਾਰੀ ਅਦਾਲਤ’ ਦਾ ਨਾਂ ਬਾਬਾ ਬਘੇਲ ਸਿੰਘ ਦੇ 30 ਹਜ਼ਾਰ ਜਵਾਨਾਂ ਦੀ ਫੌਜ ਵੱਲੋਂ ਇਸ ਇਲਾਕੇ ’ਚ ਠਹਿਰਾਅ ਕਰਨ ਕਾਰਨ ਪਿਆ ਸੀ। ‘ਪੁਲ ਮਿਠਾਈ’ ਉਹ ਥਾਂ ਹੈ ਜਿੱਥੇ ਸਿੱਖ ਫੌਜੀ ਲੋਕਾਂ ਨੂੰ ਮਠਿਆਈ ਵੰਡਦੇ ਸੀ ਤੇ ਮੋਰੀ ਗੇਟ ਦਾ ਨਾਂ ਸਿੱਖ ਫੌਜੀਆਂ ਵੱਲੋਂ ਲਾਲ ਕਿਲ੍ਹੇ ਅੰਦਰ ਦਾਖਲ ਹੋਣ ਲਈ ਕੰਧ ’ਚ ਲਾਈ ਗਈ ਸੰਨ੍ਹ ਕਾਰਨ ਪਿਆ।’
ਪਿਛਲੇ ਸਾਲ ਅਗਸਤ ’ਚ ਸ੍ਰੀ ਸਿਰਸਾ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਲਾਲ ਕਿਲ੍ਹੇ ’ਚ ਸਿੱਖ ਜਰਨੈਲਾਂ ਬਾਰੇ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਜਾਵੇ ਤੇ ਇੱਥੇ ਇਨ੍ਹਾਂ ਸਿੱਖ ਜਰਨੈਲਾਂ ਦੇ ਬੁੱਤ ਸਥਾਪਤ ਕੀਤੇ ਜਾਣ। ਪ੍ਰਧਾਨ ਮੰਤਰੀ ਦਫ਼ਤਰ ਤੋਂ ਜਵਾਬ ਆਇਆ ਸੀ ਕਿ ਇਹ ਕੇਸ ਰੱਖਿਆ ਮੰਤਰਾਲੇ ਨੂੰ ਭੇਜ ਦਿੱਤਾ ਗਿਆ ਹੈ ਕਿਉਂਕਿ ਇਹ ਯਾਦਗਾਰ (ਲਾਲ ਕਿਲ੍ਹਾ) ਉਸ ਅਧੀਨ ਆਉਂਦੀ ਹੈ। ਬਾਅਦ ਵਿੱਚ ਇਹ ਮਾਮਲਾ ਸੱਭਿਆਚਾਰ ਮੰਤਰਾਲੇ ਨੂੰ ਭੇਜ ਦਿੱਤਾ ਗਿਆ। ਇਹ ਮਾਮਲਾ ਅਜੇ ਵੀ ਕੇਂਦਰ ਸਰਕਾਰ ਦੇ ਵਿਚਾਰ ਅਧੀਨ ਹੈ।
ਕੁਝ ਸਾਲ ਪਹਿਲਾਂ ਡੀਐੱਸਜੀਐੱਸਸੀ ਨੇ ਮੰਡੀ ਹਾਊਸ ਮੈਟਰੋ ਸਟੇਸ਼ਨ ਨੇੜੇ ਬਾਬਾ ਬੰਦਾ ਸਿੰਘ ਬਹਾਦੁਰ ਦੇ ਬੁੱਤ ਤੋਂ ਪਰਦਾ ਚੁੱਕਿਆ ਸੀ।
ਜ਼ਿਕਰਯੋਗ ਹੈ ਕਿ ਪ੍ਰਭਾਤ ਮੂਰਤੀ ਕਲਾ ਕੇਂਦਰ ਦੇਸ਼ ਦੀਆਂ ਸਭ ਤੋਂ ਮੋਹਰੀ ਬੁੱਤਘਾੜ ਸੰਸਥਾਵਾਂ ’ਚੋਂ ਇੱਕ ਹੈ ਤੇ ਇਸੇ ਕੇਂਦਰ ਵੱਲੋਂ ਸਿੱਖ ਇਤਿਹਾਸ ਨਾਲ ਸਬੰਧਤ ਵਿਸ਼ਿਆਂ ’ਤੇ ਬੁੱਤ ਬਣਾਏ ਜਾਂਦੇ ਹਨ। ਕੇਂਦਰ ਦੇ ਮੁੱਖ ਬੁੱਤਘਾੜੇ ਪ੍ਰਭਾਤ ਰਾਏ ਵੱਲੋਂ ਹੁਣ ਤੱਕ ਛੇ ਸਿੱਖ ਸ਼ਖ਼ਸੀਅਤਾਂ ਦੇ ਬੁੱਤ ਬਣਾਏ ਜਾ ਚੁੱਕੇ ਹਨ, ਜੋ ਮੁਹਾਲੀ ਜ਼ਿਲ੍ਹੇ ਦੇ ਪਿੰਡ ਚੱਪੜਚਿੜੀ ’ਚ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰ ’ਚ ਸਥਾਪਤ ਹਨ। ਸ੍ਰੀ ਰਾਏ ਵੱਲੋਂ 2016 ’ਚ ਬਣਾਇਆ ਗਿਆ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਮਹਾਰਾਜਾ ਦੇ ਫਰਾਂਸੀਸੀ ਮਦਦਗਾਰ ਜਨਰਲ ਜਾਂ ਫਰੈਂਕੋਇਸ ਐਲਰਡ ਦੇ ਜਨਮ ਸਥਾਨ ਸੇਂਟ ਟਰੋਪਜ਼ ’ਚ ਸਥਾਪਤ ਹੈ।
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.