ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪੜ੍ਹੋ, ਡਾ. ਮਨਮੋਹਨ ਸਿੰਘ ਦੀ ਧੀ ਆਪਣੀ ਕਿਤਾਬ ‘ਚ ਕੀ ਲਿਖਦੀ ਹੈ ਆਪਣੇ ਪਿਤਾ ਬਾਰੇ ?
ਪੜ੍ਹੋ, ਡਾ. ਮਨਮੋਹਨ ਸਿੰਘ ਦੀ ਧੀ ਆਪਣੀ ਕਿਤਾਬ ‘ਚ ਕੀ ਲਿਖਦੀ ਹੈ ਆਪਣੇ ਪਿਤਾ ਬਾਰੇ ?
Page Visitors: 2377

ਪੜ੍ਹੋ, ਡਾ. ਮਨਮੋਹਨ ਸਿੰਘ ਦੀ ਧੀ ਆਪਣੀ ਕਿਤਾਬ 'ਚ ਕੀ ਲਿਖਦੀ ਹੈ ਆਪਣੇ ਪਿਤਾ ਬਾਰੇ ?
ਰਾਜ ਸੂਚਨਾ ਕਮਿਸ਼ਨਰ ਖੁਸ਼ਵੰਤ ਸਿੰਘ ਨੇ ਕੀਤੀ ਲੇਖਿਕਾ ਦਮਨ ਸਿੰਘ ਨਾਲ ਗੱਲਬਾਤ

By : ਬਾਬੂਸ਼ਾਹੀ ਬਿਊਰੋ
Saturday, Nov 17, 2018 07:42 AMਹੁਸ਼ਿਆਰਪੁਰ 17 ਨਵੰਬਰ 2018 : 
ਮੇਰੇ ਪਿਤਾ ਨੇ ਕਦੇ ਕਿਸੀ ਅਹੁੱਦੇ ਲਈ ਮੰਗ ਨਹੀਂ ਕੀਤੀ ਬਲਕਿ ਉਨ੍ਹਾਂ ਦੀ ਯੋਗਤਾ ਦੇ ਚੱਲਦੇ ਹੋਏ ਲੋਕ ਉਨ੍ਹਾਂ ਪਾਸ ਆ ਕੇ ਉਨ੍ਹਾਂ ਨੂੰ ਆਪਣੀ ਸੰਸਥਾ ਵਿੱਚ ਕੰਮ ਕਰਨ ਲਈ ਸੱਦਾ ਦਿੰਦੇ ਸਨ ਅਤੇ ਰਾਜਨੀਤੀ ਵਿੱਚ ਵੀ ਉਨ੍ਹਾਂ ਦਾ ਏਹੀ ਸਟੈਂਡ ਰਿਹਾ। ਅਧਿਆਪਕ, ਪ੍ਰਸਾਸ਼ਨਿਕ ਅਧਿਕਾਰੀ ਤੋਂ ਲੈ ਕੇ ਰਾਜਨੀਤੀ ਤੱਕ ਦਾ ਸਫ਼ਰ ਉਨ੍ਹਾਂ ਦਾ ਸਾਦਗੀ ਭਰਿਆ ਹੀ ਰਿਹਾ ਹੈ। ਇਹ ਵਿਚਾਰ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਪੁੱਤਰੀ ਸ੍ਰੀਮਤੀ ਦਮਨ ਸਿੰਘ ਨੇ ਉਨ੍ਹਾਂ ਵਲੋਂ ਲਿਖੀ ਕਿਤਾਬ ਸਟਰਿਕਲੀ ਪਰਸਨਲ-ਮਨਮੋਹਨ ਐਂਡ ਗੁਰਸ਼ਰਨ 'ਤੇ ਚਰਚਾ ਕਰਦੇ ਹੋਏ ਰੱਖੇ। ਹੁਸ਼ਿਆਰਪੁਰ ਲਿਟਰੇਰੀ ਸੋਸਾਇਟੀ ਵਲੋਂ ਅੱਜ ਸਰਕਾਰੀ ਕਾਲਜ ਵਿਖੇ ਆਯੋਜਿਤ ਸਮਾਰੋਹ ਦੌਰਾਨ ਰਾਜ ਸੂਚਨਾ ਕਮਿਸ਼ਨਰ ਸ੍ਰੀ ਖੁਸ਼ਵੰਤ ਸਿੰਘ ਨੇ ਕਿਤਾਬ 'ਤੇ ਲੇਖਿਕਾ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਪੁੱਤਰੀ ਸ੍ਰੀਮਤੀ ਦਮਨ ਸਿੰਘ ਨਾਲ ਚਰਚਾ ਕੀਤੀ।
ਇਸ ਮੌਕੇ ਉਦਯੋਗ ਤੇ ਵਣਜ ਮੰਤਰੀ ਮੰਤਰੀ ਪੰਜਾਬ ਸ੍ਰੀ ਸੁੰਦਰ ਸ਼ਾਮ ਅਰੋੜਾ, ਹਲਕਾ ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। 

ਕਿਤਾਬ 'ਤੇ ਚਰਚਾ ਕਰਦਿਆਂ ਲੇਖਿਕਾ ਦਮਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਦੇ ਰੋਲ ਮਾਡਲ ਉਨ੍ਹਾਂ ਦੇ ਸਕੂਲ, ਕਾਲਜ, ਯੂਨੀਵਰਸਿਟੀ ਦੇ ਅਧਿਆਪਕ ਹੀ ਰਹੇ ਹਨ ਅਤੇ ਉਹ ਅਕਸਰ ਉਨ੍ਹਾਂ ਬਾਰੇ ਚਰਚਾ ਕਰਦੇ ਹੋਏ ਕਹਿੰਦੇ ਹਨ ਕਿ ਉਹ ਜੋ ਵੀ ਹਨ ਆਪਣੇ ਅਧਿਆਪਕਾਂ ਕਾਰਨ ਹੀ ਹਨ। ਇਸ ਦੌਰਾਨ ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਜੀਵਨ ਦੇ ਉਤਰਾਅ ਚੜਾਅ ਅਤੇ ਵੱਖ-ਵੱਖ ਪਹਿਲੂਆਂ ਬਾਰੇ ਵੀ ਚਾਨਣਾ ਪਾਇਆ। ਉਨ੍ਹਾਂ ਸਾਬਕਾ ਪ੍ਰਧਾਨ ਮੰਤਰੀ ਦੇ ਕੈਰੀਅਰ ਨੂੰ ਲੈ ਕੇ ਬਹੁਤ ਕੁਝ ਇਸ ਪੁਸਤਕ ਦੇ ਮਾਧਿਅਮ ਰਾਹੀਂ ਦੱਸਿਆ। ਉਨ੍ਹਾਂ ਪੁਸਤਕ ਵਿੱਚ ਸਾਬਕਾ ਪ੍ਰਧਾਨ ਮੰਤਰੀ ਵਲੋਂ ਹੁਸ਼ਿਆਰਪੁਰ ਵਿੱਚ ਬਿਤਾਏ ਪਲਾਂ ਜਿਸ ਵਿੱਚ ਉਨ੍ਹਾਂ ਦੀ ਪੜ੍ਹਾਈ ਅਤੇ ਅਧਿਆਪਨ ਦੇ ਸਮੇਂ ਦੀ ਗੱਲ ਦਾ ਵੀ ਜ਼ਿਕਰ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਇਕ ਮਹਾਨ ਮੈਥਾਮੈਟੀਸ਼ੀਅਨ, ਪਾਲਸੀ ਮੇਕਰ ਤੋਂ ਇਲਾਵਾ ਇਕ ਚੰਗੇ ਪਿਤਾ ਵੀ ਹਨ। ਕਿਤਾਬ ਵਿੱਚ ਚਰਚਾ ਕਰਦਿਆਂ ਸ੍ਰੀਮਤੀ ਦਮਨ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਦੀ ਅਕਾਦਮਿਕ, ਰਾਜਨੀਤਿਕ ਅਤੇ ਪ੍ਰਸਾਸ਼ਨਿਕ ਜਿੰਦਗੀ ਬਾਰੇ ਵੀ ਦੱਸਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਕਿਤਾਬ ਵਿੱਚ ਜਿਨ੍ਹਾਂ ਉਨ੍ਹਾਂ ਆਪਣੇ ਪਿਤਾ ਦੇ ਵਿਅਕਤੀਤਵ ਬਾਰੇ ਲਿਖਿਆ ਹੈ, ਓਨਾ ਹੀ ਆਪਣੀ ਮਾਤਾ ਬਾਰੇ ਵੀ ਦੱਸਿਆ ਹੈ। ਇਸ ਮੌਕੇ ਉਨ੍ਹਾਂ ਲੋਕਾਂ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ। ਇਸ ਦੌਰਾਨ ਕੈਬਨਿਟ ਮੰਤਰੀ ਪੰਜਾਬ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਹੁਸ਼ਿਆਰਪੁਰ ਬਹੁਤ ਖੁਸ਼ ਨਸੀਬ ਹੈ ਕਿ ਇਥੋਂ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਨਾ ਸਿਰਫ਼ ਪੜ੍ਹੇ ਹਨ, ਬਲਕਿ ਪੜ੍ਹਾਇਆ ਵੀ ਹੈ। ਉਨ੍ਹਾਂ ਕਿਹਾ ਕਿ ਜਦੋਂ ਪੂਰੀ ਦੁਨੀਆਂ ਮੰਦੀ ਦੀ ਮਾਰ ਝੱਲ ਰਹੀ ਸੀ, ਉਸ ਦੌਰਾਨ ਡਾ. ਮਨਮੋਹਨ ਸਿੰਘ ਹੀ ਸਨ, ਜਿਨ੍ਹਾਂ ਭਾਰਤ ਨੂੰ ਡੋਲਣ ਨਹੀਂ ਦਿੱਤਾ ਅਤੇ ਪੂਰੇ ਵਿਸ਼ਵ ਵਿੱਚ ਭਾਰਤ ਨੂੰ ਨਵੀਂ ਪਹਿਚਾਣ ਦੁਆਈ। ਇਸ ਦੌਰਾਨ ਉਨ੍ਹਾਂ ਹੁਸ਼ਿਆਰਪੁਰ ਲਿਟਰੇਰੀ ਸੋਸਾਇਟੀ ਨੂੰ ਇਸ ਆਯੋਜਨ ਦੀ ਵਧਾਈ ਦਿੰਦੇ ਹੋਏ 5 ਲੱਖ ਰੁਪਏ ਦੀ ਗਰਾਂਟ ਦੇਣ ਦੀ ਘੋਸ਼ਣਾ ਵੀ ਕੀਤੀ। 
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ, ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ, ਆਈ.ਏ.ਐਸ. (ਅੰਡਰ ਟਰੇਨਿੰਗ) ਸ੍ਰੀ ਗੌਤਮ ਜੈਨ, ਸਹਾਇਕ ਕਮਿਸ਼ਨਰ (ਜ) ਸ੍ਰੀ ਰਣਦੀਪ ਸਿੰਘ ਹੀਰ, ਪ੍ਰਿੰਸੀਪਲ ਪਰਮਜੀਤ ਸਿੰਘ, ਸਨਾ ਕੌਸ਼ਲ ਗੁਪਤਾ, ਦਿਨੇਸ਼ ਦੁੱਗਲ, ਅਮਿਤ ਗੋਇਲ, ਨਜ਼ਮ ਰਿਆੜ, ਹਰਮਾਲਾ ਆਹਲੂਵਾਲੀਆ, ਹਰਜੀਤ ਚੀਮਾ, ਆਨ ਰਲਹੱਣ ਤੋਂ ਇਲਾਵਾ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.