ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
‘ਆਪ’ ਦੇ ਬਾਗੀ ਧੜੇ, ਬੈਂਸ ਭਰਾਵਾਂ ਤੇ ਡਾ. ਗਾਂਧੀ ਨੇ ਪਾਈ ਸਾਂਝ
‘ਆਪ’ ਦੇ ਬਾਗੀ ਧੜੇ, ਬੈਂਸ ਭਰਾਵਾਂ ਤੇ ਡਾ. ਗਾਂਧੀ ਨੇ ਪਾਈ ਸਾਂਝ
Page Visitors: 2450

‘ਆਪ’ ਦੇ ਬਾਗੀ ਧੜੇ, ਬੈਂਸ ਭਰਾਵਾਂ ਤੇ ਡਾ. ਗਾਂਧੀ ਨੇ ਪਾਈ ਸਾਂਝ‘ਆਪ’ ਦੇ ਬਾਗੀ ਧੜੇ, ਬੈਂਸ ਭਰਾਵਾਂ ਤੇ ਡਾ. ਗਾਂਧੀ ਨੇ ਪਾਈ ਸਾਂਝ

November 28
11:38 2018

ਕੈਪਸ਼ਨ
ਡਾ. ਧਰਮਵੀਰ ਗਾਂਧੀ ਅਤੇ ਸੁਖਪਾਲ ਖਹਿਰਾ ਮੰਗਲਵਾਰ ਨੂੰ ਚੰਡੀਗੜ੍ਹ ‘ਚ ਇੱਕ ਮੀਡੀਆ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ।
ਚੰਡੀਗੜ੍ਹ, 28 ਨਵੰਬਰ (ਪੰਜਾਬ ਮੇਲ)- ਆਮ ਆਦਮੀ ਪਾਰਟੀ ਦੇ ਬਾਗੀ ਧੜੇ ਦੇ ਆਗੂ ਸੁਖਪਾਲ ਖਹਿਰਾ, ਲੋਕ ਇਨਸਾਫ਼ ਪਾਰਟੀ ਦੇ ਬੈਂਸ ਭਰਾਵਾਂ ਅਤੇ ਸੰਸਦ ਮੈਂਬਰ ਤੇ ਪੰਜਾਬ ਮੰਚ ਦੇ ਮੁਖੀ ਡਾ. ਧਰਮਵੀਰ ਗਾਂਧੀ ਨੇ ਅਸਿੱਧੇ ਢੰਗ ਨਾਲ ਸਿਆਸੀ ਹੱਥ ਮਿਲਾ ਲਏ ਹਨ ਅਤੇ ਜਲਦੀ ਹੀ ਰਵਾਇਤੀ ਪਾਰਟੀਆਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਦੇ ਬਰਾਬਰ ਸਿਆਸੀ ਪਾਰਟੀ ਬਣਾਉਣ ਦੇ ਸੰਕੇਤ ਦਿੱਤੇ ਹਨ।
ਇਨ੍ਹਾਂ ਤਿੰਨਾਂ ਧਿਰਾਂ ਵੱਲੋਂ ਸਾਂਝੇ ਤੌਰ ‘ਤੇ ਪੰਜਾਬ ਦੇ ਮੁੱਖ ਮੁੱਦਿਆਂ ਬਾਰੇ 8 ਤੋਂ 16 ਦਸੰਬਰ ਤੱਕ 9 ਦਿਨਾਂ ਇਨਸਾਫ਼ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ, ਪਰ ਸਿਆਸੀ ਹਲਕਿਆਂ ਅਨੁਸਾਰ ਇਹ ਧਿਰਾਂ ਇਨਸਾਫ਼ ਮਾਰਚ ਰਾਹੀਂ ਆਪਣੀ ਸਿਆਸੀ ਜ਼ਮੀਨ ਦੀ ਪਰਖ ਕਰਨਾ ਚਾਹੁੰਦੀਆਂ ਹਨ ਅਤੇ ਲੋਕਾਂ ਦੇ ਹੁੰਗਾਰੇ ਨੂੰ ਆਧਾਰ ਬਣਾ ਕੇ ਹੀ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਫ਼ੈਸਲਾ ਲਿਆ ਜਾਵੇਗਾ। ਭਾਵੇਂ ਇਨ੍ਹਾਂ ਧਿਰਾਂ ਨੇ ਬਰਗਾੜੀ ਵਿਚ ਪਹਿਲੀ ਜੂਨ ਤੋਂ ਚੱਲ ਰਹੇ ਇਨਸਾਫ਼ ਮੋਰਚੇ ਨਾਲ ਨਾਮ ਜੋੜ ਕੇ ‘ਇਨਸਾਫ਼ ਮਾਰਚ’ ਕਰਨ ਦਾ ਐਲਾਨ ਕੀਤਾ ਹੈ ਪਰ ਬਰਗਾੜੀ ਮੋਰਚੇ ਦੀ ਕੋਈ ਵੀ ਧਿਰ ਇਸ ਇਨਸਾਫ਼ ਮਾਰਚ ‘ਚ ਸ਼ਾਮਲ ਨਹੀਂ ਹੋਈ ਹੈ।
‘ਆਪ’ ਦੇ ਬਾਗੀ ਧੜੇ ਦੇ ਆਗੂ ਤੇ ਪਾਰਟੀ ਵਿਚੋਂ ਮੁਅੱਤਲ ਕੀਤੇ ਵਿਧਾਇਕ ਸੁਖਪਾਲ ਖਹਿਰਾ, ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਅਤੇ ਪੰਜਾਬ ਮੰਚ ਦੇ ਮੁਖੀ ਤੇ ‘ਆਪ’ ਵਿਚੋਂ ਮੁਅੱਤਲ ਕੀਤੇ ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਇੱਥੇ ਮੀਡੀਆ ਦੇ ਰੂ-ਬ-ਰੂ ਹੁੰਦਿਆਂ ਐਲਾਨ ਕੀਤਾ ਕਿ ਇਨਸਾਫ਼ ਮਾਰਚ ਦੇ ਅਖੀਰਲੇ ਦਿਨ ਪਟਿਆਲਾ ‘ਚ ਸਮਾਪਤੀ ਰੈਲੀ ਦੌਰਾਨ ਲੋਕਾਂ ਕੋਲੋਂ ਤੀਸਰੇ ਸਿਆਸੀ ਫਰੰਟ ਨੂੰ ਬਣਾਉਣ ਦੀ ਲੋੜ ਬਾਰੇ ਰਾਇ ਲਈ ਜਾਵੇਗੀ ਅਤੇ ਜੇਕਰ ਲੋਕਾਂ ਨੇ ਨਵਾਂ ਫਰੰਟ ਬਣਾਉਣ ਦੀ ਹਾਮੀ ਭਰੀ ਤਾਂ ਨਵੀਂ ਸਿਆਸੀ ਪਾਰਟੀ ਉਸਾਰੀ ਜਾਵੇਗੀ।
ਇਨ੍ਹਾਂ ਧਿਰਾਂ ਨੇ 8 ਦਸੰਬਰ ਨੂੰ ਤਲਵੰਡੀ ਸਾਬੋ ਤੋਂ ਇਨਸਾਫ਼ ਮਾਰਚ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ ਅਤੇ ਇਹ 9 ਦਿਨਾਂ ਮਾਰਚ 16 ਦਸੰਬਰ ਨੂੰ ਪਟਿਆਲਾ ‘ਚ ਸਮਾਪਤ ਹੋਵੇਗਾ। ਇਸ ਮੌਕੇ ਸ਼੍ਰੀ ਖਹਿਰਾ ਅਤੇ ਡਾ. ਗਾਂਧੀ ਨੇ ਖੁਲਾਸਾ ਕੀਤਾ ਕਿ ਨਵੀਂ ਸਿਆਸੀ ਪਾਰਟੀ ਬਣਾਉਣ ਲਈ ਉਨ੍ਹਾਂ ਦੀਆਂ ਦੋ-ਤਿੰਨ ਮੀਟਿੰਗਾਂ ਹੋ ਚੁੱਕੀਆਂ ਹਨ ਅਤੇ ਜਲਦੀ ਹੀ ਸੁੱਚਾ ਸਿੰਘ ਛੋਟੇਪੁਰ, ਜਗਮੀਤ ਸਿੰਘ ਬਰਾੜ ਅਤੇ ਹੋਰ ਪੰਜਾਬੀ ਹਿਤੈਸ਼ੀ ਧਿਰਾਂ ਨੂੰ ਨਾਲ ਲੈ ਕੇ ਨਵੀਂ ਸਿਆਸੀ ਪਾਰਟੀ ਉਸਾਰੀ ਜਾਵੇਗੀ। ਸ਼੍ਰੀ ਖਹਿਰਾ ਨੇ ਕਿਹਾ ਕਿ ਉਹ ਇਸ ਲਈ ਆਪਣੇ ਵਿਧਾਇਕ ਦੇ ਅਹੁਦਾ ਵੀ ਤਿਆਗਣ ਲਈ ਤਿਆਰ ਹਨ।
ਦੱਸਣਯੋਗ ਹੈ ਕਿ ‘ਆਪ’ ਦੇ ਬਾਗੀ ਧੜੇ ਨਾਲ 8 ਵਿਧਾਇਕ ਹਨ ਪਰ ਮੀਡੀਆ ਕਾਨਫਰੰਸ ਵਿਚ ਸ਼੍ਰੀ ਖਹਿਰਾ ਸਮੇਤ ਪਾਰਟੀ ਵਿਚੋਂ ਮੁਅੱਤਲ ਕੀਤੇ ਵਿਧਾਇਕ ਕੰਵਰ ਸੰਧੂ ਹਾਜ਼ਰ ਸਨ, ਜਦਕਿ ਤਿੰਨ ਵਿਧਾਇਕ ਜੈ ਕਿਸ਼ਨ ਰੋੜੀ, ਜਗਤਾਰ ਸਿੰਘ ਜੱਗਾ ਅਤੇ ਮਾਸਟਰ ਬਲਦੇਵ ਸਿੰਘ ਹਾਜ਼ਰ ਨਹੀਂ ਸਨ। ਇਸ ਮੌਕੇ ਸ਼੍ਰੀ ਖਹਿਰਾ ਨੇ ਦੋਸ਼ ਲਾਇਆ ਕਿ ਕੈਪਟਨ ਨੇ ਲਾਂਘੇ ਦੇ ਮੁੱਦੇ ਉਪਰ ਪਾਕਿਸਤਾਨ ਦਾ ਸੱਦਾ ਠੁਕਰਾ ਕੇ ਬੜੀ ਛੋਟੀ ਗੱਲ ਕੀਤੀ ਪਰ ਉਹ ਇਹ ਦੱਸਣ ਕਿ ਉਨ੍ਹਾਂ ਸਰਕਾਰੀ ਰਿਹਾਇਸ਼ ਵਿਚ ਆਪਣੀ ਪਾਕਿਸਤਾਨੀ ਮਹਿਲਾ ਦੋਸਤ ਨੂੰ ਕਿਉਂ ਰੱਖਿਆ ਹੈ।
ਦੂਜੇ ਪਾਸੇ ਸਿਮਰਜੀਤ ਬੈਂਸ ਨੇ ਦੋਸ਼ ਲਾਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਮਾਮਲੇ ‘ਚ ਬਾਦਲ ਦਲ ਦੇ ਪੋਲ ਖੁੱਲ੍ਹ ਗਈ ਹੈ ਪਰ ਮੁੱਖ ਮੰਤਰੀ ਵੱਲੋਂ ਬਾਦਲਾਂ ਦਾ ਸਿਆਸੀ ਭਵਿੱਖ ਬਚਾਉਣ ਲਈ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਨੂੰ ਅੱਗੇ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਬਣਾ ਕੇ ਖੂਹ ਖਾਤੇ ਪਾਇਆ ਜਾ ਰਿਹਾ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.