ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
‘ਆਲਮੀ ਪੰਜਾਬੀ ਕਾਨਫਰੰਸ’ ਪੰਜਾਬੀਆਂ ਲਈ ਸਵੈ ਪੜਚੋਲ ਦਾ ਮੰਚ: ਤਨਮਨਜੀਤ ਢੇਸੀ
‘ਆਲਮੀ ਪੰਜਾਬੀ ਕਾਨਫਰੰਸ’ ਪੰਜਾਬੀਆਂ ਲਈ ਸਵੈ ਪੜਚੋਲ ਦਾ ਮੰਚ: ਤਨਮਨਜੀਤ ਢੇਸੀ
Page Visitors: 2332
'ਆਲਮੀ ਪੰਜਾਬੀ ਕਾਨਫਰੰਸ' ਪੰਜਾਬੀਆਂ ਲਈ ਸਵੈ ਪੜਚੋਲ ਦਾ ਮੰਚ : ਤਨਮਨਜੀਤ ਢੇਸੀ
ਆਪਣੇ ਬੱਚਿਆਂ ਨੂੰ ਪੰਜਾਬੀ ਸਭਿਆਚਾਰ ਨਾਲ ਜੋੜਨਾ ਲਾਜ਼ਮੀ : ਪ੍ਰਿੰਸੀਪਲ ਸਰਵਣ ਸਿੰਘ
By : ਬਾਬੂਸ਼ਾਹੀ ਬਿਊਰੋ
Saturday, Feb 16, 2019 05:38 PM

ਚੰਡੀਗੜ੍ਹ, 16 ਫਰਵਰੀ 2019: 
ਇਹ ਆਲਮੀ ਪੰਜਾਬੀ ਕਾਨਫਰੰਸ ਪੰਜਾਬੀਆਂ ਨੂੰ ਸਵੈ ਪੜਚੋਲ ਦਾ ਇਕ ਅਜਿਹਾ ਮੰਚ ਪ੍ਰਦਾਨ ਕਰਦੀ ਹੈ, ਜਿੱਥੇ ਅਸੀਂ ਸਮੂਹ ਪੰਜਾਬੀ, ਚਾਹੇ ਉਹ ਦੁਨੀਆ ਦੇ ਕਿਸੇ ਕੋਨੇ ਵਿਚ ਵਸਦੇ ਹੋਣ, ਇਕ ਥਾਂ ਇਕੱਤਰ ਹੋ ਕੇ ਪੰਜਾਬੀ ਭਾਈਚਾਰੇ ਦੀਆਂ ਚੁਣੌਤੀਆਂ, ਸਮੱਸਿਆਵਾਂ ਤੇ ਉਨ੍ਹਾਂ ਦੇ ਵਿਸਥਾਰ ਨੂੰ ਲੈ ਕੇ ਚਰਚਾਵਾਂ ਕਰਨ ਦਾ ਮੌਕਾ ਮਿਲਦਾ ਹੈ। ਇਹ ਵਿਚਾਰ ਦੂਜੀ ਆਲਮੀ ਪੰਜਾਬੀ ਕਾਨਫਰੰਸ ਦੇ ਮੰਚ ਉਤੋਂ ਯੂ.ਕੇ. ਤੋਂ ਪੰਜਾਬੀ ਐਮ.ਪੀ. ਤਨਮਨਜੀਤ ਸਿੰਘ ਢੇਸੀ ਨੇ ਪ੍ਰਗਟ ਕੀਤੇ। ਤਨਮਨਜੀਤ ਢੇਸੀ ਨੇ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਅਸੀਂ ਦੁਨੀਆ ਵਿਚ ਕਿਤੇ ਵੀ ਵਸ ਜਾਈਏ, ਪਰ ਅੱਜ ਸਾਨੂੰ ਆਪਣਾ ਸਭਿਆਚਾਰ, ਆਪਣੀ ਭਾਸ਼ਾ ਤੇ ਆਪਣੀ ਹੋਂਦ ਨੂੰ ਸਹੀ ਦਿਸ਼ਾ ਵਿਚ ਕਾਇਮ ਰੱਖਣ ਲਈ ਆਪਣੀਆਂ ਨਵੀਆਂ ਪੀੜ੍ਹੀਆਂ ਨੂੰ ਨਾਲ ਜੋੜ ਕੇ ਰੱਖਣਾ ਹੋਵੇਗਾ।  
  “ਬਹੁਵੰਨੇ, ਰੰਗਾਰੰਗ, ਲੋਕਤੰਤਰਿਕ, ਅਸਹਿਮਤੀ ਵਾਲੇ, ਤਰਕ ਪ੍ਰਧਾਨ ਸਮਾਜ ਅਤੇ ਸੱਭਿਆਚਾਰ ਦੀ ਰਾਖੀ ਲਈ ਪੰਜਾਬੀਆਂ ਨੂੰ ਲੜਨਾ ਪੈਣਾ ਹੈ। ਵਿਵੇਕ, ਤਰਕ, ਅਸਹਿਮਤੀ ਨਾਲ ਲੈ ਕੇ ਚੱਲਣ ਦਾ ਸਲੀਕਾ ਅਪਣਾਉਣ 'ਤੇ ਜ਼ੋਰ ਦੇਣਾ ਹੈ। ਅੱਜ ਦੇ ਲੇਖਕਾਂ ਸਾਹਮਣੇ ਇਹ ਬਹੁਤ ਵੱਡਾ ਕੰਮ ਹੈ।” ਡਾ. ਸੁਖਦੇਵ ਸਿੰਘ ਸਿਰਸਾ, ਸਾਬਕਾ ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ ਅਤੇ ਪੰਜਾਬ ਯੂਨੀਵਰਸਿਟੀ ਦੀ ਬਾਬਾ ਫ਼ਰੀਦ ਚੇਅਰ ਦੇ ਮੁਖੀ, ਨੇ ਉਪਰੋਕਤ ਸ਼ਬਦ ਅੱਜ ਇੱਥੇ ਆਲਮੀ ਪੰਜਾਬੀ ਕਾਨਫ਼ਰੰਸ ਦੇ ਦੂਜੇ ਦਿਨ ਆਖੇ, ਜਦੋਂ ਉਹ 'ਆਲਮੀ ਪੰਜਾਬੀ ਭਾਈਚਾਰਾ: ਹੁਣ ਅਤੇ ਭਵਿੱਖ' ਦੇ ਅਨੁਵਾਨ ਅਧੀਨ ਡਾ. ਸਾਧੂ ਸਿੰਘ ਕੈਨੇਡਾ ਦੀ ਪ੍ਰਧਾਨਗੀ ਹੇਠ ਚੱਲ ਰਹੇ ਇਜਲਾਸ ਵਿੱਚ 'ਪੰਜਾਬੀ ਪਛਾਣ: ਕੌਮੀ ਤੇ ਆਲਮੀ ਪ੍ਰਸੰਗ' ਵਿਸ਼ੇ ਉੱਤੇ ਆਪਣਾ ਕੁੰਜੀਵਤ ਭਾਸ਼ਣ ਪੇਸ਼ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਪੰਜਾਬੀ ਭਾਈਚਾਰੇ ਦਾ ਮੌਜੂਦਾ ਸੰਕਟ ਗੰਭੀਰ ਵੀ ਹੈ, ਘਾਤਕ ਵੀ ਅਤੇ ਏਨਾ ਤਿਲਕਵਾਂ ਕਿ ਇਸ ਦੇ ਪਾਸਾਰਾਂ ਦੀ ਸਮਝ ਵੀ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਪੰਜਾਬੀ ਭਾਈਚਾਰਾ ਨਵੀਂ ਕਿਸਮ ਦੇ ਬਣਵਾਸ ਲਈ ਮਜਬੂਰ ਹੋ ਰਿਹਾ ਹੈ। ਨਾਲ ਹੀ ਚੇਤੇ ਕਰਦਿਆਂ ਉਨ੍ਹਾਂ ਕਿਹਾ ਕਿ ਹਰ ਖਿੱਤੇ ਵਿੱਚ ਵਸਦੇ ਪੰਜਾਬੀਆਂ ਦੀ ਹੋਣੀ ਉੱਥੋਂ ਦੇ ਲੋਕਾਂ ਤੋਂ ਵੱਖਰੀ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਕਾਰਪੋਰੇਟ ਪੂੰਜੀ ਦੀ ਲੁੱਟ ਵਿਰੁੱਧ ਵੀ ਲੜਨਾ ਹੈ ਅਤੇ ਆਪਣੇ ਭਾਈਚਾਰੇ ਵਿੱਚ ਪ੍ਰਚੱਲਿਤ ਜਾਤ, ਨਸਲ ਅਤੇ ਧਾਰਮਿਕ ਵਿਤਕਰਿਆਂ ਵਿਰੁੱਧ ਵੀ।                
    ਅਜਲਾਸ ਦੇ ਪ੍ਰਧਾਨ ਡਾ. ਸਾਧੂ ਸਿੰਘ ਨੇ ਕਿਹਾ ਕਿ ਗੁਰੂਆਂ-ਪੀਰਾਂ ਦੀ ਸਿੱਖਿਆ ਦੇ ਉਲਟ ਅਜੇ ਵੀ ਸਾਡੇ ਸਮਾਜ ਵਿਚ ਇੱਥੇ ਵੀ ਤੇ ਵਿਦੇਸ਼ਾਂ ਵਿਚ ਵੀ ਜਾਤ-ਪਾਤ ਦਾ ਕੋਹੜ 90 ਪ੍ਰਤੀਸ਼ਤ ਲੋਕਾਂ ਵਿਚ ਵਸਿਆ ਹੋਇਆ ਹੈ। ਉਨ੍ਹਾਂ ਉਸ ਸਮੇਂ ਦਾ ਸੁਪਨਾ ਲਿਆ, ਜਿਸ ਸਮੇਂ ਕਿਸੇ ਫਾਰਮ ਵਿਚ ਜਾਤ ਜਾਂ ਧਰਮ ਨਹੀਂ ਪੁੱਛਿਆ ਜਾਵੇਗਾ। ਉਨ੍ਹਾਂ ਨੇ ਵਿਚਾਰਾਂ ਦੇ ਪ੍ਰਗਟਾਵੇ ਦੀ ਅਜ਼ਾਦੀ ਦੇ ਹੱਕ ਉਤੇ ਜ਼ੋਰ ਦਿੱਤਾ। ਡਾ. ਸਾਧੂ ਸਿੰਘ ਨੇ ਕਿਹਾ ਕਿ  ਭਾਰਤ ਵਿਚੋਂ ਕੁਰੱਪਸ਼ਨ, ਅਨਿਆਂ ਤੇ ਵਿਤਕਰਾ ਆਦਿ ਬਿਮਾਰੀਆਂ ਇਕ ਸੰਵਿਧਾਨ ਤੇ ਪਾਲਣਾ ਨਾਲ ਹੀ ਦੂਰ ਹੋ ਸਕਦੀਆਂ ਹਨ, ਜਿਹੜਾ ਸੰਵਿਧਾਨ ਪ੍ਰਸਤਾਵਨਾ, ਧਰਮ ਨਿਰਪੱਖਤਾ, ਸਮਾਜਵਾਦ, ਜਮਹੂਰੀਅਤ, ਸਮਾਜਿਕ ਨਿਆਂ ਆਦਿ ਦਾ ਐਲਾਨ ਕਰਦਾ ਹੈ ਪਰ ਸਾਡੇ ਹਾਕਮ ਇਨ੍ਹਾਂ ਮੁੱਲਾਂ ਦੀਆਂ ਧੱਜੀਆਂ ਉਡਾ ਰਹੇ ਹਨ।   
    ਪ੍ਰਿੰਸੀਪਲ ਸਰਵਣ ਸਿੰਘ ਨੇ ਬਾਬਾ ਫਰੀਦ ਦੀ ਮਿਸਾਲ ਦੇ ਕੇ ਕਿ ਉਹ ਅਫਗਾਨਿਸਤਾਨ ਤੋਂ ਆਏ ਪਰਿਵਾਰ ਵਿਚੋਂ ਸੀ, ਪਰ ਉਸ ਨੇ ਇੱਥੇ ਦੀ ਸਥਾਨਕ ਭਾਸ਼ਾ ਵਿਚ ਲਿਖਿਆ, ਕਿਹਾ ਕਿ ਜਿਹੜੇ ਲੋਕ ਵਿਦੇਸ਼ ਚਲੇ ਗਏ ਹਨ ਉਨ੍ਹਾਂ ਦਾ ਉਥੋਂ ਦੇ ਸਭਿਆਚਾਰ ਵਿਚ ਰਚਣਾ ਮਿਚਣਾ ਜ਼ਰੂਰੀ ਹੈ, ਪਰ ਇਸ ਸਭ ਦੇ ਬਾਵਜੂਦ ਵੀ ਸਾਨੂੰ ਆਪਣੇ ਬੱਚਿਆਂ ਨੂੰ ਪੰਜਾਬੀ ਸਭਿਆਚਾਰ ਨਾਲ ਜੋੜਨ ਦੇ ਯਤਨ ਜ਼ਰੂਰ ਕਰਨੇ ਚਾਹੀਦੇ ਹਨ।        
    ਉਪਰੋਕਤ ਤੋਂ ਇਲਾਵਾ, ਇਸ ਅਜਲਾਸ ਨੂੰ ਸਰਵਣ ਜਫਰ (ਇੰਗਲੈਂਡ), ਜਸਵਿੰਦਰ ਤੇ ਜਰਨੈਲ ਸਿੰਘ ਕਹਾਣੀਕਾਰ (ਕੈਨੇਡਾ), ਸੁਰਿੰਦਰ ਮੀਤ (ਇੰਗਲੈਂਡ), ਪੰਜਾਬੀ ਸਾਹਿਤ ਅਕਾਦਮੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਕੈਲੇ, ਸ਼੍ਰੋਮਣੀ ਕਵੀ ਦਰਸ਼ਨ ਬੁੱਟਰ ਅਤੇ ਪ੍ਰਸਿੱਧ ਵਿਦਵਾਨ ਡਾ. ਕਰਮਜੀਤ ਸਿੰਘ ਨੇ ਵੀ ਸੰਬੋਧਨ ਕੀਤਾ। ਮੰਚ ਸੰਚਾਲਨ ਡਾ. ਕਰਮਜੀਤ ਸਿੰਘ ਨੇ ਕੀਤਾ।  
    ਸਰੋਤਿਆਂ ਦੇ ਸਵਾਲਾਂ ਦੇ ਜਵਾਬ ਵੀ ਉਪਰੋਕਤ ਵਿਦਵਾਨਾਂ ਨੇ ਦਿੱਤੇ। ਇਸ ਅਜਲਾਸ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਪੰਜਾਬੀ ਸਾਹਿਤ ਲਈ ਤਾ-ਉਮਰ ਘਾਲਣਾ ਕਰਨ ਵਾਲੇ ਲੇਖਕਾਂ ਸਰਵਸ੍ਰੀ ਮੋਹਨ ਭੰਡਾਰੀ, ਸਿਰੀ ਰਾਮ ਅਰਸ਼, ਸ਼ਿਵ ਨਾਥ, ਤਾਰਨ ਗੁਜਰਾਲ, ਸਰਵਣ ਜ਼ਫ਼ਰ, ਗੁਰਚਰਨ ਬੋਪਾਰਾਏ ਅਤੇ ਸਵਰਨ ਸਿੰਘ ਨੂੰ ਲੋਈ ਅਤੇ ਮਾਣ-ਪੱਤਰ ਦੇ ਕੇ ਸਨਮਾਨਿਆ ਗਿਆ।
    ਅਗਲਾ ਸ਼ਾਮ ਦਾ ਸੈਸ਼ਨ 'ਪਿੱਤਰੀ ਸੱਤਾ ਅਤੇ ਨਾਰੀ ਪਛਾਣ ਦਾ ਸੱਚ' ਵਿਸ਼ੇ ਨੂੰ ਸਮਰਪਿਤ ਸੀ। ਇਸ ਦੇ ਪਹਿਲੇ ਹਿੱਸੇ ਦੀ ਪ੍ਰਧਾਨਗੀ ਜਯਾ ਸ਼ੰਕਰਤਾਇਨ ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਅਮੀਆ ਕੁੰਵਰ, ਪ੍ਰਿੰ. ਗੁਰਦੇਵ ਕੌਰ ਪਾਲ, ਭੁਪਿੰਦਰ ਕੌਰ ਪ੍ਰੀਤ, ਅਰਤਿੰਦਰ ਸੰਧੂ ਸ਼ਾਮਲ ਸਨ। ਮੁੱਖ ਭਾਸ਼ਣ ਇੰਦਰਾ ਜੈ ਸਿੰਘ, ਸੀਨੀਅਰ ਐਡਵੋਕੇਟ ਸੁਪਰੀਮ ਕੋਰਟ ਨੇ ਦਿੱਤਾ। ਇਸ ਦਾ ਵਿਸ਼ਾ ਸੀ 'ਭਾਰਤੀ ਔਰਤ ਚੁਣੌਤੀਆਂ ਤੇ ਸੰਗਰਾਮ।' ਦੂਜਾ ਪਰਚਾ ਡਾ. ਬਲਵਿੰਦਰ ਕੌਰ ਅਰੋੜਾ ਨੇ 'ਪੰਜਾਬੀ ਔਰਤ, ਹੁਣ ਅਤੇ ਭਵਿੱਖ' ਵਿਸ਼ੇ 'ਤੇ ਪੇਸ਼ ਕੀਤਾ। ਮੰਚ ਸੰਚਾਲਨ ਕਮਲ ਦੁਸਾਂਝ ਨੇ ਬਾਖ਼ੂਬੀ ਕੀਤਾ।
    'ਸੁਪਨੇ ਅਤੇ ਹਕੀਕਤਾਂ' ਵਿਸ਼ੇ ਤਹਿਤ ਪੈਨਲ ਵਿਚਾਰ ਚਰਚਾ ਅਗਨੀਸ਼ ਕੌਰ  ਢਿੱਲੋਂ ਦੀ ਪ੍ਰਧਾਨਗੀ ਹੇਠ ਡਾ. ਕੰਵਲਜੀਤ ਕੌਰ ਢਿਂੱਲੋਂ ਨੇ ਕਰਵਾਈ। ਪ੍ਰਧਾਨਗੀ ਮੰਡਲ ਵਿੱਚ ਤਾਰਨ ਗੁਜਰਾਲ, ਮਨਜੀਤ ਕੰਗ, ਕਮਲ ਨੱਤ, ਡਾ. ਜੋਤੀ ਸੇਠ, ਮਨਜੀਤ ਕੌਰ ਗਿੱਲ ਅਤੇ ਗੁਰਮਿੰਦਰ ਸਿੱਧੂ ਸ਼ਾਮਲ ਸਨ। ਮੁੱਖ ਮਹਿਮਾਨ ਡੌਲੀ ਗੁਲੇਰੀਆ ਅਤੇ ਵਿਸ਼ੇਸ਼ ਮਹਿਮਾਨ ਸਨ ਡਾ. ਅਮੀਰ ਸੁਲਤਾਨਾ। 
    ਇਸ ਉਪਰੰਤ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਤਿਆਰ ਕੀਤਾ ਗਿਆ ਨਾਟਕ 'ਪੁਰ-ਸੁਲਾਤ' ਪੇਸ਼ ਕੀਤਾ ਗਿਆ। ਇਸ ਨਾਟਕ ਦੇ ਲੇਖਕ ਡਾ. ਸਵਰਾਜਬੀਰ ਹਨ, ਜਦੋਂ ਕਿ ਇਸ ਨਾਟਕਮਈ ਸ਼ਾਮ ਦੇ ਸੈਸ਼ਨ ਦੀ ਪ੍ਰਧਾਨਗੀ ਡਾ. ਗੁਲਜ਼ਾਰ ਸੰਧੂ ਨੇ ਕੀਤੀ। ਜਿਸ ਵਿਚ ਜਸਵੰਤ ਦਮਨ, ਹਰਜਿੰਦਰ ਕੌਰ ਅਤੇ ਪਰਮਜੀਤ ਦਿਓਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਦੁਜੀ ਤਿੰਨ ਰੋਜ਼ਾ ਆਲਮੀ ਪੰਜਾਬੀ ਕਾਨਫਰੰਸ ਦੇ ਦੂਜੇ ਦਿਨ ਚੱਲੇ ਵੱਖੋ-ਵੱਖ ਸੈਸ਼ਨਾਂ ਦੌਰਾਨ ਵੱਡੀ ਗਿਣਤੀ ਵਿਚ ਲੇਖਕ, ਸਾਹਿਤਕਾਰ, ਪੰਜਾਬੀ ਸਾਹਿਤ ਦੇ ਪ੍ਰੇਮੀ ਅਤੇ ਪੰਜਾਬੀ ਦਰਦੀ ਸ਼ਾਮਲ ਸਨ।

 
©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.