ਕੈਟੇਗਰੀ

ਤੁਹਾਡੀ ਰਾਇ

New Directory Entries


ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਅਕਾਲੀ ਦਲ ਵੱਲੋਂ ਲੁਧਿਆਣਾ ਤੋਂ ਮਹੇਸ਼ਇੰਦਰ ਗਰੇਵਾਲ ਦਾ ਉਮੀਦਵਾਰ ਵਜੋਂ ਐਲਾਨ
ਅਕਾਲੀ ਦਲ ਵੱਲੋਂ ਲੁਧਿਆਣਾ ਤੋਂ ਮਹੇਸ਼ਇੰਦਰ ਗਰੇਵਾਲ ਦਾ ਉਮੀਦਵਾਰ ਵਜੋਂ ਐਲਾਨ
Page Visitors: 3

ਅਕਾਲੀ ਦਲ ਵੱਲੋਂ ਲੁਧਿਆਣਾ ਤੋਂ ਮਹੇਸ਼ਇੰਦਰ ਗਰੇਵਾਲ ਦਾ ਉਮੀਦਵਾਰ ਵਜੋਂ ਐਲਾਨਅਕਾਲੀ ਦਲ ਵੱਲੋਂ ਲੁਧਿਆਣਾ ਤੋਂ ਮਹੇਸ਼ਇੰਦਰ ਗਰੇਵਾਲ ਦਾ ਉਮੀਦਵਾਰ ਵਜੋਂ ਐਲਾਨ

April 13
16:50 2019

ਚੰਡੀਗੜ੍ਹ, 13 ਅਪ੍ਰੈਲ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੁਧਿਆਣਾ ਸੀਟ ‘ਤੇ ਸਾਬਕਾ ਕੈਬਨਿਟ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਦੀਆਂ ਬਾਗ਼ੀ ਸੁਰਾਂ ਅੱਗੇ ਝੁਕਦਿਆਂ ਉਨ੍ਹਾਂ ਨੂੰ ਲੁਧਿਆਣਾ ਤੋਂ ਪਾਰਟੀ ਦਾ ਉਮੀਦਵਾਰ ਐਲਾਨ ਦਿੱਤਾ ਹੈ। ਪਿਛਲੇ ਕਈ ਦਿਨਾਂ ਤੋਂ ਇਸ ਸੀਟ ‘ਤੇ ਉਮੀਦਵਾਰ ਦਾ ਐਲਾਨ ਇਸ ਲਈ ਲਟਕਿਆ ਹੋਇਆ ਸੀ ਕਿਉਂਕਿ ਗਰੇਵਾਲ ਚੋਣ ਲੜਨ ਲਈ ਪਾਰਟੀ ਅੱਗੇ ਅੜੇ ਹੋਏ ਸਨ ਅਤੇ ਉਨ੍ਹਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਸਨ। ਪਿਛਲੇ ਹਫ਼ਤੇ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਗਰੇਵਾਲ ਨੂੰ ਮਨਾਉਣ ਲਈ ਉਨ੍ਹਾਂ ਦੇ ਘਰ ਵੀ ਗਏ ਸਨ ਅਤੇ ਉਨ੍ਹਾਂ ਨੂੰ ਲੁਧਿਆਣਾ ਸੀਟ ਦੀ ਜ਼ਮੀਨੀ ਹਾਲਾਤ ਤੋਂ ਜਾਣੂੰ ਕਰਵਾਉਂਦਿਆਂ ਕਿਹਾ ਸੀ ਕਿ ਇਹ ਸੀਟ ਜਿੱਤਣ ਲਈ ਸਾਨੂੰ ਵਿਰੋਧੀ ਉਮੀਦਵਾਰਾਂ ਦੇ ਮੁਕਾਬਲੇ ਨੌਜਵਾਨ ਚਿਹਰੇ ਨੂੰ ਹੀ ਉਤਾਰਨਾ ਪਵੇਗਾ। ਕਈ ਮੀਟਿੰਗਾਂ ਦੇ ਬਾਵਜੂਦ ਗਰੇਵਾਲ ਜਦੋਂ ਟਸ ਤੋਂ ਮਸ ਨਾ ਹੋਏ ਅਤੇ ਤਿੱਖੇ ਤੇਵਰ ਦਿਖਾਉਣ ਲੱਗੇ ਤਾਂ ਸ਼ਨਿਚਰਵਾਰ ਨੂੰ ਸੁਖਬੀਰ ਸਿੰਘ ਬਾਦਲ ਨੂੰ ਮਹੇਸ਼ਇੰਦਰ ਸਿੰਘ ਗਰੇਵਾਲ ਦੀ ਜ਼ਿੱਦ ਅੱਗੇ ਝੁਕਦਿਆਂ ਉਨ੍ਹਾਂ ਨੂੰ ਮਜ਼ਬੂਰੀਵਸ ਉਮੀਦਵਾਰ ਐਲਾਨਣਾ ਹੀ ਪਿਆ।
ਗਰੇਵਾਲ ਦੇ ਬਦਲੇ ਲੁਧਿਆਣਾ ਤੋਂ ਅਕਾਲੀ ਦਲ ਨੇ ਯੂਥ ਆਗੂ ਤੇ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਪਰਮਿੰਦਰ ਸਿੰਘ ਬਰਾੜ ਨੂੰ ਉਤਾਰਨ ਦਾ ਪਹਿਲਾਂ ਫ਼ੈਸਲਾ ਕਰ ਲਿਆ ਸੀ। ਸਿਰਫ ਰਸਮੀ ਐਲਾਨ ਬਾਕੀ ਸੀ ਬਰਾੜ ਦਾ ਨੌਜਵਾਨਾਂ ਵਿਚ ਕਾਫੀ ਚੰਗਾ ਅਕਸ ਮੰਨਿਆ ਜਾਂਦਾ ਹੈ ਅਤੇ ਉਹ ਪਿਛਲੇ ਲੰਬੇ ਸਮੇਂ ਤੋਂ ਯੂਥ ਅਕਾਲੀ ਦਲ ਲਈ ਜ਼ਮੀਨੀ ਪੱਧਰ ‘ਤੇ ਕੰਮ ਕਰਦੇ ਆ ਰਹੇ ਸਨ।
ਵਰਕਰਾਂ ਦੀ ਫੀਡਬੈਕ ਅਤੇ ਲੁਧਿਆਣਾ ‘ਚ ਕਾਂਗਰਸ ਦੇ ਯੂਥ ਚਿਹਰੇ ਰਵਨੀਤ ਸਿੰਘ ਬਿੱਟੂ ਅਤੇ ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਦੇ ਮੁਕਾਬਲੇ ਅਕਾਲੀ ਦਲ ਨੇ ਵੀ ਪਰਮਿੰਦਰ ਸਿੰਘ ਬਰਾੜ ਨੂੰ ਯੂਥ ਚਿਹਰੇ ਵਜੋਂ ਖੜ੍ਹਾ ਕਰਨ ਦਾ ਇਰਾਦਾ ਬਣਾਇਆ ਸੀ। ਬਰਾੜ ਦੇ ਹੱਕ ਵਿਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ, ਸਿਕੰਦਰ ਸਿੰਘ ਮਲੂਕਾ, ਬਲਵਿੰਦਰ ਸਿੰਘ ਭੂੰਦੜ ਅਤੇ ਵੱਡੀ ਗਿਣਤੀ ‘ਚ ਯੂਥ ਆਗੂਆਂ ਨੇ ਸਹਿਮਤੀ ਪ੍ਰਗਟਾਈ ਸੀ ਪਰ ਗਰੇਵਾਲ ਦੇ ਨਾ ਮੰਨਣ ‘ਤੇ ਸਾਰਿਆਂ ਨੂੰ ਗਰੇਵਾਲ ਦੇ ਹੱਕ ਵਿਚ ਖੜ੍ਹਣਾ ਪਿਆ।
ਸੁਖਬੀਰ ਸਿੰਘ ਬਾਦਲ ਨੇ ਸ਼ਨਿਚਵਰਾਰ ਨੂੰ ਮਹੇਸ਼ਇੰਦਰ ਸਿੰਘ ਗਰੇਵਾਲ ਨੂੰ ਲੋਕ ਸਭਾ ਹਲਕਾ ਲੁਧਿਆਣਾ ਲਈ ਅਕਾਲੀ ਦਲ-ਭਾਜਪਾ ਦਾ ਉਮੀਦਵਾਰ ਐਲਾਨ ਦਿੱਤਾ ਹੈ।
ਬਠਿੰਡਾ ਅਤੇ ਫਿਰੋਜ਼ਪੁਰ ਦੀਆਂ ਸੀਟਾਂ ‘ਤੇ ਅਕਾਲੀ ਦਲ ਫੂਕ ਫੂਕ ਕੇ ਕਦਮ ਰੱਖ ਰਿਹਾ ਹੈ। ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੂੰ ਮੁੜ ਉਮੀਦਵਾਰ ਬਣਾਏ ਜਾਣ ਦਾ ਫ਼ੈਸਲਾ ਕਰ ਲਿਆ ਗਿਆ ਅਤੇ ਸਿਰਫ ਰਸਮੀ ਐਲਾਨ ਹੀ ਬਾਕੀ ਹੈ। ਇਸੇ ਤਰ੍ਹਾਂ ਫਿਰੋਜ਼ਪੁਰ ਤੋਂ ਸੁਖਬੀਰ ਸਿੰਘ ਬਾਦਲ, ਜਨਮੇਜਾ ਸਿੰਘ ਸੇਖੋਂ ਜਾਂ ਪਰਮਿੰਦਰ ਸਿੰਘ ਬਰਾੜ ਵਿਚੋਂ ਕੋਈ ਇਕ ਉਮੀਦਵਾਰ ਬਣਾਇਆ ਜਾ ਸਕਦਾ ਹੈ। ਲੁਧਿਆਣੇ ਤੋਂ ਬਾਅਦ ਪਾਰਟੀ ਫਿਰੋਜ਼ਪੁਰ ਤੋਂ ਪਰਮਿੰਦਰ ਸਿੰਘ ਬਰਾੜ ਨੂੰ ਯੂਥ ਚਿਹਰੇ ਵਜੋਂ ਮੈਦਾਨ ਵਿਚ ਉਤਾਰ ਸਕਦੀ ਹੈ। ਫਿਰੋਜ਼ਪੁਰ ਹਲਕੇ ਵਿਚ ਵੀ ਬਰਾੜ ਦੀ ਯੂਥ ਵਿਚ ਕਾਫੀ ਚੰਗਾ ਆਧਾਰ ਹੈ।
ਇੱਥੇ ਇਹ ਦੱਸਣਯੋਗ ਹੈ ਕਿ ਅਕਾਲੀ ਦਲ ਨੇ ਹੁਣ ਤਕ ਆਪਣੇ 10 ਵਿਚੋਂ 8 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਅਤੇ ਸਿਰਫ ਬਠਿੰਡਾ ਤੇ ਫਿਰੋਜ਼ਪੁਰ ਦੀਆਂ ਸੀਟਾਂ ‘ਤੇ ਉਮੀਦਵਾਰਾਂ ਦਾ ਰਸਮੀ ਐਲਾਨ ਕਰਨਾ ਬਾਕੀ ਰਹਿ ਗਿਆ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.