ਗੁਰਨਾਮ ਸਿੰਘ ਅਕੀਦਾ
ਪਟਿਆਲਾ, 18 ਅਪਰੈਲ
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਸ ਵਾਰ ਪੰਜਾਬ ਵਿੱਚ ਪਿਛਲੇ ਸਮੇਂ ਵਾਪਰੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਪ੍ਰਕਾਸ਼ਿਤ ਇੱਕ ਕਿਤਾਬਚਾ ਵੰਡਿਆ ਜਾ ਰਿਹਾ ਹੈ। ‘ਬੇਅਦਬੀ ਦਾ ਕੱਚਾ ਚਿੱਠਾ’ ਨਾਮੀ ਇਹ ਕਿਤਾਬਚਾ ਪੰਥਕ ਅਸੈਂਬਲੀ ਸ੍ਰੀ ਅੰਮ੍ਰਿਤਸਰ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ, ਜਿਸ ਨੂੰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੁਝ ਲੋਕ ਆਪਣੇ ਤੌਰ ’ਤੇ ਛਪਵਾ ਹੁਣ ਲੋਕਾਂ ’ਚ ਵੰਡ ਰਹੇ ਹਨ। ਕੁੱਲ 60 ਸਫ਼ਿਆਂ ਦਾ ਇਹ ਕਿਤਾਬਚਾ ਪਟਿਆਲਾ ਵਿੱਚ ਗੁਰਮੇਹਰ ਪਬਲੀਕੇਸ਼ਨ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ, ਜਿਸ ਦਾ ਖਰਚਾ ਬਲਵਿੰਦਰ ਸਿੰਘ ਜਾਤੀਵਾਲ ਸਾਬਕਾ ਜੀਐੱਮ ਵੇਰਕਾ ਅਤੇ ਹੋਰ ਕਈ ਸਿੱਖਾਂ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ ਹੈ। ਕਿਤਾਬਚੇ ਦਾ ਸੰਪਾਦਨ ਗੁਰਤੇਜ ਸਿੰਘ ਅਤੇ ਪੱਤਰਕਾਰ ਜਸਪਾਲ ਸਿੰਘ ਸਿੱਧੂ ਵੱਲੋਂ ਕੀਤਾ ਗਿਆ ਹੈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸਬੰਧਤ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ।
ਇਸ ਵਿੱਚ ਪਹਿਲੀ ਜੂਨ 2015 ਦੌਰਾਨ ਬੁਰਜ ਜਵਾਹਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਣ, ਬਰਗਾੜੀ ਵਿੱਚ 12 ਅਕਤੂਬਰ 2015 ਨੂੰ ਪਾਵਨ ਸਰੂਪ ਦੇ ਅੰਗ ਖਿੱਲਰੇ ਮਿਲਣ, ਗੁਰੂਸਰ, ਮੱਲ ਕੇ, ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਸਮੇਤ ਹੋਰ ਕਈ ਘਟਨਾਵਾਂ ਦਾ ਸਬੂਤਾਂ ਸਮੇਤ ਵਰਣਨ ਹੈ। ਇਸ ਕਿਤਾਬਚੇ ਵਿੱਚ ਡੇਰਾ ਮੁਖੀ ਨਾਲ ਜੁੜੀਆਂ ਘਟਨਾਵਾਂ ਬਾਰੇ ਵੀ ਦੱਸਿਆ ਗਿਆ ਹੈ। ਇਸ ਵਿੱਚ ਡੇਰਾ ਮੁਖੀ ਦੀ ਫ਼ਿਲਮ ਨੂੰ ਪੰਜਾਬ ਵਿੱਚ ਰਿਲੀਜ਼ ਕਰਨ ਬਾਰੇ ਵੀ ਜ਼ਿਕਰ ਮਿਲਦਾ ਹੈ। ਇਸੇ ਤਰ੍ਹਾਂ ਛੇ ਪਿੰਡਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੀਆਂ ਘਟਨਾਵਾਂ ਦਾ ਵਿਸਥਾਰਪੂਰਵਕ ਜ਼ਿਕਰ ਹੈ। ਇਨ੍ਹਾਂ ਘਟਨਾਵਾਂ ਬਾਰੇ ਜਸਟਿਸ ਰਣਜੀਤ ਸਿੰਘ ਦੀ ਟਿੱਪਣੀ ਵੀ ਕਿਤਾਬਚੇ ਵਿੱਚ ਛਾਪੀ ਗਈ ਹੈ। ਬਰਗਾੜੀ ਵਿੱਚ ਵਾਪਰੀਆਂ ਦੋ ਘਟਨਾਵਾਂ ਅਤੇ ਕੰਧਾਂ ’ਤੇ ਲੱਗੇ ਪੋਸਟਰਾਂ ਬਾਰੇ ਵੀ ਦੱਸਿਆ ਗਿਆ ਹੈ।
ਇਸ ’ਚ ਕੋਟਕਪੂਰਾ ਅਤੇ ਬਹਿਬਲ ਕਲਾਂ ਦੀਆਂ ਘਟਨਾਵਾਂ ਦਾ ਖਾਸ ਜ਼ਿਕਰ ਆਉਂਦਾ ਹੈ। ਕਿਤਾਬਚੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਅਤੇ ਤਤਕਾਲੀ ਉਪ ਮੁੱਖ ਮੰਤਰੀ ਦੀ ਭੂਮਿਕਾ ਬਾਰੇ ਦੱਸਿਆ ਗਿਆ ਹੈ। ਇਹ ਵੀ ਦੱਸਿਆ ਗਿਆ ਹੈ ਕਿ ਕਿਵੇਂ ਸ੍ਰੀ ਬਾਦਲ ਦਾ ਡੇਰਾ ਸਿਰਸਾ ਦੇ ਮੁਖੀ ਨਾਲ ਮੇਲ ਮਿਲਾਪ ਚੱਲਦਾ ਰਿਹਾ। ਇਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਬੇਅਦਬੀ ਸਬੰਧੀ ਭੂਮਿਕਾ ਬਾਰੇ ਵੀ ਚਾਨਣਾ ਪਾਇਆ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਾਰੇ ਬਣਾਏ ਗਏ ਗੈਰ-ਸਰਕਾਰੀ ਨਾਗਰਿਕ ਕਮਿਸ਼ਨ ਜਸਟਿਸ ਮਾਰਕੰਡੇ ਕਾਟਜੂ ਵੱਲੋਂ ਕੀਤੀਆਂ ਟਿੱਪਣੀਆਂ ਦਾ ਵਿਸਥਾਰ ਪੂਰਵਕ ਜ਼ਿਕਰ ਹੈ। ਕਿਤਾਬਚੇ ਵਿੱਚ ਡੇਰਾ ਸਿਰਸਾ ਦਾ ਪਿਛੋਕੜ ਵੀ ਮਿਲਦਾ ਹੈ।
ਡੇਰਾਵਾਦ ਕੀ ਹੈ? ਤੇ ਸਿੱਖਾਂ ਤੇ ਡੇਰਾ ਪ੍ਰੇਮੀਆਂ ਵਿਚਕਾਰ ਹੋਈਆਂ ਝੜਪਾਂ ਇਸ ਵਿੱਚ ਦਰਜ ਹਨ। ਕਿਤਾਬਚੇ ਦੇ ਪੰਨਾ ਨੰਬਰ 35 ਉੱਤੇ ਬਾਦਲਾਂ ਵੱਲੋਂ ਬਠਿੰਡਾ ਪੁਲੀਸ ਕੇਸ ’ਚੋਂ ਡੇਰਾ ਮੁਖੀ ਨੂੰ ਬਰੀ ਕਰਵਾਉਣ ਬਾਰੇ ਵੀ ਸਪਸ਼ਟ ਕੀਤਾ ਗਿਆ ਹੈ। ਬਰਗਾੜੀ ਬੇਅਦਬੀ ਕਾਂਡ ਦਾ ਇਤਿਹਾਸਕ ਪਰਿਪੇਖ, ਡੇਰਾ ਸਿਰਸਾ ਦੀਆਂ ਗਤੀਵਿਧੀਆਂ ਅਤੇ ਨਿਰੰਕਾਰੀ ਕਾਂਡ ਦਾ ਸਾਂਝਾ ਪਰਿਪੇਖ ਆਦਿ ਹੋਰ ਕਈ ਪਾਠ ਬਣਾਏ ਗਏ ਹਨ। ਬੇਅਦਬੀ ਦਾ ਕਸੂਰਵਾਰ ਬਾਦਲ ਕਿਵੇਂ?, ਬਾਰੇ ਵੀ ਪਾਠ ਬਣਾਇਆ ਗਿਆ ਹੈ।
ਪਟਿਆਲਾ ਦੇ ਆਲ਼ੇ ਦੁਆਲੇ ਇਲਾਕਿਆਂ ਵਿੱਚ ਇਹ ਕਿਤਾਬਚਾ ਛਪਵਾ ਕੇ ਵੰਡਣ ਵਾਲਿਆਂ ਵਿੱਚ ਮੋਹਰੀ ਭੂਮਿਕਾ ਨਿਭਾ ਰਹੇ ਬਲਵਿੰਦਰ ਸਿੰਘ ਜਾਤੀਵਾਲ ਨੇ ਕਿਹਾ ਕਿ ਬੇਅਦਬੀ ਦਾ ਮੁੱਦਾ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੌਰਾਨ ਬਣਨਾ ਚਾਹੀਦਾ ਹੈ ਤੇ ਇਸ ਬਾਰੇ ਸਿੱਖ ਸੰਗਤ ਨੂੰ ਪੂਰੀ ਜਾਣਕਾਰੀ ਦੇਣ ਲਈ ਇਹ ਕਿਤਾਬਚਾ ਬਾਸਬੂਤ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਸਿਆਸੀ ਪਾਰਟੀ ਨਾਲ ਸਬੰਧ ਨਹੀਂ ਰੱਖਦੇ ਪਰ ਉਸ ਨੂੰ ਬੇਅਦਬੀ ਦਾ ਬਹੁਤ ਦੁੱਖ ਹੈ।
...................................
ਟਿੱਪਣੀ :-   ਪੰਜਾਬ ਦੇ ਲੋਕ ਇਸ ਕਿਤਾਬਚੇ ਨੂੰ ਲੈ ਕੇ ਇਸ ਵਿਚਲੀ ਅਸਲੀਅਤ ਜਾਣੋ ।        ਅਮਰ ਜੀਤ ਸਿੰਘ ਚੰਦੀ