ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪ੍ਰਵਾਸੀ ਭਾਰਤੀਆਂ ਵਲੋਂ ਭੇਜੇ ਜਾਂਦੇ ਪੈਸਿਆਂ ਤੇ ਮੁੜ ਸਰਵਿਸ ਟੈਕਸ ਲਾਉਣ ਦਾ ਫੈਸਲਾ
ਪ੍ਰਵਾਸੀ ਭਾਰਤੀਆਂ ਵਲੋਂ ਭੇਜੇ ਜਾਂਦੇ ਪੈਸਿਆਂ ਤੇ ਮੁੜ ਸਰਵਿਸ ਟੈਕਸ ਲਾਉਣ ਦਾ ਫੈਸਲਾ
Page Visitors: 2438

ਪ੍ਰਵਾਸੀ ਭਾਰਤੀਆਂ ਵਲੋਂ ਭੇਜੇ ਜਾਂਦੇ ਪੈਸਿਆਂ ਤੇ ਮੁੜ ਸਰਵਿਸ ਟੈਕਸ ਲਾਉਣ ਦਾ ਫੈਸਲਾ
ਚੰਡੀਗੜ੍ਹ, 18 ਅਕਤੂਬਰ (ਪੰਜਾਬ ਮੇਲ)-ਭਾਰਤ ਖ਼ਾਸਕਰ ਪੰਜਾਬ ਤੋਂ ਵਿਦੇਸ਼ਾਂ ‘ਚ ਗਏ ਪ੍ਰਵਾਸੀਆਂ ਲਈ ਦੇਸ਼ ਪੈਸਾ ਭੇਜਣਾ ਮਹਿੰਗਾ ਹੋਣ ਜਾ ਰਿਹਾ ਹੈ | ਕੇਂਦਰੀ ਬੋਰਡ ਆਫ਼ ਐਕਸਾਈਜ਼ ਤੇ ਕਸਟਮਜ਼ (ਸੀ.ਬੀ.ਈ.ਸੀ.) ਵੱਲੋਂ ਜਾਰੀ ਸੱਜਰੇ ਸਰਕੂਲਰ ਰਾਹੀਂ ਸਪੱਸ਼ਟ ਕੀਤਾ ਗਿਆ ਹੈ ਕਿ ਵਿਦੇਸ਼ਾਂ ‘ਚੋਂ ਭਾਰਤ ‘ਚ ਪੈਸਾ ਭੇਜਣ ਦੀ ਸਹੂਲਤ ਦੇਣ ਵਾਲੇ ਬੈਂਕਾਂ, ਵਿੱਤੀ ਅਦਾਰਿਆਂ ਕੋਲੋਂ ਫ਼ੀਸ ਜਾਂ ਕਮਿਸ਼ਨ ਉਗਰਾਹੀ ਜਾਵੇਗੀ | ਸੀ.ਬੀ.ਈ.ਸੀ. ਦੇ ਤਕਨੀਕੀ ਅਫ਼ਸਰ ਡਾ. ਅਭਿਸ਼ੇਕ ਚੰਦਰ ਗੁਪਤਾ ਵੱਲੋਂ ਇਸੇ ਮੰਗਲਵਾਰ ਦੇਰ ਰਾਤ
‘ਪਲੇਸ ਆਫ਼ ਪ੍ਰਵੀਜ਼ਨ ਆਫ਼ ਸਰਵਿਸ ਰੂਲਜ਼ 2012′ ਦੇ ਨਿਯਮ 2-ਐਫ ਦੇ ਤਹਿਤ ਪਰਿਭਾਸ਼ਿਤ ਵਿਦੇਸ਼ਾਂ ‘ਚੋਂ ਪੈਸੇ ਦਾ ਤਬਾਦਲਾ ਕਰਨ ਵਾਲੇ ਵਰਗ ਦੇ ਵਿਚੋਲਿਆਂ ਵਜੋਂ ਗਤੀਸ਼ੀਲ ਬੈਂਕਾਂ ਅਤੇ ਵਿੱਤੀ ਅਦਾਰਿਆਂ ਨੂੰ ਇਹ ਸਰਕੂਲਰ ਜਾਰੀ ਕੀਤਾ ਗਿਆ ਹੈ | ਇਸ ਦਾ ਅਸਰ ਸਿੱਧੇ ਤੌਰ ‘ਤੇ ਉਨ੍ਹਾਂ ਲੋਕਾਂ ‘ਤੇ ਪੈਣ ਜਾ ਰਿਹਾ ਹੈ ਜੋ ਵਿਦੇਸ਼ਾਂ ‘ਚੋਂ ਉਕਤ ਅਦਾਰਿਆਂ ਰਾਹੀਂ ਜਾਇਜ਼ ਤਰੀਕੇ ਭਾਰਤ ਵਿਚ ਪੈਸਾ ਭੇਜਦੇ ਹਨ | ਇਹ ਸਰਕੂਲਰ ਮੂਲ ਰੂਪ ਵਿਚ ਕੇਂਦਰ ਸਰਕਾਰ ਦੇ ਸਾਲ 2012 ਵਿਚ ਪ੍ਰਵਾਸੀ ਭਾਰਤੀਆਂ ਵੱਲੋਂ ਭੇਜੀਆਂ ਜਾਂਦੀਆਂ ਰਕਮਾਂ ‘ਤੇ ਸਰਵਿਸ ਟੈਕਸ ਨਾ ਉਗਰਾਹੇ ਜਾਣ ਵਾਲੇ ਫ਼ੈਸਲੇ ਦੀ ਹੀ ਸੋਧ ਹੈ | ਸਾਲ 2012 ਵਿਚ ਕੇਂਦਰ ਦੀ ਯੂ.ਪੀ.ਏ. ਦੀ ਅਗਵਾਈ ਵਾਲੀ ਸਰਕਾਰ ਵੇਲੇ ਜਦੋਂ ਪਹਿਲਾਂ ਇਹ ਸਰਵਿਸ ਟੈਕਸ ਲਾਇਆ ਸੀ ਤਾਂ ਉਸ ਵੇਲੇ ਵੀ ਪ੍ਰਵਾਸੀ ਭਾਰਤੀਆਂ ਵੱਲੋਂ ਇਸ ਦਾ ਭਾਰੀ ਵਿਰੋਧ ਕੀਤਾ ਗਿਆ ਸੀ | ਜ਼ਿਆਦਾ ਪ੍ਰਵਾਸੀ ਭਾਰਤੀਆਂ ਨਾਲ ਸਬੰਧਿਤ ਰਾਜਾਂ ਪੰਜਾਬ ਅਤੇ ਦੱਖਣ ‘ਚੋਂ ਕੇਰਲਾ ਦੇ ਮੁੱਖ ਮੰਤਰੀਆਂ ਵੱਲੋਂ ਉਚੇਚੇ ਤੌਰ ‘ਤੇ ਉਸੇ ਵੇਲੇ ਇਹ ਮੁੱਦਾ ਤਤਕਾਲੀ ਪ੍ਰਧਾਨ ਮੰਤਰੀ ਕੋਲ ਚੁੱਕਿਆ ਗਿਆ | ਇਸ ਬਾਰੇ ਟਿੱਪਣੀ ਕਰਦਿਆਂ ਐਨ.ਆਰ.ਆਈ. ਸਭਾ ਪੰਜਾਬ ਦੇ ਪ੍ਰਧਾਨ ਜਸਬੀਰ ਸਿੰਘ ਗਿੱਲ ਨੇ ਕਿਹਾ ਕਿ ਇਹ ਵਿਦੇਸ਼ਾਂ ‘ਚ ਮਸ੍ਹਾਂ ਹੀ ਕਮਾਈਆਂ ਕਰ ਰਹੇ ਪ੍ਰਵਾਸੀਆਂ ਨਾਲ ਧੱਕਾ ਹੈ |
ਪੈਸਾ ਭੇਜਣ ਦੇ ਗਲਤ ਤਰੀਕਿਆਂ ਵੱਲ ਵਧੇਗਾ ਰੁਝਾਨ
ਵਿੱਤੀ ਮਾਹਿਰਾਂ ਖ਼ਾਸਕਰ ਵਿਦੇਸ਼ੀ ਪੈਸੇ ਦੇ ਲੈਣ ਦੇਣ ਨਾਲ ਸਬੰਧਿਤ ਮੀਡੀਏਟਰਾਂ ਦਾ ਸਪੱਸ਼ਟ ਕਹਿਣਾ ਹੈ ਕਿ ਇਸ ਸਰਕੂਲਰ ਕਾਰਨ ਪ੍ਰਵਾਸੀ ਭਾਰਤੀਆਂ ਵਿਚ ਨਜਾਇਜ਼ ਤਰੀਕਿਆਂ ਨਾਲ ਪੈਸਾ ਭੇਜਣ ਨੂੰ ਵੱਧ ਤਵੱਜੋਂ ਦੇਣ ਦੀ ਸੰਭਾਵਨਾ ਵੱਧ ਗਈ ਹੈ |
ਰੱਖੜਾ ਵੱਲੋਂ ਮੁੜ ਵਿਚਾਰ ਕਰਨ ਦੀ ਮੰਗ
ਪੰਜਾਬ ਦੇ ਸੀਨੀਅਰ ਕੈਬਨਿਟ ਮੰਤਰੀ ਅਤੇ ਵਿਦੇਸ਼ਾਂ ‘ਚ ਪਰਿਵਾਰਕ ਕਾਰੋਬਾਰ ਵਾਲੇ ਸ: ਸੁਰਜੀਤ ਸਿੰਘ ਰੱਖੜਾ ਨੇ ਇਸ ਸਰਕੂਲਰ ਨੂੰ ਪ੍ਰਵਾਸੀ ਭਾਰਤੀਆਂ ਖ਼ਾਸਕਰ ਜਿਨ੍ਹਾਂ ਵੱਲੋਂ ਇਕ ਨੰਬਰ ‘ਚ ਪੈਸਾ ਭੇਜ ਕੇ ਦੇਸ਼ ਦੀ ਆਰਥਿਕਤਾ ਵਿਚ ਵੀ ਬਕਾਇਦਾ ਯੋਗਦਾਨ ਪਾਇਆ ਜਾ ਰਿਹਾ ਹੈ, ਲਈ ਬੇਹੱਦ ਨਿਰਾਸ਼ਾਜਨਕ ਕਰਾਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਦੀ ਮਾਰਫ਼ਤ ਕੇਂਦਰ ‘ਚ ਭਾਈਵਾਲ ਐਨ.ਡੀ.ਏ. ਦੀ ਅਗਵਾਈ ਵਾਲੀ ਸਰਕਾਰ ਕੋਲ ਇਸ ਸਰਕੂਲਰ ਨੂੰ ਵਾਪਸ ਲੈਣ ਬਾਰੇ ਮੁੜ ਵਿਚਾਰ ਕਰਨ ਦੀ ਵਕਾਲਤ ਕਰਦੇ ਹਨ |
ਮੁੱਖ ਮੰਤਰੀ ਦੇ ਧਿਆਨ ‘ਚ ਲਿਆਵਾਂਗਾ-ਐਨ. ਕੇ. ਸ਼ਰਮਾ
ਸ਼ੋ੍ਰਮਣੀ ਅਕਾਲੀ ਦਲ ਦੇ ਖ਼ਜ਼ਾਨਚੀ ਤੇ ਪੰਜਾਬ ਵਿਚ ਨਿਵੇਸ਼ ਉਤਸ਼ਾਹਿਤ ਕਰਨ ਲਈ ਹਾਲ ਹੀ ‘ਚ ਗਠਿਤ ਕੀਤੇ ਵਿਭਾਗ ਨਿਵੇਸ਼ ਪ੍ਰਮੋਸ਼ਨ ਦੇ ਮੁੱਖ ਸੰਸਦੀ ਸਕੱਤਰ ਨਰਿੰਦਰ ਕੁਮਾਰ ਸ਼ਰਮਾ ਨੇ ਅੱਜ ਭਲਕ ‘ਚ ਹੀ ਇਹ ਮਾਮਲਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੇ ਧਿਆਨ ਵਿਚ ਲਿਆਉਣ ਦੀ ਗੱਲ ਕਹੀ ਹੈ | ਉਨ੍ਹਾਂ ਕਿਹਾ ਕਿ ਕੇਂਦਰ ਪ੍ਰਵਾਸੀਆਂ ਨੂੰ ਵਿਦੇਸ਼ਾਂ ‘ਚੋਂ ਪੈਸਾ ਭੇਜਣ ਬਾਰੇ ਉਤਸ਼ਾਹਿਤ ਕਰਨ ਦੀ ਬਜਾਏ ਅਜਿਹੇ ਅਸਿੱਧੇ ਟੈਕਸ ਲਗਾ ਕੇ ਉਨ੍ਹਾਂ ਦਾ ਮਨੋਬਲ ਨਾ ਡੇਗੇ |

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.