ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਭਾਜਪਾ ਵਲੋਂ ਰਾਜੀਵ-ਲੌਂਗੋਵਾਲ ਸਮਝੌਤਾ ਲਾਗੂ ਕਰਨ ਦੀ ਮੰਗ ਨੇ ਅਕਾਲੀ ਦਲ ਨੂੰ ਕਸੂਤਾ ਫਸਾਇਆ
ਭਾਜਪਾ ਵਲੋਂ ਰਾਜੀਵ-ਲੌਂਗੋਵਾਲ ਸਮਝੌਤਾ ਲਾਗੂ ਕਰਨ ਦੀ ਮੰਗ ਨੇ ਅਕਾਲੀ ਦਲ ਨੂੰ ਕਸੂਤਾ ਫਸਾਇਆ
Page Visitors: 2423

ਭਾਜਪਾ ਵਲੋਂ ਰਾਜੀਵ-ਲੌਂਗੋਵਾਲ ਸਮਝੌਤਾ ਲਾਗੂ ਕਰਨ ਦੀ ਮੰਗ ਨੇ ਅਕਾਲੀ ਦਲ ਨੂੰ ਕਸੂਤਾ ਫਸਾਇਆ
ਚੰਡੀਗੜ੍ਹ, 22 ਅਕਤੂਬਰ (ਪੰਜਾਬ ਮੇਲ)- ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਨੇ ਰਾਜੀਵ-ਲੌਂਗੋਵਾਲ ਸਮਝੌਤਾ ਲਾਗੂ ਕਰਨ ਦੀ ਕੀਤੀ ਮੰਗ ਨੇ ਅਕਾਲੀ ਦਲ ਨੂੰ ਕਸੂਤਾ ਫਸਾ ਦਿੱਤਾ ਹੈ। ਪਾਰਟੀ ਦੀ ਪ੍ਰਦੇਸ਼ ਇਕਾਈ ਦੇ ਪ੍ਰਧਾਨ ਕਮਲ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਬੁਨਿਆਦੀ ਮਸਲਿਆਂ ਦੇ ਹੱਲ ਲਈ ਭਾਜਪਾ ਰਾਜੀਵ-ਲੌਂਗੋਵਾਲ ਸਮਝੌਤਾ ਲਾਗੂ ਕਰਨ ਦੇ ਪੱਖ ‘ਚ ਹੈ। ਭਾਜਪਾ ਦੇ ਰੁਖ਼ ਵਿਚ ਇਹ ਤਬਦੀਲੀ ਹਰਿਆਣਾ ਵਿਚ ਸਰਕਾਰ ਦੇ ਗਠਨ ਤੋਂ ਐਨ ਪਹਿਲਾਂ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਤਤਕਾਲੀਨ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਰਮਿਆਨ 24 ਜੁਲਾਈ 1985 ‘ਚ ਹੋਏ ਸਮਝੌਤੇ ਤਹਿਤ ਚੰਡੀਗੜ੍ਹ ਪੰਜਾਬ ਨੂੰ ਦੇਣ ਸਮੇਤ ਦੋਹਾਂ ਸੂਬਿਆਂ (ਹਰਿਆਣਾ ਤੇ ਪੰਜਾਬ) ਦੇ ਕਈ ਝਗੜਿਆਂ ਦੇ ਹੱਲ ਦਾ ਰਾਹ ਤਲਾਸ਼ਿਆ ਗਿਆ ਸੀ। ਇਹ ਸਮਝੌਤਾ ਅਜੇ ਤੱਕ ਲਾਗੂ ਨਹੀਂ ਹੋਇਆ। ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸੇ ਸਮੇਂ ਰਾਜੀਵ-ਲੌਂਗੋਵਾਲ ਸਮਝੌਤਾ ਲਾਗੂ ਕਰਨ ਦੀ ਮੰਗ ਕੀਤੀ ਜਾਂਦੀ ਰਹੀ ਹੈ। ਭਾਜਪਾ ਰਾਜੀਵ-ਲੌਂਗੋਵਾਲ ਸਮਝੌਤੇ ਅਤੇ ਪੰਜਾਬ ਦੇ ਮਸਲਿਆਂ ਬਾਰੇ ਅਕਸਰ ਖਾਮੋਸ਼ ਰਹਿੰਦੀ ਰਹੀ ਹੈ।
ਪੰਜਾਬ ‘ਚ ਸਾਕਾ ਨੀਲਾ ਤਾਰਾ ਅਤੇ ਦਿੱਲੀ ਦੇ ਸਿੱਖ ਕਤਲੇਆਮ ਤੋਂ ਬਾਅਦ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਅਕਾਲੀ ਦਲ ਦੇ ਪ੍ਰਧਾਨ ਹਰਚੰਦ ਸਿੰਘ ਲੌਂਗੋਵਾਲ ਨਾਲ ਪਹਿਲਾ ਸਮਝੌਤਾ ਹੋਇਆ ਸੀ। ਕੇਂਦਰ ਸਰਕਾਰ ਵੱਲੋਂ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਗਿਆ ਸੀ ਕਿ ਕਾਂਗਰਸ ਸਰਕਾਰ ਪੰਜਾਬ ਮਸਲੇ ਦਾ ਹੱਲ ਕਰਨ ਲਈ ਗੰਭੀਰ ਹੈ। ਇਸ ਸਮਝੌਤੇ ਤੋਂ ਬਾਅਦ 20 ਅਗਸਤ 1985 ਨੂੰ ਅਤਿਵਾਦੀਆਂ ਨੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰਪੁਰ ‘ਚ ਹੱਤਿਆ ਕਰ ਦਿੱਤੀ ਸੀ। ਉਸ ਤੋਂ ਬਾਅਦ ਲੰਮਾ ਸਮਾਂ ਅਤਿਵਾਦ ਦਾ ਦੌਰ ਰਿਹਾ ਹੈ। ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਸ ਸਮਝੌਤੇ ਦੇ ਕਦੇ ਪੱਖ ਵਿਚ ਅਤੇ ਕਦੇ ਵਿਰੋਧੀ ਵੀ ਰਹੇ ਹਨ। ਸ਼੍ਰੀ ਬਾਦਲ ਤਾਂ ਸੰਤ ਲੌਂਗੋਵਾਲ ਦੇ ਸਾਲਾਨਾ ਬਰਸੀ ਸਮਾਗਮ ‘ਤੇ ਵੀ ਕਈ ਸਾਲਾਂ ਬਾਅਦ ਸ਼ਿਰਕਤ ਕਰਨ ਲੱਗੇ ਸਨ।
ਸ਼੍ਰੀ ਕਮਲ ਸ਼ਰਮਾ ਨੇ ਹੁਣ ਕਿਹਾ ਕਿ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਹੈ ਤੇ ਇਸ ‘ਤੇ ਪੰਜਾਬ ਦਾ ਹੀ ਹੱਕ ਹੈ। ਇਸ ਲਈ ਭਾਜਪਾ ਲੜਾਈ ਲਈ ਵੀ ਤਿਆਰ ਹੈ। ਉਨ੍ਹਾਂ ਕਿਹਾ ਕਿ ਦੋਹਾਂ ਰਾਜਾਂ ਦਰਮਿਆਨ ਵਿਵਾਦ ਦਾ ਮੁੱਦਾ ਬਣੀ ਸਤਲੁਜ-ਯਮੁਨਾ ਲਿੰਕ ਨਹਿਰ ਦੇ ਮਸਲੇ ਦਾ ਯੋਗ ਹੱਲ ਵੀ ਕੱਢਿਆ ਜਾਣਾ ਚਾਹੀਦਾ ਹੈ। ਪੰਜਾਬ ‘ਚ ਅਕਾਲੀਆਂ ਨਾਲ ਗੱਠਜੋੜ ਦੇ ਮੁੱਦੇ ‘ਤੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਨਾਲ ਗੱਠਜੋੜ ਬੜਾ ਪੁਰਾਣਾ ਹੈ, ਹਾਲ ਦੀ ਘੜੀ ਦੋਹਾਂ ਪਾਰਟੀਆਂ ਦਰਮਿਆਨ ਕੋਈ ਮੱਤਭੇਦ ਨਹੀਂ ਹੈ। ਉਂਜ ਇਸ ਵਿਚ ਵੀ ਕੋਈ ਦੋ ਰਾਵਾਂ ਨਹੀਂ, ਕਿ ਭਾਜਪਾ ਪੰਜਾਬ ਵਿਚ ਪਹਿਲਾਂ ਨਾਲੋਂ ਮਜ਼ਬੂਤ ਹੋਈ ਹੈ। ਉਨ੍ਹਾਂ ਕਿਹਾ ਕਿ ਮਿਉਂਸਪਲ ਚੋਣਾਂ ਭਾਜਪਾ ਤੇ ਅਕਾਲੀ ਦਲ ਦੀ ਭਾਈਵਾਲੀ ਤਹਿਤ ਹੀ ਲੜੀਆਂ ਜਾਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸੂਬੇ ਦੀਆਂ ਕਲਾਸ ਏ ਅਤੇ ਬੀ ਮਿਉਂਸਪਲ ਕਮੇਟੀਆਂ ‘ਚ ਭਾਜਪਾ ਜ਼ਿਆਦਾ ਪੱਕੇ ਪੈਰੀਂ ਹੈ। ਅਕਾਲੀ ਦਲ ਦਾ ਪ੍ਰਭਾਵ ਛੋਟੇ ਕਸਬਿਆਂ ਤੱਕ ਸੀਮਤ ਹੈ।
ਜ਼ਿਕਰਯੋਗ ਹੈ ਕਿ ਭਾਜਪਾ ਵੱਲੋਂ ਚੰਡੀਗੜ੍ਹ ਦੇ ਮੁੱਦੇ ‘ਤੇ ਬੜੀ ਦੇਰ ਬਾਅਦ ਮੂੰਹ ਖੋਲ੍ਹਿਆ ਗਿਆ ਹੈ। ਪਾਰਟੀ ਦੇ ਰੁਖ਼ ਵਿੱਚ ਪਿਛਲੇ ਕੁਝ ਸਮੇਂ ਤੋਂ ਤੇਜ਼ੀ ਨਾਲ ਤਬਦੀਲੀ ਆ ਰਹੀ ਹੈ। ਅਕਾਲੀ ਦਲ ਵੱਲੋਂ ਸੂਬੇ ਦੇ ਬੁਨਿਆਦੀ ਮੁੱਦਿਆਂ ਬਾਰੇ ਗੱਲ ਅਕਸਰ ਚੋਣਾਂ ਦੌਰਾਨ ਕੀਤੀ ਜਾਂਦੀ ਹੈ ਜਾਂ ਫਿਰ ਇਹ ਮੁੱਦੇ ਰਾਜਪਾਲ ਦੇ ਭਾਸ਼ਨ ਦਾ ਹਿੱਸਾ ਹੁੰਦੇ ਹਨ।

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.