ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਪੰਜਾਬ ਪੁਲਸ ਵਲੋਂ ਪੰਜਾਬ ਯੂਨੀਵਰਸਿਟੀ ‘ਚ ਵਿਦਿਆਰਥੀਆਂ ‘ਤੇ ਲਾਠੀ ਚਾਰਜ
ਪੰਜਾਬ ਪੁਲਸ ਵਲੋਂ ਪੰਜਾਬ ਯੂਨੀਵਰਸਿਟੀ ‘ਚ ਵਿਦਿਆਰਥੀਆਂ ‘ਤੇ ਲਾਠੀ ਚਾਰਜ
Page Visitors: 2410

ਪੰਜਾਬ ਪੁਲਸ ਵਲੋਂ ਪੰਜਾਬ ਯੂਨੀਵਰਸਿਟੀ ‘ਚ ਵਿਦਿਆਰਥੀਆਂ ‘ਤੇ ਲਾਠੀ ਚਾਰਜ 

uni
ਪਟਿਆਲਾ, 20 ਨਵੰਬਰ (ਪੰਜਾਬ ਮੇਲ) – ਪੰਜਾਬੀ ਯੂਨੀਵਰਸਿਟੀ ਪਟਿਆਲਾ ‘ਚ ਅੱਜ ਮੁੱਖ ਗੇਟ ਬੰਦ ਕਰਕੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦੇ ਰਹੇ ਵਿਦਿਆਰਥੀਆਂ ‘ਤੇ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ ਜੋ ਕਿ ਯੂਨੀਵਰਸਿਟੀ ਦੇ ਇਤਿਹਾਸ ‘ਚ ਪਹਿਲੀ ਵਾਰ ਹੋਇਆ ਹੈ | ਵਿਦਿਆਰਥੀ ਜਥੇਬੰਦੀਆਂ ਏ. ਆਈ. ਐਸ. ਐਫ., ਐਸ. ਐਫ. ਆਈ., ਪੁਰਸਾ ਤੇ ਯੂ.ਐਸ.ਓ. ਵੱਲੋਂ ਵਿਦਿਆਰਥੀ ਮੰਗਾਂ ਨੂੰ ਲੈ ਕੇ ਅੱਜ ਸਵੇਰੇ ਲਗਭਗ 7.30 ਵਜੇ ਯੂਨੀਵਰਸਿਟੀ ਦੇ ਮੁੱਖ ਗੇਟ ਨੂੰ ਬੰਦ ਕਰਕੇ ਧਰਨਾ ਦਿੱਤਾ ਗਿਆ | ਇਥੇ ਜ਼ਿਕਰਯੋਗ ਹੈ ਕਿ ਇਨ੍ਹਾਂ ਜਥੇਬੰਦੀਆਂ ਵੱਲੋਂ 25 ਅਗਸਤ, 2014 ਨੂੰ ਯੂਨੀਵਰਸਿਟੀ ਪ੍ਰਸ਼ਾਸਨ ਅੱਗੇ ਆਪਣੀਆਂ ਮੰਗਾਂ ਰੱਖੀਆਂ ਸਨ ਤੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਨ੍ਹਾਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਸੀ ਪਰ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਮੰਗਾਂ ਨਾ ਮੰਨੀਆਂ ਜਾਣ ਕਰਕੇ ਵਿਦਿਆਰਥੀਆਂ ਵੱਲੋਂ ਅੱਜ ਦੀ ਕਾਰਵਾਈ ਕੀਤੀ ਗਈ | ਇਸ ਉਪਰੰਤ ਐਸ.ਡੀ.ਐਮ. ਗੁਰਪਾਲ ਸਿੰਘ ਚਹਿਲ ਤੇ ਡੀ.ਐਸ.ਪੀ. ਗੁਰਦੇਵ ਸਿੰਘ ਧਾਲੀਵਾਲ ਭਾਰੀ ਗਿਣਤੀ ‘ਚ ਪੁਲਿਸ ਸਮੇਤ ਪਹੰੁਚੇ ਜਿਸ ਦੌਰਾਨ ਵਿਦਿਆਰਥੀ ਆਗੂਆਂ ਤੇ ਪੁਲਿਸ ਕਰਮਚਾਰੀਆਂ ਵਿਚਕਾਰ ਬਹਿਸ ਹੋ ਗਈ ਤੇ ਗੱਲ ਹੱਥੋਪਾਈ ਤੱਕ ਪਹੰੁਚ ਗਈ, ਜਿਸ ਉਪਰੰਤ ਪੁਲਿਸ ਨੇ ਵਿਦਿਆਰਥੀਆਂ ‘ਤੇ ਲਾਠੀਚਾਰਜ ਕੀਤਾ ਜਿਸ ਕਾਰਨ ਵਿਦਿਆਰਥੀਆਂ ਦੇ ਸੱਟਾਂ ਵੀ ਲੱਗੀਆਂ |
ਇਸ ਉਪਰੰਤ ਐਸ.ਡੀ.ਐਮ. ਗੁਰਪਾਲ ਸਿੰਘ ਚਹਿਲ ਤੇ ਹੋਰ ਅਧਿਕਾਰੀਆਂ ਨੇ ਦੂਸਰੇ ਗੇਟ ਰਾਹੀਂ ਫਿਰ ਯੂਨੀਵਰਸਿਟੀ ਅੰਦਰ ਜਾਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਪੁਲਿਸ ਤੇ ਵਿਦਿਆਰਥੀਆਂ ਵਿਚਕਾਰ ਤਲਖ਼ੀ ਵੱਧ ਗਈ | ਪੁਲਿਸ ਨੇ ਵਿਦਿਆਰਥੀਆਂ ‘ਤੇ ਲਾਠੀਚਾਰਜ ਆਰੰਭ ਕਰ ਦਿੱਤਾ | ਪੁਲਿਸ ਵੱਲੋਂ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਟੀ-ਪੁਆਇੰਟ ਤੱਕ ਖਦੇੜ ਦਿੱਤਾ ਗਿਆ | ਇਸ ਉਪਰੰਤ ਵਿਦਿਆਰਥੀਆਂ ਨੇ ਪੁਲਿਸ ‘ਤੇ ਇੱਟਾਂ-ਰੋੜਿਆਂ ਨਾਲ ਹਮਲਾ ਕਰ ਦਿੱਤਾ, ਜਿਸ ਨੂੰ ਰੋਕਣ ਲਈ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ | ਇਸ ਮੌਕੇ ਲਗਭਗ ਇਕ ਦਰਜਨ ਵਿਦਿਆਰਥੀਆਂ, ਪੁਲਿਸ ਕਰਮਚਾਰੀਆਂ ਤੇ ਕੁਝ ਮੀਡੀਆ ਕਰਮੀਆਂ ਦੇ ਵੀ ਸੱਟਾਂ ਲੱਗੀਆਂ ਤੇ ਵਿਦਿਆਰਥੀਆਂ ਵੱਲੋਂ ਯੂਨੀਵਰਸਿਟੀ ਦਾ ਸਕਿਓਰਿਟੀ ਰੂਮ ਤੋੜ ਦਿੱਤਾ ਗਿਆ | ਇਸ ਦੌਰਾਨ ਵਿਦਿਆਰਥੀਆਂ ਦਾ ਕੀਮਤੀ ਸਮਾਨ ਲੈਪਟਾਪ ਵਗ਼ੈਰਾ ਟੁੱਟ ਗਏ | ਗੱਲ ਇੰਨੀ ਵੱਧ ਜਾਣ ‘ਤੇ ਡਿਪਟੀ ਕਮਿਸ਼ਨਰ ਵਰੁਣ ਰੂਜ਼ਮ ਤੇ ਜ਼ਿਲ੍ਹਾ ਪੁਲਿਸ ਮੁਖੀ ਹਰਦਿਆਲ ਸਿੰਘ ਮਾਨ ਨੇ ਮੌਕੇ ‘ਤੇ ਪਹੰੁਚ ਕੇ ਯੂਨੀਵਰਸਿਟੀ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਪਰ ਗੱਲਬਾਤ ਕਿਸੇ ਕੰਢੇ ਨਾ ਲੱਗਣ ਕਾਰਨ ਖ਼ਬਰ ਲਿਖੇ ਜਾਣ ਤੱਕ ਵਿਦਿਆਰਥੀਆਂ ਦਾ ਧਰਨਾ ਜਾਰੀ ਸੀ ਤੇ ਸਥਿਤੀ ਕਾਬੂ ‘ਚ ਸੀ | ਧਰਨੇ ‘ਤੇ ਬੈਠੇ ਵਿਦਿਆਰਥੀ ਆਪਣੀਆਂ ਅਕਾਦਮਿਕ ਮੰਗਾਂ ਦੇ ਨਾਲ-ਨਾਲ ਯੂਨੀਵਰਸਿਟੀ ਦੇ ਸਕਿਓਰਿਟੀ ਅਫ਼ਸਰ ਤੇ ਡੀਨ ਵਿਦਿਆਰਥੀ ਭਲਾਈ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਸਨ | ਵਿਦਿਆਰਥੀ ਮੰਗ ਕਰ ਰਹੇ ਸਨ ਕਿ ਯੂਨੀਵਰਸਿਟੀ ਪ੍ਰਸ਼ਾਸਨ ਇਸ ਘਟਨਾ ਦੀ ਜ਼ਿੰਮੇਵਾਰੀ ਲਏ, ਐਸ.ਡੀ.ਐਮ. ਘਟਨਾ ਲਈ ਮੁਆਫ਼ੀ ਮੰਗੇ ਤੇ ਭਵਿੱਖ ‘ਚ ਪੁਲਿਸ ਯੂਨੀਵਰਸਿਟੀ ਦੇ ਅੰਦਰ ਦਾਖ਼ਲ ਨਾ ਹੋਵੇ |
ਅਧਿਆਪਕ ਤੇ ਵਿਦਿਆਰਥੀ ਜਥੇਬੰਦੀਆਂ ਵੱਲੋਂ ਪੁਲਿਸ ਵਤੀਰੇ ਦੀ ਨਿਖੇਧੀ
ਅਧਿਆਪਕ ਜਥੇਬੰਦੀ ਡੀ.ਟੀ.ਐਫ. ਤੇ ਵਿਦਿਆਰਥੀ ਜਥੇਬੰਦੀ ਪੀ.ਐਸ.ਯੂ. ਵੱਲੋਂ ਪੈੱ੍ਰਸ ਨੋਟ ਜਾਰੀ ਕਰਕੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਗੈਰ-ਜ਼ਿੰਮੇਵਾਰ ਰਵੱਈਏ ਤੇ ਪੰਜਾਬ ਪੁਲਿਸ ਦੇ ਅਮਾਨਵੀ ਵਰਤਾਰੇ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ ਗਈ | ਲਾਠੀਚਾਰਜ ਦੌਰਾਨ ਜ਼ਖਮੀ ਹੋਏ ਏ.ਆਈ.ਐਸ.ਐਫ. ਦੇ ਸੂਬਾ ਪ੍ਰਧਾਨ ਸੁਮੀਤ ਸੰਮੀ ਨੇ ਕਿਹਾ ਕਿ ਵਿਦਿਆਰਥੀਆਂ ਵੱਲੋਂ ਦਿੱਤੇ ਜਾ ਰਹੇ ਸ਼ਾਂਤਮਈ ਧਰਨੇ ਦੌਰਾਨ ਪੰਜਾਬ ਪੁਲਿਸ ਵੱਲੋਂ ਲਾਠੀਚਾਰਜ ਕਰਨਾ ਬਹੁਤ ਮੰਦਭਾਗੀ ਘਟਨਾ ਹੈ | ਉਨ੍ਹਾਂ ਕਿਹਾ ਪੰਜਾਬ ਪੁਲਿਸ ਦੀ ਗਿਣਤੀ ਵਿਦਿਆਰਥੀਆਂ ਨਾਲੋਂ ਜ਼ਿਆਦਾ ਸੀ ਜਿਸ ਕਰ ਕੇ ਚਾਰ-ਚਾਰ ਪੁਲਿਸ ਵਾਲਿਆਂ ਨੇ ਇਕੱਲੇ-ਇਕੱਲੇ ਵਿਦਿਆਰਥੀ ਨੂੰ ਫੜ ਕੇ ਕੁੱਟਿਆ ਹੈ ਤੇ ਔਰਤ ਪੁਲਿਸ ਦੀ ਗੈਰ-ਹਾਜ਼ਰੀ ‘ਚ ਕੁੜੀਆਂ ‘ਤੇ ਲਾਠੀਚਾਰਜ ਕੀਤਾ ਗਿਆ |

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.