ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਬਾਦਲ ਨੇ ਮੋਦੀ ਦੇ ਨਦੀਆਂ ਨੂੰ ਜੋੜਨ ਦੇ ਪ੍ਰਸਤਾਵ ਨੂੰ ਨਕਾਰਿਆ
ਬਾਦਲ ਨੇ ਮੋਦੀ ਦੇ ਨਦੀਆਂ ਨੂੰ ਜੋੜਨ ਦੇ ਪ੍ਰਸਤਾਵ ਨੂੰ ਨਕਾਰਿਆ
Page Visitors: 2569

ਬਾਦਲ ਨੇ ਮੋਦੀ ਦੇ ਨਦੀਆਂ ਨੂੰ ਜੋੜਨ ਦੇ ਪ੍ਰਸਤਾਵ ਨੂੰ ਨਕਾਰਿਆ
* ਕਿਸਾਨਾਂ ਲਈ ਫਸਲਾਂ ਦੇ ਬੀਮੇ ਦੀ ਮੰਗ
* ਪੰਥ ਰਤਨ ਸਵ. ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਸ਼ਰਧਾਂਜਲੀਆਂ
* ਬਰਨਾਲਾ ਨੂੰ ਧੋਖੇਬਾਜ ਕਿਹਾ
ਟੌਹੜਾ (ਪਟਿਆਲਾ), 1 ਅਪ੍ਰੈਲ (ਬਾਬੂਸ਼ਾਹੀ ਬਿਊਰੋ) : ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਪੰਜਾਬ ਦੀਆਂ ਨਦੀਆਂ ਨੂੰ ਆਪਸ ਵਿੱਚ ਜੋੜੇ ਜਾਣ ਦੀ ਸੰਭਾਵਨਾ ਨੂੰ ਖਾਰਜ ਕਰਦੇ ਹੋਏ ਕਿਹਾ ਹੈ ਕਿ ਇਹ ਵਿਹਾਰਕ ਰੂਪ ਨਾਲ ਸੰਭਵ ਨਹੀਂ ਹੈ ਕਿਉਂਕਿ ਪੰਜਾਬ ਦੇ ਕੋਲ ਇੱਕ ਬੂੰਦ ਵੀ ਪਾਣੀ ਫਾਲਤੂ ਨਹੀਂ ਹੈ।
ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ 11ਵੀਂ ਬਰਸੀ ਦੇ ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਪਹਿਲਾਂ ਤੋਂ ਹੀ ਆਪਣੀਆਂ ਨਦੀਆਂ ਸਤਲੁਜ, ਬਿਆਸ ਅਤੇ ਰਾਵੀ 'ਤੇ ਬੰਨ੍ਹਾਂ ਦਾ ਨਿਰਮਾਣ ਕੀਤਾ ਹੋਇਆ ਹੈ ਅਤੇ ਕੋਈ ਵੀ ਅਜਿਹੀ ਨਦੀ ਨਹੀਂ ਹੈ ਜਿਸ ਦੇ ਪਾਣੀ ਨੂੰ ਨਿਯੰਤ੍ਰਿਤ ਨਹੀਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਹੀ ਪਾਣੀ ਦੀ ਕਮੀ ਹੈ ਅਤੇ ਰਾਜ ਵਿੱਚ ਨਦੀਆਂ ਨੂੰ ਆਪਸ ਵਿੱਚ ਜੋੜਨ ਦੀ ਗੱਲ ਕਰਨਾ ਸੱਚਾਈ ਤੋਂ ਪਰ੍ਹੇ ਦੀ ਗੱਲ ਹੈ।
ਭੂਮੀ ਅਧਿਗ੍ਰਹਿਣ ਬਿੱਲ 'ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਤੇ ਗਏ ਸਮਰਥਨ ਦੇ ਬਾਰੇ 'ਚ ਪੁੱਛੇ ਗਏ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਅਸੀਂ ਪਹਿਲਾਂ ਹੀ ਕੇਂਦਰ ਸਰਕਾਰ ਨੂੰ ਦੱਸ ਦਿੱਤਾ ਹੈ ਕਿ ਉਹ ਭੂਮੀ ਅਧਿਗ੍ਰਹਿਣ ਦੇ 'ਪੰਜਾਬ ਮਾਡਲ' ਨੂੰ ਲਾਗੂ ਕਰੇ, ਇਹ ਮਾਡਲ ਸਮੇਂ ਦੀ ਕਸੌਟੀ 'ਤੇ ਪਿਛਲੇ ਕਈ ਵਰ੍ਹਿਆਂ ਤੋਂ ਖਰਾ ਉਤਰ ਰਿਹਾ ਹੈ। ਉਨ੍ਹਾਂ ਸਪੱਸ਼ਟ ਰੂਪ ਨਾਲ ਭਾਰਤ ਸਰਕਾਰ ਨੂੰ ਕਿਹਾ ਹੈ ਕਿ ਭੂਮੀ ਅਧਿਗ੍ਰਹਿਣ ਕਰਨ ਤੋਂ ਪਹਿਲਾਂ ਕਿਸਾਨਾਂ ਦੀ ਸਹਿਮਤੀ ਲੈਣ ਦੇ ਕਲਾਜ਼ ਨੂੰ ਜੋੜਨਾ ਲਾਜ਼ਮੀ ਕੀਤਾ ਜਾਵੇ, ਇਸ ਤੋਂ ਇਲਾਵਾ 30 ਫੀਸਦੀ ਵਾਧੂ ਮੁਆਵਜਾ ਭੱਤੇ ਵਜੋਂ ਦਿੱਤਾ ਜਾਵੇ। ਇਸ ਦੇ ਨਾਲ ਹੀ ਉਜੜੇ ਕਿਸਾਨਾਂ ਦੇ ਮੁੜ ਵਸੇਬੇ ਅਤੇ ਵਪਾਰਕ ਸੰਪੱਤੀ ਦੀ ਵੰਡ, ਪ੍ਰਾਪਤ ਕੀਤੀ ਗਈ ਜ਼ਮੀਨ 'ਚੋਂ ਕੀਤੀ ਜਾਵੇ, ਜਿਵੇਂ ਕਿ ਪੰਜਾਬ ਵਿੱਚ ਰਾਜਪੁਰਾ ਅਤੇ ਤਲਵੰਡੀ ਸਾਬੋ ਦੇ ਥਰਮਲ ਪਲਾਟਾਂ, ਮੁਹਾਲੀ ਅੰਤਰ-ਰਾਸ਼ਟਰੀ ਹਵਾਈ ਅੱਡੇ ਜਿਹੇ ਮੈਗਾ ਪ੍ਰੋਜੈਕਟਾਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਸਾਡੀ ਸਰਕਾਰ ਵੱਲੋਂ ਐਕੂਆਇਰ ਭੂਮੀ ਦੇ ਇਵਜ਼ ਵਿੱਚ ਮਾਰਕੀਟ ਮੁੱਲ ਦੇਣ ਦੇ ਨਾਲ ਹੀ ਕਿਸਾਨਾਂ ਦੀ ਸਹਿਮਤੀ ਵੀ ਲਈ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਤਣਾਅ ਅਤੇ ਵਿਵਾਦ ਵੀ ਨਹੀਂ ਹੋਇਆ ਹੈ।
ਬਿਨਾਂ ਮੌਸਮ ਬਰਸਾਤ ਅਤੇ ਰਾਜ ਵਿੱਚ ਮੋਹਲੇਧਾਰ ਮੀਂਹ ਦੇ ਕਾਰਨ ਫਸਲਾਂ ਨੂੰ ਪੁੱਜੇ ਨੁਕਸਾਨ 'ਤੇ ਕੇਂਦਰ ਵੱਲੋਂ ਉਚਿਤ ਮੁਆਵਜੇ ਦੀ ਮੰਗ ਦੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਬੰਧੀ ਭਾਰਤ ਸਰਕਾਰ ਦੇ ਨਿਯਮਾਂ ਅਨੁਸਾਰ ਕਿਸਾਨਾਂ ਦਾ ਨੁਕਸਾਨ ਪੂਰਾ ਕਰਨ ਦੇ ਸਾਧਨ ਬਹੁਤ ਘੱਟ ਤੇ ਸੀਮਤ ਹਨ ਕਿਉਂਕਿ ਇਸ ਤੋਂ ਪਹਿਲਾਂ ਕਾਂਗਰਸ ਦਾ ਰਾਜ ਸੀ ਹੁਣ ਐਨ.ਡੀ.ਏ. ਦੀ ਸਰਕਾਰ ਹੈ ਅਤੇ ਅਸੀਂ ਅਪੀਲ ਕੀਤੀ ਹੈ ਕਿ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਣ 'ਤੇ ਮੁਆਵਜੇ ਦੇ ਢੁਕਵੇਂ ਮਾਪਦੰਡ ਬਣਾਏ ਜਾਣ ਅਤੇ ਪੁਰਾਣੇ ਨਿਯਮਾਂ 'ਚ ਸੋਧ ਕੀਤੀ ਜਾਵੇ। ਸ: ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਤੋਂ ਹੀ ਖੜ੍ਹੀਆਂ ਫਸਲਾਂ ਦੇ ਨੁਕਸਾਨ ਨੂੰ ਪੂਰਾ ਕਰਨ ਲਈ ਫਸਲ ਬੀਮਾ ਯੋਜਨਾ ਲਿਆਉਣ ਦੀ ਵਕਾਲਤ ਕੀਤੀ ਹੈ ਤਾਂ ਜੋ ਖੜ੍ਹੀ ਫਸਲ ਦੇ ਨੁਕਸਾਨ ਦਾ ਉਚਿਤ ਮੁਆਵਜ਼ਾ ਦਿੱਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਤੋਂ ਕਿਸਾਨਾਂ ਨੂੰ ਮੁਆਵਜੇ ਦੇ ਰੂਪ ਵਿੱਚ ਪ੍ਰਤੀ ਏਕੜ 3600 ਰੁਪਏ ਦਾ ਭੁਗਤਾਨ ਕੀਤਾ ਜਾਂਦਾ ਹੈ ਅਤੇ ਰਾਜ ਵੱਲੋਂ ਇਸ ਨੂੰ ਪ੍ਰਤੀ ਏਕੜ 5000 ਰੁਪਏ ਬਣਾਉਣ ਲਈ ਆਪਣੇ ਸਾਧਨਾਂ ਰਾਹੀਂ 1400 ਰੁਪਏ ਹੋਰ ਦਿੱਤੇ ਜਾਦੇ ਹਨ।
ਇਸ ਤੋਂ ਪਹਿਲਾਂ ਪੰਥ ਰਤਨ ਜਥੇਦਾਰ ਸਵ: ਗੁਰਚਰਨ ਸਿੰਘ ਟੌਹੜਾ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਮੁੱਖ ਮੰਤਰੀ ਨੇ ਜਥੇਦਾਰ ਟੌਹੜਾ ਵੱਲੋਂ ਸਮਾਜਿਕ, ਸਿਆਸੀ ਅਤੇ ਧਾਰਮਿਕ ਖੇਤਰਾਂ ਵਿੱਚ ਪ੍ਰਦਾਨ ਕੀਤੀਆਂ ਗਈਆਂ ਸ਼ਾਨਦਾਰ ਸੇਵਾਵਾਂ ਨੂੰ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਜਥੇਦਾਰ ਟੌਹੜਾ ਦਾ ਜੀਵਨ, ਖਾਸ ਕਰਕੇ ਪੰਜਾਬੀਆਂ ਦੇ ਲਈ ਚਾਨਣ ਮੁਨਾਰੇ ਵਜੋਂ ਕੰਮ ਕਰਦਾ ਰਹੇਗਾ। ਜਥੇਦਾਰ ਟੌਹੜਾ ਨੇ ਅਥਾਹ ਉਤਸ਼ਾਹ ਅਤੇ ਸਮਰਪਣ ਭਾਵਨਾ ਨਾਲ ਦੇਸ਼ ਦੀ ਸੇਵਾ ਕਰਨ ਵਿੱਚ ਆਪਣੀ ਜ਼ਿੰਦਗੀ ਬਤੀਤ ਕੀਤੀ। ਸ: ਬਾਦਲ ਨੇ ਅਸ਼ਾਂਤ ਸਮੇਂ ਵਿੱਚ ਵਿਸ਼ੇਸ਼ ਰੂਪ 'ਚ ਸਿੱਖ ਪੰਥ ਅਤੇ ਰਾਜ ਦੇ ਹਿੱਤਾਂ ਦੀ ਰੱਖਿਆ ਕਰਨ ਵਿੱਚ ਜਥੇਦਾਰ ਟੌਹੜਾ ਵੱਲੋਂ ਕੀਤੇ ਅਣਥੱਕ ਸੰਘਰਸ਼ ਨੂੰ ਵੀ ਯਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਨੈਤਿਕ ਕੀਮਤਾਂ 'ਤੇ ਆਧਾਰਿਤ ਸਿਆਸਤ ਦੀ ਵਿਚਾਰਧਾਰਾ ਦੀ ਪਾਲਣਾ ਕਰਨਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਦਰਸ਼ਾਂ ਦੀ ਪਾਲਣਾ ਕਰਨਾ ਜਥੇਦਾਰ ਟੌਹੜਾ ਦੇ ਵਿਅਕਤੀਤਵ ਦੀ ਪਹਿਚਾਣ ਸੀ।
ਸਾਬਕਾ ਮੁੱਖ ਮੰਤਰੀ ਸ: ਸੁਰਜੀਤ ਸਿੰਘ ਬਰਨਾਲਾ 'ਤੇ ਜ਼ੋਰਦਾਰ ਹਮਲਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇੱਕ ਪਾਸੇ ਜਥੇਦਾਰ ਟੌਹੜਾ ਵਰਗੇ ਮਹਾਨ ਨੇਤਾਵਾਂ ਨੇ ਕੇਂਦਰ ਵਿੱਚ ਕਾਂਗਰਸ ਸਰਕਾਰ ਦੀਆਂ ਧੱਕੇਸ਼ਾਹੀਆਂ ਦਾ ਵਿਰੋਧ ਕਰਨ 'ਚ ਆਪਣੀ ਪੂਰੀ ਤਾਕਤ ਲਗਾ ਦਿੱਤੀ ਜਦਕਿ ਸ: ਬਰਨਾਲਾ ਨੇ ਸੱਤਾ ਹਥਿਆਉਣ ਲਈ ਹਰ ਮੌਕੇ ਦੀ ਵਰਤੋਂ ਕੀਤੀ। ਉਨ੍ਹਾਂ ਨੇ ਕਿਹਾ ਕਿ ਹੁਣ ਧੂਰੀ ਵਿਧਾਨ ਸਭਾ ਹਲਕੇ ਤੋਂ ਆਪਣੇ ਪੋਤੇ ਦੇ ਲਈ ਕਾਂਗਰਸੀ ਟਿਕਟ ਨੂੰ ਸਵੀਕਾਰ ਕਰਕੇ ਬਰਨਾਲਾ ਪਰਿਵਾਰ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਸਿਆਸੀ ਸੱਤਾ ਹਾਸਿਲ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਜਥੇਦਾਰ ਟੌਹੜਾ ਅਤੇ ਸ: ਬਰਨਾਲਾ ਵਿਚਾਲੇ ਤੁਲਨਾ ਕਰਦਿਆਂ ਸ: ਬਾਦਲ ਨੇ ਕਿਹਾ ਕਿ ਇੱਕ ਪਾਸੇ ਜਥੇਦਾਰ ਟੌਹੜਾ ਵਰਗੇ ਨਿਡਰ ਆਗੂਆਂ ਨੇ ਰਾਜ ਅਤੇ ਸਿੱਖ ਪੰਥ ਲਈ ਆਪਣਾ ਸਭ ਕੁਝ ਨਿਛਾਵਰ ਕਰ ਦਿੱਤਾ ਉਥੇ ਸ. ਬਰਨਾਲਾ ਜਿਹੇ ਧੋਖੇਬਾਜ ਨੇ ਆਪਣੇ ਨਿੱਜੀ ਸਵਾਰਥਾਂ ਦੇ ਚਲਦਿਆਂ ਪੰਥ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ।
ਸ਼ਰਧਾਂਜਲੀ ਸਮਾਰੋਹ ਮੌਕੇ ਮੈਂਬਰ ਰਾਜ ਸਭਾ ਸ: ਸੁਖਦੇਵ ਸਿੰਘ ਢੀਂਡਸਾ, ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ: ਚਰਨਜੀਤ ਸਿੰਘ ਅਟਵਾਲ, ਕੈਬਨਿਟ ਮੰਤਰੀ ਪੰਜਾਬ ਸ: ਸੁਰਜੀਤ ਸਿੰਘ ਰੱਖੜਾ, ਮੁੱਖ ਮੰਤਰੀ ਦੇ ਸਲਾਹਕਾਰ ਸ: ਮਹੇਸ਼ਇੰਦਰ ਸਿੰਘ ਗਰੇਵਾਲ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ: ਦੀਪਿੰਦਰ ਸਿੰਘ ਢਿੱਲੋਂ, ਭਾਜਪਾ ਦੇ ਸੂਬਾ ਸਕੱਤਰ ਸ: ਗੁਰਤੇਜ ਸਿੰਘ ਢਿੱਲੋਂ, ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ: ਸੁਖਦੇਵ ਸਿਘ ਭੌਰ, ਸਕੱਤਰ ਜਥੇਦਾਰ ਦਲਮੇਘ ਸਿੰਘ, ਮਾਰਕੀਟ ਕਮੇਟੀ ਪਟਿਆਲਾ ਦੇ ਚੇਅਰਮੈਨ ਸ: ਹਰਿੰਦਰਪਾਲ ਸਿੰਘ ਟੌਹੜਾ, ਸ: ਕੰਵਰਵੀਰ ਸਿੰਘ ਟੌਹੜਾ ਵੱਲੋਂ ਵੀ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।
ਇਸ ਮੌਕੇ ਸਾਬਕਾ ਮੰਤਰੀ ਪੰਜਾਬ ਸ: ਹਰਮੇਲ ਸਿੰਘ ਟੌਹੜਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਸਾਬਕਾ ਮੰਤਰੀ ਸ. ਅਜਾਇਬ ਸਿੰਘ ਮੁਖਮੇਲਪੁਰ ਤੇ ਸ. ਸੁਰਜੀਤ ਸਿੰਘ ਕੋਹਲੀ, ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਸ਼੍ਰੀ ਭਗਵਾਨ ਦਾਸ ਜੁਨੇਜਾ ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ, ਲਖਵੀਰ ਸਿੰਘ ਲੌਟ ਚੇਅਰਮੈਨ ਮਾਰਕੀਟ ਕਮੇਟੀ ਭਾਦਸੋਂ, ਪ੍ਰੋ ਬਲਦੇਵ ਸਿੰਘ ਬਲੂਆਣਾ, ਫੌਜਇੰਦਰ ਸਿੰਘ ਮੁਖਮੇਲਪੁਰ, ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ, ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਬਲਵੰਤ ਸਿੰਘ ਰਾਮਗੜ੍ਹ, ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ, ਸ੍ਰ ਜਸਵੰਤ ਸਿੰਘ ਟਿਵਾਣਾ, ਜਸਵਿੰਦਰ ਸਿੰਘ ਚੀਮਾ, ਮੇਹਰ ਸਿੰਘ, ਤਰਸੇਮ ਸੈਣੀ ਪ੍ਰਧਾਨ ਸ਼ੈਲਰ ਐਸੋਸੀਏਸ਼ਨ, ਨਰਦੇਵ ਸਿੰਘ ਆਕੜੀ ਵਾਈਸ ਚੇਅਰਮੈਨ, ਸ. ਮੱਖਣ ਸਿੰਘ ਲਾਲਕਾ, ਸ. ਲਖਵੀਰ ਸਿੰਘ ਲੌਟ, ਰਵਿੰਦਰ ਸਿੰਘ ਵਿੰਦਾ, ਰਣਜੀਤ ਸਿੰਘ ਲਿਬੜਾ, ਬਹਾਦਰ ਸਿੰਘ ਸਰਪੰਚ, ਡਿਪਟੀ ਕਮਿਸ਼ਨਰ ਸ਼੍ਰੀ ਵਰੁਣ ਰੂਜਮ, ਐਸ.ਐਸ.ਪੀ ਸ਼੍ਰੀ ਗੁਰਮੀਤ ਸਿੰਘ ਚੌਹਾਨ ਸਮੇਤ ਵੱਡੀ ਗਿਣਤੀ ਵਿੱਚ ਹੋਰ ਸ਼ਖਸ਼ੀਅਤਾਂ ਤੇ ਪਿੰਡ ਟੌਹੜਾ ਸਮੇਤ ਵੱਖ ਵੱਖ ਪਿੰਡਾਂ ਦੇ ਲੋਕ ਵੀ ਸ਼ਰਧਾਂਜਲੀ ਸਮਾਰੋਹ 'ਚ ਸ਼ਾਮਲ ਹੋਏ।


 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.