ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਫਿਲਮ ‘ਨਾਨਕ ਸ਼ਾਹ ਫਕੀਰ’ ਦੇ ਪ੍ਰਦਰਸ਼ਨ ‘ਤੇ ਪੰਜਾਬ ਵਿਚ ਰੋਕ
ਫਿਲਮ ‘ਨਾਨਕ ਸ਼ਾਹ ਫਕੀਰ’ ਦੇ ਪ੍ਰਦਰਸ਼ਨ ‘ਤੇ ਪੰਜਾਬ ਵਿਚ ਰੋਕ
Page Visitors: 2450

ਫਿਲਮ ‘ਨਾਨਕ ਸ਼ਾਹ ਫਕੀਰ’ ਦੇ ਪ੍ਰਦਰਸ਼ਨ ‘ਤੇ ਪੰਜਾਬ ਵਿਚ ਰੋਕ
ਚੰਡੀਗੜ੍ਹ, 15 ਅਪਰੈਲ (ਪੰਜਾਬ ਮੇਲ)- ਪੰਜਾਬ ਸਰਕਾਰ ਨੇ ਫਿਲਮ ‘ਨਾਨਕ ਸ਼ਾਹ ਫਕੀਰ’ ਦੇ ਪ੍ਰਦਰਸ਼ਨ ’ਤੇ ਰੋਕ ਲਗਾ ਦਿੱਤੀ ਹੈ। ਵਧੀਕ ਮੁੱਖ ਸਕੱਤਰ (ਗ੍ਰਹਿ) ਜਗਪਾਲ ਸਿੰਘ ਸੰਧੂ ਵੱਲੋਂ ਜਾਰੀ ਹੁਕਮਾਂ ਮੁਤਾਬਕ ਫਿਲਮ ਦਾ ਪ੍ਰਦਰਸ਼ਨ ਮੁਅੱਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਦੋ ਮਹੀਨਿਆਂ ਲਈ ਇਹ ਫਿਲਮ ਕਿਸੇ ਵੀ ਸਿਨੇਮਾ ਘਰ ਜਾਂ ਮਲਟੀਪਲੈਕਸ ਵਿੱਚ ਪ੍ਰਦਰਸ਼ਤ ਨਹੀਂ ਹੋਵੇਗੀ। ਫਿਲਮ ’ਤੇ ਰੋਕ ਦੀ ਮੰਗ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਸਨ। ਉਨ੍ਹਾਂ ਦਾ ਕਹਿਣਾ ਹੈ ਕਿ ਗੁਰੂ ਨਾਨਕ ਦੇਵ ਜੀ ਨੂੰ ਮਨੁੱਖੀ ਜਾਮੇ ’ਚ ਦਿਖਾਇਆ ਗਿਆ ਹੈ ਜਦਕਿ ਸਿੱਖ ਧਰਮ ’ਚ ਕਿਸੇ ਵੀ ਗੁਰੂ ਨੂੰ ਮਨੁੱਖੀ ਰੂਪ ’ਚ ਦਿਖਾਉਣਾ ਵਰਜਿਤ ਹੈ। ਸੈਂਸਰ ਬੋਰਡ ਵੱਲੋ ਪਾਸ ਇਸ ਫਿਲਮ ਨੇ 17 ਅਪਰੈਲ ਨੂੰ ਰਿਲੀਜ਼ ਹੋਣਾ ਹੈ।
ਪੰਜਾਬ ਸਰਕਾਰ ਵੱਲੋਂ ਕੁਝ ਮਹੀਨਿਆਂ ਅੰਦਰ ਦੂਜੀ ਵਾਰ ਕਿਸੇ ਵਿਵਾਦਤ ਫਿਲਮ ਦੇ ਪ੍ਰਦਰਸ਼ਨ ’ਤੇ ਰੋਕ ਲਗਾਈ ਗਈ ਹੈ। ਇਸ ਤੋਂ ਪਹਿਲਾਂ ਡੇਰਾ ਸਿਰਸਾ ਮੁਖੀ ਦੀ ਭੂਮਿਕਾ ਵਾਲੀ ਫਿਲਮ ‘ਮੈਸੇਂਜਰ ਆਫ਼ ਗੌਡ’ ’ਤੇ ਰੋਕ ਲਗਾਈ ਗਈ ਸੀ। ਗ੍ਰਹਿ ਵਿਭਾਗ ਦੇ ਸੂਤਰਾਂ ਦਾ ਦੱਸਣਾ ਹੈ ਕਿ ਫਿਲਮ ’ਤੇ ਪਾਬੰਦੀ ਇਸ ਕਰਕੇ ਨਹੀਂ ਲਾਈ ਗਈ ਕਿਉਂਕਿ ਪਾਬੰਦੀ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਜਾ ਸਕਦੀ ਹੈ ਕਿਉਂਕਿ ਸੈਂਸਰ ਬੋਰਡ ਨੇ ਫਿਲਮ ਨੂੰ ਪਾਸ ਕੀਤਾ ਹੈ ਪਰ ਰਾਜ ਸਰਕਾਰ ਕੋਲ ਕਿਸੇ ਵੀ ਫਿਲਮ ਦਾ ਪ੍ਰਦਰਸ਼ਨ ਮੁਅੱਤਲ ਕਰਨ ਦਾ ਅਖ਼ਤਿਆਰ ਹੈ। ਫਿਲਮ ’ਤੇ ਭਾਵੇਂ ਦੋ ਮਹੀਨਿਆਂ ਲਈ ਰੋਕ ਲਾਈ ਗਈ ਹੈ ਪਰ ਇਸ ਦੀ ਮਿਆਦ ਵਧਾਈ ਵੀ ਜਾ ਸਕਦੀ ਹੈ ਜਿਸ ਤਰ੍ਹਾਂ ‘ਐਮਐਸਜੀ’ ’ਤੇ ਰੋਕ ਅਜੇ ਤਕ ਖੋਲ੍ਹੀ ਨਹੀਂ ਗਈ ਹੈ। ਗ੍ਰਹਿ ਵਿਭਾਗ ਨੇ ‘ਨਾਨਕ ਸ਼ਾਹ ਫਕੀਰ’ ’ਤੇ ਰੋਕ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਆਧਾਰ ਬਣਾ ਕੇ ਲਾਈ ਹੈ ਅਤੇ ਕਿਹਾ ਹੈ ਕਿ ਇਸ ਫਿਲਮ ਦੇ ਪ੍ਰਦਰਸ਼ਤ ਹੋਣ ਨਾਲ ਸੂਬੇ ਵਿੱਚ ਕਾਨੂੰਨ ਵਿਵਸਥਾ ਵਿਗੜਨ ਦਾ ਖ਼ਦਸ਼ਾ ਹੈ।
ਸਰਕਾਰੀ ਬੁਲਾਰੇ ਦਾ ਕਹਿਣਾ ਹੈ ਕਿ ਫਿਲਮ ਦੀ ਮੁਅੱਤਲੀ ਤੁਰੰਤ ਪ੍ਰਭਾਵ ਤੋਂ ਲਾਗੂ ਹੋ ਗਈ ਹੈ ਅਤੇ ਇਹ ਸੂਬੇ ਭਰ ਵਿਚ ਫਿਲਮ ਨੂੰ ਜਨਤਕ ਅਤੇ ਨਿਜੀ ਰੂਪ ਵਿੱਚ ਦਿਖਾਏ ਜਾਣ, ਵਿਤਰਣ ਕਰਨ ਅਤੇ ਪ੍ਰਦਰਸ਼ਿਤ ਕਰਨ ’ਤੇ ਲਾਗੂ ਰਹੇਗੀ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.