ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
ਸੁਖਬੀਰ ਬਦਲ ਦੀ ਹਦਾਇਤ ਤੇ ਸ਼੍ਰੋਮਣੀ ਕਮੇਟੀ ਨੇ ਜਬਰੀ ਹਟਾਇਆ ਪਿੰਗਲਵਾੜੇ ਦਾ ਸਟਾਲ
ਸੁਖਬੀਰ ਬਦਲ ਦੀ ਹਦਾਇਤ ਤੇ ਸ਼੍ਰੋਮਣੀ ਕਮੇਟੀ ਨੇ ਜਬਰੀ ਹਟਾਇਆ ਪਿੰਗਲਵਾੜੇ ਦਾ ਸਟਾਲ
Page Visitors: 2435

ਸੁਖਬੀਰ ਬਦਲ ਦੀ ਹਦਾਇਤ ਤੇ ਸ਼੍ਰੋਮਣੀ ਕਮੇਟੀ ਨੇ ਜਬਰੀ ਹਟਾਇਆ ਪਿੰਗਲਵਾੜੇ ਦਾ ਸਟਾਲ  
  
ਬੀਬੀ ਇੰਦਰਜੀਤ ਕੌਰ ਨੇ ਰੋਸ ਵਜੋਂ ਦਿੱਤਾ ਧਰਨਾ

 

ਅੰਮ੍ਰਿਤਸਰ (17 ਅਪ੍ਰੈਲ 2015):ਨਰਿੰਦਰ ਪਾਲ ਸਿੰਘ: ਬੀਤੇ ਦਿਨੀ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ਤੇ ਅਮਲ ਕਰਦਿਆਂ ਆਖਿਰ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨੇ ਘੰਟਾ ਘਰ ਬਾਹੀ ਦੇ ਬਾਹਰਵਾਰ ਪਿਛਲੇ 5 ਦਹਾਕਿਆਂ ਤੋਂ ਲੱਗਾ ਪਿੰਗਲਵਾੜਾ ਸੰਸਥਾ ਦਾ ਸਟਾਲ ਅੱਜ ਹਟਾ ਹੀ ਦਿੱਤਾ ।ਸ਼੍ਰੋਮਣੀ ਕਮੇਟੀ ਦੀ ਇਸ ਕਾਰਵਾਈ ਦਾ ਪਤਾ ਚਲਦਿਆਂ ਹੀ ਪਿੰਗਲਵਾੜਾ ਸੰਸਥਾ ਦੀ ਚੇਅਰਮੈਨ ਡਾ:ਬੀਬੀ ਇੰਦਰਜੀਤ ਕੌਰ ,ਪਿੰਗਲਵਾੜਾ ਦੇ ਕੁਝ ਮੁਲਾਜਮਾਂ ਅਤੇ ਸਮਾਜ ਸੇਵੀ ਲੋਕਾਂ ਨਾਲ ਮਿਲਕੇ ਰੋਸ ਵਜੋਂ ਧਰਨੇ ਤੇ ਬੈਠ ਗਏ।ਬੀਬੀ ਜੀ ਨੇ ਮੰਗ ਕੀਤੀ ਹੈ ਕਿ ਪਿੰਗਲਵਾੜਾ ਵਰਗੀ ਸੰਸਥਾ ਨੂੰ ਘਟੋ ਘੱਟ ਸ੍ਰੀ ਦਰਬਾਰ ਸਾਹਿਬ ਤੋਂ ਦੂਰ ਨਾ ਕੀਤਾ ਜਾਵੇ ਕਿਉਂਕਿ ਸੰਸਥਾ ਦੇ ਬਾਨੀ ਨੇ ਕੋਈ 5 ਦਹਾਕੇ ਪਹਿਲਾਂ ਇਸੇ ਅਸਥਾਨ ਤੇ ਬੈਠ ਕੇ ਸਿੱਖੀ ਸਿਧਾਤਾਂ ,ਮਨੁਖੀ ਆਚਾਰਣ ਅਤੇ ਵਾਤਾਵਰਣ ਪ੍ਰਤੀ ਜਾਗਰੂਕ ਕਰਨਾ ਸ਼ੁਰ ਕੀਤਾ ਸੀ ।
ਜਿਕਰਯੋਗ ਹੈ ਕਿ ਬੀਤੇ ਦਿਨੀ ਆਪਣੇ ਪ੍ਰੀਵਾਰ ਦੀ ਸੁਖ ਸ਼ਾਂਤੀ ਲਈ ਅਰਦਾਸ ਕਰਨ ਆਏ  ਸੁਖਬੀਰ ਸਿੰਘ ਬਾਦਲ ਨੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ੍ਰ ਪ੍ਰਤਾਪ ਸਿੰਘ ਨੂੰ ਘੰਟਾ ਘਰ ਬਾਹੀ ਵਾਲੇ ਪਾਸੇ ਜੋੜਾ ਘਰ ਦੇ ਬਰਾਂਡੇ ਵਿਚੋਂ ਖੋਖੇ ਹਟਾਉਣ ਦੇ ਆਦੇਸ਼ ਦਿੱਤੇ ਸਨ ।ਸ੍ਰੀ ਦਰਬਾਰ ਸਾਹਿਬ ਦੇ ਮੈਨਜਰ ਨੇ ਉਪ ਮੁਖ ਮੰਤਰੀ ਦੇ ਆਦੇਸ਼ਾਂ ਤੇ ਅਮਲ ਕਰਦਿਆਂ ਪਹਿਲਾਂ ਧਰਮ ਪ੍ਰਚਾਰ ਕਮੇਟੀ ਦਾ ਮੁਫਤ ਪੁਸਤਕ ਸਟਾਲ ਹਟਾਇਆ ਲੇਕਿਨ ਪਿੰਗਲਵਾੜਾ ਸੰਸਥਾ ਨੂੰ ਦੋ ਦਿਨ ਦਾ ਸਮਾਂ ਦੇ ਦਿੱਤਾ ।ਅੱਜ ਦੇਰ ਸ਼ਾਮ ਸ਼੍ਰੀ ਦਰਬਾਰ ਸਾਹਿਬ ਦੇ ਇਕ ਮੀਤ ਮੈਨੇਜਰ ਦੀ ਅਗਵਾਈ ਵਿੱਚ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਅਤੇ 50 ਦੇ ਕਰੀਬ ਸੇਵਾਦਾਰਾਂ ਨੇ ਪਿੰਗਲਵਾੜਾਂ ਦੇ ਮਜਬੂਤ ਸਟਾਲ ਅਤੇ ਮੇਜਾਂ ਨੂੰ ਖਿੱਚ ਕੇ ਸਨੀ ਮੰਦਰ ਸਾਹਮਣੇ ਸਛਕ ਤੇ ਰੱਖ ਦਿੱਤਾ ।ਇਹ ਵੀ ਜਿਕਰਯੋਗ ਹੈ ਸੰਸਥਾ ਵਲੋਂ ਜਿਥੇ ਯਾਤਰੂਆਂ ਨੂੰ ਮੁਫਤ ਸਾਹਿਤ ਵੰਡਿਆ ਜਾਂਦਾ ਹੈ ਉਥੇ ਪਿੰਗਲਵਾੜਾ ਲਈ ਦਾਨ ਵੀ ਪ੍ਰਾਪਤ ਕੀਤਾ ਜਾਂਦਾ ਹੈ।
ਇਸ ਸਬੰਧੀ ਡਾ. ਇੰਦਰਜੀਤ ਕੌਰ ਨੇ ਆਖਿਆ ਕਿ ਜਦੋਂ ਤੱਕ ਸ਼੍ਰੋਮਣੀ ਕਮੇਟੀ ਪਿੰਗਲਵਾੜਾ ਸੰਸਥਾ ਦੇ ਪ੍ਰਚਾਰ ਸਟਾਲ ਨੂੰ ਮੁੜ ਇੱਥੇ ਬਹਾਲ ਨਹੀਂ ਕਰਦੀ, ਧਰਨਾ ਜਾਰੀ ਰਹੇਗਾ। ਉਨ੍ਹਾਂ ਆਖਿਆ ਕਿ ਇਸ ਸਬੰਧੀ ਮੁੱਖ ਮੰਤਰੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਦਰਬਾਰ ਸਾਹਿਬ ਪ੍ਰਬੰਧਕ ਕਮੇਟੀ ਨੂੰ ਪੱਤਰ ਭੇਜ ਕੇ ਅਪੀਲ ਕੀਤੀ ਗਈ ਸੀ ਕਿ ਪਿੰਗਲਵਾੜਾ ਸੰਸਥਾ ਦੇ ਇਸ ਪ੍ਰਚਾਰ ਸਟਾਲ ਨੂੰ ਨਾ ਹਟਾਇਆ ਜਾਵੇ। ਇਸਦੇ ਬਾਵਜੂਦ ਪ੍ਰਬੰਧਕਾਂ ਨੇ ਧੱਕੇਸ਼ਾਹੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਦੋ ਵਾਰ ਇਹ ਸਟਾਲ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ ਪਰ ਉਸ ਵੇਲੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਅਵਤਾਰ ਸਿੰਘ ਮੱਕੜ ਦੇ ਦਖ਼ਲ ਨਾਲ ਕੰਮ ਰੁਕ ਗਿਆ ਸੀ ਪਰ ਇਸ ਵਾਰ ਪ੍ਰਬੰਧਕਾਂ ਨੇ ਧੱਕੇਸ਼ਾਹੀ ਕੀਤੀ ਹੈ।ਪਿੰਗਲਵਾੜਾ ਸੰਸਥਾ ਦੇ ਮੁੱਖ ਪ੍ਰਸ਼ਾਸਕ ਕਰਨਲ ਦਰਸ਼ਨ ਸਿੰਘ ਬਾਵਾ ਨੇ ਦੱਸਿਆ ਕਿ ਪਿੰਗਲਵਾੜਾ ਸੰਸਥਾ ਵੱਲੋਂ ਇਹ ਪ੍ਰਚਾਰ ਸਟਾਲ 1957 ਤੋਂ ਹਰਿਮੰਦਰ ਸਾਹਿਬ ਦੇ ਬਾਹਰ ਲਾਇਆ ਜਾ ਰਿਹਾ ਹੈ। ਉਸ ਵੇਲੇ ਇੱਥੇ ਸੰਸਥਾ ਦੇ ਬਾਨੀ ਭਗਤ ਪੂਰਨ ਸਿੰਘ ਖ਼ੁਦ ਬੈਠਦੇ ਹੁੰਦੇ ਸਨ ਅਤੇ ਸੰਸਥਾ ਦਾ ਪ੍ਰਚਾਰ ਕਰਦਿਆਂ ਦਾਨੀ ਸੱਜਣਾਂ ਕੋਲੋਂ ਅਪਾਹਜ ਦੀ ਮਦਦ ਲਈ ਦਾਨ ਇਕੱਠਾ ਕਰਦੇ ਸਨ। ਇਹ ਪ੍ਰਕਿਰਿਆ ਪਿਛਲੇ ਲਗਪਗ ਸੱਤ ਦਹਾਕਿਆਂ ਤੋਂ ਜਾਰੀ ਹੈ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.