ਕੈਟੇਗਰੀ

ਤੁਹਾਡੀ ਰਾਇ



ਪ੍ਰੇਸ ਰਿਲੀਜ਼ ਅਤੇ ਸਟੇਟਮੇੰਟ
‘ਆਪ’ ਵਲੋਂ ਬਲਜਿੰਦਰ ਕੌਰ ਮਹਿਲਾ ਵਿੰਗ ਦੀ ਇੰਚਾਰਜ ਨਿਉਕਤ
‘ਆਪ’ ਵਲੋਂ ਬਲਜਿੰਦਰ ਕੌਰ ਮਹਿਲਾ ਵਿੰਗ ਦੀ ਇੰਚਾਰਜ ਨਿਉਕਤ
Page Visitors: 2513

‘ਆਪ’ ਵਲੋਂ ਬਲਜਿੰਦਰ ਕੌਰ ਮਹਿਲਾ ਵਿੰਗ ਦੀ ਇੰਚਾਰਜ ਨਿਉਕਤ
ਐਸ.ਏ.ਐਸ. ਨਗਰ (ਮੁਹਾਲੀ), 3 ਜੁਲਾੲੀ (ਪੰਜਾਬ ਮੇਲ)- ਆਮ ਆਦਮੀ ਪਾਰਟੀ (ਆਪ) ਨੇ ਲੰਮੀ ਸੋਚ ਵਿਚਾਰ ਤੋਂ ਬਾਅਦ ਸਾਰੇ ਜ਼ਿਲ੍ਹਾ ਕਨਵੀਨਰਾਂ ਦਾ ਅਹੁਦਾ ਭੰਗ ਕਰਨ ਦੇ ਫ਼ੈਸਲੇ ਨੂੰ ਰਸਮੀ ਤੌਰ ’ਤੇ ਹਰੀ ਝੰਡੀ ਦੇ ਦਿੱਤੀ ਹੈ। ਪੰਜਾਬ ਵਿੱਚ ਸਰਗਰਮੀ ਨਾਲ ਕੰਮ ਕਰਨ ਵਾਲੇ ਵਾਲੰਟੀਅਰ ਹਾਈ ਕਮਾਂਡ ਦੇ ਇਸ ਫ਼ੈਸਲੇ ਤੋਂ ਕਾਫੀ ਅੌਖੇ ਹਨ। ਇਸ ਬਾਰੇ ਕੌਮੀ ਆਗੂਆਂ ਦਾ ਕਹਿਣਾ ਹੈ ਕਿ ਅਜਿਹਾ ਸੂਬੇ ਵਿੱਚ ਸੀਨੀਅਰ ਲੀਡਰਸ਼ਿਪ ਤੇ ਆਮ ਵਰਕਰਾਂ ਵਿੱਚ ਪੈਦਾ ਹੋਈ ਧੜੇਬੰਦੀ ਨੂੰ ਖਤਮ ਕਰਨ ਲਈ ਕੀਤਾ ਗਿਆ ਹੈ। ਉਨ੍ਹਾਂ ਜ਼ਿਲ੍ਹਾ ਕਨਵੀਨਰਾਂ ਦੇ ਅਹੁਦੇ ਤੋਂ ਲਾਂਭੇ ਕੀਤੇ ਵਾਲੰਟੀਅਰਾਂ ਨੂੰ ਅਪੀਲ ਕੀਤੀ ਕਿ ਉਹ ਮਿਸ਼ਨ-2017 ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਵਿੱਚ ਅਕਾਲੀ-ਭਾਜਪਾ ਤੇ ਕਾਂਗਰਸ ਨੂੰ ਟੱਕਰ ਦੇਣ ਲਈ ਪਾਰਟੀ ਨੂੰ ਹੇਠਲੇ ਪੱਧਰ ’ਤੇ ਮਜ਼ਬੂਤ ਕਰਨ ਲਈ ਪੂਰੀ ਵਾਹ ਲਾੳੁਣ।
ਅੱਜ ਇੱਥੋਂ ਦੇ ਸੈਕਟਰ-71 ਸਥਿਤ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਕੇਜਰੀਵਾਲ ਵਜ਼ਾਰਤ ਵਿੱਚ ਕਿਰਤ ਮੰਤਰੀ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਨਰੇਸ਼ ਯਾਦਵ ਸਮੇਤ ਕੌਮੀ ਆਗੂ ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਨੇ ਸੂਬੇ ਦੇ 19 ਜ਼ਿਲ੍ਹਾ ਕਨਵੀਨਰਾਂ ਨਾਲ ਬੰਦ ਕਮਰੇ ਵਿੱਚ ਮੀਟਿੰਗ ਕੀਤੀ। ਮੀਟਿੰਗ ਵਿੱਚ ਸੁੱਚਾ ਸਿੰਘ ਛੋਟੇਪੁਰ ਤੇ ਹਿੰਮਤ ਸਿੰਘ ਸ਼ੇਰਗਿੱਲ ਅਤੇ ਪੰਜਾਬ ਯੋਜਨਾ ਬੋਰਡ ਦੇ ਸਾਬਕਾ ਵਾਈਸ ਚੇਅਰਮੈਨ ਆਰ.ਆਰ. ਭਾਰਦਵਾਜ ਤੋਂ ਇਲਾਵਾ ਕੲੀ ਵਾਲੰਟੀਅਰ ਹਾਜ਼ਰ ਸਨ। ਇਸ ਮੌਕੇ ਕੇਂਦਰੀ ਟੀਮ ਵੱਲੋਂ ਪੰਜਾਬ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਦੇ ਇਰਾਦੇ ਨਾਲ ਦੂਜੀ ਸਿਆਸੀ ਪਾਰਟੀਆਂ ਵਾਂਗ ‘ਆਪ’ ਦਾ ਮਹਿਲਾ ਵਿੰਗ, ਯੂਥ ਵਿੰਗ ਅਤੇ ਕਿਸਾਨ ਵਿੰਗ ਸਥਾਪਿਤ ਕੀਤਾ ਗਿਆ ਹੈ। ਕਈ ਲੋਕ ਸਭਾ ਹਲਕਿਆਂ ਦੇ ਵੀ ਇੰਚਾਰਜ ਲਾਏ ਗਏ।
ਸੂਤਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਨਿਯੁਕਤੀਆਂ ਵਿੱਚ ਜ਼ਿਆਦਾਤਰ ਸ੍ਰੀ ਛੋਟੇਪੁਰ ਦੇ ਨੇੜਲੇ ਵਾਲੰਟੀਅਰ ਸ਼ਾਮਲ ਹਨ। ਇਸ ਸਬੰਧੀ ਕੌਮੀ ਆਗੂ ਦੁਰਗੇਸ਼ ਪਾਠਕ ਨੇ ਦੱਸਿਆ ਕਿ 4 ਜੁਲਾਈ ਨੂੰ ਸਵੇਰੇ ‘ਆਪ’ ਦੇ ਮੁੱਖ ਬੁਲਾਰੇ ਸੰਜੇ ਸਿੰਘ ਮੁਹਾਲੀ ਸਥਿਤ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਜਥੇਬੰਦਕ ਢਾਂਚੇ ਬਾਰੇ ਖੁਲਾਸਾ ਕਰਨਗੇ। ‘ਆਪ’ ਦੇ ਦਫ਼ਤਰ ’ਚੋਂ ਮਿਲੀ ਜਾਣਕਾਰੀ ਅਨੁਸਾਰ ਖੰਡੂਰ ਸਾਹਿਬ ਤੋਂ ਵਾਲੰਟੀਅਰ ਬਲਜਿੰਦਰ ਕੌਰ ਨੂੰ ‘ਆਪ’ ਦੀ ਮਹਿਲਾ ਵਿੰਗ ਦਾ ਕਨਵੀਨਰ ਲਾਇਆ ਗਿਆ ਹੈ। ਉਂਜ ਫਿਰੋਜ਼ਪੁਰ ਦੀ ਜ਼ਿਲ੍ਹਾ ਕਨਵੀਨਰ ਅਮਨਦੀਪ ਕੌਰ ਵੀ ਇਸ ਅਹੁਦੇ ਲਈ ਮੁੱਖ ਦਾਅਵੇਦਾਰ ਸੀ। ਅਮਨਦੀਪ ਕੌਰ ਨੂੰ ਮਹਿਲਾ ਵਿੰਗ ਲਈ ਜ਼ਿਲ੍ਹਾ ਫਿਰੋਜ਼ਪੁਰ ਤੇ ਫ਼ਰੀਦਕੋਟ ਅਤੇ ਖੰਡੂਰ ਸਾਹਿਬ ਹਲਕੇ ਦੀ ਇੰਚਾਰਜ ਲਗਾਇਆ ਗਿਆ ਹੈ। ਗੁਰਪ੍ਰੀਤ ਕੌਰ ਗਿੱਲ ਨੂੰ ਮਹਿਲਾ ਵਿੰਗ ਵਿੱਚ ਸ੍ਰੀ ਆਨੰਦਪੁਰ ਸਾਹਿਬ ਦਾ ਇੰਚਾਰਜ, ਡਾ. ਅਮਨ ਗੋਸਲ ਨੂੰ ਸੰਗਰੂਰ ਤੇ ਪਟਿਆਲਾ ਤੇ ਸੋਨੀਆ ਨੂੰ ਲੁਧਿਆਣਾ ਤੇ ਫਤਹਿਗੜ੍ਹ ਸਾਹਿਬ ਵਿੱਚ ਪਾਰਟੀ ਦੀ ਮਜ਼ਬੂਤੀ ਦਾ ਕੰਮ ਸੌਂਪਿਆ ਗਿਆ ਹੈ।
ਨਵਾਂ ਸ਼ਹਿਰ ਤੋਂ ਨੌਜਵਾਨ ਆਗੂ ਹਰਜੋਤ ਸਿੰਘ ਬੈਂਸ ਨੂੰ ਯੂਥ ਵਿੰਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਨਾਲ ਸੰਦੀਪ ਧਾਲੀਵਾਲ (ਕਪੂਰਥਲਾ) ਤੇ ਮਨਜਿੰਦਰ ਸਿੰਘ ਤਰਨਤਾਰਨ ਨੂੰ ਕੋਆਡੀਨੇਟਰ ਲਾਇਆ ਹੈ। ਇਸੇ ਤਰ੍ਹਾਂ ਸੀਨੀਅਰ ਆਗੂ ਐਚ.ਐਸ. ਫੂਲਕਾ ਦੇ ਰਿਸ਼ਤੇਦਾਰੀ ’ਚੋਂ ਭਰਾ ਗੁਰਿੰਦਰ ਸਿੰਘ ਕੰਗ ਨੂੰ ਕਿਸਾਨ ਵਿੰਗ ਦਾ ਕਨਵੀਨਰ ਥਾਪਿਆ ਗਿਆ ਹੈ। ਉਨ੍ਹਾਂ ਨਾਲ ਨਵਾਂ ਸ਼ਹਿਰ ਤੋਂ ਡਾ. ਕਸ਼ਮੀਰ ਸਿੰਘ ਢਿੱਲੋਂ ਤੇ ਰੂਪਨਗਰ ਤੋਂ ਗੁਰਮੇਲ ਸਿੰਘ ਵੜਾ ਅਤੇ ਹੁਸ਼ਿਆਰਪੁਰ ਤੋਂ ਜਸਵੰਤ ਸਿੰਘ ਮਠਾਰੂ ਨੂੰ ਕੋਆਰਡੀਨੇਟਰ ਲਾਇਆ ਹੈ। ਜ਼ਿਲ੍ਹਾ ਮੁਹਾਲੀ ਦੇ ਕਨਵੀਨਰ ਜਸਬੀਰ ਸਿੰਘ ਧਾਲੀਵਾਲ ਨੂੰ ਸ੍ਰੀ ਆਨੰਦਪੁਰ ਸਾਹਿਬ ਹਲਕੇ ਦਾ ਜ਼ੋਨਲ ਇੰਚਾਰਜ ਲਾਇਆ ਗਿਆ ਹੈ, ਜਦੋਂਕਿ ਹਿੰਮਤ ਸਿੰਘ ਸ਼ੇਰਗਿੱਲ ਨੂੰ ਲੀਗਲ ਸੈੱਲ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਡਾ. ਬਲਬੀਰ ਸਿੰਘ ਨੂੰ ਲੋਕ ਸਭਾ ਹਲਕਾ ਪਟਿਆਲਾ, ਜਰਨੈਲ ਸਿੰਘ ਮਨੂ ਨੂੰ ਲੋਕ ਸਭਾ ਹਲਕਾ ਹੁਸ਼ਿਆਰਪੁਰ, ਗੁਰਪ੍ਰੀਤ ਸਿੰਘ ਨੂੰ ਲੋਕ ਸਭਾ ਹਲਕਾ ਫਿਰੋਜ਼ਪੁਰ, ਬੂਟਾ ਸਿੰਘ ਸ਼ਾਂਤ ਨੂੰ ਜਲੰਧਰ, ਜੱਸੀ ਸੇਖੋਂ ਨੂੰ ਸੰਗਰੂਰ ਅਤੇ ਗੁਰਜੀਤ ਸਿੰਘ ਸਿੱਧੂ ਨੂੰ ਬਠਿੰਡਾ ਦਾ ਜ਼ੋਨ ਇੰਚਾਰਜ ਥਾਪਿਆ ਹੈ।
ਇਸ ਤੋਂ ਇਲਾਵਾ 13 ਲੋਕ ਸਭਾ ਹਲਕਿਆਂ ਦੇ ਇਨ੍ਹਾਂ ਸਾਰੇ ਇੰਚਾਰਜਾਂ ਦੇ ਨਾਲ ਇੱਕ-ਇੱਕ ਕੇਂਦਰੀ ਆਗੂ ਵੀ ਪਾਰਟੀ ਦਾ ਕੰਮ ਦੇਖੇਗਾ। 117 ਵਿਧਾਨ ਸਭਾ ਹਲਕਿਆਂ ਨੂੰ 39 ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਇਸੇ ਤਰ੍ਹਾਂ ਪਿੰਡਾਂ ਅਤੇ ਸ਼ਹਿਰ ਵਿੱਚ ਪੋਲਿੰਗ ਬੂਥ ਕਮੇਟੀਆਂ ਬਣਾਈਆਂ ਜਾਣਗੀਆਂ। ਫ਼ੈਸਲੇ ਮੁਤਾਬਕ 10 ਤੋਂ 20 ਪੋਲਿੰਗ ਬੂਥਾਂ ਦਾ ਇੱਕ ਕਲਸਟਰ ਬਣਾ ਕੇ ਇੱਕ ਵਾਲੰਟੀਅਰ ਨੂੰ ਇੰਚਾਰਜ ਲਾਇਆ ਜਾਵੇਗਾ। ਉਂਜ ਇਸ ਕਮੇਟੀ ਵਿੱਚ ਇੰਚਾਰਜ ਸਮੇਤ ਕੁੱਲ 11 ਮੈਂਬਰ ਹੋਣਗੇ। 

 

 

 

 

 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.